ਹੁਣ ਦੁੱਖ ਵਿਚ ਦੁੱਖ ਇਕ ਹੋਰ ਇਨ੍ਹਾਂ ਦੇ ਅੱਗੇ ਆਯਾ।
ਰਸਤੇ ਵਿਚ ਸਰਸਾ ਨਦੀ ਆਣ ਕੇ ਰਾਹ ਰੁਕਾਯਾ।
ਪਾਣੀ ਦੇ ਹੜ੍ਹ ਦਾ ਜ਼ੋਰ ਤੁਲ੍ਹਾ ਨਾ ਬੇੜੀ ਕੋਈ।
ਅਰ ਸਿਰ 'ਤੇ ਪਹੁੰਚੀ ਫੌਜ ਅਸ਼ਾਂਤੀ ਡਾਢੀ ਹੋਈ।
ਜਲਦੀ ਵਿਚ ਮਾਤਾ ਸਾਹਿਬ ਅਤੇ ਦੋ ਲਾਲ ਅਵਾਣੇ।
ਇਕ ਸਿੱਖ ਲੰਘਾਏ ਪਾਰ ਨਾਲ ਇਕ ਨਫਰ ਪੁਰਾਣੇ।
ਏਨੇ ਨੂੰ ਓਧਰ ਫੌਜ ਆਣ ਕੇ ਭੜਥੂ ਪਾਯਾ।
ਅਰ ਖਟਾਖਟ ਤਲਵਾਰ ਨਾਲ ਘਮਸਾਨ ਮਚਾਯਾ।
ਭੁੱਖੇ ਅਰ ਥੱਕੇ ਸਿੱਖ ਨਾ ਕੋਈ ਓਟ ਸਹਾਰਾ।
ਇਹ ਨਾਮ ਮਾਤ੍ਰਦੀ ਫੌਜ ਉਧਰ ਦਲ ਤੁਰਕੀ ਭਾਰਾ।
ਇਕ ਦਰ ਸੂਕੇ ਦਰਯਾਉ ਦੂਸਰੀ ਤਰਫ ਕਸਾਈ।
ਉਸ ਵੇਲੇ ਦੀ ਤਕਲੀਫ ਕਿਸ ਤਰ੍ਹਾਂ ਜਾਇ ਸੁਣਾਈ।
ਪਰ ਇਸ ਵੇਲੇ ਭੀ ਬੀਰ ਖਾਲਸੇ ਬਣੇ ਨ ਗੀਦੀ।
ਇਕ ਇਕ ਨੇ ਸੌ ਸੌ ਮਾਰ ਅੰਤ ਨੂੰ ਲਈ ਸ਼ਹੀਦੀ।
ਦੇ ਦਿੱਤੇ ਆਪਣੇ ਪ੍ਰਾਣ ਪ੍ਰੰਤੂ ਮੂੰਹ ਨ ਭਵਾਏ।
ਅਰ ਸੇਵਕ ਧਰਮ ਨਿਬਾਹ ਅੰਤ ਪਰਲੋਕ ਸਿਧਾਏ।
ਦੋਹਿਰਾ॥
ਇਸ ਪਾਸੇ ਦੇ ਜੁੱਧ ਦਾ ਲਿਖਸਾਂ ਫੇਰ ਹਵਾਲ।
ਪਹਿਲੇ ਜਾ ਕੇ ਦੇਖੀਏ ਛੋਟੇ ਛੋਟੇ ਲਾਲ।
ਬੁੱਢੀ ਮਾਤਾ ਗੁਜਰੀ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਨੇ ਧੋਖੇ ਨਾਲ ਪ੍ਰੇਰਣਾ
ਉਸ ਪਾਸੇ ਦੋ ਸੁਕੁਮਾਰ ਕਲੀ ਤੋਂ ਕੋਮਲ ਮੁੱਖੜੇ।
ਡਿੱਠੇ ਨਾ ਸੁਪਨੇ ਵਿੱਚ ਭਾਜੜਾਂ ਵਾਲੇ ਦੁੱਖੜੇ।
ਇਹ ਮੂੰਹ ਆਯਾ ਦੁੱਖ ਦੇਖ ਦੇਖ ਕੁਝ ਸਹਿਮ ਗਏ ਸਨ।
ਜੰਗਲ ਵਿਚ ਡਾਰੋਂ ਟੁੱਟ ਇਕੱਲੇ ਆਣ ਪਏ ਸਨ।
ਪਿਛਲੇ ਪਾਸੇ ਤਲਵਾਰ ਖਟਾਖਟ ਚੱਲ ਰਹੀ ਸੀ।
ਪਿਲ ਪਿਲ ਲੋਹੂ ਘਾਣ ਪਿਰਥਵੀ ਹਿੱਲ ਰਹੀ ਸੀ।
ਇਹ ਦੋ ਦੁਤੀਆ ਦੇ ਚੰਦ ਤੀਸਰੀ ਦਾਦੀ ਪਯਾਰੀ।
ਇਕ ਗੰਗੂ ਬ੍ਰਾਹਮਣ ਨਾਲ ਪੁਰਾਣਾ ਸੀ ਇਤਬਾਰੀ।