ਪਰੰਤੂ ਰੁਕਾਵਟ ਪਈ ਕਾਸ ਦੀ।
ਕਿ ਰਾਸਤੇ ਦੇ ਵਿਚ ਹੀ ਲੜਾਈ ਛਿੜੀ।
ਚੜ੍ਹੇ ਆਪ ਟਿੱਬੀ 'ਤੇ ਦੇਖਣ ਲਈ।
ਤਾਂ ਜਾਤਾ ਮਝੈਲਾਂ ਦੀ ਹੈ ਕਾਰ ਹੀ।
ਧਨੁਸ਼ ਬਾਣ ਲੈ ਕੇ ਚਲਾਉਣ ਲਗੇ।
ਉਥਾਓਂ ਹੀ ਪਾਪੀ ਮੁਕਾਉਣ ਲਗੇ।
ਏਹ ਤੀਰਾਂ ਦੀ ਵਰਖਾ ਅਜੇਹੀ ਵਸੀ।
ਕਿ ਵੈਰੀ ਦੀ ਸੁੱਧ ਨਾ ਟਿਕਾਣੇ ਰਹੀ।
ਇਧਰ ਪੰਜ-ਪੰਜ ਘਾਣ ਸਨ ਲਾਹ ਰਹੇ।
ਉਧਰ ਤੀਰ ਸਤਿਗੁਰ ਦੇ ਸਨ ਆ ਰਹੇ।
ਤੁਰਕ ਕਹਿਣ ਅੱਲਾ! ਏ ਕੀ ਰੰਗ ਹੈ?
ਤਬੀਅਤ ਅਸਾਡੀ ਬੜੀ ਦੰਗਾ ਹੈ।
ਏ ਦੋ ਚਾਰ ਮਿਲ ਕੇ ਓ ਕਰਦੇ ਨੇ ਕਾਰ।
ਜੋ ਸਾਡਾ ਬਹਾਦਰ ਕਰੇ ਨਾ ਹਜ਼ਾਰ।
ਏ ਤੀਰਾਂ ਦੀ ਬਾਰਸ਼ ਜੋ ਹੈ ਹੋ ਰਹੀ।
ਪਤਾ ਕੁਝ ਨਾ ਲੱਗੇ ਕਿ ਕਿੱਥੋਂ ਛਿੜੀ?
ਇਧਰ ਪੰਜ ਸੂਰੇ ਜੋ ਸਨ ਲੜ ਰਹੇ।
ਅਨੇਕਾਂ ਮੁਕਾ, ਹੋ ਕੇ ਘਾਇਲ ਪਏ।
ਗਿਰੇ ਘਾਇਲ ਹੋ ਜਦ ਏ ਪੰਜੇ ਬਲੀ।
ਤਾਂ ਪੰਜਾਂ ਨੇ ਫਿਰ ਆਣ ਜਗ੍ਹਾ ਮਲੀ।
ਉਸੇ ਤੌਰ ਆ ਪਾਂਵਦੇ ਖੜਬੜਾਟ।
ਉਠੇ ਤੇਗ਼ ਦੀ ਜ਼ੋਰ ਦੀ ਕੜ ਕੜਾਟ।
ਸਫਾਂ ਦੀ ਸਫਾਂ ਕਰ ਗਈ ਢੇਰੀਆਂ।
“ਧੜਾਂ ਵਾਂਗ ਧੜ ਹੋ ਗਏ ਸਿਰ ਬਿਨਾਂ”।
ਹੋਏ ਮੁਕਤ ਓੜਕ ਲੜਾਈ ਵਿਖੇ।
ਅਨੇਕਾਂ ਨੂੰ ਲੈ ਆਪ ਭੀ ਤੁਰ ਗਏ।
ਇਸੇ ਰੀਤ ਸੂਰੇ ਨਿਕਲਦੇ ਰਹੇ।
ਤੁਰਕ ਫੌਜ ਨੂੰ ਆ ਮਿਚਲਦੇ ਰਹੇ।