ਤਦ ਕੌਣ ਬੀਰ ਸੀ ? ਜਿਸ ਨੇ ਤੇਰੇ ਸੰਕਟ ਕੱਟੇ।
ਓਹ ਕੀ ਸੀਗਾ ਬਲਕਾਰ ਜਿਦੇ ਬਲ ਦੁਖੜੇ ਘੱਟੇ।
ਨਿਰਮੂਲ ਹੋਣ ਤੋਂ ਜਿਸ ਨੇ ਤੈਨੂੰ ਰੱਖ ਦਿਖਾਯਾ।
ਜੋ ਰਾਖਸ਼ ਦੇ ਮੂੰਹ ਵਿਚੋਂ ਸੀ ਤੈਨੂੰ ਖਿੱਚ ਲਿਆਯਾ।
ਹਾਂ ਮਾਤਾ ! ਉਹ ਸੀ ਸਤਯ ਧਰਮ ਗੁਰ ਨਾਨਕ ਵਾਲਾ।
ਜੋ ਹੋਯਾ ਤੇਰਾ ਵਾਲ ਵਾਲ ਦੁੱਖ ਵਿਚ ਰਖਵਾਲਾ।
ਜਿਸ ਧਰਮ 'ਪੁਰੋਂ ਕੁਰਬਾਨ ਹੋ ਗਏ ਤੇਰੇ ਜਾਏ।
ਸਿਰ ਦਿੱਤੇ ਭੇਟ ਚੜ੍ਹਾਏ ਪ੍ਰੰਤੂ ਦਿਲ ਨ ਹਲਾਏ।
ਰੱਖ ਲਿਆ ਧਰਮ ਸਿਰ ਨਾਲ ਹੋਰ ਸਰਬੰਸ ਲੁਟਾ ਕੇ।
ਇੱਜ਼ਤ ਤੇਰੀ ਰੱਖ ਲਈ ਆਪਣਾ ਗਲਾ ਕਟਾ ਕੇ।
ਇਕ ਉਠਿਆ ਤੇਰਾ ਲਾਲ ਗੁਰੂ ਗੋਬਿੰਦ ਸਿੰਘ ਸੂਰਾ।
ਤੁਧ ਧਸੀ ਰਸਾਤਲ ਦੇਖ ਦੁੱਖਾਂ ਵਿਚ ਹੁੰਦੀ ਚੂਰਾ।
ਉਸ ਤੇਰੀ ਮੁਕਤੀ ਹੇਤ ਖਾਲਸਾ ਪੰਥ ਸਜਾ ਕੇ।
ਮਰ ਚੁੱਕੀ ਕੌਮ ਵਿਚ ਮੁੜ ਕੇ ਅੰਮ੍ਰਿਤ ਸ਼ਕਤੀ ਪਾ ਕੇ।
ਦੁਖੀਆਂ ਦੀ ਰੱਖਯਾ ਸਹਾਇਕ ਕਰਨ ਦੀ ਜਾਚ ਸਿਖਾਈ।
ਇਕ ਇਕ ਵਿਚ ਸੌ ਸੌ ਨਾਲ ਲੜਨ ਦੀ ਸ਼ਕਤੀ ਪਾਈ।
ਲੈ ਨਾਲ ਗੇਣਵੇਂ ਸ਼ੇਰ ਉਤਰਿਆ ਰਣ ਵਿਚ ਆ ਕੇ।
ਦਿਖਲਾਯਾ ਇਕ ਇਕ ਬੀਰ ਦਸਾਂ ਦੇ ਨਾਲ ਲੜਾ ਕੇ।
ਇਸ ਦਰਜੇ ਦੀ ਅਣਹੋਂਦ, ਟਾਕਰਾ ਐਸਾ ਭਾਰਾ।
ਪਰ ਤੇਰਾ ਕਸ਼ਟ ਅਪਾਰ ਕਰਨ ਨਾ ਦੇਇ ਸਹਾਰਾ।
ਅੱਖਾਂ ਦੇ ਸਾਹਵੇਂ ਲਾਲ ! ਆਪਣੇ ਆਪ ਕੁਹਾਏ।
ਅਰ ਹੋ ਕੇ ਨੰਗੇ ਬੋਟ ਪਿਛਾਂਹ ਨਹਿ ਪੈਰ ਹਟਾਏ।
ਦੋ ਛੋਟੇ ਛੋਟੇ ਲਾਲ ਹਾਇ ! ਹੁਣ ਕਲਮ ਚਲੇ ਨਾ।
ਜੋ ਕੋਮਲ ਕਲੀਆਂ ਵਾਂਗ ਅਜੇ ਕੁਝ ਵਧੇ ਪਲੇ ਨਾ।
ਉਹ ਤੇਰੀ ਰਖਯਾ ਹੇਤ ਧਰਮ ਤੋਂ ਸਦਕੇ ਹੋਏ।
ਕੰਧਾਂ ਵਿਚ ਤਨ ਚਿਣਵਾਏ ਮੌਤ ਦੀ ਸੇਜੇ ਸੋਏ।
ਅੱਖਾਂ ਤੋਂ ਨਿਕਲੇ ਧਾਰ ਲਹੂ ਦੀ ਸੁਣ ਕਰੜਾਈ।
ਜਿਸ ਬੇਦਰਦੀ ਦੇ ਹਾਲ ਉਨ੍ਹਾਂ ਪਰ ਵਿਪਦਾ ਆਈ।