

ਫੇਰ ਲਲਕਾਰੇ, ਹੁਣ ਸੁਰ ਵਧੇਰੇ ਗਰਜਵੀਂ ਸੀ, ਤ੍ਰੈ ਵੇਰ ਫੇਰ ਉਸੀ ਤਰ੍ਹਾਂ ਸੀਸ ਦੀ ਮੰਗ ਪਾਈ। ਆਹ ਸੀਸ ! ਖਿਲਬਲੀ ਮਚਦੀ ਹੈ।... ਕਮਲਾ ਹੋ ਗਿਆ... ! ਗੁਰੂ ਨਾਨਕ ਦੀ ਗੱਦੀ! ਹੈਂ ਸੀਸ... । ਪਰ ਔਹ ਦੇਖੋ ਇਕ ਹੋਰ ਗਰੀਬ ਪਰ ਮਜ਼ਬੂਤ ਸੂਰਤ ਕਮਲਾ ਆਖਣ ਵਾਲਿਆਂ ਵਿਚੋਂ ਉਠ ਤੁਰੀ, ਅੱਗੇ ਵਧੀ, ਤਲਵਾਰ ਦੇ ਵਾਰ ਦੇ ਘੇਰੇ ਵਿਚ ਜਾ ਖੜੋਤੀ: 'ਜਿਸ ਦਿਨ ਸੀਸ ਨਿਵਾਇਆ, ਭੇਟਾ ਹੋ ਗਿਆ ਸੀਸ। ਦਿਤਾ ਹੋਇਆ ਕੀਹ ਦਿਆਂ ? 'ਤੇਰਾ' ਇਹੇ ਜਗਦੀਸ਼ ! 'ਦਿਲ-ਜ਼ੋਰ ਜੀ ਇਸਨੂੰ ਫੜਕੇ ਅੰਦਰ ਲੈ ਗਏ, ਪਹਿਲੇ ਸਿਖ ਦਇਆ ਰਾਮ ਦੇ ਪਾਸ ਇਸ ਧਰਮ ਦਾਸ ਨੂੰ ਬਿਠਾ ਦਿਤਾ ਤੇ ਲਹੂ ਰੰਗੀ ਭਗਵਤੀ ਚਮਕਾਉਂਦੇ ਫੇਰ ਬਾਹਰ ਆ ਖੜੇ ਹੋਏ ਤੇ ਤੀਸਰੀ ਵੇਰ ਫੇਰ ਸਿਰ ਦੀ ਮੰਗ ਕੀਤੀ।
ਸੰਗਤਾਂ ਵਿਚੋਂ ਹੁਣ ਕੁਛ ਮਸੰਦ ਸਹਿਜੇ ਸਹਿਜੇ ਤਿਲਕ ਗਏ ਸਨ ਤੇ ਮਾਤਾ ਜੀ ਪਾਸ ਜਾ ਫਰਯਾਦੀ ਹੋਏ। ਮਾਤਾ ! ਦੇਵੀ ਪੁੱਠੀ ਪੈ ਗਈ, ਗੁਰੂ ਕੇ ਬਾਵਲੇ ਹੋ ਗਏ; ਇਨ੍ਹਾਂ ਨੂੰ ਘਰ ਵਿਚ ਬੰਦ ਕਰਕੇ ਪਹਿਰੇ ਹੇਠ ਰਖੋ ਤੇ ਗੱਦੀ ਪਰ ਪੋਤ੍ਰੇ ਨੂੰ ਬਿਠਾਓ ਤਾਂ ਗੁਰੂ ਘਰ ਦੀ ਕਾਰ ਚੱਲੇਗੀ। ਮਾਤਾ ਜੀ ਨੇ ਸੁਣਕੇ ਇਕ ਦਾਸ ਨੂੰ ਠੀਕ ਖ਼ਬਰ ਲਿਆਉਣ ਲਈ ਘੱਲਿਆ। ਉਧਰ ਸ਼ਹਿਰ ਵਿਚ ਰੌਲਾ ਪੈ ਗਿਆ ਕਿ ਗੁਰੂ ਕਿਆਂ ਨੂੰ ਕੁਛ ਹੋ ਗਿਆ ਹੈ. ਆਪਣੇ ਸਿੱਖਾਂ ਦੇ ਸਿਰ ਵੱਢੀ ਜਾਂਦੇ ਹਨ। ਪਰ ਦਿਲਜ਼ੋਰ ਜੀ ਆਪਣਾ ਕੰਮ ਉਸੇ ਅਹਿੱਲ ਰੰਗ ਵਿਚ ਕਰ ਰਹੇ ਹਨ। ਤੀਜੀ ਵੇਰ ਫੇਰ ਆ ਕੇ ਲਲਕਾਰੇ: 'ਇਕ ਸੀਸ ! ਕੋਈ ਸਿਖ ਸੀਸ ਭੇਟਾ ਕਰੇ। ਤ੍ਰੈ ਵੈਰ ਦੀ ਪੁਕਾਰ ਮਗਰੋਂ ਮੁਹਕਮ ਨਾਮ ਦਾ, ਜਾਤ ਦਾ ਨਾਮਾਬੰਸੀ, ਦ੍ਵਾਰਕਾ ਦਾ • ਵਾਸੀ ਇਕ ਸਿਖ ਉਠਿਆ ਤੇ ਆ ਸਿਰ ਨਿਹੁੜਾਕੇ ਸੀਸ ਪੇਸ਼ ਕੀਤਾ। 'ਪਾਤਸ਼ਾਹ! ਲਓ ਸੀਸ' ਤੇ ਛਿਮਾ ਕਰੋ ਜੋ ਐਤਨੀ ਦੇਰ ਲਾਕੇ ਤੇਰਾ ਦਿੱਤਾ ਤੈਨੂੰ ਅਰਪਨ ਆਯਾ ਹਾਂ।
ਤੇਰੀ ਧੁਰੋਂ ਅਮਾਨ, ਜੋ ਕੁਛ ਮੇਰੇ ਪਾਸ ਹੈ। ਮਿਲਦਾ ਸੁੱਖ ਮਹਾਨ ਮਾਲ ਅਮਾਨਤ ਦਿੱਤਿਆਂ। ਇਸ ਸਿਰ-ਨੁਛਾਵਰੀਏ ਨੂੰ ਬੀ ਤੰਬੂ ਦੇ ਅੰਦਰ ਲੈ ਗਏ, ਫੇਰ ਧੂਈ ਤਲਵਾਰ ਲੈ ਕੇ ਬਾਹਰ ਆਏ ਤੇ ਗੱਜ ਕੇ ਬੋਲੇ: "ਇਕ ਹੋਰ"।