Back ArrowLogo
Info
Profile

ਮਾਤਾ ਅਰ ਦੋਨੋਂ ਲਾਲ ਬੁਰਜ ਦੇ ਵਿਚ ਉਤਰਾਏ।

ਭਲਕੇ ਇਨ੍ਹਾਂ ਦੇ ਪੇਸ਼ ਹੋਣ ਦੇ ਲਗਨ ਠਰ੍ਹਾਏ।

ਮਾਤਾ ਜੀ ਪਰਮ ਅਚੇਤ ਫਿਕਰ ਵਿਚ ਹੋਇ ਰਹੇ ਸਨ।

ਮੂੰਹ ਆਯਾ ਕਸ਼ਟ ਵਿਚਾਰ ਜੀਉ ਵਿਚ ਰੋਇ ਰਹੇ ਸਨ।

ਪਰ ਫੁੱਲਾਂ ਵਰਗੇ ਲਾਲ ਦੁੱਖਾਂ ਨੂੰ ਨਹੀਂ ਜਾਣਦੇ।

ਓਹ ਏਸ ਸਮੇਂ ਭੀ ਖੇਲ ਖੇਲ ਹਨ ਮੌਜ ਮਾਣਦੇ।

ਅਤਿ ਮ੍ਰਿਦਲ ਤੋਤਲੇ ਵਾਕ ਬੋਲ ਕੇ ਮਨ ਹਨ ਹਿਰਦੇ।

ਫਿਰਦੇ ਹਨ ਸ਼ੇਰਾਂ ਵਾਂਗ ਮਾਤ ਦੇ ਇਰਦੇ ਗਿਰਦੇ।

ਇਕ ਪਾਸੇ ਦੋ ਸੁਕੁਮਾਰ ਪਾਇਲਾਂ ਪਾਇ ਰਹੇ ਹਨ।

ਅਰ ਇਕ ਪਾਸੇ ਦੋ ਨੇਤ੍ਰ ਝੜੀ ਬਰਸਾਇ ਰਹੇ ਹਨ।

ਪੁੱਛਦੇ ਹਨ ਦੋਨੋਂ ਲਾਲ ਗਲੇ ਵਿਚ ਬਾਹਾਂ ਪਾ ਕੇ।

ਮਾਤਾ ਜੀ ! ਕਿਉਂ ਹੋ ਰੁਦਨ ਕਰ ਰਹੇ ਨੇਤ੍ਰ ਲੁਕਾ ਕੇ?

ਹਾਂ ! ਇਸ ਵੇਲੇ ਇਕ ਬ੍ਰਿਧ ਹ੍ਰਿਦੇ ਵਿਚ ਬਰਛਾ ਚੱਲੇ।

ਅਰ ਰੋਕਦਿਆਂ ਬਲ ਨਾਲ ਅੱਥਰੂ ਰਹਿਣ ਨਾ ਠੱਲ੍ਹੇ।

ਪਰ ਹਾਇ ! ਇਸ ਸਮੇਂ ਕੌਣ ਸੁਣਾਵੇ ਵੇਦਨ ਦਿਲ ਦੀ।

ਅਰ ਕਹੇ, ਲਾਲ ! ਅੱਜ ਧਰਨਿ ਭਿ ਹੈ ਦੁੱਖ ਨਾਲ ਦਹਿਲਦੀ।

ਜਿੰਦਾਂ ਅੱਜ ਹਨ ਮਾਸੂਮ ਪਾਪੀਆਂ ਦੇ ਹੱਥ ਆਈਆਂ।

ਈਸ਼੍ਵਰ ਜਾਣੇ ਕੀ ਕਹਿਰ ਕਮਾਣਾ ਇਨ੍ਹਾਂ ਕਸਾਈਆਂ।

ਉਠਦੇ ਹਨ ਦੋਨੋਂ ਹੱਥ, ਪ੍ਰੇਮ ਦੀ ਡੋਰ ਉਠਾਏ।

ਘੁਟਦੇ ਹਨ ਦੋਨੋਂ ਲਾਲ ਗਲੇ ਵਿਚ ਬਾਂਹਾਂ ਪਾਏ।

ਰੁਕ ਰੁਕ ਜਾਂਦਾ ਹੈ ਕੰਠ ਉੱਤਰ ਜਦ ਦੇਣਾ ਚਾਹੇ।

'ਕੁਝ ਨਹੀਂ ਲਾਲ !' ਇਹ ਆਖ ਜੀਭ ਫਿਰ ਚੁਪ ਹੋ ਜਾਏ।

ਇਸ ਦਸ਼ਾ ਵਿੱਚ ਦਿਨ ਬੀਤ ਸਾਂਝ ਹੋ ਰਾਤ ਪੈ ਗਈ।

ਚਿੰਤਾ ਮਾਤਾ ਦਾ ਚਿੱਤ ਉਡਾਇ ਅਕਾਸ਼ ਲੈ ਗਈ।

ਗੋਦੀ ਵਿਚ ਸੁੱਤੇ ਲਾਲ ਆਪ ਹੈ ਗਿਣਦੀ ਤਾਰੇ।

ਹਰਿ ਸਿਮਰਨ ਦੇ ਵਿਚ ਚਾਰ ਵਖਤ ਦੇ ਪਹਿਰ ਗੁਜ਼ਾਰੇ।

ਬੀਤੀ ਚਿੰਤਾ ਦੀ ਰਾਤ ਦੇਹੁੰ ਵਖਤਾਂ ਦਾ ਚੜ੍ਹਿਆ।

ਲਹੂ ਵਤ ਨੇਤਰ ਲਾਲ ਕ੍ਰੋਧ ਵਿਚ ਸੂਰਜ ਭਰਿਆ।

ਦੋ ਪਹਿਰਾਂ ਦੇ ਮਹਿਮਾਨ ਕਮਲ ਖਿੜ ਖਿੜ ਕੇ ਜਾਗੇ।

ਅਰ ਅੰਤ ਸਮੇਂ ਦੀ ਮੌਜ ਬੁਰਜ ਚੜ੍ਹ ਦੇਖਣ ਲਾਗੇ।

ਬਸਤੀ ਬਨਰਾ, ਅਕਾਸ਼, ਤਿਹਾਂ ਪਰ ਛਾਈ ਨਿਰਾਸੀ।

ਜਿਸ ਪਾਸੇ ਮਾਰਨ ਝਾਤ ਜਾਪਦੀ ਘੋਰ ਉਦਾਸੀ।

59 / 173
Previous
Next