ਦੁਬਾਰਾ ਕਹੇ ਸਿੰਘ ਹੱਥ ਜੋੜ ਕੇ।
ਗੁਰੂ ਦਰਸ ਨੂੰ ਨੇਤ੍ਰ ਸਨ ਤਰਸਦੇ।
ਸੋ ਧੰਨ ਭਾਗ ਦਰਸ਼ਨ ਖੁਲ੍ਹੇ ਹੋ ਗਏ।
ਮੇਰੇ ਪਾਪ ਸਾਰੇ ਦਰਸ ਧੋ ਦਏ।
ਨਹੀਂ ਹੋਰ ਇੱਛਾ ਕੋਈ ਚਿੱਤ ਨੂੰ।
ਦਿਓ ਹੁਕਮ ਚਰਨੀਂ ਜੁੜੇ ਬ੍ਰਿਤ ਨੂੰ।
ਗੁਰੂ ਜੀ ਤਿਬਾਰਾ ਕਹਿਣ ਬੋਲ ਕੇ।
"ਤੂੰ ਕੁਝ ਮੰਗ ਲੈ ਬੀਰ ! ਦਿਲ ਖੋਲ੍ਹ ਕੇ।
ਨ ਖਾਲੀ ਮੇਰਾ ਵਾਕ ਮੋੜੀਂ ਕਦੇ।
ਜੋ ਇੱਛਾ ਹੋਵੇ ਓਹ ਹੁਣੇ ਹੀ ਮਿਲੇ"।
ਹੇ ਸਿੱਖੀ ! ਤੇਰਾ ਧੰਨ ਹੈ ਮਰਤਬਾ।
ਤੇਰੇ ਧੰਨ ਹਨ ਸਰਬ ਹੀ ਕਰਤਬਾ।
ਗੁਰੂ ਦਾ ਹੁਕਮ ਵਾਰ ਤੀਜੀ ਭਿਆ।
ਪਰੰਤੂ ਇਹ ਪੁਤਲਾ ਹੈ ਸੰਤੋਸ਼ ਦਾ।
ਭਾਈ ਮਹਾਂ ਸਿੰਘ ਨੇ ਕੀ ਵਰ ਮੰਗਿਆ
ਨਹੀਂ ਚਾਹ ਕੀਤੀ ਕਿ ਜੀਵਨ ਦਿਓ।
ਯਾ ਪਰਵਾਰ ਮੇਰੇ ਨੂੰ ਧਨ ਭੇਜਿਓ।
ਨ ਇਹ ਆਖਿਆ ਮੇਰਾ ਸਿੱਕਾ ਚਲੇ।
ਨ ਇਹ ਚਾਹਿਆ ਮੇਰੀ ਮਾੜੀ ਫਲੇ।
ਓ ਉਪਕਾਰ ਅਰ ਪਯਾਰ ਦਾ ਪੁੰਜ ਦਿਲ।
ਕੀ ਵਰ ਮੰਗਦਾ ਪਯਾਰੇ ਸਤਗੁਰ ਨੂੰ ਮਿਲ।
“ਪਿਤਾ ਹੱਥ ਜੋੜਾਂ ਕਰਾਂ ਵਾਸਤਾ।
ਜੇ ਮਨ ਦਾ ਮਨੋਰਥ ਪੂਰੋ ਦਾਸ ਦਾ।
ਪਰੰਤੂ ਓਹਦਾ ਮੋੜ ਕਰਿਓ ਨਹੀਂ।
ਮੇਰਾ ਮਨ ਮੰਗੇ ਤਾਂ ਹਰਿਓ ਨਹੀਂ"।
ਗੁਰੂ ਜੀ ਕਹਿਣ "ਮੰਗ ਲੈ ਖਾਲਸਾ।
ਨ ਮਨ ਵਿਚ ਭਰਮ ਰੱਖਣਾ ਮੋੜ ਦਾ"।
ਕਿਹਾ ਲਾਲ ਨੇ ਤਾਤ ਜੀ ਕੀ ਕਹਾਂ।
ਸ਼ਰਮ ਆਇ ਕਹਿੰਦੇ ਨ ਰਹਿ ਭੀ ਸਕਾਂ।