ਅਨੇਕਾਂ ਨੂੰ ਕਰ ਘੈਲ ਮਰ ਜਾਂਵਦੇ।
ਸਫਲ ਜਨਮ ਆਪਣੇ ਨੂੰ ਕਰ ਜਾਂਵਦੇ।
ਏ ਚਾਲੀ ਤੇ ਓਹ ਲੱਖ ਤੋਂ ਸਨ ਵਧੀਕ"।
ਏ ਨਿਭਣੀ ਲੜਾਈ ਸੀ ਕਿਸ ਦੇਰ ਤੀਕ।
ਏ ਸੂਰੇ ਖਤਮ ਹੋ ਗਏ ਮਾਰਦੇ।
ਹੁਕਮ ਪਾਲਦੇ ਸੱਚੀ ਸਰਕਾਰ ਦੇ।
ਤੁਰਕ ਫੌਜ ਦੇ ਕੁਸਕ ਲਾ ਕੇ ਗਏ।
ਹਜ਼ਾਰਾਂ ਦੀ ਗਿਣਤੀ ਮੁਕਾ ਕੇ ਗਏ।
ਜਦੋਂ ਨਿਕਲਣੋਂ ਬੰਦ ਹੋਏ ਜਵਾਨ।
ਤਾਂ ਤੁਰਕਾਂ ਦੀ ਹੋਈ ਹਰੀ ਕੁਝ ਕੁ ਜਾਨ।
ਅਗੇਰੇ ਵਧੇ ਦੇਖਿਆ ਮੋਰਚਾ।
ਤਾਂ ਬਾਕੀ ਨ ਕੁਝ ਹੋਰ ਪਾਯਾ ਖੁਰਾ।
ਹਾਂ ਇਕ ਬ੍ਰਿਛ ਓਹਲੇ ਸੀ ਤੀਵੀਂ ਖੜੀ।
ਖੜਗ ਸੂਤ ਕੇ ਜੁੱਧ ਨੂੰ ਸੀ ਅੜੀ।
ਵਧੇ ਪੰਜ ਸੱਤ ਤੁਰਕ ਧਮਕਾਵਣੇ।
ਪਰੰਤੂ ਨ ਮੁੜ ਕੇ ਮਿਲੇ ਆਵਣੇ।
ਬਹਾਦਰ ਤ੍ਰਿਆ ਨਾਲ ਲੜ ਕੇ ਮਰੇ।
ਖੜਗ ਨਾਲ ਮਾਈ ਭਾਗੋ ਨੇ ਟੋਟੇ ਕਰੇ।
ਛਿੜੀ ਫੇਰ ਘਮਸਾਨ ਇਸ ਥਾਉਂ ਭੀ।
ਲੜੀ ਮਾਈ ਭਾਗੋ ਬੜੀ ਜ਼ੋਰ ਦੀ।
ਕਈ ਮਾਰ ਕੇ ਅੰਤ ਉਹ ਭੀ ਗਿਰੀ।
ਹੋਈ ਘੈਲ ਓੜਕ ਮੁਕਾ ਕੇ ਕਈ।
ਤੁਰਕ ਫੌਜ ਸਮਝੀ ਕਿ ਹੋਈ ਫਤੇ।
ਖੁਸ਼ੀ ਨਾਲ ਕੱਛਾਂ ਵਜਾਵਨ ਲੱਗੇ।
ਅਸਾਡੇ ਹਜ਼ਾਰਾਂ ਤਾਂ ਮਰ ਹੀ ਗਏ।
ਪਰੰਤੂ ਏ ਚਾਲੀ ਤਾਂ ਓੜਕ ਲਏ।
ਲੜਾਈ ਤੋਂ ਵੇਹਲੇ ਜਦੋਂ ਹੋ ਗਏ।
ਤਾਂ ਪਾਣੀ ਖੁਣੋਂ ਪ੍ਰਾਣ ਤੜਫਨ ਲੱਗੇ।
ਏ ਸੁੰਨਸਾਨ ਜੰਗਲ ਨਾ ਖੂਹਾ ਨਾ ਤਾਲ।
ਲੱਗੀ ਪਯਾਸ ਜਿੰਦਾਂ ਨੂੰ ਕਰਨੇ ਨਿਢਾਲ।