ਸਿੱਖਾਂ ਵਿਚ ਜੀਵਨ ਮਰਨ ਕਹੀਦੇ ਇਕੋ ਜੈਸੇ।
ਜੀਵਨ ਵਿਚ ਭੀ ਆਨੰਦ ਮਰਨ ਵਿਚ ਸੁਖੀਏ ਵੈਸੇ।
ਜੇ ਜੀਉਂਦੇ ਰਹੇ ਤਾਂ ਪ੍ਰੇਮ ਨਾਲ ਉਪਕਾਰ ਕਰਾਂਗੇ।
ਮਰ ਗਏ ਤਾਂ ਪਯਾਰੇ ਪਿਤਾ ਪਾਸ ਦੀਦਾਰ ਕਰਾਂਗੇ'।
ਦੋਹਿਰਾ॥
ਫੜਕ ਗਿਆ ਨਵਾਬ ਸੁਣ ਬਾਲਕ ਦੀ ਤਕਰੀਰ।
ਫੁੱਲਾਂ ਵਾਂਗ ਸਰੀਰ ਹੈ ਜਿਗਰਾ ਅਤਿ ਗੰਭੀਰ।
ਇਹ ਵੇਖ ਬੀਰਤਾ ਬਲ, ਨਵਾਬ ਦੇ ਜੀਅ ਵਿਚ ਆਈ।
ਇਸ ਬਾਲ ਉਮਰ ਵਿਚ ਧਰਮ ਵਿਖੇ ਐਸੀ ਪਕਿਆਈ।
ਜੇ ਕਿਸੇ ਤਰੀਕੇ ਨਾਲ ਦੀਨ ਵਿਚ ਰਲ ਇਹ ਜਾਵਨ।
ਤਦ ਵੱਡੇ ਹੋਇ ਬਿਅੰਤ ਅਸਾਡਾ ਦੀਨ ਵਧਾਵਨ।
ਲੋਹੇ ਨੂੰ ਕਰਸਨ ਮੋਮ ਪ੍ਰੇਮ ਉਪਦੇਸ਼ ਇਨ੍ਹਾਂ ਦੇ।
ਇਸਲਾਮ ਫੈਲਾਵਨ ਦੇਸ਼ ਵਿਖੇ, ਵਿੱਚ ਚਾਰ ਦਿਨਾਂ ਦੇ।
ਉਸ ਰੀਤ ਦਿਆਂ ਤਕਲੀਫ ਜਿਸ ਤਰ੍ਹਾਂ ਡਰ ਭੀ ਜਾਵਨ।
ਅਰ ਮੌਤ ਨ ਕਰਨ ਕਬੂਲ ਅਸਾਡੀ ਸ਼ਰਨੀ ਆਵਨ।
ਇਸ ਫੁਰਨੇ ਨੇ ਚੰਡਾਲ ਚਿੱਤ ਤੋਂ ਤਰਸ ਹਟਾਯਾ।
ਅਰ ਕੰਧ ਵਿਚ ਖਲਿਹਾਰ ਚਿਣਨ ਦਾ ਹੁਕਮ ਸੁਣਾਯਾ।
ਕੁੰਡਲੀਆ॥
ਹੁਕਮ ਕਸਾਈ ਦੇਂਵਦਾ ਕਾਤਲ ਨੂੰ ਸਦਵਾਇ।
ਦੋਹਾਂ ਨੂੰ ਖਲਿਆਰ ਕੇ ਕੰਧਾਂ ਦਿਓ ਚਿਣਾਇ।
ਕੰਧਾਂ ਦਿਓ ਚਿਣਾਇ ਵਿਚਾਲੇ ਬਾਲਕ ਗੱਡੋ।
ਗਲ ਗਲ ਆਵੇ ਜਦ ਕੰਧ ਤਦੋਂ ਸਿਰ ਦੋਵੇਂ ਵੱਢੋ।
ਦੇਣਾ ਕਸ਼ਟ ਅਪਾਰ ਨ ਸੁਣਨੀ ਹਾਲ ਦੁਹਾਈ।
ਦਿਓ ਤਸੀਹਾ ਤੁਰਤ, ਦੇਂਵਦਾ ਹੁਕਮ ਕਸਾਈ।
ਏਸ ਦੁਖ ਮਈ ਸਮੇਂ ਦਾ ਦ੍ਰਿਸ਼ਯ
ਆਕਾਸ਼! ਤੇਰਾ ਭੀ ਗੇੜ ਕਿਹਾ ਅਸਚਰਜ ਮਈ ਹੈ।
ਦੋ ਮਾਸੂਮਾਂ ਤੋਂ ਅੱਖ ਕਿਹੀ ਤੂੰ ਫੇਰ ਲਈ ਹੈ।
ਏਹ ਫੁੱਲਾਂ ਵਰਗੇ ਲਾਲ ਫੜੇ ਹਨ ਬੰਨ੍ਹ ਕਸਾਈਆਂ।
ਮਾਂ ਬਾਪ ਨਹੀਂ ਹਨ ਪਾਸ ਖੜੇ ਜੋ ਲੈਣ ਬਲਾਈਆਂ।