ਏ ਤਯਾਰੇ ਕਰੀ ਜਾਣ ਨੂੰ ਸੀ ਖੜੀ।
ਕਿ ਸਤਿਗੁਰ ਮਿਲੇ ਆਣ ਅੰਤਮ ਘੜੀ।
ਇਨੂੰ ਭੀ ਉਸੇ ਰੀਤ ਕੀਤਾ ਪਿਆਰ।
ਤੇ ਵਰ ਦੇਣ ਲੱਗੇ ਕ੍ਰਿਪਾ ਯੁਤ ਨਿਹਾਰ।
ਹੋਏ ਜਦ ਖੁੱਲ੍ਹੇ ਦਰਸ ਦੁਖ ਮਿਟ ਗਿਆ।
ਨਿਗਾਹ ਸਤਿਗੁਰਾਂ ਦੀ ਨੇ ਲੀਤਾ ਬਚਾ।
ਕਿਹਾ ਸਤਿਗੁਰਾਂ, "ਵਰ ਕੋਈ ਚਾਹੀਏ?
ਜੋ ਮੰਗੇ ਸੋ ਮਿਲ ਜਾਇਗਾ ਇਸ ਸਮੇਂ"।
ਮਾਈ ਭਾਗ ਕੌਰਾਂ ਨੇ ਸੰਗਤ ਦਾ ਹਾਲ।
ਸੁਣਾ ਕੇ ਕਿਹਾ, "ਹੈ ਬੜਾ ਇਹ ਮਲਾਲ।
ਹੋਏ ਆਪ ਤੋਂ ਬੇਮੁਖ ਏ ਆਨ ਕੇ।
ਧਰਮ ਹਾਰਿਆ ਹਾਲ ਸਭ ਜਾਣ ਕੇ"।
ਕਿਹਾ ਸਤਿਗੁਰਾਂ, "ਤ੍ਯਾਗ ਦਿਹ ਏ ਮਲਾਲ।
ਪਰੁਪਕਾਰ ਦੇ ਪੁੰਜ ਮਹਾਂ ਸਿੰਘ ਲਾਲ।
ਉਨ੍ਹਾਂ ਦਾ ਬਿਦਾਵਾ ਨੇ ਪੜਵਾ ਚੁੱਕੇ।
ਓ ਟੁੱਟੀ ਨੂੰ ਮੁੜ ਕੇ ਨੇ ਗੰਢਵਾ ਚੁੱਕੇ।
ਤੁਸੀਂ ਆਪਣੇ ਹੇਤ ਇਛਿਆ ਕਰੋ।
ਮੈਂ ਹਾਜ਼ਰ ਹਾਂ ਵਰ ਦੇਣ ਨੂੰ ਜੋ ਕਹੋ?"
ਸੁਣੀ ਵਾਰਤਾ ਭਾਗ ਕੌਰਾਂ ਜਦੋਂ।
ਵਹਯਾ ਪ੍ਰੇਮ ਰਸ ਨੇਤਰਾਂ ਅੰਦਰੋਂ।
ਕਿਹਾ ਹੋਇ ਗਦ ਗਦ, “ਗੁਰੂ ਧੰਨ ਹੋ।
ਜੋ ਕੀਤੀ ਦਯਾ ਆਪ ਪਰਸੰਨ ਹੋ।
ਜੇ ਬਾਲਕ ਕੋਈ ਭੁੱਲ ਕਰ ਵੀ ਦਏ।
ਤਾਂ ਮਾਤਾ ਪਿਤਾ ਅੰਤ ਬਖਸ਼ਸ਼ ਕਰੇ।
ਤੁਸੀਂ ਬਖਸ਼ਨੇ ਹਾਰ, ਸਤਿਗੁਰ ਦਤਾਰ।
ਕੁਰਾਹੇ ਗਏ ਆਪ ਲੀਤੇ ਸੰਭਾਰ।
ਮੈਂ ਲੂੰ ਲੂੰ ਤੋਂ ਪਰਸੰਨ ਹਾਂ ਹੋ ਗਈ।
ਰਹੀ ਹੋਰ ਵਰ ਦੀ ਨਾ ਆਸ਼ਾ ਕੋਈ।