ਤੁਰਕ ਦਲ ਵੱਲੋਂ ਸਤਿਗੁਰਾਂ ਦੀ ਭਾਲ ਤੇ ਲੜਾਈ
ਜਦੋਂ ਸਤਿਗੁਰੂ ਨਿਕਲੇ ਚਮਕੌਰ ਤੋਂ।
ਨਿਕਲ ਤੁਰ ਗਏ ਪੀਰ ਬਣ ਅੰਦਰੋਂ।
ਤਾਂ ਪਿਛੋਂ ਤੁਰਕ ਦਲ ਨੂੰ ਸੋਝੀ ਪਈ।
ਕਿ ਸੋਨੇ ਦੀ ਚਿੜੀਆ ਨਿਕਲ ਭੀ ਗਈ।
ਉਸੇ ਵਕਤ ਘੇਰਾ ਉਠਾਯਾ ਲਚਾਰ।
ਕਰਨ ਭਾਲ ਸਤਿਗੁਰ ਦੀ ਹੋਏ ਤਿਆਰ।
ਜਿਧਰ ਖੋਜ ਲੱਭੇ ਉਧਰ ਧਾਉਂਦੇ।
ਪਰੰਤੂ ਨ ਸਤਿਗੁਰ ਨਜ਼ਰ ਆਉਂਦੇ।
ਮਗਰ ਲਗ ਤੁਰੇ ਰਾਹ ਪੁਛਾਉਂਦੇ।
ਨਗਰ ਰਾਹ ਵੱਲੋਂ ਪਤੇ ਲਾਉਂਦੇ।
ਭਟਕ ਅੰਤ ਸਿੱਧਾ ਖੁਰਾ ਪਾ ਲਿਆ।
ਫਰਕ ਰਹਿ ਗਿਆ ਪੰਜ ਛੇ ਕੋਸ ਦਾ।
ਦਸਮ ਗੁਰੂ ਤੁਰੇ ਜਾ ਰਹੇ ਹਨ ਮਗਨ।
ਹੈ ਦੀਨਾਂ ਦੀ ਰਖਯਾ ਦੀ ਜੀਅ ਵਿਚ ਲਗਨ।
ਨ ਫੌਜਾਂ, ਨ ਰਸਤ, ਨ ਸ਼ਾਹੀ ਸਮਾਨ।
ਪਰੰਤੂ ਹ੍ਰਿਦੇ ਵਿਚ ਹੈ ਆਸ਼ਯ ਮਹਾਨ।
ਨਗਰ ਖਿਦਰਾਣੇ ਦੇ ਆਏ ਨਜ਼ੀਕ।
ਖਬਰ ਆ ਗਈ ਪਿਛੋਂ ਇਸ ਕਾਲ ਤੀਕ।
ਕਿ ਦੁਸ਼ਮਨ ਤੁਰੇ ਆ ਰਹੇ ਹਨ ਮਗਰ।
ਉਨ੍ਹਾਂ ਨੂੰ ਗੁਰੂ ਦੀ ਗਈ ਮਿਲ ਖਬਰ।
ਗੁਰੂ ਜੀ ਅਜੇ ਸੋਚ ਹੀ ਸਨ ਰਹੇ।
ਕਿ ਮਾਝੇ ਦੀ ਸੰਗਤ ਚਰਨ ਆ ਫੜੇ।
ਲੱਗੇ ਬਿਨਤੀਆਂ ਕਰਨ ਹੱਥ ਜੋੜ ਕੇ।
ਚਲੋ ਸਤਿਗੁਰੋ ਜੰਗ ਨੂੰ ਛੋੜ ਕੇ।
ਨਹੀਂ ਪੁੱਜਦਾ ਟਾਕਰਾ ਸ਼ਾਹ ਨਾਲ।
ਇਨ੍ਹਾਂ ਪਰ ਫਤੇਹ ਪਾਵਨੀ ਹੈ ਮੁਹਾਲ।
ਉਨ੍ਹਾਂ ਪਾਸ ਲਸ਼ਕਰ ਖਜ਼ਾਨੇ ਬਿਅੰਤ।
ਜੋ ਚਾਹੁਣ ਸੋ ਕਰ ਲੈਣ ਪੁਰੀ ਤੁਰੰਤ।