ਏਹ ਬਿਪਤਾ ਦੇ ਵਿਚ ਪਏ ਮੇਰਾ ਕੁਝ ਖੋਹ ਨ ਸਕਣਗੇ।
ਇਸ ਸਮੇਂ ਇਨ੍ਹਾਂ ਦੇ ਵਾਰ ਮੇਰੇ ਪਰ ਪੋਹ ਨ ਸਕਣਗੇ।
ਮੈਂ ਨੌਕਰ ਤਾਂ ਫਿਰ ਜਾ ਇਨ੍ਹਾਂ ਦੇ ਘਰ ਨਹੀਂ ਰਹਿਣਾ।
ਗੁਰ ਗੋਬਿੰਦ ਸਿੰਘ ਦਾ ਤ੍ਰਾਸ ਨਹੀਂ ਹੁਣ ਪੈਣਾ ਸਹਿਣਾ।
ਇਸ ਨੀਚ ਖਿਆਲ ਨੇ ਨੀਚ ਵਿਪ੍ਰ ਦੀ ਬੁੱਧ ਫਿਰਾਈ।
ਅਰ ਸ੍ਵਾਮਿ ਘਾਤ ਦੀ ਉਲਟੀ ਪੱਟੀ ਨਾਲ ਪੜ੍ਹਾਈ।
ਅੱਧੀ ਕੁ ਰਾਤੇ ਉੱਠ ਛੱਟੇ ਦਾ ਦਰਬ ਲੁਕਾ ਕੇ।
ਕਰ ਚੋਰ ਚੋਰ ਘਰ ਸਿਰ 'ਤੇ ਚਾਯਾ ਰੌਲਾ ਪਾ ਕੇ।
ਜਾਗੋ ਮੀਟੇ ਸੀ ਮਾਤ, ਸੁਣ ਕੇ ਰੌਲਾ ਬੋਲੀ।
ਕੋਈ ਨਹਿ ਆਯਾ ਚੋਰ ਬ੍ਰਿਥਾ ਕਿਉਂ ਪਾਇਂ ਹਾਰੋਲੀ।
ਪਰ ਜਦ ਮਾਤਾ ਨੇ ਦੋਲਤ ਆਪਣੀ ਗਾਇਬ ਡਿੱਠੀ।
ਤਦ ਸੋਚਿਆ ਇਸ ਦੀ ਨੀਤ ਆਪ ਹੀ ਹੋਈ ਪੁੱਠੀ।
ਪਰ ਬੇਵਸ ਸੀ ਇਸ ਵਕਤ, ਚੁੱਪ ਦੀ ਚੁੱਪ ਰਹਿ ਗਈ।
ਘਰ ਦੇ ਨੌਕਰ ਦਾ ਵਾਰ ਹੌਸਲੇ ਨਾਲ ਸਹਿ ਗਈ।
ਕੇਵਲ ਮਿੱਠਤ ਦੇ ਨਾਲ ਕਿਹਾ ਹੇ ਪੁੱਤ੍ਰ ਪਿਆਰੇ!
ਸਭ ਕੁਝ ਸੀ ਤੇਰੀ ਵਸਤ ਆਏ ਜਦ ਚੱਲ ਦੁਆਰੇ!
ਜੇ ਦਿਨ ਨੂੰ ਲੈਂਦੇਂ ਸਾਂਭ ਅਸਾਂ ਤਦ ਕਹਿਣਾ ਕੀ ਸੀ।
ਰਾਤੀਂ ਇਸ ਵਲ ਦੇ ਨਾਲ ਲੈਣ ਦੀ ਲੋੜ ਕੇਹੀ ਸੀ।
ਹੱਛਾ ਹੁਣ ਭੀ ਨਹਿ ਰੋਸ ਅਸਾਡਾ ਉੱਪਰ ਤੇਰੇ।
ਹੱਥਾਂ ਦੀ ਮੈਲ ਰੁਪਏ ਜੀਉਂਦਿਆਂ ਹੋਰ ਬਥੇਰੇ।
ਇਹ ਸੁਣ ਕੇ ਲਾਲੋ ਲਾਲ ਹੋਇ ਕੇ ਵਿਪ੍ਰ ਬੋਲਿਆ।
ਮਾਤਾ ! ਇਹ ਝੂਠ ਤੁਫ਼ਾਨ ਮੇਰੇ ਸਿਰ ਬ੍ਰਿਥਾ ਤੋਲਿਆ।
ਮੈਂ ਲੈ ਆਯਾ ਸਾਂ ਨਾਲ ਜਾਨ ਖਤਰੇ ਵਿਚ ਪਾ ਕੇ।
ਫਲ ਪਹੁੰਚਾਯਾ ਜੇ ਖੂਬ ਦੁੱਖਾਂ ਤੋਂ ਜਾਨ ਬਚਾ ਕੇ।
ਇਸ ਦਰਬ ਤੁਹਾਡੇ ਨਾਲ ਮੇਰੇ ਘਰ ਮਿਲੀ ਬਹਾਰੀ।
ਅਰ ਤੁਸਾਂ ਹੋਰ ਇਕ ਊਜ ਲਗਾਈ ਬਿਨਾਂ ਵਿਚਾਰੀ।
ਏਹੋ ਬਦਲਾ ਉਪਕਾਰ ਮੇਰੇ ਦਾ ਦੇਣਾ ਸੀਗਾ।
ਹੱਛਾ ਹੁਣ ਰਹੁ ਤਿਆਰ ਇਧਾ ਫਲ ਖੂਬ ਮਿਲੀਗਾ।
ਮਾਤਾ ਤਾਂ ਚੁੱਪ ਦੀ ਚੁੱਪ ਰਹਿ ਗਈ ਜੀਉ ਭਿਆਣੀ।
ਪਰ ਮਿਸਰ ਹੁਰਾਂ ਦੀ ਨਿਕਲੇ ਧੂੰਆਂ ਨਾਸਾਂ ਥਾਂਣੀ।
ਮਨ ਵਿਚ ਹੋ ਕੇ ਪਰਸੰਨ ਉਪਰੋਂ ਕ੍ਰੋਧ ਜਤਾਵੇ।