ਤਾਂ ਆਟੇ ਦੇ ਵਿਚ ਘੁਣ ਅਸਾਡਾ ਪਿੱਸੂ।
ਸਗਲ ਬਾਲ ਬੱਚਾ ਕੁਮੌਤੇ ਮਰੂ।
ਇਸੇ ਤੌਰ ਆਪਣੇ ਬਿਗਾਨੇ ਭਏ।
ਡਰੇ ਰਾਜ ਤੁਸੀਂ ਮੁੱਕਰਦੇ ਗਏ।
ਉਧਰ ਦੀ ਜ਼ਰਾ ਹੁਣ ਸੁਣੋ ਵਾਰਤਾ।
ਕਿ ਸੰਗਤ ਦਾ ਜੀ ਕਿਸ ਤਰ੍ਹਾਂ ਡੋਲਿਆ।
ਜੋ ਆਨੰਦਪੁਰ ਤੋਂ ਨਿਕਲ ਸਨ ਤੁਰੇ।
ਗੁਰੂ ਸਾਥ ਤਜ ਬੇਮੁਖੀ ਹੋ ਗਏ।
ਘਰੀਂ ਆਇ ਅਫਸੋਸ ਲੱਗੇ ਕਰਨ।
ਬੁਰੇ ਵਕਤ ਤਯਾਗੀ ਗੁਰੂ ਦੀ ਸ਼ਰਨ।
ਦੁਨੀ ਦੀਨ ਦੋਹੀਂ ਜਹਾਨੀਂ ਗਏ।
ਬਿਮੁਖ ਹੋਇ ਨਿਕਲੇ ਭੁਲੇਖੇ ਪਏ।
ਨ ਚੰਗੀ ਅਸਾਥੋਂ ਏ ਪੁੱਜੀ ਹੈ ਕਾਰ।
ਬਣੇ ਜਿਸ ਤਰ੍ਹਾਂ ਫੇਰ ਲਈਏ ਸੁਧਾਰ।
ਚਰਨ ਪਕੜ ਗੁਰ ਦੇ ਮਨਾ ਲੇਵੀਏ।
ਲੜਾਈ ਉਨ੍ਹਾਂ ਤੋਂ ਛੁਡਾ ਦੇਵੀਏ।
ਮਗਰ ਵੈਰੀਆਂ ਦੇ ਕਟਕ ਫਿਰ ਰਹੇ।
ਘੜੀ ਚੈਨ ਲੈਣਾ ਨਾ ਇਸ ਦਮ ਮਿਲੇ।
ਜੇ ਬਹਿ ਜਾਣ ਏਕਾਂਤ ਰਣ ਤਯਾਗ ਕੇ।
ਤਾਂ ਕੋਈ ਨ ਫਿਰ ਵਾਲ ਵਿੰਗਾ ਕਰੇ।
ਸਗੋਂ ਰਾਜ ਤੋਂ ਮਿਲ ਸਕੇ ਗੀ ਜਗੀਰ।
ਮਗਨ ਹੋ ਕੇ ਬਣ ਬਹਿਣ ਸਿੱਖਾਂ ਦੇ ਪੀਰ।
ਏ ਕਰ ਸੰਮਤੀ ਸਾਰੇ ਸਿਰਕਰਦਿਆਂ
ਬੁਲਾਈਆਂ ਨੇ ਮਾਝੇ ਦੀਆਂ ਸੰਗਤਾਂ।
ਜੱਥਾ ਜੁੜ ਕੇ ਤੁਰਿਆ ਗੁਰੂ ਦੇ ਹਜ਼ੂਰ।
ਕਹਿਣ ਮੋੜ ਲੈਣਾ ਗੁਰੂ ਨੂੰ ਜ਼ਰੂਰ।
ਜਿੱਧਰ ਦੱਸ ਪੈਂਦੀ ਉੱਧਰ ਜਾਂਵਦੇ।
ਅਗਾਂਹਾਂ ਅਗਾਂਹਾਂ ਪਤੇ ਪਾਂਵਦੇ!
ਉਧਰ ਤੀਸਰੇ ਤੁਰਕ ਦਲ ਦਾ ਹਵਾਲ।
ਰਲਾਣਾ ਜ਼ਰੂਰੀ ਲੜੀ ਏਸ ਨਾਲ।