ਇਕ ਦਰ ਹੈ ਬੁੱਢੀ ਮਾਤ ਬੁਰਜ ਵਿਚ ਰਾਹ ਤਕੇਂਦੀ।
ਕੂੰਜਾਂ ਵਤ ਕਰ ਕਰ ਯਾਦ ਅਸੀਸਾਂ ਦੂਰੋਂ ਦੇਂਦੀ।
ਤੂੰ ਦਸ ਕਦਮਾਂ ਦੀ ਵਿੱਥ ਅਜੇਹੀ ਆ ਕੇ ਪਾਈ।
ਏਧਰ ਕੀ ਹੋਵੇ ਕਹਿਰ, ਮਾਤ ਨੂੰ ਖਬਰ ਨਾ ਕਾਈ।
ਮਾਤਾ ਦੇ ਭਾਣੇ ਬਾਲ ਕਚਹਿਰੀ ਗਏ ਹੋਏ ਹਨ।
ਪਰ ਏਧਰ ਇਹ ਤਾਂ ਗੋਦ ਮੌਤ ਦੀ ਪਏ ਹੋਏ ਹਨ।
ਹਾਂ! ਕੌਣ ਸੁਣਾਵੇ ਜਾਇ ਮਾਤਾ ਜੀ ਲਾਲ ਤੁਹਾਡੇ।
ਕਰ ਕੂਚ ਜਗਤ ਤੋਂ ਪੈਣ ਲਗੇ ਹਨ ਪੰਧ ਦੁਰਾਡੇ।
ਹਾਂ! ਕੌਣ ਕਹੇ ਆ ਮਾਤ ਮਿਲ ਲਓ ਜਾਂਦੀ ਵਾਰੀ।
ਲਾਲਾਂ ਦੀ ਹੈ ਤੱਯਾਰ ਗੁਰਪੁਰੀ ਨੂੰ ਅਸਵਾਰੀ।
ਸਭ ਬੰਨ੍ਹ ਬਨ੍ਹਾ ਕੇ ਭਾਰ ਤੁਰ ਪਏ ਹਨ ਵਣਜਾਰੇ।
ਹੋਏ ਹਨ ਭੌਰ ਤਿਆਰ ਲਟਾਕੇ ਲਾਹ ਕੇ ਸਾਰੇ।
ਹਨ ਧਰਮ ਬਚਾਵਨ ਲੱਗੇ, ਦੇਣੀਆਂ ਜਿੰਦਾਂ ਕਰਕੇ।
ਹਨ ਪ੍ਰੇਮ ਗਲੀ ਵਿਚ ਵੜੇ ਤਲੀ ਪਰ ਸਿਰ ਨੂੰ ਧਰ ਕੇ।
ਮਾਸੂਮ ਦਿਲਾਂ ਵਿਚ ਬੀਜ ਧਰਮ ਦਾ ਫੁੱਲ ਫਲ ਪਿਆ।
ਬਾਲਾਂ ਵਿਚ ਬੀਰਾਂ ਵਾਂਗ ਪ੍ਰੇਮ ਪਰਵਾਹ ਚੱਲ ਪਿਆ।
ਆ ਮਾਤਾ ! ਆ ਕੇ ਦੇਖ, ਪੋਤਰੇ ਛੋਟੇ ਤੇਰੇ।
ਆ ਬੇਦਰਦਾਂ ਦੇ ਹੱਥ, ਲੱਗੇ ਹਨ ਚੁੱਕਣ ਡੇਰੇ।
ਭਾਰਤ ਦੀ ਪਤ ਅਬਰੋਇ ਕੌਮ ਦਾ ਲਾਜ ਰੱਖਣ ਨੂੰ।
ਲੱਕ ਬੱਧੀ ਹੈਨ ਤਿਆਰ ਮੌਤ ਦਾ ਜਾਮ ਚੱਖਣ ਨੂੰ।
ਜਾਂਦੀ ਵਾਰੀ ਦੀ ਝਾਤ ਮਾਰ ਲੈ ਸਾਹਵੇਂ ਆ ਕੇ।
ਕਰਨਾ ਹੈ ਫਿਰ ਪਰਕਾਸ਼, ਇਨ੍ਹਾਂ ਆਕਾਸ਼ੀ ਜਾ ਕੇ।
ਕੁੰਡਲੀਆ॥
ਛੋਟੇ ਛੋਟੇ ਲਾਲ ਦੋ, ਤੁਰੇ ਜਲਾਦਾਂ ਨਾਲ।
ਜਿੱਧਰ ਜਿੱਧਰ ਲੰਘਦੇ ਹੁੰਦੀ ਜਾਇ ਹਟਤਾਲ।
ਹੁੰਦੀ ਜਾ ਹਟਤਾਲ ਮੱਚ ਗਈ ਹਾਹਾਕਾਰੀ।
ਤ੍ਰਾਸ ਤ੍ਰਾਸ ਸਭ ਕਰਨ ਸ਼ਹਿਰ ਦੇ ਪੁਰਖੇ ਨਾਰੀ।
ਨੇਤ੍ਰ ਵਹਾਂਦੇ ਤੁਰੇ ਮਗਰ ਸਭ ਛੋਟੇ ਮੋਟੇ।
ਤੁਰੇ ਜਲਾਦਾਂ ਨਾਲ ਲਾਲ ਜਦ ਛੋਟੇ ਛੋਟੇ।