ਦੋਹਿਰਾ॥
ਮਨ ਵਿਚ ਸੱਚਾ ਪਯਾਰ ਹੈ ਤਨ ਵਿਚ ਸ਼ਕਤ ਨ ਹੋਇ।
ਅੱਗ ਵਿਖੇ ਕੁੰਦਨ ਲੱਗੇ, ਮੰਨੇ ਸ਼ੰਕ ਨ ਕੋਇ।
ਸ੍ਰੀ ਮੁਕਤਸਰ ਦਾ ਜੰਗ ਅਤੇ ਚਾਲੀ ਮੁਕਤਿਆਂ ਦੀ ਸ਼ਹੀਦੀ ਤੇ ਬਾਂਹ ਫੜੀ ਦੀ ਲਾਜ
ਗੁਰੂ ਜ਼ਾਹਰੇ ਪੀਰ ਦਸਮੇਸ਼ ਜੀ।
ਫੜੀ ਬਾਂਹ ਜਿਸ ਦੀਨ ਦੁਖੀ ਦੇਸ਼ ਦੀ।
ਲੱਗੇ ਜ਼ਾਲਮ ਦੀ ਘਟਾਵਨ ਕਲਾ।
ਸੱਭੋ ਆਪਣੇ ਸੁਖ ਦਾ ਚੇਤਾ ਭੁਲਾ।
ਆਨੰਦਪੁਰ ਵਿਚ ਘਿਰੇ ਕੁਝ ਕੁ ਦਿਨ।
ਨ ਫੌਜਾਂ ਨ ਦਾਣਾ ਤੇ ਸਾਮਾਨ ਬਿਨ।
ਨਿਕਲ ਜਦ ਇਥਾਓਂ ਅਗਾਂਹਾਂ ਤੁਰੇ।
ਤੁਰਕ ਫੌਜ ਨੇ ਫੜ ਲਏ ਤਦ ਖੁਰੇ।
ਛਿੜੀ ਜੰਗ ਚਮਕੌਰ ਵਿਚ ਜਾਇ ਕੇ।
ਹਵੇਲੀ ਦੇ ਵਿਚ ਮੋਰਚਾ ਲਾਇ ਕੇ।
ਤਦੋਂ ਸਿੰਘ ਸਨ ਨਾਲ ਚਾਲੀ ਸਭੀ।
ਤੇ ਤੁਰਕਾਂ ਦੀ ਅਨਗਿਣਤ ਹੀ ਫੌਜ ਸੀ।
ਪਰੰਤੂ ਧਰਮ ਪਯਾਰ ਬੱਧੇ ਲੜੇ ।
ਅਨੇਕਾਂ ਦੇ ਮੋਹਰੇ ਇਹ ਚਾਲੀ ਅੜੇ।
ਦਿਖਾ ਹੱਥ ਓੜਕ ਨੂੰ ਹੋਏ ਸ਼ਹੀਦ।
ਬਣੇ ਕਲਗੀਆਂ ਵਾਲੜੇ ਦੇ ਮੁਰੀਦ।
ਇਸੇ ਜੁੱਧ ਵਿਚ ਲਾਲ ਦੋ ਆਪ ਦੇ।
ਸੇ ਸਦਕੇ ਹੋਏ ਸਾਹਮਣੇ ਬਾਪ ਦੇ।
ਲੱਗੇ ਯੁੱਧ ਜਦ ਆਪ ਸਤਿਗੁਰ ਕਰਨ।
ਤਾਂ ਸਿੱਖਾਂ ਫੜੇ ਨਿਮ੍ਰ ਹੋ ਕੇ ਚਰਨ।
ਅਜੇ ਆਪ ਨੇ ਕੰਮ ਕਰਨੇ ਨੇ ਢੇਰ।
ਕਰੋ ਰੱਖਿਆ ਦੇਸ਼ ਦੀ ਕੁਝਕੁ ਦੇਰ।