ਵੇਖ ਵੇਖ ਅਨਯਾਇ ਰਾਜ ਦਾ ਚੰਦ ਚਾਨਣਾ ਲਿਆ ਲੁਕਾਇ।
ਕਲੂ ਕਾਲ ਦੀ ਘੋਰ ਸਿਆਹੀ ਵਾਂਗ ਹਨੇਰ ਗਿਆ ਹੁਣ ਛਾਇ।
ਲਾਹੌਰੀ ਸੂਬੇ ਦੇ ਮਨ ਵਿਚ ਵੱਸ ਰਹੀ ਸੀ ਘਾਤਕ ਚਾਲ।
ਗੁਰਸਿੱਖੀ ਦਾ ਘਾਤ ਕਰਨ ਹਿਤ, ਛੁਰੀ ਗਲੇਫੀ ਮਿੱਠੇ ਨਾਲ।
ਅੰਦਰ ਵੜ ਫੌਜੀ ਅਫਸਰ ਨੂੰ ਪੱਟੀ ਦਿੱਤੀ ਖੂਬ ਪੜ੍ਹਾਇ।
ਸਿੱਖਾਂ ਦਾ ਦਲ ਅੰਮ੍ਰਿਤਸਰ ਵਿਚ ਆ ਕੇ ਫੇਰ ਨ ਜਾਣਾ ਪਾਇ।
ਜਦ ਕੱਠੇ ਹੋ ਜਾਣ ਸਭੇ ਤਦ ਲੈਣਾ ਤੁਰਤ ਦੁਆਲਾ ਘੇਰ।
ਮਾਰ ਦਿਓ ਕਤਲਾਮ ਮਚਾ ਕੇ ਕੁਸ਼ਤਿਆਂ ਦੇ ਲੱਗ ਜਾਵਣ ਢੇਰ।
ਜਦ ਤਕ ਏਹ ਮੁਜ਼ੀ ਨਹੀਂ ਮਰਦੇ ਤਦ ਤਕ ਸਾਡੀ ਗਲੇ ਨ ਦਾਲ।
ਨਾ ਇਸਲਾਮ ਵਧੇ, ਨਾ ਸਖਤੀ ਹੋ ਸਕਦੀ ਹੈ ਪਰਜਾ ਨਾਲ।
ਤਾਂ ਤੇ ਬੇਈਮਾਨੀ ਕਰਨੀ ਇਸ ਵੇਲੇ ਹੈ ਬੜੀ ਜ਼ਰੂਰ।
ਬੜੀ ਚਲਾਕੀ ਤੇ ਹੁਸ਼ਿਆਰੀ ਏਸ ਚਾਲ ਵਿਚ ਹੈ ਮਨਜ਼ੂਰ।
ਇਸ ਬਿਧ ਪਾਪ ਜਾਲ ਰਚ ਪਾਪੀ ਫੌਜ ਕਰਾਈ ਤੁਰਤ ਤਿਆਰ।
“ਇੰਤਜ਼ਾਮ ਦੇ ਠੀਕ ਰੱਖਣ ਦੀ ਲੋੜ" ਸੁਣਾਈ ਬਾਹਰਵਾਰ।
ਸਾਣ ਚੜ੍ਹੀ ਤਲਵਾਰਾਂ ਅਰ ਬੰਦੂਕਾਂ ਲੈ ਲੈ ਤੁਰਕ ਭਏ ਸਵਾਰ।
ਗੁਰਸਿੱਖਾਂ ਦਾ ਘਾਤ ਕਰਨ ਨੂੰ ਆਏ ਅੰਮ੍ਰਿਤਸਰ ਵਿਚਕਾਰ।
ਵਾੜ ਹੀ ਖੇਤ ਨੂੰ ਖਾਣ ਉੱਠ ਪਈ
ਤੁਰਕ ਰਾਜ ਦੀਆਂ ਸੱਟਾਂ ਖਾ ਖਾ, ਵੇਖ ਵੇਖ ਦੱਗਿਆਂ ਦੀ ਚਾਲ।
ਸਿੱਖ ਗੁਰੂ ਦੇ ਸਿੱਖ ਗਏ ਸਨ, ਪੈਰ ਧਰਨ ਹੁਸ਼ਿਆਰੀ ਨਾਲ।
ਸੰਗਤ ਬੈਠ ਗੁਰਮੱਤਾ ਕੀਤਾ, ਦਾਣੇ ਹੇਠ ਜਾਲ ਮਤ ਹੋਇ।
ਫੌਜ ਲਾਹੌਰੋਂ ਜੋ ਹੈ ਆਈ ਇਸ ਵਿਚ ਦਗ਼ਾ ਨ ਹੋਵੇ ਕੋਇ।
ਟੋਹ ਕਰਨ ਤੋਂ ਪਤਾ ਚੱਲ ਗਿਆ, ਖੇਤ ਖਾਣ ਨੂੰ ਉੱਠੀ ਵਾੜ।
ਕਾਲੇ ਹਿਰਦੇ ਦੀ ਕਾਲਕ ਨੂੰ ਮੱਥੇ ਤੋਂ ਹੀ ਲੀਤਾ ਤਾੜ।
ਤੁਰਕ ਫੌਜ ਨੂੰ ਚਣੇ ਚਬਾਣੇ ਸੀ ਤਾਂ ਨਹਿ ਕੁਝ ਔਖੀ ਕਾਰ।
ਪਰ ਮੇਲੇ ਪਰ ਅਮਨ ਰੱਖਣ ਦੇ ਭਾਈ ਜੀ ਸਨ ਜ਼ਿੰਮੇਵਾਰ।
ਇਸ ਕਰਕੇ ਬਲਬੀਰ ਖਾਲਸੇ ਲੀਤਾ ਆਪਣਾ ਆਪ ਸੰਭਾਲ।
ਖਬਰ ਪੁਚਾਈ ਦੀਪਮਾਲ ਦਾ ਸਮਾਂ ਦਿਓ ਐਵੇਂ ਹੀ ਟਾਲ।
ਨਾ ਰੌਣਕ ਨਾ ਮੇਲਾ ਹੋਯਾ ਨਾ ਹਰਿ ਮੰਦਰ ਲਗਾ ਦਿਵਾਨ।
ਨਾ ਆ ਸੰਗਤ ਕੱਠੀ ਹੋਈ ਨਾ ਕੁਝ ਚੜ੍ਹਤ ਚੜ੍ਹਾਈ ਆਨ।