ਭਲੇ ਲੋਕ ਬਣ ਕੇ ਅਜੇ ਭੀ ਮੁੜੋ।
ਤੇ ਜੋ ਕੁਝ ਗੁਰੂ ਕਹਿਣ ਸੋ ਹੀ ਕਰੋ।
ਇਕੱਲੇ ਉਨ੍ਹਾਂ ਨੂੰ ਅਸੀਂ ਤਯਾਗ ਕੇ।
ਸੁਖਾਂ ਨਾਲ ਕਰ ਪਯਾਰ ਹਾਂ ਜਾ ਰਹੇ।
ਗੁਰੂ ਭੀ ਤਾਂ ਹਨ ਅੰਤ ਦਿਲ ਰੱਖਦੇ।
ਓ ਕਿਸ ਤੌਰ ਪ੍ਰਣ ਨੂੰ ਨਿਬਾਹ ਹਨ ਰਹੇ।
ਮਗਰ ਵੈਰੀਆਂ ਦੇ ਕਟਕ ਆ ਰਹੇ।
ਓ ਕੱਲੇ ਰਤੀ ਭਰ ਨ ਘਬਰਾ ਰਹੇ।
ਅਸੀਂ ਤਾਂ ਮੁੜਾਂਗੇ ਨ ਪਿੱਛੇ ਕਦੀ।
ਜੋ ਚਾਹੁਣ ਗੁਰੂ ਜੀ ਉਹੋ ਹੀ ਸਹੀ।
ਇਨ੍ਹਾਂ ਦੀ ਦਲੇਰੀ ਦਾ ਦਿਲ ਦੇਖ ਕੇ।
ਕਈ ਸਿੰਘ ਏਨ੍ਹਾਂ ਦੇ ਪਾਸੇ ਮੁੜੇ।
ਪਰੰਤੂ ਡਰਾਕਲ ਤੇ ਘਰ ਦੇ ਸਕੇ।
ਉਸੇ ਮੂੜ੍ਹਤਾ ਦੇ ਹਠੋਂ ਨਾ ਹਟੇ।
ਇਨ੍ਹਾਂ ਨੂੰ ਭੀ ਤਜ ਆਪ ਘਰ ਨੂੰ ਗਏ।
ਪਰੰਤੂ ਏ ਸਿਦਕੀ ਖੜੋਤੇ ਰਹੇ।
ਚਾਲੀ ਮੁਕਤਿਆਂ ਦੇ ਤਨ ਮਨ ਵਾਰਨੇ
ਏ ਗਿਣਤੀ ਦੇ ਸਨ ਬੀਰ ਚਾਲੀ ਜਣੇ।
ਤੇ ਇਕਤਾਲੀ ਸਨ ਮਾਈ ਭਾਗੋ ਸਣੇ।
ਅਜੇ ਏਹ ਗੁਰੂ ਵੱਲ ਤੁਰੇ ਭੀ ਨ ਸੇ।
ਕੀ ਦੇਖਣ ਕਿ ਇਕ ਤਰਫ ਗਰਦਾ ਉਡੇ।
ਦਰੱਖਤਾਂ 'ਤੇ ਚੜ੍ਹ ਕੇ ਦੁੜਾਈ ਨਜ਼ਰ।
ਤਾਂ ਤੁਰਕਾਂ ਦੀ ਫੌਜ ਦੀ ਆਈ ਖਬਰ।
ਇਹ ਕੀਤੀ ਸਲਾਹ ਹੁਣ ਇਥਾਈਂ ਰਹੇ।
ਇਨ੍ਹਾਂ ਨਾਲ ਦੋ ਹੱਥ ਇਥੇ ਕਰੋ।
ਮਲ੍ਹੇ ਸਨ ਬੜੇ ਓਸ ਜੰਗਲ ਮਝਾਰ।
ਇਨ੍ਹਾਂ ਚਾਦਰਾਂ ਦਿੱਤੀਆਂ ਸਭ ਖਿਲਾਰ।
ਤੇ ਖੁਦ ਇਕ ਪਾਸੇ ਜਿਹੇ ਹੋ ਰਹੇ।
ਕਿ ਦੁਸ਼ਮਨ ਦੇ ਦਲ ਨੂੰ ਭੁਲੇਖਾ ਲਗੇ।