ਜ਼ਾਲਮ ਨਵਾਬ ਵਜ਼ੀਦ ਖਾਨ ਦੀ ਦੂਜੀ ਘਾਤੀ ਚਾਲ
ਦੋਹਿਰਾ॥
ਦੇਖ ਦਲੇਰੀ ਬਾਲ ਦੀ ਰਹੀ ਕਚਹਿਰੀ ਦੰਗ।
ਛੋਟਾ ਜਿਹਾ ਸਰੀਰ ਪਰ ਹਿਰਦਾ ਸ਼ੇਰ ਨਿਹੰਗ।
ਇਹ ਜਿਗਰਾ ਦੇਖ ਨਵਾਬ ਚੁੱਪ ਦਾ ਚੁੱਪ ਰਹਿ ਗਿਆ।
ਖੱਟੇ ਕਰਵਾ ਕੇ ਦੰਦ ਝੱਗ ਦੇ ਵਾਂਗ ਬਹਿ ਗਿਆ।
ਮੂੰਹ ਉਸ ਪਾਸੇ ਤੋਂ ਮੋੜ ਦੂਈ ਵੱਲ ਅੱਖ ਉਠਾਈ।
ਅਰ ਦੰਦ ਦੁੱਧ ਦੇ ਦੇਖ ਚਾਹੁੰਦਾ ਮਾਯਾ ਪਾਈ।
ਤੁੰਮੇ ਦੇ ਉੱਪਰ ਖਰਬੂਜ਼ੇ ਦਾ ਰੰਗ ਚੜ੍ਹਾ ਕੇ।
ਲੱਗਾ ਬਾਲਕ ਭਰਮਾਨ ਜੀਭ ਪਰ ਚਰਬੀ ਲਾ ਕੇ।
"ਕਿਉਂ ਬੀਬਾ ਬਰਖੁਰਦਾਰ ! ਸਲਾਹ ਹੈ ਕੀਕੁਰ ਤੇਰੀ?
ਇਸ ਦੇ ਵਾਂਗਰ ਨਾ ਤੂੰ ਭੀ ਕਿਧਰੇ ਕਰੀਂ ਦਲੇਰੀ।
ਏਹ ਤਾਂ ਦੋ ਘੜੀਆਂ ਤੀਕ ਤੇਰੇ ਸਾਹਵੇਂ ਮਰ ਜਾਸੀ।
ਧੜ ਤੋਂ ਤਿੱਖੀ ਤਲਵਾਰ ਸੀਸ ਨੂੰ ਵੱਖ ਕਰਾਸੀ।
ਪਰ ਤੂੰ ਜੇ ਮੇਰਾ ਕਿਹਾ ਮੰਨ ਕੇ ਦੀਨ ਫੜੇਂਗਾ।
ਤਦ ਸ਼ਾਹੀ ਮਹੱਲਾਂ ਵਿੱਚ ਅੱਜ ਹੀ ਜਾਇ ਵੜੇਂਗਾ।
ਲੱਡੂ ਮਿਠਿਆਈ ਖੀਰ ਕੜਾਹ ਕੱਪੜੇ ਪੁਲਾਉ ਖਾਣ ਨੂੰ।
ਖੇਡਣ ਨੂੰ ਖਿੱਦੋ ਅਰ ਖਿਡਾਉਣੇ ਅਤਿ ਮਨਮੋਹਣੇ।
ਚੜ੍ਹਨੇ ਨੂੰ ਪੀਨਸ, ਅਸ੍ਵ ਪੰਘੂੜੇ ਸੋਹਣੇ ਸੋਹਣੇ।
ਨੌਕਰ, ਲੌਂਡੀ, ਮੌਜੂਦ ਰਹਿਣਗੇ ਟਹਿਲ ਕਰਨ ਨੂੰ।
ਅਰਬੀ ਘੋੜੇ ਤਯਾਰ ਮਿਲਣਗੇ ਸੈਲ ਕਰਨ ਨੂੰ।
ਮਹਿਲਾਂ ਵਿਚ ਮੋਤੀ ਜੜੇ ਮਿਲਣਗੇ ਨਿੱਤ ਰਹਿਣ ਨੂੰ।
ਰੇਸ਼ਮ ਦੇ ਉਣੇ ਪਲੰਘ ਮਿਲਣਗੇ ਸੌਣ ਬਹਿਣ ਨੂੰ।
ਫਲ ਫੁੱਲ ਦੇ ਲੱਦੇ ਬਾਗ਼ ਫੁਹਾਰੇ ਜਲ ਦੇ ਚਲਦੇ।
ਤੋਤੇ ਅਰ ਮੋਰ ਚਕੋਰ ਫਿਰਨਗੇ ਵਿਚ ਟਹਿਲਦੇ।
ਨੌਕਰ ਆ ਕੇ ਹੱਥ ਜੋੜ ਹਜ਼ੂਰ ਹਜ਼ੂਰ ਕਹਿਣਗੇ।
ਖਰਚਣ ਨੂੰ ਮੋਹਰਾਂ ਨਾਲ ਜੇਬ ਏਹ ਭਰੇ ਰਹਿਣਗੇ।
ਜਿਸ ਗੱਲ ਦੀ ਹੋਸੀ ਲੋੜ ਆਪ ਤੋਂ ਆਪ ਮਿਲੇਗੀ।
ਨਿਤ ਨਵੀਂ ਸੰਝ ਇਕ ਨਵੀਂ ਹੋਰ ਪੁਸ਼ਾਕ ਮਿਲੇਗੀ।