

ਇਹ ਤੱਕਕੇ ਸਤਿਗੁਰ ਦੇ ਨੈਣ ਕਟੋਰੇ ਉੱਠੇ, ਕ੍ਰਿਪਾ ਨਾਲ ਤੱਕੇ।
"ਤੇਰਾ ਹਿੱਸਾ ਪਹਿਲਾਂ ਪਿਆ ਕਰੇਗਾ।"
ਦੇਵੀ ਮਾਤਾ, ਸੱਚੀ ਮਾਤਾ, ਪਿਆਰ ਤੇ ਪਵਿੱਤ੍ਰਤਾ ਦਾ ਅਵਤਾਰ ਮਾਤਾ, ਮਾਤਾ ਜੀਤੋ ਜੀ,--ਇਹ ਹਿੱਸਾ ਪਾਕੇ ਪਾਸ ਬੈਠ ਗਈ ਤੇ ਸਾਰੇ ਦੂਲਨਾ ਵੱਲ ਕ੍ਰਿਪਾ ਨਾਲ ਤੱਕਿਆ।
ਹੁਣ ਬੀਰ ਰਸ ਤੇ ਸ਼ਾਂਤਿ ਰਸ ਇਕੱਠੇ ਕਰ ਕੇ ਪ੍ਰਵੇਸ਼ ਕਰਨ ਲਗੇ ਹਨ ਪੰਥ ਵਿਚ। ਬਾਣੀਆਂ ਪੜ੍ਹਕੇ ਆਪ ਖੜ੍ਹੇ ਹੋ ਗਏ। ਕੱਲ ਦੇ ਤਲਵਾਰ ਦੀ ਧਾਰ ਅੱਗੇ ਮਰਨੇ ਲਈ ਨਿਵੇਂ ਆਪਾ ਵਾਰੂਆਂ ਦੇ ਸਨਮੁਖ ਖੜੋ ਕੇ ਇਕ ਤੋਂ ਮੂਲਮੰਤ੍ਰ ਦਾ ਪਾਠ ਕਰਵਾਯਾ ਪੰਜ ਵੇਰ। ਪਹਿਲਾਂ ਉਹ ਜੋ ਬਾਟੇ ਵਿਚ ਪ੍ਯਾਰ ਹੋਇਆ ਸੀ, ਮਰਿਆਂ ਨੂੰ ਅਮਰ ਕਰਨੇ ਵਾਲਾ ਅੰਮ੍ਰਿਤ, ਸਤਿਗੁਰ ਨੇ ਬਾਟੇ ਵਿਚੋਂ ਲਿਆ, ਛੱਟੇ ਮਾਰੇ ਪੰਜ ਵੇਰ ਨੈਣਾਂ ਵਿਚ ਤੇ ਗੱਜ ਕੇ ਬੁਲਵਾਇਆ ਨਵਾਂ ਬੋਲਾ, ਜੋ ਆਪ ਹੀ ਪਹਿਲੀ ਵੇਰ ਸਤਿਗੁਰ ਦੇ ਮੁਖਾਰਬਿੰਦ ਤੋਂ ਰੂਪ ਧਾਰੀ ਹੋਇਆ---ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇ।
ਪੰਜ ਵੇਰ ਅੰਮ੍ਰਿਤ ਦੇ ਚੁਲੇ ਛਕਾਏ, ਫੇਰ ਨੇਤ੍ਰਾਂ ਪਰ ਪੰਜ ਛੱਟੇ ਲਾਏ, ਪੰਜ ਵੇਰ ਕੇਸਾਂ ਵਿਚ "ਦਸਮ ਦੁਆਰ ਦੇ ਟਿਕਾਣੇ ਪਾ ਕੇ ਇਸੇ ਅੰਮ੍ਰਿਤ ਦੇ ਚੁਲੇ ਦੇ ਦੇ ਕੇ ਹਰ ਵੇਰ ਇਹੋ ਜੈਕਾਰਾ ਗਜਵਾਯਾ। ਐਉਂ ਪੰਜਾ ਨੂੰ ਅੰਮ੍ਰਿਤ ਛਕਾਯਾ, ਫੇਰ ਹੁਕਮ ਦਿੱਤਾ, ਅਕਾਲ ਪੁਰਖ ਵਾਹਿਗੁਰੂ ਦਾ ਅੰਮ੍ਰਿਤ ਤੁਸਾਂ ਛਕਿਆ ਹੈ, ਉਸ ਦੇ ਨਾਮ ਦੀ ਦਾਤ ਦਾਨ ਹੋਈ ਹੈ, ਨਾਮ ਜਪਣਾ ਸਿਮਰਨਾ ਹੈ--ਵਾਹਿਗੁਰੂ! ਵਾਹਿਗੁਰੂ ਦਾ ਸਰੂਪ ਤੁਸਾਂ ਮੂਲਮੰਤ੍ਰ ਵਿਚ ਸੁਣਿਆ ਹੈ, ਸਮਝਿਆ ਹੈ। ਇਸ ਰੂਪ ਵਾਲਾ ਨਾਮੀ ਹੈ ਵਾਹਿਗੁਰੂ, ਜਿਸ ਉਤੇ ਸਿਦਕ ਰਹੇ ਕਾਯਮ ਤੁਸਾਂ ਦਾ ਸਦਾ ਸਦਾ। ਤੁਸਾਂ ਨੂੰ ਖਾਲਸਾ ਸਾਜਿਆ ਹੈ ਉਸ ਵਾਹਿਗੁਰੂ ਦਾ. ਤੁਸੀਂ ਹੁਣ ਖਾਲਸਾ ਹੋ, ਤੁਸੀਂ ਵਾਹਿਗੁਰੂ ਦੇ ਹੋ, ਫਤੇ ਸਦਾ ਵਾਹਿਗੁਰੂ ਦੀ ਹੈ, ਜੋ ਉਸ ਦਾ ਹੈ ਤੁਸਾਡਾ ਹੈ. ਇਉਂ ਤੁਹਾਡੀ ਫਤੇ ਹੈ। ਓਸ ਵਾਹਿਗੁਰੂ ਦੀ ਸਿਫਤ ਸਲਾਹ, ਗੁਣ ਕੀਰਤੀ, ਵਡਿਆਈ ਵੀਚਾਰ ਵੀਚਾਰ ਕੇ ਉਸ ਨਾਲ ਮਿਲੇ ਰਹੋ--ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥ ਇਹ ਗੱਲ ਬਾਣੀ ਨਾਲ ਹੋਣੀ ਹੈ। ਸੋ ਬਾਣੀ ਨਿਤਨੇਮ