ਪ੍ਰੇਮੀ ਸਹਿਜਧਾਰੀਆਂ ਨੇ ਰੁਪਏ ਲੈ ਆਂਦੇ
ਰਸਤੇ ਵਿਚ ਜੱਲਾਦ ਅਜੇ ਸਨ ਤੋੜੇ ਲੈ ਕੇ ਪਹੁੰਚੇ ਜਾਇ।
ਅਸੀਂ ਰੁਪੱਯਾ ਲੈ ਆਏ ਹਾਂ ਤੁਸੀਂ ਜ਼ਰਾ ਜਾਵੋ ਸਸਤਾਇ।
ਮੋੜ ਕਚਹਿਰੀ ਲੈ ਚੱਲੋ ਅਰ ਅਸੀਂ ਰੁਪੱਯਾ ਦੇਈਏ ਤਾਰ।
ਇਸ ਵਿੱਚ ਭਲਾ ਤੁਸਾਡਾ ਹੋਸੀ, ਸਫਲ ਹੋਇਗੀ ਸਾਡੀ ਕਾਰ।
ਭਵਾਂ ਚੜ੍ਹਾਇ ਜਲਾਦ ਬੋਲਿਆ ਹਟ ਜਾਵੋ ਪਿਛੇ ਮੁਰਦਾਰ।
ਜਯੋਂ ਸਾਨੂੰ ਮਿਲ ਚੁਕੀ ਆਗਿਆ ਤਯੋਂ ਭੁਗਤਾਵਾਂਗੇ ਹਨ ਕਾਰ।
ਪੈਰੀਂ ਪੈ ਪੈ ਹਾੜੇ ਕੱਢੇ ਲੋਕਾਂ ਜ਼ਰਾ ਠਰ੍ਹਾਵਨ ਕਾਣ।
ਪਰ ਪੱਥਰ ਦੇ ਹਿਰਦੇ ਵਾਲੇ ਕਦ ਲੱਗੇ ਸਨ ਦਯਾ ਕਮਾਨ।
ਚਾਲ ਸਗੋਂ ਕੁਝ ਤੇਜ਼ ਕਰ ਲਈ ਮਤ ਸੂਬੇ ਪਹਿ ਪਹੁੰਚ ਨ ਪੈਣ।
ਤਾਰ ਰੁਪੱਯਾ ਮਿੰਨਤਾਂ ਕਰਕੇ ਕਾਫਰ ਨੂੰ ਛੁਡਵਾਇ ਨਾ ਲੈਣ।
ਦੇਖ ਬੇਦਰਦੀ ਜੱਲਾਦਾਂ ਦੀ ਹੋਏ ਹਿੰਦੂ ਲੋਕ ਨਿਰਾਸ।
ਹੰਝੂ ਨਿਕਲ ਪਏ ਅੱਖਾਂ ਤੋਂ ਚੇਹਰੇ ਪੀਲੇ ਭਏ ਉਦਾਸ।
ਸ਼ੋਕ ਭਰੇ ਸਹਿਜਧਾਰੀਆਂ ਨੂੰ ਭਾਈ ਜੀ ਦੀ ਸਿਖਯਾ
ਭਾਈ ਜੀ ਇਹ ਦੇਖ ਉਦਾਸੀ ਦੇਣ ਲਗੇ ਸਭ ਨੂੰ ਉਪਦੇਸ਼।
ਮੇਰੇ ਜੀਵਨ ਹੇਤ ਪਯਾਰਿਓ ਕਿਉਂ ਕਰਦੇ ਹੋ ਬ੍ਰਿਥਾ ਕਲੇਸ਼?
ਮੁਕੇ ਚੋਗ ਇਰਾਦਾ ਪੁੱਗੇ, ਸਭ ਨੇ ਤਜਣਾ ਹੈ ਸੰਸਾਰ।
ਕਿਸ ਜੀਵਨ ਪਰ ਭੁਲੇ ਕੋਈ ਜਿਸ 'ਤੇ ਪਲ ਦਾ ਨਹੀਂ ਇਤਬਾਰ।
ਆਤਮ ਹੈ ਅਬਿਨਾਸੀ, ਕੇਵਲ ਜਾਮਾਂ ਉੱਤੋਂ ਲਏ ਵਟਾਇ।
ਨਾ ਇਹ ਮਰੇ ਨਾ ਸੜੇ ਨਾ ਡੁੱਬੇ ਨਾ ਤਲਵਾਰੀਂ ਕਟਿਆ ਜਾਇ।
ਨਾਮ ਜਪੋ, ਸੰਤੋਸ਼ ਕਰੋ ਅਰ ਭਾਣਾ ਮੰਨੋ ਸ਼ੁਕਰਾਂ ਨਾਲ।
ਕਰਤੇ ਦੇ ਭਾਣੇ ਵਿਚ ਦੁਖ ਸੁਖ ਜੋ ਆਵੇ ਸੋ ਝੱਲੇ ਝਾਲ।
ਮੇਰਾ ਮਰਨਾ ਮਰਨਾ ਨਾਹੀਂ ਇਹ ਸਮਝੋ ਆਨੰਦ ਮਹਾਨ।
ਪਰਮ ਪਿਆਰੇ ਧਰਮ ਵਾਸਤੇ ਸਦਕੇ ਹੋਣ ਲਗੀ ਹੈ ਜਾਨ।
ਤਾਂ ਤੇ ਤੁਸੀਂ ਨ ਯਤਨ ਕਰੋ ਹੁਣ, ਜੋ ਹੋਣਾ ਸੋ ਜਾਸੀ ਹੋਇ।
ਜੋ ਲਿਖਿਆ ਸੋ ਭੋਗ ਲਿਆ ਹੁਣ ਵਾਧ ਘਾਟ ਨਹੀਂ ਹੋਣੀ ਕੋਇ।
ਸੁਣ ਉਪਦੇਸ਼ ਪਰੇਮੀ ਸਾਰੇ ਦਿਲ ਬੁੱਝੇ ਹੋਏ ਬੇ-ਆਸ।
ਪਰਮ ਦੁਖਿਤ ਹੋ ਮੁੜੇ ਪਿਛਾਂਹ ਟੁੱਟੇ ਸਭ ਦੇ ਦਿਲੋਂ ਹਰਾਸ।