Back ArrowLogo
Info
Profile

 

ਬਲੀਦਾਨ ਦੇਣ ਲਈ ਸਾਹਿਬਜ਼ਾਦਿਆਂ ਨੂੰ ਪਿਆਦੇ ਨਾਲ ਲੈ ਤੁਰੇ

ਇਤਨੇ ਨੂੰ ਨੌਕਰ ਦੋਇ ਬੁਰਜ ਦੇ ਉੱਪਰ ਆਏ।

ਮਾਤਾ ਨੇ ਸੁਣ ਖੜਕਾਰ ਲਾਲ ਲੈ ਗੋਦ ਬਠਾਏ।

"ਮਾਤਾ ! ਕਿੱਥੇ ਹਨ ਬਾਲ ? ਅਸਾਂ ਹੈ ਨਾਲ ਲਿਜਾਣਾ।

ਚਾਹੁੰਦੇ ਹਨ ਜ਼ਰਾ ਨਵਾਬ, ਇਨ੍ਹਾਂ ਦਾ ਦਰਸ਼ਨ ਪਾਣਾ"।

ਇਸ ਸਮੇਂ, ਹਾਇ ! ਕੀ ਦਸ਼ਾ ਬ੍ਰਿਧ ਮਾਤਾ ਦੀ ਹੋਈ।

ਲੱਖ ਸਕੇ ਇਨੂੰ ਮਾਸੂਮ ਪੁੱਤਰਾਂ ਵਾਲਾ ਕੋਈ।

ਸੁਣ ਮਾਤਾ ਜੀ ਇਹ ਵਾਕ ਸੁੰਨ ਦੇ ਸੁੰਨ ਬਹਿ ਗਏ।

ਉੱਪਰ ਦੇ ਉੱਪਰ ਸਾਸ ਹੇਠ ਦੇ ਹੇਠ ਰਹਿ ਗਏ।

ਅੱਖਾਂ ਅੱਗੇ ਅੰਧੇਰ ਛਾ ਗਿਆ ਹ੍ਰਿਦਾ ਡੋਲਿਆ।

ਅਰ ਰੁਕੇ ਕੰਠ ਦੇ ਨਾਲ ਮੂੰਹੋਂ ਨਾ ਜਾਇ ਬੋਲਿਆ।

ਨੇਤਰ ਨਿਰਾਸਤਾ ਭਰੇ ਉਤਾਹਾਂ ਨੂੰ ਹਨ ਤੱਕਦੇ।

ਅਰ ਹੱਥ ਹੋਏ ਭੈਭੀਤ ਮਾਸੂਮਾਂ ਨੂੰ ਹਨ ਢਕਦੇ।

ਪਰ ਸ਼ੇਰ ਪਿੰਜਰੇ ਵਿਚ ਕਹੇ ਘਬਰਾਇ ਰਹੇ ਹਨ।

ਪਰਦੇ ਨੂੰ ਪਰ੍ਹੇ ਹਟਾਇ ਬਾਹਰ ਨੂੰ ਆਇ ਰਹੇ ਹਨ।

ਮਾਤਾ ਅਚੇਤ ਦੁੱਖ ਨਾਲ ਮੂੰਹੋਂ ਕੁਝ ਗੱਲ ਨ ਆਵੇ।

ਪਰ ਪਯਾਦੇ ਅਤਿ ਨਿਰਦਈ ਹੋ ਪਏ ਪੀਲੇ ਸਾਵੇ।

ਜਿਉਂ ਡਾਲੀ ਨਾਲੋਂ ਫੁੱਲ ਤੋੜਦੇ ਹਨ ਫੁੱਲ ਤੋੜੇ।

ਤਿਉਂ ਛਾਤੀ ਨਾਲੋਂ ਲਾਲ ਇਨ੍ਹਾਂ ਨੇ ਤੁਰਤ ਵਿਛੋੜੇ।

ਮਾਤਾ ਤੱਕਦੀ ਰਹਿ ਗਈ ਨਿਰਦਈ ਨਾਲ ਲੈ ਤੁਰੇ।

ਬਲੀਦਾਨ ਹੇਤ ਮਾਸੂਮ ਲਾਲ, ਚੰਡਾਲ ਲੈ ਤੁਰੇ।

ਪਰ ਨਿੱਕੇ ਨਿੱਕੇ ਫੁੱਲ ਕੰਵਲ ਕੁਮਲਾਇ ਗਏ ਹਨ?

ਯਾ ਨਿਰਦਈਆਂ ਦੇ ਪਾਸ ਜਾਇ ਘਬਰਾਇ ਗਏ ਹਨ?

ਨਹੀਂ, ਸ਼ੇਰ ਬੱਬਰ ਦੇ ਪੁੱਤ੍ਰ ਵਾਂਗ ਨਿਰਭੈ ਘੁਰਦੇ ਹਨ।

ਅਰ ਸ਼ਾਹੀ ਠਾਠਾਂ ਨਾਲ ਬਜ਼ਾਰਾਂ ਵਿਚ ਤੁਰਦੇ ਹਨ।

ਪਲ ਦੀ ਪਲ ਦੇ ਵਿੱਚ ਦਰਬਾਰ ਨਵਾਬੀ ਵਿੱਚ ਆਏ।

ਉੱਚੀ ਸੁਰ ਫੜ੍ਹੇ ਗਜਾਇ ਸਭਸ ਦੇ ਹ੍ਰਿਦੇ ਕੰਬਾਏ।

ਇਹ ਉਮਰਾ ਅਰ ਇਹ ਬੀਰ ਰਸ ਭਰ ਉੱਚੇ ਬੋਲੇ।

ਨਿਰਦਈ ਘੋਰ ਨਵਾਬ ਹੋ ਗਿਆ ਸੁਣ ਕੇ ਕੋਲੇ।

60 / 173
Previous
Next