ਬਿਨਾਂ ਆਪ ਦੇ ਮੁਕਤ ਹੋਸੀ ਮੁਹਾਲ।
ਧਰੋ ਹੱਥ ਸਿਰ 'ਤੇ ਅਜੇ ਕੋਈ ਕਾਲ।
ਨਹੀਂ ਕੌਮ ਐਸੀ ਅਜੇ ਬਲ ਮਈ।
ਕਰੇ ਆਪ ਬਿਨ ਰੱਖਿਆ ਦੇਸ਼ ਦੀ।
ਏ ਸੁਣ ਬੇਨਤੀ ਆਪ ਸੁਸਤਾ ਗਏ।
ਲ਼ੱਗੇ ਸੋਚਣੇ ਨਿਕਲਨੇ ਵਾਸਤੇ।
ਅਖੀਰੀ ਇਹੋ ਖੇਲ ਵਰਤਾਇਆ।
ਸਰੀਰਕ ਪੁਸ਼ਾਕੇ ਨੂੰ ਬਦਲਾਇਆ।
ਪਹਿਨ ਨੀਲ ਬਸਤਰ ਬਦਲ ਭੇਸ ਨੂੰ।
ਬਚਾਵਨ ਲਈ ਮਰ ਚੁੱਕੇ ਦੇਸ਼ ਨੂੰ।
ਠਾਣੀ ਅਮਲ ਉੱਚ ਦੇ ਪੀਰ ਹੋ।
ਗਏ ਵੈਰੀਆਂ ਵਿਚ ਬਗਲਗੀਰ ਹੋ।
ਉਨ੍ਹਾਂ ਦੇ ਕੰਧਾੜੇ ਚੜ੍ਹ ਨਿਕਲੇ।
ਬੜੀ ਮੁਸ਼ਕਲਾਂ ਵਿਚ ਵੜੇ ਨਿਕਲੇ।
ਕਈ ਥਾਓਂ ਤੁਰਕਾਂ ਨੂੰ ਸੰਸੇ ਪਏ।
ਪਰੰਤੂ ਪ੍ਰਭੂ ਪੈਜ ਰਖਦੇ ਗਏ।
ਚਲਾ ਚਲ ਚਲੇ ਆਏ ਢਿੱਲਵ ਗਰਾਮ।
ਉਤਾਰੇ ਨੀਲ ਬਸਤਰ ਉਸੇ ਮੁਕਾਮ।
ਉਤਾਰੇ ਜਲਾਏ ਤੇ ਚਿੱਟੇ ਲਏ।
ਇਥਾਓਂ ਅਗੇਰੇ ਜ਼ਰਾ ਤੁਰ ਪਏ।
ਜਿਧਰ ਵਾਗ ਮੋੜਨ ਜੁੜਨ ਸੰਗਤਾਂ।
ਪਰੰਤੂ ਡਰਾਕਲ ਤੇ ਸਾਹਸ ਬਿਨਾਂ।
ਤੁਰਕ ਰਾਜ ਦੇ ਖੌਫ ਥਰ੍ਹਾਉਂਦੇ।
ਨ ਠਹਿਰਾਣ ਦਾ ਹੌਸਲਾ ਪਾਉਂਦੇ।
ਜਿੱਥੇ ਸਤਿਗੁਰ ਕਹਿਣ ਕਰੀਏ ਅਰਾਮ।
ਤਾਂ ਡਰ ਜਾਣ ਵਸਨੀਕ ਦਿਲ ਵਿਚ ਤਮਾਮ।
ਕਹਿਣ ਦੁਸ਼ਮਣੀ ਰਾਜ ਦੀ ਆਪ ਨਾਲ।
ਲਗੇ ਰਹਿਨ ਸੂੰਹੇ ਤੇ ਰਖਦੇ ਖਿਆਲ।
ਹੁਣੇ ਹੀ ਕਿਤੇ ਆਣ ਕੇ ਜੋ ਭਿੜੇ।
ਲੜਾਈ ਹੰਗਾਮਾਂ ਦੁਵੱਲੀਂ ਛਿੜੇ।