ਦੋਹਿਰਾ॥
ਪ੍ਰੇਮ ਖੇਲ ਸਿਰ ਧਰ ਤਲੀ, ਖੇਲੀ ਗਯਾ ਦਿਖਾਇ।
ਬੰਦ ਬੰਦ ਕਟਵਾ ਲਏ, ਲੀਤਾ ਧਰਮ ਬਚਾਇ।
ਭਾਈ ਮਨੀ ਸਿੰਘ ਜੀ ਦੀ ਧਰਮ ਪੁਰ ਕੁਰਬਾਨੀ ਤੇ ਪਾਪੀ ਜਰਵਾਣਿਆਂ ਦੀ ਅਨੀਤਿ
ਪਾਪ ਰਾਜ ਦੇ ਹਿੰਦ ਦੇਸ਼ ਪਰ. ਹੋਣ ਲੱਗੇ ਜਦ ਅੱਤਯਾਚਾਰ।
ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਸਰ ਲਈ ਸਿਰ ਅਪਣਾ ਵਾਰ।
ਜਰਵਾਣੇ ਦਾ ਪਾਪੀ ਹਿਰਦਾ ਦਿਨ ਦਿਨ ਹੁੰਦਾ ਜਾਇ ਕਠੋਰ।
ਹਿੰਦੂ ਕੌਮ ਨੂੰ ਨਸ਼ਟ ਕਰਨ ਹਿਤ ਲਾਯਾ ਸਾਰਾ ਆਪਣਾ ਜ਼ੋਰ।
ਕਸ਼ਟ ਸਹਾਰ ਸਹਾਰ ਪ੍ਰਜਾ ਅਤਿ ਦੀਨ ਦਸ਼ਾਂ ਵਿਚ ਹੋਈ ਆਨ।
ਨ੍ਰਿਬਲ ਨ੍ਰਿਧਨ ਨ੍ਰਿਧਿਰ ਨ੍ਰਿਘਰ ਨ੍ਰਿਸੁਖ, ਨ੍ਰਿਆਸ਼ਰਾ ਨਿਰਮਾਨ।
ਦੇਸ਼ ਰਸਾਤਲ ਵੇਖ ਜਾਂਵਦਾ ਸ੍ਰੀ ਕਲਗੀਧਰ ਕਰੀ ਵਿਚਾਰ।
ਦੀਨ ਦਸ਼ਾ ਭਾਰਤ ਦੀ ਹੋਈ ਰਹਿ ਨ ਗਿਆ ਬਾਕੀ ਬਲਕਾਰ।
ਅਤਯਾਚਾਰ ਅਨੀਤੀ ਰਾਜ ਦੇ ਕਰ ਦੇਵਣਗੇ ਦੇਸ਼ ਤਬਾਹ।
ਬਲ ਹੋਏ ਬਿਨ ਪਲ ਭੀ ਹੋਣਾ ਨਹਿ ਹੁਣ ਭਾਰਤ ਦਾ ਨਿਰਬਾਹ।
ਤਾਂ ਤੇ ਚਾਹੀਏ ਜ਼ੁਲਮਾਂ ਦੀ ਹੁਣ ਖੁੰਢੀ ਹੋ ਜਾਵੇ ਤਲਵਾਰ।
ਪਾਪ ਰਾਜ ਦਾ ਨਸ਼ਟ ਕਰਨ ਹਿਤ ਪਰਜਾ ਵਿਚ ਪਾਈਏ ਬਲਕਾਰ।
ਸਮਾਂ ਸੁਨੀਤਿ ਵਿਚਾਰ ਸਤਿਗੁਰਾਂ ਕੀਤਾ ਦੇਸ਼ ਸਿਆਰੋਂ ਸ਼ੇਰ।
ਅੰਮ੍ਰਿਤ ਛਿੜਕ ਸਜਾਇ ਖਾਲਸਾ ਜ਼ਿੰਦੇ ਕੀਤੇ ਮੁਰਦੇ ਫੇਰ।
ਰਾਜ ਯੋਗ ਦੀ ਰਹਿਤ ਸਿਖਾਈ ਪਰੁਪਕਾਰ ਦਾ ਦੇ ਉਪਦੇਸ਼।
ਪਾਪ ਰਾਜ ਦੀ ਨੀਂਹ ਉਖੇੜੋ, ਦੁਖੀ ਪ੍ਰਜਾ ਦੇ ਹਰੋ ਕਲੇਸ਼।
ਆਪਣਾ ਤਨ ਮਨ ਧਨ ਲਗਾਇਕੇ ਚਾਰੇ ਪੁੱਤਰ ਦਿੱਤੇ ਵਾਰ।
ਪਾਇ ਪੂਰਨੇ ਜਾਚ ਸਿਖਾਲੀ, ਐਸਾ ਕਰਨਾ ਪਰਉਪਕਾਰ।
ਅਨਿਆਈ ਜਰਵਾਣੇ ਪਛੁਤਾਉਂਦੇ ਹਨ।
ਦੁਖੀ ਪ੍ਰਜਾ ਦੀ ਮੁਕਤੀ ਕਾਰਨ ਸਿੰਘ ਸੂਰਮੇ ਹੋਏ ਤਿਆਰ।
ਪਾਪ ਰਾਜ ਦੇ ਨਸ਼ਟ ਕਰਨ ਹਿਤ ਵਾਰੇ ਤਨ ਮਨ ਧਨ ਪਰਵਾਰ।