ਕਲੀਆਂ ਨੂੰ ਡਾਲੋਂ ਤੋੜ ਕਰਾਯਾ ਟੋਟੇ ਟੋਟੇ।
ਪ੍ਰਿਥਵੀ ਪਰ ਦਿੱਤੇ ਡੇਗ ਬਿਰਛ ਦੋ ਛੋਟੇ ਛੋਟੇ।
ਦਿਨ ਦੀਵੀਂ ਲੀਤਾ ਲੁੱਟ ਇੰਨਾ ਅੰਧੇਰ ਮਚਾ ਕੇ।
ਤੇਰੇ ਦੋ ਲਾਲ ਮਸੂਮ ਕੁਹਾਏ ਕੰਧ ਚਿਣਾ ਕੇ।
ਇਹ ਸੁਣ ਕੇ ਬੁੱਢੀ ਮਾਤ ਚੁੱਪ ਦੀ ਚੁੱਪ ਰਹਿ ਗਈ।
ਖਾ ਗ਼ਮ ਦੀ ਜਿਗਰ ਕਟਾਰ ਕਲੇਜਾ ਪਕੜ ਬਹਿ ਗਈ।
ਅੱਖੀਂ ਛਾਯਾ ਅੰਧੇਰ ਕੁੱਝ ਦਿੱਸੇ ਭਾਲੇ।
ਡਾਲੋਂ ਟੁੱਟੇ ਜਿਉਂ ਪੱਤ ਮਾਰਦਾ ਖੂਨ ਉਛਾਲੇ।
ਫਿਰ ਸੰਭਲ ਆਪਣਾ ਆਪ ਪ੍ਰਭੂ ਦਾ ਸ਼ੁਕਰ ਅਲਾਯਾ।
ਹੇ ਪਿਤਾ ! ਧੰਨਯ, ਜਿਸ ਬਾਲ ਮਸੂਮਾਂ ਨੂੰ ਬਲ ਪਾਯਾ।
ਦਾਦੀ ਤੇ ਪੋਤ੍ਰਿਆਂ ਦਾ ਇੱਕੋ ਅੰਗੀਠੇ ਵਿਚ ਸਸਕਾਰ
ਇਸ ਧੰਨਯਾਵਾਦ ਵਿਚ ਪ੍ਰਾਣ ਇਜੇਹੇ ਸ਼ਾਂਤ ਹੋ ਗਏ।
ਮਾਤਾ ਜੀ ਦੁਨਯਾ ਤਯਾਗ ਤੁਰਤ ਦੇਹਾਂਤ ਹੋ ਗਏ।
ਵਿਚ ਸੱਚਖੰਡ ਦੇ ਲਾਲ ਪੁਚਾਏ ਗੋਦੀ ਪਾ ਕੇ।
ਅਰ ਬੈਠੇ ਵਿਚ ਵਿਮਾਨ ਪੋਤਰੇ ਨਾਲ ਬਿਠਾ ਕੇ।
ਪ੍ਰੇਮੀ ਸਿੱਖਾਂ ਨੇ ਆਣ ਧਰਮ ਦੇ ਬੀਰ ਉਠਾਏ।
ਪਯਾਰੀ ਦਾਦੀ ਦੀ ਗੋਦ ਚਿਖਾ ਦੇ ਵਿੱਚ ਬਿਠਾਏ।
ਕੱਠਾ ਕੀਤਾ ਸਸਕਾਰ ਤਿਹਾ ਦਾ ਅੰਗੀਠਾ ਲਾ ਕੇ।
ਗੁਰਦ੍ਵਾਰਾ ਕੀਤਾ ਤਯਾਰ "ਫਤੇਗੜ੍ਹ" ਨਾਮ ਰਖਾ ਕੇ।
ਦਸਮੇਸ਼ ਗੁਰੂ ਦੇ ਲਾਲ ਜਗਤ ਦੁੱਖਦਾਰ ਸਿਧਾਏ।
ਅਰ ਪਿਤਾ ਪ੍ਰਭੂ ਪਹਿ ਜਾਇ ਅਕਾਸ਼ੀਂ ਚੰਦ ਚੜ੍ਹਾਏ।
ਜਗਤ ਨੂੰ ਰਸਤਾ ਦੱਸਣ ਵਾਲਾ ਲਾਈਟ ਹਾਊਸ
ਉੱਸਰਿਆ 'ਲਾਈਟ ਹਾਊਸ ਜਗਤ ਨੂੰ ਰਾਹ ਦਿਖਾਣ ਦਾ।
ਅਰ 'ਧਰਮ ਪੁਰੋਂ" ਕੁਰਬਾਨ ਹੋਇ ਕੇ ਮੁਕਤ ਪਾਣ ਦਾ।
ਲੱਗੇ ਮੇਲਾ ਹਰ ਸਾਲ ਫਤੇਹਗੜ੍ਹ ਸਾਹਿਬ ਦ੍ਵਾਰੇ।
ਜੁੜ ਸੰਗਤ ਬਾਰ੍ਹਾਂ ਪੋਹ ਉਨ੍ਹਾਂ ਦਾ ਨਾਮ ਚਿਤਾਰੇ।
ਜਿਨ੍ਹਾਂ ਨੇ ਧਰਮ ਬਚਾਇ ਜਿੰਦ ਨੂੰ ਘੋਲ ਘੁਮਾਯਾ।
ਆਪਣੇ ਪਰ ਕਸ਼ਟ ਸਹਾਰ ਦੇਸ਼ ਨੂੰ ਰੱਖ ਦਿਖਾਯਾ।