ਅਗੇਰੇ ਸੀ ਵੀਹ ਕੋਸ ਪਰ ਜਲ ਦਾ ਨਾ ਨਾਂ।
ਤੇ ਪਿੱਛੇ ਸੀ ਛੇ ਕੋਸ 'ਤੇ ਇਕ ਥਾਂ।
ਤੁਰੇ ਅੰਤ ਪਿੱਛੇ ਨੂੰ ਧਾਵੀ ਕਰੀ।
ਪਿਆਸਾਂ ਬੁਝਾਵਨ ਚੜ੍ਹਾਈ ਕਰੀ।
ਨ ਮੁਰਦੇ ਸਮੇਟਨ ਦੀ ਮੋਹਲਤ ਮਿਲੀ।
ਨ ਖੱਫਨ ਲਪੇਟਨ ਦੀ ਫੁਰਸਤ ਮਿਲੀ।
ਉਸੇ ਹਾਲ ਘਾਇਲ ਮਰੇ ਛੋੜ ਕੇ।
ਚਲੇ ਪੀਣ ਪਾਣੀ ਨੂੰ ਸਿਰ ਤੋੜ ਕੇ।
ਕਈ ਪਿਆਸ ਦੇ ਨਾਲ ਮਰ ਹੀ ਗਏ।
ਕਈ ਕਰਕੇ ਥਾਈਂ 'ਤੇ ਅੱਪੜ ਪਏ।
ਪਰੰਤੂ ਕਰਨ ਤੌਬਾ ਤੌਬਾ ਤਮਾਮ।
ਖੁਦਾ ਯਾ ਨ ਇਸ ਤਰਫ ਮੋੜੀਂ ਲਗਾਮ।
ਬਿਨਾਂ ਮੌਤ ਏਥੇ ਤਾਂ ਮਰ ਸਾਂ ਗਏ।
ਕਜ਼ੀਏ ਅਸਾਂ ਨੂੰ ਗਜ਼ਬ ਦੇ ਪਏ।
ਕਸਮ ਹੈ ਜੇ ਮੁੜ ਆਵੀਏ ਏਸ ਰਾਹ।
ਤਲਬ ਦੇਇ ਚੋਣੀ ਭੀ ਜੇ ਪਾਤਸ਼ਾਹ।
ਗੁਰੂ ਜੀ ਪਹੁੰਚੇ ਤਾਂ ਧੜਾਂ ਦੇ ਅੰਬਾਰ ਲੱਗੇ ਵੇਖੇ
ਉਧਰ ਵਾਰਤਾ ਹੁਣ ਸੁਣੋ ਦੂਸਰੀ।
ਗੁਰੂ ਕਲਗੀਧਰ ਕਰ ਰਹੇ ਹੈਨ ਕੀ?
ਓ ਬੈਠੇ ਸਿਗੇ ਦੂਰ ਸਾਰੇ ਪਰ੍ਹੇ।
ਕੋਈ ਦੋ ਕੋਹਾਂ ਪਰ ਕਿਨਾਰੇ ਪਰ੍ਹੇ।
ਸੁਣੀ ਵਾਜ ਬੰਦੂਕ ਘਮਸਾਨ ਦੀ।
ਪਈ ਸ਼ੁੱਧ ਇਸ ਜੰਗ ਮੈਦਾਨ ਦੀ।
ਲੱਗੇ ਸੋਚਣੇ ਲੜ ਰਿਹਾ ਕੋਣ ਹੈ?
ਅਸਾਂ ਦੋ ਵਿਚ ਤੀਸਰਾ ਕੌਣ ਹੈ?
ਉਸੇ ਵਕਤ ਘੋੜੇ ਤੇ ਹੋਏ ਸਵਾਰ।
ਏ ਦੇਖਣ ਲਈ ਤੁਰਤ ਹੋਏ ਤਿਆਰ।
ਜਦੋਂ ਇਸ ਜਗ੍ਹਾ ਆਣ ਕੇ ਦੇਖਿਆ।
ਤਾਂ ਲੋਥਾਂ ਬਿਨਾਂ ਹੋਰ ਕੁਝ ਭੀ ਨ ਸਾ।