ਬੜੇ ਵੇਗ ਵਿਚ ਫੌਜ ਸੀ ਆ ਰਹੀ।
ਪਲਾਂ ਵਿਚ ਆ ਕੇ ਟਿਕਾਣੇ ਲੱਗੀ।
ਬੜੀ ਦੂਰ ਤੋਂ ਚਾਦਰਾਂ ਦੇਖ ਕੇ।
ਲੱਗੇ ਸ਼ਾਮੀਆਨੇ ਗੁਰੂ ਦੇ ਲਖੇ।
ਉਥਾਈਂ ਠਹਿਰ ਵਾਰ ਲੱਗੇ ਕਰਨ।
ਬੰਦੂਕਾਂ ਚਲਾਵਨ ਤੇ ਮੁੜਕੇ ਭਰਨ।
ਨ ਅੱਗੋਂ ਪਰੰਤੂ ਕੋਈ ਬੋਲਿਆ।
ਏ ਪਿਖ ਕੇ ਅਗੇਰੇ ਵਧੇ ਏਹ ਜ਼ਰਾ।
ਉਨ੍ਹਾਂ ਦਾ ਅਗੇਰੇ ਪਿਆ ਜਾਂ ਧਿਆਨ।
ਤਾਂ ਫੁੰਡੇ ਇਧਰ ਖਾਲਸੇ ਨੇ ਨਿਸ਼ਾਨ।
ਏ ਅਜ਼ਗੈਬ ਦੀ ਮਾਰ ਸਿਰ 'ਤੇ ਪਈ।
ਤੁਰਕ ਫੌਜ ਦੀ ਹੋਸ਼ ਮਾਰੀ ਗਈ।
ਬੜੀ ਮੁਸ਼ਕਲਾਂ ਨਾਲ ਲੱਗਾ ਪਤਾ।
ਕਿ ਹੈ ਲਾਂਭ ਤੇ ਖਾਲਸਾ ਹੀ ਖੜਾ।
ਲੱਗਾ ਜੰਗ ਦਾ ਰੰਗ ਬੱਝਣ ਤਦੋਂ।
ਤੁਰਕ ਵਾਰ ਕਰਦੇ ਖੜੇ ਦੂਰ ਤੋਂ।
ਨ ਅੱਗੇ ਵਧਣ ਦਾ ਕਰਨ ਹੌਸਲਾ।
ਕਿ ਖਬਰੇ ਹੈ ਕਿਤਨਾ ਗੁਰੂ ਦਾ ਧੜਾ।
ਇਧਰ ਤੋਂ ਨਿਕਲ ਦੋਇ ਸੂਰੇ ਜੁਆਨ।
ਪਕੜ ਤੇਗ ਢਾਲਾਂ ਨੂੰ ਨਿਕਲੇ ਮਦਾਨ।
ਅਗੇਰੇ ਅਗੇਰੇ ਓ ਵਧਦੇ ਗਏ।
ਤੁਰਕ ਫੌਜ ਨੂੰ ਖੂਬ ਬਧਦੇ ਗਏ।
ਕਈ ਸੈਂਕੜੇ ਤੁਰਕ ਧਰ 'ਤੇ ਲਿਟਾ।
ਸ਼ਹੀਦੀ ਗਏ ਅੰਤ ਰਣ ਵਿਚ ਪਾ।
ਨਿਕਲ ਪੰਜ ਬਲਵਾਨ ਹੋਰ ਆ ਗਏ।
ਮੁਸਲਮਾਨ ਪਿਖ ਕੇ ਤੇ ਘਬਰਾ ਗਏ।
ਇਨ੍ਹਾਂ ਭੀ ਉਹੋ ਰੀਤ ਆ ਕੇ ਫੜੀ।
ਵਗਾਈ ਪਲਾਂ ਵਿਚ ਲਹੂ ਦੀ ਨਦੀ।
ਉਧਰ ਸਤਿਗੁਰਾਂ ਦੂਰ ਤੋਂ ਤਾੜਿਆ।
ਕਿ ਦਲ ਤੁਰਕ ਦਾ ਸਿਰ 'ਤੇ ਹੈ ਆ ਰਿਹਾ।