ਹੇ ਪਾਪੀ ! ਸਾਡੀ ਅਕਾਲ ਪੁਰਖ ਦੇ ਚਰਣਾਂ ਦੀ ਲਿਵ ਵਿਚ ਭੰਗ ਨ ਪੈਣ ਦੇ
ਏਹ ਸੁਣ ਕੇ ਬੋਲੇ ਬੀਰ, "ਪਾਪੀਆ ! ਹਟ ਜਾ ਅੱਗੋਂ।
ਕਿਉਂ ਸਾਡੀ ਲਿਵ ਦੇ ਵਿੱਚ ਭੰਗ ਆ ਪਾਵਣ ਲੱਗੋਂ।
ਜਿੰਦਾਂ ਏਹ ਧਰਮ ਤਿਆਗ, ਜੀਉਣ ਕਦੇ ਨਾ ਚਾਹੁਣ।
ਏਹ ਤੇਰੇ ਕਪਟੀ ਵਾਕ ਅਸਾਡਾ ਚਿੱਤ ਦੁਖਾਉਣ।
ਏਹ ਦੁੱਖ ਅਸਾਂ ਨੂੰ ਸੁਖ ਹੋਇ ਕੇ ਭਾਸ ਰਿਹਾ ਹੈ।
ਅਰ ਵਾਹਿਗੁਰੂ ਦਾ ਪ੍ਰੇਮ ਪੀੜ ਨੂੰ ਖਾਇ ਗਇਆ ਹੈ।
ਇਹ ਧਰਮ ਪਵਿੱਤਰ ਬਲੀ ਦੇਸ਼ ਦੀ ਜਾਨ ਬਚਾਊ।
ਅਰ ਦੁਸ਼ਟ ਰਾਜ ਦਾ ਮੂਲ ਉਖਾੜਨ ਦੇ ਕੰਮ ਆਊ।
ਏਨ੍ਹਾਂ ਹੀ ਪਾਪਾਂ ਨਾਲ ਸ਼ਤਾਬੀ ਪੂਰ ਭਰੇਗਾ।
ਅਰ ਪਾਪ ਰਾਜ ਦਾ ਭਾਰਤ ਵਿੱਚੋਂ ਨਾਸ਼ ਕਰੇਗਾ।
ਓਹ ਸ਼ਾਂਤਿ ਦਿਹਾੜੇ ਆਇ ਰਹੇ ਹਨ ਨੇੜੇ ਨੇੜੇ।
ਹੋਵਣਗੇ ਜਿਸ ਦਿਨ ਗ਼ਰਕ ਤੁਹਾਡੇ ਭਰ ਭਰ ਬੇੜੇ"।
ਸੁਣ ਕੇ ਨਵਾਬ ਫਿਟਕਾਰ ਹੋ ਗਿਆ ਪਾਣੀ ਪਾਣੀ।
ਸ਼ਰਮਿੰਦਾ ਹੋ ਕੇ ਤੱਕ ਨਾ ਸਕੇ ਅੱਖੀ ਕਾਣੀ।
ਫਿਰ ਕੰਧ ਉਸਾਰਨ ਹੇਤ ਹੁਕਮ ਦੇ ਘਰ ਨੂੰ ਆਯਾ।
ਅਰ ਰਾਜਾਂ ਮੁੜ ਕੇ ਓਹੋ ਇੱਟ ਖੜੱਕਾ ਲਾਯਾ।
ਲੱਤਾਂ ਤੋਂ ਆਯਾ ਪੇਟ ਪੇਟ ਤੋਂ ਹਿੱਕ ਆ ਗਈ।
ਇਹ ਕਸ਼ਟ ਦੁਹਾਂ ਦਾ ਦੇਖ ਲੁਕਾਈ ਬਿਲਬਿਲਾ ਗਈ।
ਸ੍ਰੀ ਫਤਿਹ ਸਿੰਘ ਦੀ ਹਿੱਕ ਨਾਲ ਜਦ ਇੱਟ ਠੁਕ ਗਈ।
ਛਾਤੀ ਪਰ ਆ ਕੇ ਭਾਰ ਲਹੂ ਦੀ ਚਾਲ ਰੁਕ ਗਈ।
ਖਿੱਚ ਖਿੱਚ ਕੇ ਔਖੇ ਸਾਹ ਲਮੇਰੇ ਆਉਣ ਲੱਗੇ।
ਵੱਡੇ ਭ੍ਰਾਤਾ ਵੱਲ ਵੇਖ ਧੌਣ ਲਟਕਾਉਣ ਲੱਗੇ।
ਹੇ ਰਾਜ ! ਪਹਿਲੇ ਮੈਨੂੰ ਇੱਟਾਂ ਲਾ ਕੇ ਚਿਣਨ ਦਾ ਹਸਾਨ ਚਾੜ੍ਹ ਦੇ
ਸ੍ਰੀ ਜ਼ੋਰਾਵਰ ਸਿੰਘ ਦੇਖ ਵੀਰ ਦੀ ਦਸ਼ਾ ਉਖੇਰੀ।
ਰਾਜਾਂ ਨੂੰ ਦਿੱਤਾ ਹੁਕਮ ਗੱਲ ਇਕ ਮੰਨੋ ਮੇਰੀ।
ਪਹਿਲੇ ਹੁਣ ਦੋ ਤਿੰਨ ਵਾਰ ਮੇਰੇ ਵੱਲ ਤੁਰਤ ਬਣਾਓ।
ਛੋਟੇ ਭ੍ਰਾਤਾ ਦੀ ਕਸ਼ਟ ਦਸ਼ਾ ਨਾ ਹੋਰ ਦਿਖਾਓ।