ਮੈਂ ਕੂਕਰ ਸਤਿਗੁਰ ਦਰ ਦਾ ਜੇ ਇਤਨੀ ਟਹਿਲ ਨ ਸਕਾਂ ਕਮਾਇ।
ਜਨਮ ਮੇਰਾ ਕਿਸ ਅਰਥ ਭਯਾ ਅਰ ਸਿੱਖ ਹੋਏ ਦਾ ਲਾਭ ਨ ਕਾਇ।
ਇਸ ਤਰੰਗ ਕਰ ਤੰਗ, ਉਮੰਗ ਉਠਾਈ ਮਨ ਵਿਚ ਸੰਗ ਉਤਾਰ।
ਕੁਝ ਸਿਰ ਕਰਦੇ ਪੁਰਖ ਸੰਗ ਲੈ ਪਹੁੰਚੇ ਹਾਕਮ ਦੇ ਦਰਬਾਰ।
"ਹਰਿਮੰਦਰ ਵਿਚ ਦੋ ਬਰਸਾਂ ਤੋਂ ਕੋਈ ਸਿੱਖ ਨ ਪਹੁੰਚਾ ਆਨ।
ਹੁਕਮ ਦਿਓ ਜੇ ਦੋ ਦਿਨ ਦਾ, ਤਦ ਦੀਪਮਾਲ ਪਰ ਕਰਨ ਸ਼ਨਾਨ।
ਮੇਲਾ ਗੇਲਾ ਹੋ ਜਾਵੇਗਾ ਦੋ ਦਿਨ ਪਹਿਰਾ ਦਿਓ ਹਟਾਇ।
ਫੇਰ ਜਿਵੇਂ ਜੀ ਚਾਹੇ ਕਰਨਾ ਇਸ ਵਿਚ ਹੋਸੀ ਹਰਜ ਨਾ ਕਾਇ।
ਨਵਾਬ ਦੀ ਵਿਸ਼ਵਾਸਘਾਤੀ ਚਾਲ
ਅੰਮ੍ਰਿਤਸਰ ਦੇ ਹਾਕਮ ਨੇ ਲਿਖ ਅਰਜ਼ੀ ਭੇਜੀ ਪਾਸ ਨਵਾਬ।
ਹਰਿਮੰਦਰ ਦੇ ਮੇਲੇ ਬਾਬਤ ਕੀ ਕੁਝ ਦਿੱਤਾ ਜਾਇ ਜਵਾਬ?
ਗਿਣਤ ਗਿਣੀ ਸੂਬੇ ਨੇ ਬਹਿ ਕੇ ਮਨ ਪਾਪੀ ਵਿਚ ਫੁਰਿਆ ਪਾਪ।
ਦਾਅ ਬੜਾ ਵਿਸ਼ਵਾਸਘਾਤ ਦਾ ਇਉਂ ਮਿਲਦਾ ਹੈ ਆਪਣੇ ਆਪ।
ਗੁਪਤ ਰਹੇ ਇਹ ਪਾਪ ਚਾਲ ਅਰ ਮਨਜ਼ੂਰੀ ਦੇਵਾਂ ਲਿਖਵਾਇ।
ਕੱਠੇ ਹੋਵਣ ਸਿੱਖ ਜਦੋਂ ਪਾ ਘੇਰਾ ਦੇਵਾਂ ਅਲਖ ਮੁਕਾਇ।
ਹੁਕਮ ਭੇਜਿਆ "ਮਨੀ ਸਿੰਘ ਜੇ ਚਟੀ ਮੰਨੇ ਪੰਜ ਹਜ਼ਾਰ।
ਦੋ ਦਿਨ ਦੀ ਛੁੱਟੀ ਦੇ ਦੇਵੋ, ਸਿੱਖ ਆਨ ਕਰਨ ਦਰਸ਼ਨ ਦੀਦਾਰ।
ਅੰਮਿਤਸਰ ਆਯਾ ਪਰਵਾਨਾ, ਭਾਈ ਜੀ ਭੇਜੇ ਸਦਵਾਇ।
ਹਾਕਮ ਨੇ ਉਹ ਹੁਕਮ ਨਵਾਬੀ ਪੜ੍ਹ ਕੇ ਦਿੱਤਾ ਤੁਰਤ ਸੁਣਾਇ।
ਪਹਿਲੇ ਤਾਂ ਝਿਜਕੇ ਭਾਈ ਜੀ, ਪਰ ਫਿਰ ਮਨ ਵਿਚ ਫੁਰੀ ਵਿਚਾਰ।
ਗੁਰਸਿੱਖਾਂ ਦੇ ਜੋੜ ਮੇਲ ਵਿਚ ਗੱਲ ਨਹੀਂ ਕੁਝ ਪੰਜ ਹਜ਼ਾਰ।
ਹਰਿ ਮੰਦਰ ਦਾ ਦਰਸ਼ਨ ਕਰਕੇ ਸੰਗਤ ਹੋਸੀ ਸਰਬ ਨਿਹਾਲ।
ਪੰਜ ਹਜ਼ਾਰ ਇਜਾਰੇ ਜੋਗਾ ਕੱਠਾ ਹੋ ਜਾਸੀ ਤਤਕਾਲ।
ਇਹ ਵਿਚਾਰ ਹਾਕਮ ਦੇ ਅੱਗੇ ਚੱਟੀ ਕਰ ਲੀਤੀ ਮਨਜ਼ੂਰ।
ਡੇਰੇ ਆ ਕੇ ਲਿਖ ਅਰਦਾਸਾਂ ਭੇਜਣ ਲੱਗੇ ਨੇੜੇ ਦੂਰ।
ਦੀਪਮਾਲ ਪਰ ਖੁਲ੍ਹ ਮਿਲੀ ਹੈ, ਸੰਗਤ ਪਾਵੇ ਦਰਸ਼ਨ ਆਇ।
ਇਉਂ ਸਭ ਗੁਰਸਿੱਖੀ ਦੇ ਅੰਦਰ ਸਾਰੇ ਦਿੱਤੀ ਖਬਰ ਪੁਚਾਇ।
ਸਿੱਖਾਂ ਲਈ ਜਰਵਾਣਿਆਂ ਦੀ ਖੂਨੀ ਚਾਲ
ਰੁਤ ਫਿਰੀ, ਪਤਝੜੀ ਛਿੜੀ, ਦਿਨ ਘਟੇ ਰਾਤ ਨੂੰ ਵਾਧੇ ਪਾਇ।
ਕੱਤਕ ਮਾਂਹ, ਗੁਲਾਬੀ ਠੰਡਕ, ਰਾਤ ਹਨੇਰੀ ਹੁੰਦੀ ਜਾਇ।