ਏਸ ਤੋਂ ਵਧੀਕ ਹੋਰ ਕੀ ਦੁੱਖ ਪੈਣਗੇ
ਪਰੰਤੂ ਅਸੀਂ ਮੁੱਠ ਭਰ ਸਿੱਖ ਹਾਂ।
ਤੇ ਉਹ ਭੀ ਹਾਂ ਦੌਲਤ ਸਮਗ੍ਰੀ ਬਿਨਾਂ।
ਜਦੋਂ ਦੇ ਇਨ੍ਹਾਂ ਨਾਲ ਟਕਰਾ ਰਹੇ।
ਅਨੇਕਾਂ ਕਲੇਸ਼ਾਂ ਦੇ ਮੂੰਹ ਆ ਰਹੇ।
ਗਏ ਹੋਇ ਕੁਰਬਾਨ ਭੀ ਚਾਰ ਲਾਲ।
ਇਦ੍ਹੇ ਤੋਂ ਵਧੇਰੇ ਹੈ ਕੇਹੜਾ ਮਲਾਲ।
ਅਸਾਡੇ ਜਿਗਰ ਵਿਚ ਕਟਾਰੀ ਫਿਰੇ।
ਏ ਕਸ਼ਟਾਂ ਕਲੇਸ਼ਾਂ ਦੀ ਗਤ ਦੇਖ ਕੇ।
ਕਰੋ ਇਹ ਕ੍ਰਿਪਾ ਮੰਨ ਬਿਨਤੀ ਲਵੋ।
ਸਮਾਂ ਕੁਝ ਉਡੀਕਨ ਲਈ ਤੁਰ ਚਲੋ।
ਹਿਰਦਾ ਸ਼ਾਂਤ ਕਰਕੇ ਕਰੋ ਕੁਝ ਅਰਾਮ।
ਝਸੇਗੀ ਚਰਣ ਆਇ ਸੰਗਤ ਤਮਾਮ।
ਜੇ ਇਸ ਤੌਰ ਹੀ ਜੰਗਲਾਂ ਵਿਚ ਫਿਰੇ।
ਤਾਂ ਦੁਸ਼ਮਨ ਮਗਰ ਹੀ ਰਹਿਣਗੇ ਲਗੇ।
ਨ ਸਤਿਗੁਰ ਹੀ ਆਰਾਮ ਵਿਚ ਬਹਿਣਗੇ।
ਨ ਚਰਨਾਂ ਦੇ ਵਿਚ ਸਿੱਖ ਆ ਰਹਿਣਗੇ।
ਗੁਰੂ ਜੀ ਹੱਸੇ ਸੁਣ ਕੇ ਸਿੱਖਯਾ ਭਲੀ।
ਬਚਨ ਕਰਨ ਇਹ ਗੱਲ ਉਲਟੀ ਭਈ।
ਗੁਰੂ ਨੂੰ ਲੱਗੇ ਸਿੱਖ ਸਿਖਲਾਵਣੇ।
ਏ ਉਲਟੀ ਨਦੀ ਪਰਬਤੀਂ ਪਾਵਣੇ।
ਅਸੀਂ ਪਾਪ ਦੀ ਸਫ ਕਸ਼ਟ ਜਾਲ ਕੇ ਮਿਟਾਉਣ ਵਾਸਤੇ ਹੀ ਆਏ ਹਾਂ ਸੁਖਾਂ ਲਈ ਨਹੀਂ
ਪਿਆਰੇ ਗੁਰੂ ਖਾਲਸਾ ਸੁਣ ਲਵੋ।
ਭੁਲੇਖਾ ਨ ਮਨ ਵਿਚ ਏ ਕੋਈ ਰੱਖੋ।
ਅਸੀਂ ਜਗਤ ਵਿਚ ਏਸ ਹਿਤ ਆਏ ਹਾਂ।
ਪਿਤਾ ਪ੍ਰਭੂ ਨੇ ਦੇ ਹੁਕਮ ਘਲਵਾਏ ਹਾਂ।
"ਕਿ ਦੀਨਾਂ ਦੀ ਰਖਯਾ ਤੇ ਤਨ ਵਾਰੀਏ।
ਗ਼ਰਕ ਹੁੰਦੀ ਭਾਰਤ ਨੂੰ ਖਲਿਹਾਰੀਏ।