ਘਰ ਵਿਚ ਰਸੋਈ ਆਦਿਕ ਕਰਨ ਦੀ ਸੇਵਾ ਕਰਦਾ।
ਅਰ ਮੁੱਦਤ ਤੋਂ ਸੀ ਪੇਟ ਲੂਣ ਖਾ ਗੁਰ ਦਾ ਭਰਦਾ।
ਇਸ ਕਸ਼ਟ ਕਾਲ ਵਿਚ ਮਾਤਾ ਬਾਲ ਸੰਭਾਲ ਖੜੀ ਸੀ।
ਹੱਥਾਂ ਦੇ ਵਿਚ ਹਨ ਲਾਲ ਸੁਰਤ ਅਕਾਸ਼ ਚੜ੍ਹੀ ਸੀ।
ਕੀ ਕਰੀਏ ਹੇ ਕਰਤਾਰ ! ਇਸ ਸਮੇਂ ਕਿਥੇ ਜਾਈਏ।
ਕਿਸ ਤਿਣਕੇ ਦੀ ਲੈ ਓਟ ਵਖਤ ਦਾ ਵਕਤ ਲੰਘਾਈਏ।
ਰਸ ਰੂਪ ਭਰੇ ਇਹ ਫੁੱਲ ਕਿਤੇ ਕੁਮਲਾਏ ਨਾ ਜਾਣ।
ਅਰ ਪਾਪੀ ਫੁੱਲ ਤੋੜੇ ਦੀਆਂ ਅੱਖਾਂ ਖਾਇ ਨਾ ਜਾਵਣ।
ਚਿੰਤਾਤੁਰ ਮਾਤਾ ਦੇਖ ਬਿਨੈ ਇਹ ਗੰਗੂ ਕੀਤੀ।
ਮਾਤਾ ਜੀ ! ਕਰੋ ਨ ਸੋਚ, ਡੌਲ ਮੈਂ ਗਿਣ ਹੈ ਲੀਤੀ।
ਨੇੜੇ ਹੈ ਮੇਰਾ ਪਿੰਡ ਆਪਣੇ ਘਰ ਚੱਲ ਬਹੀਏ।
ਅਰ ਜਦ ਤਕ ਸਤਿਗੁਰ ਆਣ, ਓਸ ਥਾਂ ਲੁੱਕ ਕੇ ਰਹੀਏ।
ਸੁਣ ਕੇ ਗੰਗੂ ਦੀ ਅਰਜ਼ ਬ੍ਰਿਧ ਮਾਤਾ ਨੇ ਮੰਨੀ।
ਹੋ ਖੱਚਰ ਪਰ ਅਸਵਾਰ ਤੁਰ ਪਏ ਖੇੜੀ ਵੰਨੀ।
ਸੋਨਾ ਚਾਂਦੀ ਅਰ ਜ੍ਵਾਹਰਾਤ ਜੋ ਨਾਲ ਲਏ ਸਨ।
ਓਹ ਮਾਤਾ ਦੇ ਹੀ ਪਾਸ ਛੱਟ ਦੇ ਵਿਚ ਪਏ ਸਨ।
ਚੁਪ ਕੀਤੇ ਖੇੜੀ ਪਹੁੰਚ ਸ਼ੁਕਰ ਦਾ ਸਾਹ ਲਿਆ ਹੁਣ।
ਅਰ ਚਿੰਤਾ ਦਾ ਉਹ ਭਾਰ ਹੁਲੇਰਾ ਹੋਇ ਗਿਆ ਹੁਣ।
ਕਰ ਧੰਨਯਵਾਦ ਲਾਲਾਂ ਨੂੰ ਥੋੜ੍ਹਾ ਅੰਨ ਛਕਾਯਾ।
ਅਰ ਲਾ ਛਾਤੀ ਦੇ ਨਾਲ ਦੁਹਾਂ ਨੂੰ ਪਾਸ ਸੁਵਾਯਾ।
ਪਿਆਰੇ ਪੁੱਤਰ ਦੇ ਫਿਕਰ ਵਿਚ ਗ਼ਲਤਾਨ ਪਈ ਸੀ।
ਪਰ ਨਾਲ ਥਕੇਵੇਂ ਅੱਖ ਫੇਰ ਭੀ ਲੱਗ ਗਈ ਸੀ।
ਗੰਗੂ ਬ੍ਰਾਹਮਣ ਦੀ ਨੀਤ ਬਦਲਣੀ
ਗੰਗੂ ਸੇਵਕ ਦਾ ਚਿੱਤ ਦਰਬ ਨੂੰ ਦੇਖ ਚੱਲ ਗਿਆ।
ਅਰ ਧਰਮਭਾਵ ਖਲਵਾੜ ਲੋਭ ਦੇ ਭੱਠ ਜਲ ਗਿਆ।
ਮਨ ! ਇਤਨਾ ਘਰ ਵਿਚ ਦਰਬ ਆਇ ਕੇ ਫੇਰ ਮੁੜੇਗਾ।
ਜਨਮਾਂ ਜਨਮਾਂਤ੍ਰਾਂ ਵਿਚ ਨ ਇਤਨਾ ਢੇਰ ਜੁੜੇਗਾ।
ਜਾਂਦਾ ਹੈ ਧਰਮ ਪਰੰਤੂ ਧਨ ਬੇਅੰਤ ਮਿਲੇਗਾ।
ਅਰ ਇਹ ਅਵਕਾਸ਼ ਗਵਾਇ ਨ ਫਿਰ ਕਦੰਤ ਮਿਲੇਗਾ।
ਉਠ ਹੱਲਾ ਕਰ ਅਰ ਹੱਥ ਮਾਰ ਕੇ ਦਰਬ ਕਮਾ ਲੈ।
ਇਹ ਉਮਰ ਗੁਲਾਮੀ ਵਿਚ ਭੋਗਣੋਂ ਜਿੰਦ ਬਚਾ ਲੈ।