ਸੰਗਤ ਦਾ ਬੇਦਾਵਾ ਲਿਖਣਾ
ਸੁਣੇ ਜਾਂ ਹੁਕਮ ਏ ਕੜਾਕੇ ਭਰੇ।
ਤਾਂ ਸਿੱਖਾਂ ਦੇ ਦਿਲ ਕੰਬ ਕੇ ਬਹਿ ਗਏ।
ਗੁਰੂ ਮਰਨ ਮਾਰਨ 'ਤੇ ਬੈਠੇ ਤਿਆਰ।
ਇਨ੍ਹਾਂ ਨੂੰ ਰਹੀ ਹੋਰ ਨਾ ਕੁਝ ਵਿਚਾਰ।
ਇਨ੍ਹਾਂ ਨਾਲ ਰਲ ਕੇ ਗੁਆਣੇ ਪਰਾਣ।
ਅਜਾਈਂ ਵਿਹਾਝਣ ਹੈ ਦੁੱਖਾਂ ਦੀ ਖਾਣ।
ਜੇ ਮਰ ਕੇ ਅਸੀਂ ਛੱਡ ਟੱਬਰ ਗਏ।
ਤਾਂ ਮਰ ਜਾਇਗਾ ਭੁੱਖ ਦੇ ਹੋਟੜੇ।
ਓ ਟੁਕੜੇ ਖੁਣੋਂ ਰੁਲ ਕੇ ਮਰ ਜਾਣਗੇ।
ਤੁਰਕ ਆ ਕੇ ਬਰਬਾਦ ਕਰ ਜਾਣਗੇ।
ਗੁਰੂ ਇਸ ਸਮੇਂ ਸੋਚ ਕੁਝ ਨਾ ਕਰਨ।
ਇਹ ਸਾਨੂੰ ਭੀ ਮਾਰਨ ਤੇ ਖੁਦ ਭੀ ਮਰਨ।
ਏ ਡਰ ਮੌਤ ਦਾ ਜਦ ਉਨ੍ਹਾਂ ਨੂੰ ਪਿਆ।
ਤਾਂ ਵਿਰ ਪੈ ਕੇ ਪੈਰੀਂ ਇਹੋ ਹੀ ਕਿਹਾ।
ਕਿ ਸਾਡੀ ਪਰੀਖਯਾ ਕਰੋ ਨਾ ਗੁਰੋ।
ਤਿਆਗੋ ਲੜਾਈ ਘਰਾਂ ਨੂੰ ਤੁਰੋ।
ਏ ਬਿਨਤੀ ਅਸਾਡੀ ਕਰੋ ਜੇ ਕਬੂਲ।
ਤਾਂ ਚਰਨਾਂ ਦੀ ਸੇਵਾ ਨ ਛੱਡਾਂਗੇ ਮੂਲ।
ਪਰੰਤੂ ਜੇ ਹਠ ਆਪ ਨੇ ਪਾਲਿਆ।
ਤਾਂ ਓੜਕ ਕਿਨਾਰਾ ਹੀ ਕਰਨਾ ਪਿਆ।
ਗੁਰੂ ਜੀ ਨੇ ਫੁਰਮਾਇਆ, ਏ ਖਾਲਸਾ।
ਅਸਾਡਾ ਹੈ ਸੰਕਲਪ ਪੱਕਾ ਭਿਆ।
ਜੇ ਸਾਡੇ ਮਗਰ ਲੱਗ ਸਕੋ ਤਦ ਰਹੋ।
ਨਹੀਂ ਤਾਂ ਬਿਸ਼ਕ ਜਾ ਘਰਾਂ ਵਿਚ ਬਹੋ।
ਬਿਦਾਵਾ ਏ ਲਿਖ ਕੇ ਤੇ ਜਾਣਾ ਪਊ।
ਕਿ ਨਾ ਹਮ ਗੁਰੂ ਕੇ ਨ ਹਮਰਾ ਗੁਰੂ।
ਏ ਦਸਖਤ ਕਰੋ ਤੇ ਸਿਧਾਰੋ ਘਰੀਂ।
ਤੁਹਾਡੇ 'ਤੇ ਫਿਰ ਜ਼ੋਰ ਸਾਡਾ ਨਹੀਂ।