ਸਾਹਵੇਂ ਹੋਏ ਸਾਂਵੇਂ ਹੋ ਕੇ ਕਰਨ ਟਾਕਰੇ ਫੜ ਤਲਵਾਰ।
ਨਿਰਧਨ ਨਿਰ ਆਸ੍ਰਾ ਭੀ ਹੋ ਕੇ ਰਖਯਾ ਕੀਤੀ ਦੁੱਖ ਸਹਾਰ।
ਮੂੰਹ ਮੁੜਿਆ ਅਨਯਾਇ ਖੜਗ ਦਾ ਉਖੜੇ ਐਸੇ ਹੋਸ਼ ਹਵਾਸ।
ਦੀਨ ਵਧਾਣਾ ਕਿਤੇ ਰਿਹਾ, ਹੁਣ ਰਾਜ ਰਹਿਣ ਦੀ ਰਹੀ ਨ ਆਸ।
ਪਿੱਸੂ ਪਏ ਅਧਰਮ ਰਾਜ ਨੂੰ ਇਹ ਕੀ ਆਈ ਨਵੀਂ ਬਲਾਇ।
ਐਸੇ ਨਿਰਬਲ ਦੇਸ਼ ਵਿਖੇ ਏਹ ਸ਼ੇਰ ਕਿਧਰੋਂ ਗਰਜੇ ਆਇ।
ਨੱਕ ਵਿਖੇ ਦਮ ਕੀਤਾ ਸਾਡਾ ਟਿਕਣ ਨ ਦੇਂਦੇ ਕਰਕੇ ਚੈਨ।
ਇਧਰੋਂ ਜ਼ਰਾ ਅਰਾਮ ਹੋਇ ਅਰ ਉਧਰੋਂ ਆ ਚੁੱਪ ਕੀਤੇ ਪੈਣ।
ਇਕ ਮਰੇ ਦਸ ਹੋਰ ਨਿਕਲ ਕੇ ਚਕਾਚੂੰਧ ਵਿਚ ਦੇਵਣ ਪਾਇ।
ਜ਼ੁਲਮ ਜਦੋਂ ਕੁਝ ਹੋਣ ਲੱਗੇ ਨਿਕਲੇ ਕੋਈ ਜੱਥਾ ਅਚਾਨਕ ਆਇ।
ਨਾਜ਼ਮ ਨੇ ਸਿਰ ਤਕ ਬਲ ਲਾ ਕੇ ਨਾਸ਼ ਕਰਨ ਦੀ ਚੱਲੀ ਚਾਲ।
ਪਰ ਸ੍ਰੀ ਗੁਰ ਦੇ ਸ਼ੇਰਾਂ ਅੱਗੇ ਗਲੀ ਨ ਇਸ ਦੀ ਕੁਝ ਭੀ ਦਾਲ।
ਨਾਜ਼ਮ ਪਿਆ ਦਲੀਲਾਂ ਅੰਦਰ ਸੱਦ ਸਿਆਣੇ ਕਰੇ ਸਲਾਹ।
ਓਹ ਤਦਬੀਰ ਨਿਕਾਲੋ ਕੋਈ, ਹੋਵਣ ਸਾਰੇ ਸਿੱਖ ਤਬਾਹ।
ਜਦ ਤਕ ਏਹ ਮੁਜ਼ੀ ਨਹੀਂ ਮਰਦੇ ਤਦ ਤਕ ਮਿਲਦਾ ਨਹੀਂ ਅਰਾਮ।
ਨਾਹੀਂ ਹਿੰਦੂ ਦਬ ਸਕਦੇ ਹਨ ਨਾ ਵਧ ਸਕਦਾ ਹੈ ਇਸਲਾਮ।
ਇਕ ਕਾਜ਼ੀ ਉੱਠ ਅਰਜ਼ ਗੁਜ਼ਾਰੀ ਹਜ਼ਰਤ ਕਿਉਂ ਹੋ ਰਹੇ ਉਦਾਸ।
ਇਸ ਟੋਲੇ ਦੇ ਵਧ ਜਾਵਣ ਦਾ ਕਾਰਣ ਮੈਂ ਦੱਸਦਾ ਹਾਂ ਖਾਸ।
ਅੰਮ੍ਰਿਤਸਰ ਤਾਲਾਬ ਵਿਖੇ ਜੋ ਪਾਣੀ ਹੈ, ਹੈ ਆਬਿਹੱਯਾਤ।
ਜੋ ਪੀਵੇ ਸੋ ਅਮਰ ਹੋਂਵਦਾ ਕਰਾਮਾਤ ਉਸ ਦੀ ਵਖਯਾਤ।
ਏ ਕਾਫਰ ਨਿਤ ਜਾ ਕੇ ਓਥੇ ਅੰਮ੍ਰਿਤ ਪੀ ਪੀ ਹੁੰਦੇ ਸ਼ੇਰ।
ਓਸੇ ਦੇ ਬਲ ਦਿਨ ਦਿਨ ਐਡੇ ਹੁੰਦੇ ਜਾਂਦੇ ਨਿਡਰ ਦਲੇਰ।
ਜਦ ਤਕ ਉਸ ਪਾਣੀ ਦੇ ਪੀਣੇ ਦੀ ਬੰਦਸ਼ ਨ ਪੱਕੀ ਹੋਇ।
ਤਦ ਤਕ ਏਸ ਦੇ ਨਾਸ਼ ਕਰਨ ਦੀ ਚਲੇਗੀ ਤਦਬੀਰ ਨ ਕੋਇ।
ਕਾਜ਼ੀ ਦੀ ਗੱਲ ਦਿਲ 'ਤੇ ਲੱਗੀ ਸੂਬੇ ਨੂੰ ਆਯਾ ਇਤਬਾਰ।
ਸਿੰਘਾਂ ਦੇ ਵਧਣੇ ਦਾ ਕਾਰਨ ਅੰਮ੍ਰਿਤਸਰ ਦਾ ਹੈ ਦਰਬਾਰ।
ਦੇਸ਼ ਰਖਯਕ ਸਿੰਘਾਂ ਦੇ ਇਸ ਬਿਧ ਵੈਰੀ ਬਣ ਗਏ ਮਹਾਨ।
ਖੁਰਾ-ਖੋਜ ਨਾ ਰਹੇ ਦੇਸ਼ ਵਿਚ ਸਿੰਘਾਂ ਦਾ ਇਹ ਮਤਾ ਪਕਾਨ।
ਦਿੱਲੀ ਤੋਂ ਪਰਵਾਨਾ ਆਯਾ, ਲਾਹੌਰੀ ਨਾਜ਼ਮ ਦੇ ਪਾਸ।
ਇਸ ਟੋਲੇ ਨੂੰ ਜਿਉਂ ਕਿਉਂ ਹੋਵੇ ਛੇਤੀ ਹੀ ਕਰ ਦੇਵੋ ਨਾਸ।