ਲੜਾਈਏ ਚਿੜੀ ਤਯਾਰ ਕਰ ਬਾਜ਼ ਨਾਲ।
ਉਠਾਈਏ ਸਫਾ ਪਾਪ ਦੀ ਕਸ਼ਟ ਜਾਲ।
ਨ ਆਏ ਅਰਾਮਾਂ ਤੇ ਭੋਗਾਂ ਲਈ।
ਅਸੀਂ ਵੈਦ ਹਾਂ ਪਾਪ ਰੋਗਾਂ ਲਈ।
ਜੇ ਚਾਹੇ ਕਿ ਸੁਖ ਭੋਗ ਵਿਚ ਜੁੱਟੀਏ।
ਤੇ ਸਿਰ ਪਰ ਉਠਾਯਾ ਫਰਜ਼ ਸਿੱਟੀਏ।
ਸੁਖਾਂ ਨੂੰ ਕਰਨ ਲੱਗ ਪਈਏ ਪਿਆਰ।
ਤੇ ਦੀਨਾਂ ਦੀ ਰਖਯਾ ਨੂੰ ਦੇਈਏ ਵਿਸਾਰ।
ਤਾਂ ਮੁਸ਼ਕਲ ਤੇ ਅਨਹੋਣੀ ਇਹ ਬਾਤ ਹੈ।
ਅਸਾਂ ਜੁਧ ਕਰਨਾ ਏ ਵਿਖਯਾਤ ਹੈ।
ਫੜੀ ਬਾਂਹ ਜਿਸ ਨੇ ਦੁਖੀ ਦੇਸ਼ ਦੀ।
ਹਟੇਗੀ ਨ ਛਾਤੀ ਇਹ ਦਸਮੇਸ਼ ਦੀ।
ਜੇ ਸੁਤ ਚਾਰ ਕੁਰਬਾਨ ਹਨ ਹੋ ਗਏ।
ਤਾਂ ਏ ਹੋਰ ਬੇਅੰਤ ਹਨ ਜੀ ਰਹੇ।
ਤੁਸੀਂ ਜੇ ਅਸਾਡੇ ਮਗਰ ਤੁਰ ਸਕੋ।
ਤਾਂ ਜੋ ਕੁਝ ਹੁਕਮ ਹੋਇ ਸੋ ਕੁਝ ਕਰੋ।
ਇਦ੍ਹੇ ਵਿਚ ਭਲਾਈ ਹੈ ਇਸ ਦੇਸ਼ ਦੀ।
ਬਿਨਾਂ ਜੁਧ ਦੇ ਹੋਗ ਸ੍ਰਿਸ਼ਟੀ ਦੁਖੀ।
ਜੇ ਕਰਨਾ ਪਿਆਰ ਹੈ ਸੁਖ ਭੋਗ ਨੂੰ।
ਤਾਂ ਬੇਸ਼ੱਕ ਸਹੇੜੇ ਨਾ ਇਸ ਰੋਗ ਨੂੰ।
ਅਸੀਂ ਜਿਸ ਤਰੀਕੇ 'ਤੇ ਹਾਂ ਚੱਲ ਰਹੇ।
ਨ ਬਾਧਾ ਕਰੋ ਘਰ ਨੂੰ ਜਾਓ ਚਲੇ।
ਜੇ ਬਲ ਹੈ ਤਾਂ ਆ ਕੇ ਲੜਾਈ ਲੜੋ।
ਖੜਗ ਧਰਮ ਰਖਯਾ ਦੀ ਖਾਤਰ ਫੜੋ।
ਨ ਕਾਇਰ ਬਣੋ ! ਪਾ ਜ਼ਨਾਨੀ ਪੁਸ਼ਾਕ।
ਸਰੀਰਾਂ ਦੇ ਸੁਖ ਨੂੰ ਦਿਵਾਓ ਤਲਾਕ।
ਜੇ ਜੀਵੇ ਤਾਂ ਸੁਖ ਦਾ ਸਹਾਰਾ ਮਿਲੂ।
ਮਰੇ ਜੇ ਤਾਂ ਮੁਕਤੀ ਦੁਆਰਾ ਮਿਲੂ"।