ਤੂੰ ਇਹ ਖੁਸ਼ੀਆਂ ਆਨੰਦ ਭੋਗਣੇ ਹਨ ਜਹਾਨ ਦੇ।
ਯਾ ਕਰਨੀ ਮੌਤ ਕਬੂਲ, ਸੋਚ ਲੈ ਨਾਲ ਧਯਾਨ ਦੇ।
ਨਵਾਬ ਸਾਹਿਬ ਨੇ ਸੋਨੇ ਦੀ ਇਕ ਚਿੜੀ ਵਿਖਾ ਕੇ।
ਹੁਣ ਡਿੱਠਾ ਬਾਲਕ ਵੱਲ ਜਰਾ ਕੁ ਘੂਰੀ ਪਾ ਕੇ।
ਛੋਟੇ ਸਾਹਿਬਜ਼ਾਦੇ ਦਾ ਕੋਰਾ ਜਵਾਬ
ਪਰ ਇਸ ਪਾਸੇ ਇਕ ਸ਼ੇਰ ਖੜਾ ਸੀ ਚੁੱਪ ਚੁਪਾਤਾ।
ਨਾ ਏਸ ਲੋਭ ਨੂੰ ਨੋਕ ਬਰਾਬਰ ਮਨ ਵਿਚ ਜਾਤਾ।
ਸੰਤੋਸ਼ ਭਰੀ ਗੰਭੀਰ ਤੋਤਲੀ ਉਚਰੀ ਬਾਣੀ।
"ਨਵਾਬ ਸਾਹਬ ! ਨਹਿ ਪੇਸ਼ ਤੁਹਾਡੀ ਏਥੇ ਜਾਣੀ।
ਜਿਸ ਪਾਠਸ਼ਾਲ ਵਿਚ ਬਹਿ ਕੇ ਵਿਦਯਾ ਅਸਾਂ ਸਿੱਖੀ ਹੈ।
ਓਥੇ ਤਾਂ ਸਭ ਤੋਂ ਸ੍ਰੇਸ਼ਟ ਚੀਜ਼ ਇਕ ‘ਧਰਮ' ਲਿਖੀ ਹੈ।
ਦਾਦਾ ਜੀ ਸਾਡੇ ਧਰਮ ਵਾਸਤੇ ਸੀਸ ਲਾ ਗਏ।
ਅਰ ਹੋਰ ਅਨੇਕਾਂ ਸਿੱਖ ਸ਼ਹੀਦੀ ਨਾਲ ਪਾ ਗਏ।
ਇਸ ਧਰਮ ਵਾਸਤੇ ਰੋਜ਼ ਪਿਤਾ ਜੀ ਲੜਦੇ ਰਹਿੰਦੇ।
ਧਰਮੋ ਜੋ ਕਰਦੇ ਪਤਿਤ ਉਨ੍ਹਾਂ ਨੂੰ ਫੜਦੇ ਰਹਿੰਦੇ।
ਉਹ ਧਰਮ ਭਲਾ ਮੈਂ ਸੁਖਾਂ ਵਾਸਤੇ ਕੀਕੁਰ ਛੋੜਾਂ।
ਅਰ ਪਿਤਾ ਪ੍ਰਭੂ ਤੋਂ ਮੂੰਹ ਕਾਸ ਦੀ ਖਾਤਰ ਮੋੜਾਂ।
ਜੋ ਰਾਗ ਤਮਾਸ਼ੇ ਅਰ ਖਿਡਾਉਣੇ ਤੁਸਾਂ ਸੁਣਾਏ।
ਮੇਰੇ ਜੀ ਨੂੰ ਤਾਂ ਰੱਤੀ ਨਾਹਿਂ ਪਸਿੰਦੇ ਆਏ।
ਇਕ ਤੀਰ ਕਮਾਨੋਂ ਬਾਝ ਹੋਰ ਕੁਝ ਖੇਡ ਨਾ ਭਾਵੇ।
ਸੋ ਸਾਡੇ ਘਰ ਬੇਅੰਤ ਪਏ ਹਨ ਸੂਹੇ ਸਾਵੇ।
ਜੇ ਧਰਮ ਤਯਾਗ ਕੇ ਦੁਨੀਆਂ ਦੀ ਭੀ ਸੰਪਦ ਲੱਭੇ।
ਤਦ ਲੱਤ ਮਾਰ ਕੇ ਕਹਾਂ ਪਰੇ ਲੈ ਜਾਓ ਸੱਭੇ।
ਏਹ ਖੁਸ਼ੀਆਂ ਦੇ ਸਾਮਾਨ ਸਮਝਦੇ ਤੁਸੀਂ ਨਿਆਮਤ।
ਪਰ ਮੈਂ ਕਹਿੰਦਾ ਹਾਂ ਧਰਮ ਚਾਹੀਏ ਸਦਾ ਸਲਾਮਤ।
ਇਕ ਧਰਮ ਰਿਹਾ ਤਾਂ ਸੱਭੇ ਗੱਲਾਂ ਵਿਚੇ ਆਈਆਂ।
ਪਰ ਧਰਮ ਨਹੀਂ ਤਾਂ ਫਿੱਟ ਇਜੇਹੀਆਂ ਖੁਸ਼ੀਆਂ ਪਾਈਆਂ।
ਜੋ ਮੇਰੇ ਵੱਡੇ ਵੀਰ ਤੁਹਾਨੂੰ ਕਹਿ ਛੱਡਿਆ ਹੈ।
ਬਸ ਉਸੇ ਧਰਮ ਦਾ ਸਮਝੋ ਮੈਂ ਭੀ ਲੜ ਫੜਿਆ ਹੈ।
ਇਹ ਜਾਨ ਰਹੇ ਯਾ ਜਾਇ ! ਪਰੰਤੂ 'ਧਰਮ' ਰਹੇਗਾ।
ਇਸ 'ਧਰਮ' ਵਾਸਤੇ ਕਸ਼ਟ ਸਰੀਰ ਬਿਅੰਤ ਸਹੇਗਾ।