ਦੋਹਿਰਾ॥
ਕੀਕੁਰ ਹੋਏ ਸ਼ਹੀਦ ਉਹ ਦਸਮ ਗੁਰੂ ਦੇ ਲਾਲ।
ਹ੍ਰਿਦਾ ਚੀਰਵੇਂ ਕਸ਼ਟ ਦਾ ਕੁਝਕੁ ਸੁਣਾਵਾਂ ਹਾਲ।
ਕਲਗੀਧਰ ਤੁਰਕਾਂ ਨਾਲ ਟਾਕਰਾ ਕਰਦੇ ਫਿਰਦੇ।
ਗਿਣਤੀ ਦੇ ਸਿੰਘਾਂ ਨਾਲ ਘੇਰਦੇ, ਕਿਧਰੇ ਘਿਰਦੇ।
ਆਨੰਦਪੁਰੇ ਦੀ ਗੜ੍ਹੀ ਮੋਰਚਾ ਆਣ ਲਗਾਯਾ।
ਅਰ ਗਿਰਦੇ ਉਸ ਦੇ ਤੁਰਕ ਫੌਜ ਦਲ ਬਾਦਲ ਛਾਯਾ।
ਨਾ ਅੰਦਰ ਦਿਸੇ ਅੰਨ ਨਾ ਬਾਹਰ ਮਿਲਦਾ ਜਾਣਾ।
ਨਾ ਇਤਨੀ ਫੌਜ ਸਮਾਨ ਕਿ ਸੰਭਵ ਹੋਇ ਉਠਾਣਾਂ।
ਪਰ ਕੌਣ ਏਸ ਅਣਹੋਂਦ ਵਿਚ ਭੀ ਡਰ ਸਕਦਾ ਸੀ।
ਜਦ ਇੱਕ ਇੱਕ ਸੌ ਸੌ ਨਾਲ ਟਾਕਰਾ ਕਰ ਸਕਦਾ ਸੀ।
ਭੁੱਖੇ ਤਿਰਹਾਏ ਸ਼ੇਰ ਫੌਜ ਵਿਚ ਜਾ ਵੜਦੇ ਸਨ।
ਅਰ ਸੌ ਸੌ ਦੇ ਲਹੂ ਵਿਚ ਖੜਗ ਨੂੰ ਭਿਉਂ ਖੜਦੇ ਸਨ।
ਤੁਰਕਾਂ ਦਾ ਦਲ ਛੇ ਮਾਹ ਅੱਡੀਆਂ ਰਿਹਾ ਰਗੜਦਾ।
ਪਰ ਬੀਰ ਖਾਲਸੇ ਨਹੀਂ ਦਿਖਾਯਾ ਬੂਹਾ ਗੜ੍ਹ ਦਾ।
ਹੋ ਗਏ ਤੁਰਕ ਹੈਰਾਨ ਦਾਲ ਕੁਝ ਗਲਦੀ ਨਾ ਸੀ।
ਪਰ ਕੁਝ ਦਿਖਲਾਵੇ ਬਾਝ ਨੌਕਰੀ ਫਲਦੀ ਨਾ ਸੀ।
ਓੜਕ ਇਕ ਘਾਤਕ ਚਾਲ ਚੱਲਣ ਦਾ ਮਤਾ ਪਕਾ ਕੇ।
ਇਕ ਜਾਲ ਬਣਾਯਾ, ਗਊ ਪਹਾੜੀ ਅੱਗੇ ਲਾ ਕੇ।
ਚਿੱਠੀ ਲਿਖਵਾਈ "ਆਪ ਕਿਲ੍ਹਾ ਜੇਕਰ ਛੱਡ ਜਾਓ।
ਤਦ ਰਤੀ ਨ ਹੋਗ ਕਲੇਸ਼, ਅਸਾਂ ਥੋਂ ਕਸਮ ਚੁਕਾਓ!
ਕੁਝ ਕੰਮ ਦਿਖਾ ਕੇ ਅਸੀਂ ਆਪਣੀਆਂ ਤਲਬਾਂ ਪਾਈਏ।
ਬੇਫਿਕਰ ਹੋਹੁਗੇ ਆਪ ਅਸੀਂ ਭੀ ਘਰ ਨੂੰ ਜਾਈਏ"।
ਕਲਗੀਧਰ ਜਾਣੀ ਜਾਣ ਚਾਲ ਇਹ ਸਮਝ ਗਏ ਸਨ।
ਵਿਸ਼ਵਾਸਘਾਤ ਜਿਸ ਹੇਤ ਤੁਰਕ, ਰਿਪੁ ਖਯਾਲ ਪਏ ਸਨ।
ਉਹ ਲਖਦੇ ਸਨ ਸੌਗੰਧ ਇਨ੍ਹਾਂ ਦੀ ਤੋੜ ਦੇਣਗੇ।
ਜਦ ਨਿਕਲੇ ਬਾਹਰ ਅਸੀਂ ਧਰਮ ਇਹ ਛੋੜ ਦੇਣਗੇ।
ਰਸਦ ਦੀ ਅਣਹੋਂਦ ਤੇ ਵੈਰੀਆਂ ਦੇ ਦੁੱਖ
ਪਰ ਸਿੱਖਾਂ ਕੀਤੀ ਅਰਜ਼ ਰਸਦ ਕੁਝ ਪਾਸ ਨਹੀਂ ਹੈ।
ਅਰ ਬਿਨਾਂ ਸੁਲਹ ਦੇ ਬਚ ਨਿਕਲਣ ਦੀ ਆਸ ਨਹੀਂ ਹੈ।