ਕਰੋ ਦਾਤ ਜੇ ਬਖਸ਼ ਆਪਣੇ ਦਰੋਂ।
ਬਚਾਓ ਮੇਰੇ ਚਿੱਤ ਨੂੰ ਚਿੰਤ ਤੋਂ।
ਜੋ ਸਿੱਖਾਂ ਬਿਦਾਵੇ 'ਤੇ ਦਸਖਤ ਕਰੇ।
ਮੇਰੇ ਸਾਹਮਣੇ ਓਸ ਨੂੰ ਪਾੜ ਕੇ।
ਮੇਰਾ ਚਿਤ ਇਸ ਚਿੰਤ ਵਿਚ ਟੰਗਿਆ।
ਬਿਦਾਵਾ ਫਟੇ ਹੋਗ ਰਾਜ਼ੀ ਬੜਾ।
ਲਓ ਗੰਢ ਟੁੱਟੀ ਨੂੰ ਫਿਰ ਆਪ ਹੀ।
ਉਨ੍ਹਾਂ ਨੇ ਕਮਾਯਾ ਬਿਸ਼ੱਕ ਪਾਪ ਹੀ।
ਜੇ ਮੰਨੋ ਤਾਂ ਇਹ ਵਾਸ਼ਨਾ ਹੈ ਮੇਰੀ।
ਨ ਇੱਛਾ ਕੋਈ ਹੋਰ ਹੈ ਕਾਸ ਦੀ।
ਗੁਰੂ ਜੀ ਕਹਿਣ ਧੰਨ ਹੈ ਖਾਲਸਾ।
ਮਨੋਰਥ ਭੀ ਧਾਰਨ ਤਾਂ ਉਪਕਾਰ ਦਾ।
ਲੈ ਉਪਕਾਰੀ ਬੀਰ !
ਬੇਦਾਵਾ-ਪਤ੍ਰ ਆਪੇ ਪਾੜ ਦੇ
ਅਹੋ ਬੀਰ ! ਲੈ ਉਹ ਬਿਦਾਵਾ ਪਿਆ।
ਏ ਕਹਿ ਕੱਢ ਜੇਬੋਂ ਗੁਰਾਂ ਪਾੜਿਆ।
ਏ ਪਿਖ ਬੀਰ ਡਾਢਾ ਹੀ ਰਾਜ਼ੀ ਭਿਆ।
ਸ਼ੁਕਰ ਹੈ ਕਿ ਟੁੱਟੀ ਨੂੰ ਫਿਰ ਗੰਢਿਆ।
ਗੁਰਾਂ ਨੇ ਕਿਹਾ ਹੋਰ ਕੁਝ ਚਾਹੀਏ।
ਤਾਂ ਦੇਵਾਂਗਾ ਹੁਣ ਬੀ ਜ਼ਰਾ ਆਖਦੇ।
ਮਹਾਂ ਸਿੰਘ ਕਿਹਾ ਬਸ ਪਿਤਾ ! ਲੈ ਚੁਕਾ।
ਇਹੋ ਸੀ ਮਨੋਰਥ ਸੋ ਪੂਰਾ ਭਿਆ।
ਏ ਕਹਿੰਦੇ ਦੇ ਹੱਥ ਜੁੜ ਕੇ ਚਰਨੀਂ ਲੱਗੇ।
ਤੇ ਤਨ ਤੋਂ ਨਿਕਲ ਪ੍ਰਾਣ ਰਾਹੀ ਭਏ।
ਮਾਈ ਭਾਗੋ ਜੀ ਦੀ ਚਾਹਨਾ ਪੂਰੀ ਹੋ ਗਈ
ਇਥੋਂ ਉੱਠ ਸਤਿਗੁਰੁ ਅਗੇਰੇ ਗਏ।
ਮਾਈ ਭਾਗੋ ਨੂੰ ਫੇਰ ਦਰਸ਼ਨ ਮਿਲੇ।