ਕੇਸਾਂ ਦਾ ਫਿਰ ਨਾਮ ਨ ਲੈਣਾ ਸਿੰਘਾਂ ਹਿਤ ਇਹ ਹੈ ਦੁਰਵਾਕ।
ਬੇਰੇ ਬੇਰੇ ਹੋਣਾ ਚੰਗਾ, ਮੰਦਾ ਇਹ ਸੁਣਨਾ ਭੀ ਵਾਕ।
ਸ਼ਰ੍ਹਾ ਤੁਹਾਡੇ ਘਰ ਦੀ ਹੈ ਜੋ ਚਾਹੋ ਫਤਵੇ ਲਓ ਬਣਾਇ।
ਹਾਜ਼ਰ ਹਾਂ ਮੈਂ ਦੁੱਖ ਸਹਿਨ ਨੂੰ ਜੋ ਕਰਤੇ ਦੀ ਹੋਇ ਰਜ਼ਾਇ।
ਪਰ ਨਾ ਮੈਂ ਹਨ ਕੇਸ ਕਟਾਣੇ ਨਾ ਹੋਣਾ ਹੈ ਮੁਸਲਮਾਨ।
ਬੰਦ ਤੁੜਾਵਨ ਛੱਡ ਕੇ ਭਾਵੇਂ ਕੀਮਾਂ ਹੋ ਕੇ ਨਿਕਲੇ ਜਾਨ।
ਐਡਾ ਕੇਹੜਾ ਵਖਤ ਪਿਆ ਮੈਂ ਧਰਮ ਤਿਆਗਾਂ ਜੀਵਨ ਹੇਤ?
ਧਰਮ ਵਾਸਤੇ ਸਦਕੇ ਹੋਣਾ ਸਿੰਘਾਂ ਦਾ ਤਾਂ ਹੈ ਸੰਕੇਤ।
ਸੂਬਾ, ਕਾਜ਼ੀ ਮੁਫਤੀ, ਮੁੱਲਾਂ ਅਰ ਮਜਲਸ ਦੇ ਮੁਸਲਮਾਨ।
ਵੇਖ ਦਲੇਰੀ ਭਾਈ ਜੀ ਦੀ ਦੰਦ ਜੁੜੇ ਹੋਏ ਹੈਰਾਨ।
ਸਿੱਖ ਬੜੇ ਦਿਲਚਲੇ ਬਹਾਦੁਰ ਜਾਨ ਤਲੀ ਪਰ ਰੱਖ ਟਿਕਾਇ।
ਮੌਤੋਂ ਡਰਨ ਨ ਰੰਚਕ ਭਰ ਭੀ, ਧਰਮ ਪੁਰੋਂ ਤਨ ਦੇਣ ਘੁਮਾਇ।
ਸੂਬੇ ਦਾ ਖੂਨੀ ਹੁਕਮ ਬੰਦ-ਬੰਦ ਕਟਵਾ ਦੇਵੋ
ਸੂਬਾ ਕਹਿੰਦਾ, "ਸਿੱਖਾਂ ਦਾ ਭੀ ਉਲਟਾ ਮਤ ਹੈ ਨਾ-ਮਾਕੂਲ।
ਜੇਕਰ ਗੱਲ ਭਲੇ ਦੀ ਦੱਸੋ ਸਮਝ ਨ ਆਇ ਇਨ੍ਹਾਂ ਨੂੰ ਮੂਲ।
ਹੱਛਾ ! ਹੁਣੇ ਕਿਰਕਿਰੀ ਹੋਸੀ ਸਾਰੀ ਸ਼ੇਖੀ ਤੇ ਬਲਕਾਰ।
ਕਸ਼ਟਾਂ ਨਾਲ ਪਿਆ ਜਦ ਪਾਲਾ ਨਿਕਲ ਜਾਇਗਾ ਸਭ ਹੰਕਾਰ!
ਫੜੋ ਜਲਾਦੋ ! ਇਸ ਕਾਫਰ ਨੂੰ, ਕਤਲਗਾਹ ਵਿਚ ਖੜੋ ਸ਼ਤਾਬ।
ਜੀਕੁਰ ਹੁਕਮ ਸ਼ਰਾ ਨੇ ਦਿੱਤਾ ਓਵੇਂ ਮਾਰੋ ਦੇਇ ਅਜ਼ਾਬ।
ਘਟ ਜਾਏਗਾ ਦੁਨਯਾ ਵਿਚੋਂ ਇਕ ਕਾਫਰ ਦਾ ਹੋਰ ਵਜੂਦ।
ਫਤਹਿ ਹੋਇ ਇਸਲਾਮ ਦੀਨ ਦੀ, ਹੋ ਜਾਵਨ ਕਾਫਰ ਨਾਬੂਦ।"
ਭੈੜੀ ਸੋ ਚੰਗਿਆੜੇ ਵਾਂਗਰ ਖਿੱਲਰ ਗਈ
ਭੈੜੀ ਸੋਇ ਹਨੇਰੀ ਦੇ ਚੰਗਿਆੜੇ ਵਾਂਗਰ ਹੋਇ ਪ੍ਰਕਾਸ਼।
ਦੁਖੀਏ ਸੰਦੀ ਆਹ ਦਾ ਧੂੰਆਂ, ਪਲ ਵਿਚ ਜੀਕੁਰ ਚੜ੍ਹੇ ਅਕਾਸ਼।
ਧੁੰਮੀ ਖਬਰ ਲਾਹੌਰ ਸ਼ਹਿਰ ਵਿਚ ਭਾਈ ਮਨੀ ਸਿੰਘ ਬਲਵਾਨ।
ਪੰਜ ਹਜ਼ਾਰ ਰੁਪਯੇ ਖਾਤਰ ਧਰਮੋਂ ਹੋਣ ਲਗੇ ਕੁਰਬਾਨ।
ਗੁਰੂ ਘਰ ਦੇ ਸ਼ਰਧਾਲੂ ਹਿੰਦੂ ਉੱਦਮ ਕਰਕੇ ਹੋਏ ਤਿਆਰ।
ਰਲ ਮਿਲ ਪਲ ਵਿਚ ਕੱਠਾ ਕੀਤਾ ਚੱਟੀ ਕਾਰਨ ਪੰਜ ਹਜ਼ਾਰ।