ਮੈਂ ਪਹਿਲੇ ਹੋਵਾਂ ਕਾਲ, ਜਾਇ ਇਹ ਪਿੱਛੋਂ ਮੇਰੇ।
ਇਹ ਕਰ ਦੇਹ ਇਕ ਹਸਾਨ ਕਰਾਂ ਮੈਂ ਤਰਲੇ ਤੇਰੇ।
ਹਾਂ ! ਇਸ ਜਿਗਰੇ ਨੂੰ ਦੇਖ ਕਿਦ੍ਹਾ ਦਿਲ ਰਹੇ ਠੱਲ੍ਹਿਆ।
ਹੋ ਮੋਮ ਢਲ ਗਿਆ ਰਾਜ, ਨੇਤ੍ਰ ਤੋਂ ਨੀਰ ਚੱਲਿਆ।
ਹੱਥਾਂ ਨੂੰ ਕਾਂਬਾ ਆਇ ਡਿੱਗ ਪਈ ਤੇਸੀ ਕਾਂਡੀ।
ਡਿੱਗਾ ਧਰਤੀ 'ਤੇ ਆਪ ਰਹੀ ਨਾ ਸੁਰਤ ਇਨ੍ਹਾਂ ਦੀ।
ਪੱਥਰ ਦਾ ਦਿਲ ਜੱਲਾਦ ਖੜਾ ਸੀ ਇੱਕ ਕਿਨਾਰੇ।
ਨੇੜੇ ਆ ਛੂਹ ਤਲਵਾਰ ਦੁਹਾਂ ਦੇ ਸੀਸ ਉਤਾਰੇ।
ਇਹ ਜ਼ੁਲਮ ਦੇਖ ਮਹਾਨ ਧਰਤਿ ਦੀ ਧੀਰ ਬਹਿ ਗਈ।
ਕੰਬਣ ਲੱਗੀ ਦੁਖ ਨਾਲ, ਪਾਪ ਦੀ ਕੰਧ ਢਹਿ ਗਈ।
ਇਕ ਚੜ੍ਹੀ ਹਨੇਰੀ ਲਾਲ ਛਾ ਗਿਆ ਘੁੱਪ ਹਨੇਰਾ।
ਇਕ ਪ੍ਰਲੈ ਕਾਲ ਨੇ ਆਨ ਪਾ ਲਿਆ ਮਾਨੋ ਘੇਰਾ।
ਆਕਾਸ਼ਾਂ ਦੇ ਵਿਚ ਮੇਘ ਨੌਬਤਾਂ ਲੱਗੇ ਬਜਾਵਨ।
ਕਰ ਸੱਤ੍ਯ ਧਰਮ ਜੈਕਾਰ ਦੇਵਤੇ ਫੁੱਲ ਬਰਸਾਵਨ।
ਦੋ ਛੋਟੇ ਛੋਟੇ ਲਾਲ ਧਰਮ ਤੋਂ ਬਲੀ ਹੋ ਗਏ।
ਅਰ ਪਵਿੱਤ੍ਰ ਲਹੂ ਵਹਾਇ ਦੇਸ਼ ਦੇ ਕਸ਼ਟ ਧੋ ਗਏ।
ਲਾ ਗਏ ਧਰਮ ਦਾ ਬਾਗ਼ ਸੱਤ੍ਯ ਦੀ ਜੜ੍ਹ ਬਣਾ ਗਏ।
ਆਪਣੇ ਸੀਸਾਂ ਨੂੰ ਵਾਰ ਅਨੇਕਾਂ ਸਿਰ ਬਚਾ ਗਏ!
ਸਵੈਯਾ॥
ਭਾਰਤ ਦੀ ਆਨ ਬਚਾਇ ਗਏ, ਦੇ ਸੀਸ ਸਮੂਹ ਸਿਧਾਰ ਗਏ।
ਨਹਿ ਆਂਚ ਧਰਮ ਨੂੰ ਆਣ ਦਿੱਤੀ ਅਪਨੇ ਪਰ ਕਸ਼ਟ ਸਹਾਰ ਗਏ।
ਦੁਨੀਆਂ ਨੂੰ ਚਾਨਣ ਦੇਣ ਲਈ, ਆਕਾਸ਼ ਉਡਾਰੀ ਮਾਰ ਗਏ।
ਸ਼ੋਭਾ ਦੀ ਸਿਰ ਪਰ ਧਰ ਕਲਗੀ, ਕਲਗੀਧਰ ਸੁਤ ਤਨ ਵਾਰ ਗਏ।
ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰ ਮਨਾਯਾ
ਇਤ ਪਾਇ ਸ਼ਹੀਦੀ ਲਾਲ ਗੁਰਪੁਰੀ ਕਰੇ ਚਲਾਣੇ।
ਉੱਤੇ ਮਾਤਾ ਰਹੀ ਉਡੀਕ, ਬੁਰਜ ਵਿਚ ਬਾਲ ਅੰਞਾਣੇ।
ਪਲ ਪਲ ਕਰਦੀ ਹੈ ਯਾਦ ਬੜਾ ਚਿਰ ਬੀਤ ਗਿਆ ਹੈ।
ਲਾਲਾਂ ਨਾ ਮੁੜ ਕੇ ਆਣ ਆਪਣਾ ਹਾਲ ਕਿਹਾ ਹੈ।
ਵਾਟਾਂ ਤੱਕਦੀ ਨੂੰ ਇਕ ਸਿਪਾਹੀ ਆਣ ਸੁਣਾਯਾ।
ਮਾਤਾ ! ਅੱਜ ਤੇਰੇ ਨਾਲ ਦੁਸ਼ਮਣਾਂ ਧ੍ਰੋਹ ਕਮਾਯਾ।