ਪਿਆਰ ਚਿਣਂਗ
ਚਿਣਗ* ਉਹ ਪ੍ਯਾਰ ਦੀ ਸਾਂਈਆਂ! ਜੁ ਦਿਲ ਮੇਰੇ ਨੂੰ ਲਾਈ ਸਾਉ,
ਤੁਸਾਂ ਦੇ ਮਿਲਣ ਨੂੰ ਸੁਲਗੇ ਨ ਬੁਝਦੀ ਹੈ ਕਿਸੇ ਦਾਉ।
ਦੁਖਾਂ ਦਾ ਨੀਰ ਪੈ ਪੈ ਕੇ ਬੁਝਾ ਸਕਿਆ ਨਹੀਂ ਉਸਨੂੰ,
ਬੁਝਾ ਸੱਕੀ ਨ ਝੁਲ ਝੁਲ ਕੇ ਸੁਖਾਂ ਦੀ ਓਸ ਨੂੰ ਵਾਉ।
ਰੁਝੇਵੇਂ ਜਗਤ ਦੇ ਆਏ ਲਿਆ ਖਿਚ ਮੁਸ਼ਕਲਾਂ ਨੇ ਦਿਲ
ਚਿਣਂਗ ਪਰ ਪ੍ਯਾਰ ਤੇਰੇ ਦੀ ਰਹੀ ਮਘਦੀ ਭਰੀ ਤਾਉ।
ਉਹ ਬਣਕੇ ਯਾਦ ਪ੍ਯਾਰੇ ਜੀ! ਤੁਸਾਂ ਨੂੰ ਮਾਰਦੀ ਵਾਜਾਂ,
ਕਦੇ ਉਹ ਗੀਤ ਬਣਕੇ ਤੇ ਤੁਸਾਂ ਦੇ ਸੋਹਿਲੇ ਗਾਉ।
ਕਦੇ ਬੇਚੈਨ ਕਰਦੀ ਹੈ, ਬਿਰਹੁਂ ਦੇ ਤੀਰ ਚੋਭੇ ਹੈ,
ਕਦੇ ਅਰਦਾਸ ਬਣਕੇ ਤੇ ਅਰਜ਼ ਕਰਦੀ: ‘ਹੁਣੇ ਆਉ।'
ਕਦੇ ਬੇਆਸ ਕਰਦੀ ਹੈ: ਕਿਨ੍ਹੇ ਆਣਾ ਨ ਰੋ ਐ ਦਿਲ!
ਗ਼ਮ ਉਸ ਦੇ ਨਾ ਮਿਲਣ ਦਾ ਜੋ, ਐ ਜਿੰਦੇ! ਬੈਠ ਕੇ ਖਾਉ।
ਕਦੇ ਸ਼ੁਕਰਾਂ ਦਾ ਚਾ ਭਰਦਾ: 'ਇਹ ਗ਼ਮ ਬੀ ਦਾਤ ਹੈ ਉਸ ਦੀ,
'ਰਹਿਣ ਤਾਜ਼ੇ ਜੁ ਗ਼ਮ ਦੇ ਹਨ ਕਿ ਵਿਚ ਸੀਨੇ ਲਗੇ ਘਾਉ।'
ਕਦੇ ਦੇਂਦਾ ਉਲਾਂਭੇ ਹੈ ਇਹ ਦਿਲ ਮੇਰਾ, ‘ਸੁਣੀਂ ਸੁਹਣੇ!
'ਲਗਾ ਕੇ ਦੀਦ ਪ੍ਯਾਰਾਂ ਦੀ ਨਜ਼ਰ ਸਾਨੂੰ ਨ ਕਿਉਂ ਆਉ?
'ਜਿ ਮਿਲਣਾ ਸੀ ਨਹੀਂ ਸਾਂਈਆਂ! ਤਾਂ ਵਿੱਥਾਂ ਘੜਨੀਆਂ ਕਿਉਂ ਸਨ?
ਨ ਨਜ਼ਰ ਉਹਲੇ ਫਬੇ ਰਹਿਣਾ ਜੇ ਵਿੱਥਾਂ ਦਾ ਤੁਸਾਂ ਚਾਉ।"
ਚਿਣਂਗ ਬਰੇਚੈਨ ਰਖਦੀ ਹੈ ਬੁਝਾਵਣ ਤੇ ਨਹੀਂ ਫਿਰ ਦਿਲ,
ਰਹੇ ਮਘਦੀ ਚਿਣਗ ਏਹੋ ਤੇ ਲਾਂਦੀ ਆਪਣੇ ਘਾਉ।
ਇਹੋ ਜੇ ਹੈ ਖ਼ੁਸ਼ੀ ਤੇਰੀ, ਹਾਂ, ਏਹੋ ਦਾਤ ਹੈ ਤੇਰੀ,
ਮੈਂ ਸੀਨੇ ਵਿੱਚ ਹੀ ਸਾਂਈਆਂ! ਸਦਾ ਇਹਦਾ ਰਹੇ ਥਾਂਉਂ।
(ਦਿੱਲੀ 9-3-50)
––––––––––
* ਇਹ ਚਿਣਗ ਹੈ, ਇਹ ਭੜਕੀ ਹੋਈ ਅੱਗ ਨਹੀਂ ਜਿਸ ਨੂੰ ਹਵਾ ਭੜਕਾ ਦੇਂਦੀ ਹੈ।
ਲਗਨ
ਜਿ ਲਾਣੀ ਆ ਤਾਂ ਲਾ ਲੈ ਤੂੰ ਨ ਦੁਖ ਸੁਖ ਤੇ ਕਰੀਂ ਊਂ ਊਂ,
ਇ ਰਾਹ ਔਖਾ ਏ ਸੁਹਣਿਆਂ ਵੇ! ਬਣੇ ਈਂ ਈਂ, ਨ ਊਂ ਊਂ ਊਂ।
ਜੁ ਤੁਰਦੇ ਏਸ ਰਸਤੇ ਹਨ ਨ ਕਰਦੇ ਹਨ ਚਰਾਓ ਚੂੰ *
ਸਬਰ ਪ੍ਯਾਲੀ ਫੜੀ ਰਖਦੇ ਇਸੇ ਵਿਚ ਡੋਬਦੇ ਊਂ ਊਂ।
ਲਗਨ ਦੀ ਤਾਰ ਦਿਲ ਅੰਦਰ ਜੁ ਲਗਦੀ ਹੈ ਨਿਕੀ ਜੇਹੀ
ਉਸੇ ਦੇ ਨਿਕ-ਸਹਾਰੇ ਤੇ ਏ ਜਿੰਦੜੀ ਫੇਰ ਚਲਦੀ ਉ।
ਅਕਲ ਤੇਰੀ ਦੀ ਡਾਚੀ ਜੋ ਨਕੇਲ ਉਸਦੀ ਏ ਫੜ ਲੈਂਦੀ
ਥਲੇ ਮਾਰੂ ਜੁ ਜੀਵਨ ਦੇ ਇਹੋ ਹੀ ਤੈਅ ਕਰਦੀ ਉ।
ਲਗਾ ਕੇ ਮੂੰਹ ਨ ਮੋੜੀਦਾ ਸਤੀ ਲੈ ਨ੍ਰੇਲ ਮੁੜਦੀ ਨਾ
ਜੁ ਗੁੱਡੀ ਉਡ ਖਲੋਤੀ ਏ ਉ ਡਿੱਗੇ ਤਾਂ ਉ ਰੁਲਦੀ ਊ।
ਲਗਨ ਦੀ ਤਾਰ ਹੈ ਨਿੱਕੀ ਇਦ੍ਹੀ ਪਰ ਖਿੱਚ ਡਾਢੀ ਏ
ਇ ਟੁੱਟੇ ਨਾਂ ਜਿ ਖਿਚ ਖਾਕੇ ਅਗੰਮੀ ਸ੍ਵਾਦ ਭਰਦੀ ਉ।
ਕਰੇ ਰਹਿਮਤ ਖੁਦਾ ਤੈਂ ਤੇ ਕਿ ਲੱਗੀ ਓ ਪੁਗਾ ਦੇਵੇ
ਦੁਆ ਏਹੋ ਫ਼ਕੀਰਾਂ ਦੀ ਕਿ ਆਪੇ ਹੀ ਉਠਰਦੀ ਉ।
(ਕਸੌਲੀ 8-9-50)
––––––––––
* ਚੂੰ ਚਰਾਂ ਕੋਈ ਕਾਹਨੂ ਕਰਨ, ਭਾਵ ਉਜਰ ਨਹੀਂ ਕਰਦੇ।
ਮਨਾ ਗਾਓ!
ਗਏ ਹੋ ਰੁੱਸ ਕਿਉਂ ਮਾਹੀ! ਹੁਣ ਆ ਜਾਓ,ਹੁਣ ਆ ਜਾਓ!
ਅਨੀ ਸਖੀਓ! ਅਨੀ ਜਾਓ! ਮਨਾ ਲ੍ਯਾਓ, ਮਨਾ ਲ੍ਯਾਓ!
ਮਨਾ ਥੱਕੀ ਸਾਂ ਜਾਂਦਿਆਂ ਨੂੰ ਮਨਾ ਸੱਕੀ ਨ, ਸਹੀਓ ਨੀ!
ਤੁਸੀਂ ਜਾਓ! ਅਨੀ ਜਾਓ! ਮਨਾ ਗਾਓ, ਮਨਾ ਲ੍ਯਾਓ!
ਹੁਈ ਤਕਸੀਰ ਮੈਂਥੋਂ ਹੀ ਮੈਂ ਮੱਤੀ ਮਾਨ ਸਮਝੀ ਨਾਂ,
ਤੁਸੀਂ ਜਾਓ, ਮਨਾ ਲ੍ਯਾਓ! ਕੁਈ ਚਾ ਵਾਸਤਾ ਪਾਓ।
ਗਿਆ ਵਧ ਸੀ ਇ ਮਨ ਮੇਰਾ ਕਦਰ ਪਾਈ ਨ ਪ੍ਯਾਰਾਂ ਦੀ
ਗਿਆ ਜਦ ਛੱਡ ਕੇ ਮਾਹੀ ਸਿਰੋਂ ਨਿਕਲੀ ਤਦੋਂ ਵਾਓ।
ਮੈਂ ਹੁਣ ਮੱਛੀ ਹਾਂ ਪਾਣੀ ਬਿਨ ਮੈਂ ਕੋਇਲ ਹਾਂ ਬਿਨਾਂ ਚਾਓ
ਤੁਸੀਂ ਜਾਓ, ਹੁਣੇ ਜਾਓ, ਪੀਓ ਪਾਣੀ ਨ ਅੰਨ ਖਾਓ।
ਕਰੋ ਮਿਨਤਾਂ ਕਿ ਤਰਲੇ ਜਾ ਗਲੇ ਪੱਲਾ ਮੈਂ ਖ਼ਾਤਰ ਲੈ
ਕਰੋ ਹਥ ਜੋੜਕੇ ਜੁਦੜੀ ਮਨਾ ਲ੍ਯਾਓ, ਰਿਝਾ ਗਾਓ।
(ਕਸੌਲੀ 6-9-50)
ਸ਼ਮਅ ਤੇ ਤਮਅ *
ਹਸ ਰਹੀ ਮਹਿਫਲ ਹੈ ਸਾਰੀ ਰੋ ਰਹੀ ਦੇਖੋ ਸ਼ਮਅ
ਰੋ ਰਹੀ ਹੈ ਗਮ ਦਿਲੇ ਦਾ ਘੁਲ ਰਹੀ ਵੇਖੋ ਸ਼ਮਅ
ਗਮ ਕੁਈ ਹੈ ਰੋ ਰਹੀ ਕਿ ਗ਼ਮ ਦੇ ਸੁਖ ਵਿਚ ਹਸ ਰਹੀ
ਸੁਖ ਲੈਣ ਦੀ ਕੋਲੋਂ ਕਿਸੇ ਹੈ ਮਿਟ ਚੁਕੀ ਇਸਦੀ ਤਮਅ।
'ਤਮਅ ਵਾਲੀ 'ਸਮਅ' ਹੈ ਸਭ ਸੀਨਿਆਂ ਵਿਚ ਧੁਖ ਰਹੀ,
ਦੁਖ ਦੇ ਰਹੀ, ਦੁਖ ਲੈ ਰਹੀ, ਰਜਦੀ ਨ ਕਰ ਕਰ ਕੇ ਜਮਅ।
ਗ਼ਮ ਇਸ਼ਕ ਦਾ ਸੀਨੇ ਨਹੀਂ ਪਾਵੇ ਜਿ ਕੋਈ ਰੌਸ਼ਨੀ,
ਧੂੰਏਂ ਹਨੇਰੇ ਵਿਚ ਧੁਖਦੀ ਤਮਅ ਦੀ ਹੋਵੇ ਸ਼ਮਅ।
ਮੂਲੋਂ ਤਮਅ ਨਹੀਂ ਓਸ ਵਿਚ ਜਿਸਨੇ ਬਨਾਈ ਸੀ ਤਮਅ
ਪਰ ਕਰ ਲਈ ਹੈ ਲੈਣਹਾਰੇ ਜਾਨ ਤੋਂ ਪ੍ਯਾਰੀ ਤਮਅ।
ਲਗ ਜਾਇ ਜੇਕਰ ਸ਼ਮਅ ਵਾਙੂ ਇਸ ਤਮਅ ਨੂੰ ਇਕ ਚਿਣਂਗ
ਹੋ ਜਾਇ ਰੌਸ਼ਨ ਆਪ ਤੇ ਫਿਰ ਕਰੇ ਰੌਸ਼ਨ ਜਿਉਂ ਸਮਅ।
(ਕਸੌਲੀ 24-8-50)
––––––––––
* ਤੁਕਾਂਤ ਵਿਚ ਸ਼ਮਅ, ਤਮਅ, ਜਮਅ ਆਦਿ ਦਾ ਅੰਤਲਾ ਅੱਖਰ ਫ਼ਾਰਸੀ ਦਾ ਐਨ ਹੈ ਤੇ ਉਚਾਰਣ ਉਸੇ ਵਾਂਗ ਹੀ ਕਰਨਾ ਹੈ।
ਖਿਮਾ ਸੰਜੋਅ
ਧਾਰੀ ਹੈ ਖਿਮਾ ਮਾਨੇ ਧਾਰੀ ਹੈ ਸੰਜੋਅ,
ਢਾਲ ਰਖ੍ਯਾ-ਕਾਰਨੀ ਪ੍ਯਾਰੀ ਹੈ 'ਸੰਜੋਅ'।
ਖਿਮਾ ਖੜਗ ਵੈਰੀਆਂ ਦੇ ਵਾਰ ਪਰਹਰੇ,
ਢਾਲ, ਤਲਵਾਰ, ਰਖ੍ਯਾਕਾਰੀ ਏ ਸੰਜੋਅ।
ਗ੍ਯਾਨ ਵਾਲੇ ਚਾਨਣੇ ਦੀ ਚਿਮਨੀ ਹੈ ਖਿਮਾ
ਐਸਾ ਯਾਨ ਦੇਂਵਦਾ ਏ ਮਿੱਠੀ ਮਿੱਠੀ ਲੋਅ।
ਠੰਢ ਦੇ ਦਿਲਾਂ ਨੂੰ ਏ ਪਾਂਦੀ ਹੈ ਖਿਮਾ
ਅੱਥ ਚਾਰ ਅੱਖੀਆਂ ਦੇ ਰੋਕੇ ਵਿਚ ਖਲੋਅ।
ਵਾਰ ਕਰਨਾ ਸੌਖਾ ਪਰ ਔਖੀ ਹੈ ਖਿਮਾ
ਸੂਰਮਾ ਜੋ ਧਾਰੇ ਏਸ ਵਿਰਲਾ ਕੋਈ ਕੋਅ।
ਔਖੀ ਖਿਮਾ ਧਾਰਨੀ ਪੈ ਕੀਮਤੀ ਹੈ ਢੇਰ,
ਗਹਿਣਾਂ ਹੈ ਵਡਿੱਤ ਦਾ ਫ਼ਕੀਰੀ ਦੀ ਸੰਜੋਅ।
(ਕਸੌਲੀ 6-9-50)
ਲੰਘ ਆ*
ਲੰਘ ਆ, ਲੰਘ ਆ, ਲੰਘ ਆ, ਮੇਰੇ ਲਾਲਨ ਲੰਘ ਆ,
ਸੰਗ ਨਾ, ਸੰਗ ਨਾ, ਸੰਗ ਨਾ, ਮੇਰੇ ਲਾਲਨ ਲੰਘ ਆ।
ਰੰਗ ਨਾ ਰੰਗ ਨਾ, ਆਂਗਨ ਤੋਂ ਬਿਨ ਮੇਰੇ ਲਾਲਨ!
ਲੰਘ ਆ, ਰੰਗ ਲਾ, ਰੰਗ ਲਾ, ਮੇਰੇ ਆਂਗਨ ਲੰਘ ਆ।
ਮੰਗ ਨਾ, ਮੰਗ ਨਾ, ਮੇਰੀ ਹੋਰ ਨ ਮੰਗ ਹੈ ਪ੍ਰੀਤਮ!
ਲੰਘ ਆ ਮੇਰੇ ਆਂਗਨ, ਮੇਰੇ ਲਾਲਨ ਲੰਘ ਆ।
ਵਿਲਕਣ ਮੇਰੀ ਦਾ ਹੀ ਇਕ ਨਾਦ ਥਰੈਰੇ ਹੀਅਰੇ
ਰਸਨਾ ਮੇਰੀ ਪੁਕਾਰੇ: ਮੇਰੇ ਲਾਲਨ ਲੰਘ ਆ'।
ਲੰਘ ਆ ਦੀ ਹੀ ਲਲਨਾ ਹੈ ਮੇਰੇ ਅੰਦਰ ਬਾਹਰ,
ਕੋਈ ਨ ਹਰੋਂ ਮੇਰੇ ਅੰਦਰ, ਲਾਲਨ ਲੰਘ ਆ।
ਇਕ ਸਿੱਕ ਮਿਲਨ ਤੇਰੇ ਦੀ ਹੀ ਤੜਪੇ ਕਲੇਜੇ
ਦਰਸ਼ਨ ਬਿਨ ਜੁ ਨਾ ਧੀਰੇ, ਮੇਰੇ ਲਾਲਨ ਲੰਘ ਆ।
ਦਰ ਦੀਵਾਰ ਯਾ ਗਾਵੇ ਤੇਰੇ 'ਆਗਮ' ਪ੍ਰੀਤਮ!
ਕੁਈ ਗੈਰ ਨਹੀਂ ਅੰਗਨੇ ਮੇਰੇ ਪ੍ਰੀਤਮ ਲੰਘ ਆ।
ਸੰਗ ਨਾ, ਸੰਗ ਨਾ, ਮੇਰੇ ਬਾਲਮ ਹੁਣ ਤਾਂ ਸੰਗ ਨਾ
ਲੰਘ ਆ, ਲੰਘ ਆ, ਮੇਰੇ ਪ੍ਰੀਤਮ ਹੁਣ ਤਾਂ ਲੰਘ ਆ।
(ਬੰਬਈ 3-3-50)
–––––––––––
* ਇਸ ਗ਼ਜ਼ਲ ਵਿਚ ਟਿੱਪੀ ਵਾਲੇ ਅੱਖਰ ਦੇ ਮਾਤ੍ਰਾ ਵਾਲੇ ਹਨ, ਪਰ ਬਹੁਤ ਥਾਈਂ ਇਕ ਮਾਤ੍ਰਾ ਬਿੰਦੀ ਦਾ ਕੋਮਲ ਉਚਾਰਨ ਕਰਨਾ ਹੈ। ਦੇਖੇ ਭੂਮਿਕਾ ਦਾ ਅੰਤਲਾ ਪੈਰਾ: ਯਥਾ: ਲੱਘ ਆ ਲੰਘ ਆ ਮੇਰੇ ਲਾਲਨ ਲੰਘ ਆ, ਸੰਗ ਨਾ, ਸੰਗ ਨਾ ਮੇਰੇ ਲਾਲਨ ਲੰਘ ਆ।
ਇਸ਼ਕ ਤੇ ਖੇੜਾ
ਦਿਨ ਦੁਪਹਿਰੀਂ ਟੋਰਿਆ ਢਲਦੀ ਦੁਪਹਿਰੀਂ ਆ ਗਿਆ
ਇਸ ਮੇਰੇ ਮਹਿਬੂਬ ਤੇ ਹੁਣ ਇਸ਼ਕ ਗਾਲਬ ਆ ਗਿਆ।
ਝੱਲ ਸਕਦੇ ਸਾਂ ਨਹੀਂ ਇਕ ਦਮ ਜੁਦਾਈ ਨੂੰ ਕਿਵੇਂ
ਇਸ਼ਕ ਹੁਣ ਮਹਿਬੂਬ ਅੰਦਰ ਉਸ ਤਰ੍ਹਾਂ ਹੈ ਧਾ ਗਿਆ।
ਚੁੰਬਕ ਖਿਚੇ ਫ਼ੌਲਾਦ ਨੂੰ ਦੇਖੇ ਕਰਾਮਤ ਖਿੱਚ ਦੀ;
ਰਗ ਰਗ ਵਿਖੇ ਫ਼ੌਲਾਦ ਦੀ ਚੁੰਬਕ ਹੈ ਸਾਰਾ ਛਾ ਗਿਆ।
ਦਿਲਦਾਰੀਆਂ ਦਿਲਦਾਰੀਆਂ ਕਰਦੇ ਮਿਗੇ ਦਿਲਦਾਰੀਆ
ਇਸ਼ਕ ਹੁਣ ਦਿਲਦਾਰ ਨੂੰ ਦਿਲਦਾਰੀਆਂ ਸਿਖਲਾ ਗਿਆ
ਇਸ਼ਕ ਸ਼ੁਅਲਾ ਸੇਖ ਹੈ ਜਿਸ ਜਿਸ ਸਮਅ ਨੂੰ ਲਗ ਗਿਆ.
ਹੈ ਸੋਜ਼ ਉਸ ਵਿਚ ਆ ਗਿਆ ਗੁੱਦਾਜ਼ ਉਸਨੂੰ ਲਾ ਗਿਆ।
ਇਸ਼ਕ ਜਦ ਮਾਸ਼ੂਕ ਦੇ ਦਿਲ ਧਾ ਗਿਆ ਤਾਂ ਇਸ਼ਕ ਉਹ
ਗੋਦ ਅਪਣੀ ਵਿਚ ਦੁਹਾਂ ਨੂੰ ਰੂਪ ਹੈ ਇਕ ਲਾ ਗਿਆ।
ਸਤ ਰੰਗ ਹੋ ਇਕ ਰੰਗ ਜਦ ਬੇਰੰਗ ਹੋਕੇ ਖੇਲਦੇ
ਬਣ ਨਜਾਰਾ ਨੂਰ ਦਾ ਛਹਿਬਰ ਹੈ ਨੂਰੀ ਲਾ ਗਿਆ।
ਇਸ਼ਕ ਤੇ ਮਾਸ਼ੂਕ ਆਸ਼ਕ ਰੰਗ ਜਦ ਇਕ ਹੋ ਗਏ
ਨੂਰ ਅਰਸ਼ੀ ਆ ਗਿਆ ਤੇ ਨੂਰ ਨੂਰੋ ਛਾ ਗਿਆ।
(ਅੰਮ੍ਰਿਤਸਰ 18-1-42)
–––––––––––
1. ਜਲਨਾ, ਪਿਆਰ ਦੀ ਅਗਨ।
2. ਪੰਘਰ, ਦ੍ਰਵਣਤਾ : ਪਿਆਰ ਵਲਵਲਿਆਂ ਵਿਚ ਪੰਘਰ ਜਾਣਾ।
ਦਾਸ ਕਿ ਮਾਲਿਕ ?
ਛਕੀਰਾ! ਚਲ ਸੰਭਲਕੇ ਤੂੰ ਜਿ ਖੁਸ਼ਬੋਈ ਨਿਕਲ ਤੁਰੀ ਆ;
ਕਿ ਭੌਰੇ ਔਣਗੇ ਦ੍ਰਾਲੇ ਇ ਗਲ ਭਲੀ ਆ, ਤੇ ਭੀ ਬੁਰੀ ਆ।
ਜੁ ਖ਼ੁਸ਼ਬੋਈ ਦੇ ਗ੍ਰਾਹਕ ਹਨ ਜੁ ਗੁੰਜਾਰਾਂ ਦੇ ਗਾਯਕ ਹਨ,
ਇਨ੍ਹਾਂ ਮਸਤਾਂ ਦੀ ਸੁਹਬਤ ਜੋ ਫਕੀਰਾ! ਸੋ ਖਰੀ ਆ, ਸੋ ਖਰੀ ਆ।
ਏ ਪ੍ਯਾਰਨਗੇ ਤੁਧੇ ਤਾਂਈਂ ਭੀ ਤੇਰਾ ਪ੍ਯਾਰ ਲੇਵਣਗੇ,
ਲਗੇਗਾ ਰੰਗ ਦੂਹਰਾ ਹੋ ਝਰੀ ਮਾਨੋ ਮਧੂ ਝਰੀ ਆ।
ਗੁਣਾਂ ਪ੍ਰੀਤਮ ਦਾ ਗਾਯਨ ਹੋ ਖੁਲ੍ਹੇਗਾ ਸ੍ਵਾਦ ਸਿਫ਼ਤਾਂ ਦਾ
ਹੁਸਨ ਸੁਹਣੇ ਦਾ ਚਮਕੇਗਾ ਕੁਈ ਸੰਗੀਤ ਦੀ ਪਰੀ ਆ।
ਕੋਈ ਇਕ ਹੋਰ ਆਵਨਗੇ, ਓ ਕਬਜ਼ਾ ਨਿਜ ਜਮਾਵਨਗੇ
ਨਿਰਾ ਅਪਣਾ ਹੀ ਜਾਣਨਗੇ, ਇਹ ਸੁਹਬਤ ਮੂਲ ਨਾ ਕਰੀ ਆ।
ਹਰ ਇਕ ਚਾਹੂ ਤੂੰ ਮੇਰਾ ਹੋ ਕਿ ਮੇਰਾ ਹੀ ਕਿ ਮੇਰਾ ਹੈ
ਨ ਹੇਰਸ ਦਾ ਤੂੰ ਹੈ ਰੱਤੀ ਇਹ ਚਾਹਨਾ ਜਾਣ ਲੈ ਬੁਰੀ ਆ।
ਇ ਮਾਂ ਹੈ ਈਰਖਾ ਦੀ ਵੇ, ਇ ਫਿਤਨੇ ਕਰ ਦਿਉ ਬਰਪਾ*
ਡਰੀਂ ਇਸਤੋਂ ਫ਼ਕੀਰਾ ਵੇ! ਡਰੀਂ ਨਿਤ ਏਸ ਤੋਂ ਡਰੀਂ ਆ!
ਬਣਨਗੇ ਦਾਸ ਏ ਤੇਰੇ ਪੈ ਹੋਵਨਗੇ ਤਿਰੇ ਮਾਲਿਕ
ਨਕੇਲ ਅਣਦਿੱਸਵੀਂ ਪਾਕੇ ਇ ਖਿੱਚਣਗੇ ਮਗਰ ਤੁਰੀ ਆ।
ਤੂੰ ਬੰਦਾ ਇਸਕ ਦਾ ਹੈਂ ਵੇ! ਫ਼ਕੀਰਾ! ਹੈਂ ਸੁਤੰਤਰ ਤੂੰ
ਨਿਰਾਂਕੁਸ ਹੋ ਵਿਚਰਦਾ ਰਹੁ ਇਸੇ ਹੀ ਰਵਸ਼ ਤੇ ਤੁਰੀ ਆ।
(ਦਿੱਲੀ 10-3-50)
––––––––––––
* ਖੜੇ, ਪੈਦਾ।
ਦਰਦ ਦਾ ਦਾਰੂ
ਲਗਾ ਹੋਵੇ ਦਰਦ ਕੋਈ ਤਾਂ ਪੀੜਾ ਨਾਂ ਕਿਸੇ ਕਹੀਐ
ਦਰਦ ਕੋਈ ਵੰਡਾਂਦਾ ਨਾ ਜੁ ਕਹੀਐ ਸੋ ਬ੍ਰਿਥਾ ਕਹੀਐ।
ਭਰਮ ਭਾ ਆਪਣਾ ਬਣਿਆ ਗਵਾ ਲਈਏ ਸੁਣਾਕੇ ਦੁਖ
ਸੰਵਰਦਾ ਹੈ ਨਹੀਂ ਕੁਛ ਬੀ ਕਿ ਐਵੈਂ ਹੌਲਿਆਂ ਪਈਐ।
ਛਕੀਰਾ! ਦਰਦ ਅਪਣੇ ਦਾ ਇਕੋ ਦਾਰੂ ਹੈ ਸੁਣ ਕੰਨ ਧਰ.
ਦਰਦ ਜਰ ਲੈਣ ਦੀ ਜਾਚਾਇ ਸਿਖ ਲਈਐ.ਇ ਸਿਖ ਲਈਐ।
ਕਿ ਦੁਖ ਸੁਖ ਦਾਤ ਹੈ ਉਸ ਦੀ ਮਿਲੀ ਓਸੇ ਦੇ ਦਰ ਤੋਂ ਹੈ
ਉ ਦੁਖ ਸੁਖ ਦਰਦ ਜਰ ਲਈਐ ਇਕੋ ਸਾਂਈਂ ਦੇ ਹੋ ਰਹੀਐ।
ਓ ਦਰਦੀ ਹੈ ਦੁਖਾਂ ਦਾ ਸਭ ਦਾ ਬਿਨਾ ਆਖੇ ਓ ਜਾਣੇ ਹੈ.
ਦਿਲਾ ਓਸੇ ਦੇ ਹੋ ਰਹੀਐ ਤੇ ਦੁਖ ਸੁਖ ਓਸ ਨੂੰ ਕਹੀਐ।
(ਕਸੌਲੀ 6-9-50)
ਕਰਨੀ ਨਿਰਮਾਣ
ਜੁ ਕਰੀਐ ਸੋ ਭਲਾ ਕਰੀਐ ਓ ਨਾਂ ਅਪਣੇ ਤੇ ਨਾਂ ਧਰਐ
ਕਰੇਂਦੇ ਨਾਂ ਕਰੇਂਦੇ ਹੋ ਸੁਖਾਂ ਸਾਕਾਂ ਨੂੰ ਇਉਂ ਵਰੀਐ।
ਜ਼ਿੰਮੇਵਾਰੀ ਜੁ ਕਰਨੇ ਦੀ ਨ ਆਵੇਗੀ ਤੁਸਾਂ ਉੱਤੇ.
ਨ ਦਿਲ ਨੂੰ ਮੈਲ ਲੱਗੇਗੀ ਖੁਦੀ ਪਿੱਛੇ ਜੇ ਨਾ ਮਰੀਐ।
ਜਿ ਕਰਨੀ ਆਪਣੀ ਵਿਚੋਂ ਕਿ ਆਪਾ ਦੂਰ ਰੱਖੋਗੇ,
ਫਲੰ ਕੀਤੇ ਤੋਂ ਬਚ ਰਹਿਸ ਸੋ ਭੇਟਾ ਕਰ ਇਸੇ ਧਰੀਐ।
ਜਿ ਕਰਕੇ ਸ਼ੁਭ ਦਿਖਾਵੇਗੇ ਤਾਂ ਸਭਾ ਪਾ ਲਓ ਗੇ ਸਚ
ਪੈ ਰਸ ਆਪੇ ਦਾ ਆਪੇ ਤੋਂ ਜਏ ਹਰੀਐ, ਜਏ ਹਰੀਔ।
(ਕਸੌਲੀ 6-4-50)
ਹਰੀਅੰ ਵਰੀਅੰ
ਅਹੇ ਹਰੀਐ, ਅਹੇ ਹਰੀ! ਅਹੋ ਹਰੀਅੰ, ਅਹੇ ਹਰੀਆੰ!
ਤੁਸੀਂ ਹਰੀਐ ਅਹੋ ਸੁੰਦਰ, ਅਤੇ ਸੋਝਾਂ ਦੇ ਘਰ ਹਰੀਆਂ।
ਅਸੀਂ ਭਰੀਐ, ਅਸੀਂ ਭਰੀਅੰ, ਅਸੀਂ ਕੋਝਾਂ ਦੇ ਸੰਗ ਭਰੀਅੰ,
ਕਿਵੇਂ ਵਰੀਐ, ਕਿਵੇਂ ਵਰੀਅੰ ਤੁਸੀਂ ਸਾਨੂੰ ਕਿਵੇਂ ਵਰੀਅੰ?
ਸੁਣ੍ਹੱਪ ਦਾ ਰੂਪ ਹੈ ਹਰੀਐ। ‘ਅਲਾਂਬਾ ਸੁਹਜ ਹਉ ਹਰੀਅੰ
ਲਗਾ ਯੋ ਸੁਹਜ ਅਪਣਾ ਜੀ ਕੁਰੂਪਾਂ ਨੂੰ ਜੁ ਦਰ ਖਰੀਅੰ।
ਕੁਰੂਪਾਂ ਨੂੰ ਸਰੂਪ ਅਪਨਾ ਲਗਾ ਦੇਂਦੀ ਹੈ ਜਿਉਂ ਅਗਨੀ
ਕੁਰੂਪ ਉਹਨਾਂ ਦਾ ਨਸ ਜਾਂਦਾ, ਕੁਰੂਪਾਂ ਤੇ ਤਿਵੇਂ ਢਰੀਅੰ।
ਲਗਾ ਦਿਓ ਸੁੰਦਰਤਾ ਅਪਨੀ ਜਿਉਂ ਚੰਦਨ ਪ੍ਯਾਰ ਆ ਕਰੀਅੰ
ਇਵੇਂ ਵਰੀਐ ਹੋ ਸੁੰਦਰ ਜੀ! ਕੁਰੂਪਾਂ ਨੂੰ ਇਵੇਂ ਵਰੀਐ।
ਇਵੇਂ ਪਰੀਆਂ, ਇਵੇਂ ਵਰੀਐ ਕਿ ਜਿਸ ਤੋਂ ਕੁੱਝ ਨਾ ਸਰੀਐ,
ਉਨ੍ਹ ਲਾ ਸੁੰਦਰਤਾ ਅਪਣੀ ਫਿਰ ਆਪੇ ਹੀ ਲਓ ਵਰੀਐ।
ਅਸਾਂ ਵਰੀਐ, ਹੇ ਸੁੰਦਰ ਜੀ! ਅਸਾਂ ਵਰੀਐ, ਅਸਾਂ ਵਰੀਅੰ
ਅਸਾਂ ਵਰੀਅੰ, ਅਸਾਂ ਵਰੀਐ, ਅਸਾਂ ਵਰੀਐ, ਅਸਾਂ ਵਰੀਅੰ।
(ਕਸੌਲੀ 7-9-50)
ਵਰ ਪ੍ਰਾਪਤੀ ਉਮਰੇ
ਵਰ ਪ੍ਰਾਪਤ ਦੀ ਉਮਰੇ ਹਾਂ ਵਰੰ ਨੂੰ ਭਾਲਦੀ ਆਈਆਂ
ਤੁਸੀਂ ਸੁੰਦਰ ਸੁਣੀਂਦੇ ਹੋ ਤੁਸੀਂ ਸੁਹਜਾਂ ਦੇ ਹੋ ਸਾਂਈਆਂ।
ਗੁਮਾਨੀ ਹੋਵਦੇ ਸੁੰਦਰ ਓ ਬੇ-ਪਰਵਾਹ ਸੁਣੀਂਦੇ ਹਨ,
ਤੁਸੀਂ ਤਾਂ ਸੁੰਦਰਤਾ ਸਾਗਰ ਤੁਸਾਂ ਕੋਈ ਨ ਪਰਵਾਹੀਆਂ।
ਹੇ ਬੇਪਰਵਾਹ ਸੁੰਦਰ ਜੀ! ਦੁਆਰੇ ਆਣ ਖਲੀਆਂ ਹਾਂ
ਲਓ ਲੜ ਲਾ ਅਸਾਨੂੰ ਜੀ! ਕਿ ਦੂਰੋਂ ਖਿੱਚ ਖਾ ਆਈਆਂ।
ਹੈ ਖਿਚ ਨੇ ਖਿੱਚਿਆ ਐਸਾ ਮਿਲੇ ਬਿਨ ਰਹਿ ਸਕੇਂਦੀ ਨਾ
'ਪਿਛੇ-ਪੁਰਾਤਨ-ਸੁਰਤ' ਸਾਡੀ ਰਹੀ ਰੱਤੀ ਨ ਹੋ ਸਾਂਈਆਂ!
ਸਮਾਈਆਂ ਕਰ ਲਓ ਸੁੰਦਰ! ਕਿ ਦੂਰੋਂ ਕਰਦੀਆਂ ਧਾਈਆਂ
ਸ਼ਰਣ ਹੁਣ ਆਣ ਪਈਆਂ ਹਾਂ ਕਿ ਸ਼ਰਨੀ ਆਪਦੀ ਸਾਈਆਂ!
(ਕਸੌਲੀ 7-9-50)
ਇਕ ਅਰਜ਼ੋਈ
ਟੇਕ- ਹਾਂ, ਕੌਣ ਹੈ ਜੋ ਐਸ ਵੇਲੇ ਆ ਕਰੇ ਦਿਲਦਾਰੀਆਂ?
ਹੁਣ ਸੰਝ ਹੈ, ਹਾਂ ਸੰਝ ਹੈ ਹੁਣ ਸੰਝ ਹੈ ਅੰਧਕਾਰੀਆ,
ਪੈ ਰਹੀ ਹੁਣ ਬਰਫ਼ ਹੈ ਹੁਣ ਪੈ ਰਹੀਆਂ ਠੰਢਿਆਰੀਆਂ।
ਨਾਂ ਚਾਨਣਾ ਨਾ ਚਾਉ ਹੈ ਨਾਂ ਨਿੱਘ ਖੇੜਨ ਵਾਲੜੀ
ਦਿਲ ਨੂੰ ਹਸਾਵਣ ਹਾਰੀਆਂ ਸਖੀਆਂ ਗਈਆਂ ਹੁਣ ਸਾਰੀਆਂ
ਹੁਣ 'ਕੱਲਾਂ ਹੈ, ਹੁਣ ਮੈਂ ਅਹਾਂ, ਹੁਣ ਮੈਂ ਤੋਂ ਮੈਂ ਹੈ ਡਰ ਰਹੀ
ਸੋਚ ਸਹਿਮੇ ਸੋਚ ਤੋਂ ਅਕਲਾਂ ਅਕਲ ਤੋਂ ਹਾਰੀਆਂ।
ਤੂੰ ਦੱਸ ਜ਼ੁਲਫ਼ਾਂ ਵਾਲਿਆ! ਤੁਝ ਬਾਝ ਕਿਹੜਾ ਬਾਹੁੜੇ
ਹਾਂ, ਕੌਣ ਹੈ ਜੋ ਐਸ ਵੇਲੇ ਆ ਕਰੇ ਦਿਲਦਾਰੀਆਂ?
ਹੈਂ ਬੇਕਸੀ ਦਾ ਯਾਰ ਤੂੰ ਹੈਂ ਕੱਲ ਦਾ ਬੇਲੀ ਤੁਈਂ
ਹੈਂ ਦਰਦ ਦਾ ਦਰਦੀ ਤੂੰਈਂ ਦੁਖੀਆਂ ਦੀ ਕਰਨੈਂ ਦਾਰੀਆਂ।
ਆਪ ਨੂੰ ਅਪਣੇ ਸਹਿਮ ਤੋਂ ਆਪੇ ਨੂੰ ਅਪਣੀ ਕੈਦ ਤੋਂ
ਤਲਵਾਰ ਤੇਰੇ ਪ੍ਯਾਰ ਦੀ ਹੈ ਦੇਂਵਦੀ ਛੁਟਕਾਰੀਆਂ।
ਜ਼ਾਲਮ ਡਰਾਏ ਤੂੰ ਸਦਾ ਮਜਲੂਮ ਗੋਦੀ ਤੂੰ ਲਏ
ਫਿਰ ਦਿਲ ਉਚਾਏ ਉਨ੍ਹਾਂ ਦੇ ਤੇ ਬਖ਼ਸ਼ੀਆਂ ਸਰਦਾਰੀਆਂ।
ਪਾ ਤਾਣ ਤੈਥੋਂ ਚਿੜੀ ਨੇ ਬਾਜ਼ਾਂ ਨੂੰ ਪਾਏ ਵਖਤ ਸੇ
ਕਸਤੂਰਿਆਂ ਨੇ ਸ਼ੇਰ ਢਾਹ ਲਈਆਂ ਸੀ ਬਰਖੁਰਦਾਰੀਆਂ।
––––––––––––––
1. ਭਾਵ ਇਕੱਲ।
ਉਜੜੇ ਵਸਾਏ ਤੂੰ ਸਦਾ ਬਿਗੜੇ ਸੁਆਰੇ ਤੂੰ ਸਦਾ
ਹੁਣ ਜਗਤ ਇਕ ਹੈਰਾਨ ਹੈ ਤੈਂ ਦੇਖਕੇ ਗੁਲਕਾਰੀਆਂ।
ਆ ਬਹੁੜ ਔਗੁਣਹਾਰ ਨੂੰ ਹੁਣ ਦੇਰ ਦਾ ਵੇਲਾ ਨਹੀਂ
ਹੇ ਰਹਿਮਤਾਂ ਦੇ ਮਾਲਕਾ! ਆ ਬਹੁੜ ਸਦਕੇ ਸਾਰੀਆਂ।
ਮੈਂ ਵਾਰਨੇ ਤੋਂ ਨਾਮ ਤੋਂ, ਮੈਂ ਘੋਲੀਆਂ ਤੋਂ ਯਾਦ ਤੋਂ
ਤੈਂ ਯਾਦ ਦੇ ਇਸ ਆਸਰੇ ਤੋਂ ਜਾਉਂ ਮੈਂ ਬਲਿਹਾਰੀਆਂ।
ਹਾਂ ਡੋਰ ਅਪਣੀ ਯਾਦ ਦੀ ਇਸ ਬਹਿਰੇ ਗ਼ਮ ਵਿਚ ਬਖ਼ਸ਼ਕੇ
ਨਿਜ ਖਿੱਚ ਵਿਚ ਖਿਚ ਰਖਣਾ ਦੇ ਦੇ ਕੇ ਕਸਕਾਂ ਪ੍ਯਾਰੀਆਂ।
(ਅੰਮ੍ਰਿਤਸਰ 1-1-38)
ਮਹਿਬੂਬ ਨਕਸ਼
ਹੈ ਹਿਸਾਬੀ ਆਖਦਾ: "ਮੈਂ ਕਰ ਹਿਸਾਬਾਂ ਸਾਰੀਆਂ,
ਕਿਧਰੇ ਤਿਰੇ ਮਹਿਬੂਬ ਦੇ ਡਿੱਠੇ ਨਕਸ਼ ਨਾ ਧਾਰੀਆਂ"।
ਅਕਲ ਦੇ ਓ ਪਕੜ ਫੀਤੇ ਕਰਦਾ ਫਿਰੇ ਹੈ ਮਿਣਤੀਆਂ
ਖੋਜਦਾ ਤੇ ਭਾਲਦਾ ਦਿਲ ਲਾਕੇ ਟੁੱਭੀ ਤਾਰੀਆਂ।
ਸੌਂ ਰਹੇ ਗਾਫ਼ਲ ਕਈ ਸਿਰ-ਦਰਦੀਆਂ ਸਭ ਛੱਡ ਕੇ,
ਮਾਣ ਮੌਜਾਂ ਕੁਛ ਰਹੇ ਦੁਨੀਆਂ ਨੇ ਹਨ ਜੁ ਖਿਲਾਰੀਆਂ।
ਹਾਇ ਸਾਨੂੰ ਰਮਜ਼ ਕੇਹੀ ਗੈਬ ਤੋਂ ਹੈ ਪੈ ਗਈ,
ਖੁਲ੍ਹ ਪਈਆਂ ਹਨ ਸਾਹਮਣੇ ਸਾਡੇ ਕਿਤਾਬਾਂ ਨਯਾਰੀਆਂ।
ਸੁਹਲ ਵਰਯਾਂ ਵਾਲੜਾ ਦਫ਼ਤਰ ਗੁਲਾਬਾਂ ਖੁਹਲਿਆ
ਨਕਸ ਹਰ ਵਰਕੇ ਪਏ ਤੇ ਖਤ ਤੇ ਪਈਆਂ ਧਾਰੀਆਂ।
ਜਿਉਂਦਾ ਵਰਕ ਹੈ ਲਿੱਖਿਆ ਇਹ ਜੁ ਸੋਸਨ ਪੰਖੜੀ,
ਲਿਖਤ ਹੋਵੇ ਲਿਖੀ ਜਿਉਂਦੀ ਲਿਖੀ ਜੁ ਗ਼ੈਬ ਲਿਖਾਰੀਆਂ।
ਕਮਲ ਦੇ ਰੰਗ ਰੂਪ ਅੰਦਰ ਹੈ ਮਾਰਦਾ ਸੈਨਤ ਪਿਆ
ਉਹ ਜੁ ਲੁਕ ਲੁਕ ਬੈਠਦਾ ਤੇ ਕਰ ਰਿਹਾ ਗੁਲਕਾਰੀਆਂ।
ਓ ਨਕਸ਼ ਹੈ, ਹਾਂ ਰੂਪ ਹੈ, ਹਾਂ, ਜਿੰਦ ਹੈ ਹਾਂ. ਆਪ ਹੈ.
ਖ਼ੁਸ਼ਬੋ ਹੈ ਤੇਰੀ ਓ ਪਿਆਰੇ ਜੁ ਕਰ ਰਹੀ ਦਿਲਦਾਰੀਆਂ।
ਸਮਝ ਕੇ ਇਕ ਵਾਰ ਸੈਨਤ ਫਸ ਗਏ ਇਸ ਨਕਸ਼ ਵਿਚ
ਨੈਣਾਂ ਨੂੰ ਨਕਸ਼ਾਂ ਫੜ ਲਿਆ ਹੈਰਤ ਹੋਸ਼ਾਂ ਸੰਮ੍ਹਾਰੀਆਂ।
(ਮਾਊਂਟ ਆਬੂ 4-10-36)
ਠਰਕੀਆਂ ਸੁਹਬਤ
'ਨ ਚੰਗੀ ਠਰਕੀਆਂ-ਸੁਹਬਤ' ਤੂੰ ਅੱਜ ਦਸਦੀ ਹੈਂ ਕਿਉਂ ਮਾਇ?
ਤਦੋਂ ਸੀ ਵਰਜਣਾ ਮੈਨੂੰ ਲਗਣ ਲਗੀ ਸੀ ਜਦ ਆਇ।
ਕਿ ਜੇਰੀਂ ਰਾਜ ਬਣ ਜਾਂਦੇ ਕਿ ਜੋਰੀਂ ਧਨ ਲਈਦਾ ਖੱਸ,
ਕਿ ਜੇਰੀਂ ਵ੍ਯਾਹ ਪੜ ਲਈਏ ਕਿ ਜੋਰੀਂ ਗੋਰੀਆਂ ਚੁਕ ਲ੍ਯਾਇ।
ਕਦੇ ਜੋਰੀਂ ਨ ਨਿਹੁੰ ਲੱਗੇ ਪੈ ਜੋਰੀਂ ਪ੍ਯਾਰ ਉਪਜੇ ਨਾ
ਕਦੇ ਜੋਰੀਂ ਨ ਨਿਹੁੰ ਟੁੱਟੇ ਥਕੇ ਜਰਵਾਣਿ ਜੋਰਾਂ ਲਾਇ।
ਨ ਪੈਂਦੇ ਮਾਮਲੇ ਅੰਮਾਂ, ਕਿਸੇ ਨੂੰ ਪੁੱਛ ਗਿਛ ਕਰਕੇ
ਕਿਤੋਂ ਆਂਦੇ, ਕਿਵੇਂ ਪੈਂਦੇ? ਸਮਝ ਦਾਨ੍ਯਾਂ ਦੀ ਨਾ ਆਇ।
ਨਿਹੁਂ ਲਗਦੇ ਨੀ ਆਪੇ ਆ ਨ ਲਾਇਆ ਏ ਕਦੇ ਲੱਗੇ
ਨ ਰੁਕਦੇ ਜ਼ੋਰ ਲਾਇਆਂ ਏ ਕਿਸੇ ਰੁਕਦੇ ਨਾ ਛਲ ਦਾਇ।
ਸਿਰੋਂ ਲੱਕੜ ਨੂੰ ਜੇ ਲੱਗੀ ਬਲਣ ਦੇ ਓਸ ਨੂੰ ਸਾਰੀ
ਉ ਰੌਸ਼ਨ ਹੋ ਪਈ ਚਮਕੇ, ਕਰੇਂ ਕਾਲੀ ਕਿਉਂ ਪਾਣੀ ਪਾਇ।
ਪਈ ਲੱਕੜ ਸੀ ਮੁਰਦਾ ਏ ਅਗਨਿ ਦਿਉਤੇ ਦੀ ਛੁਹ ਪਾਕੇ,
ਅਗਨਿ ਦਿਉਤਾ ਓ ਹੋ ਗਈਏ ਕਰੇਂ ਕਿਉਂ ਤੂੰ ਹਹਾ ਹਾਇ'।
ਪਏ ਮਿੱਟੀ 'ਚ ਲੋਹੇ ਨੂੰ ਜੇ ਚੁੰਬਕ ਛੁਹ ਗਿਆ ਆਇ
ਉ ਚੁੰਬਕ ਹੋ ਗਿਆ ਲੋਹਾ ਇ ਤਕ ਕ੍ਰਮਤ ਤੂਹੋਂ ਮਾਇ!
ਅਤਰ ਜੇ ਡੁਲ੍ਹ ਪਿਆ ਝੋਲੀ ਤੂੰ ਗੁੱਸੇ ਕਾਸ ਨੂੰ ਹੁੰਦੀ
ਮੁਸ਼ਕ ਉਠੇਗੀ ਧੀ ਤੇਰੀ ਮਚਾ ਮੁਸ਼ਕਾਂ ਕਿ ਲਪਟਾਂ ਲਾਇ।
ਮਿਲੀ ਕਉੜੀ ਜਿ ਤੂੰਬੀ ਨੂੰ ਸੰਗੀਤਕ ਦੀ ਹੈ ਆ ਸੁਹਬਤ
ਤੰਬੂਰਾ ਬਨ ਕੇ ਬੋਲੇਗੀ ਸਨਾ ਹਮਦੋ ਖੁਦਾਂ ਗਾਇ।
(ਕਸੌਲੀ 7-9-50)
––––––––––––
1. ਰੱਬ ਦੀ ਸਿਫਤ ਸਲਾਹ।
ਰਚਨਾ ਵਿਚ ਖ਼ੁਸ਼ੀ
ਆ ਗਈ ਬਾਦੇ ਸਬਾ ਹੁਣ ਆ ਗਈ
ਬਨ ਸੁਗੰਧੀ ਨਾਲ ਭਰਕੇ ਆ ਗਈ।
ਆ ਗਈ ਗਲ ਲੱਗਦੀ ਠੰਢ ਪਾਂਵਦੀ
ਢੱਠਿਆਂ ਨੂੰ ਜੱਫੀਆਂ ਪਾ ਚਾ ਗਈ।
ਕਰ ਰਹੀ ਅਠਖੇਲੀਆਂ ਤੇ ਛੇੜਦੀ
ਹੁੰਦੀ ਤੇ ਆਖਦੀ: 'ਮੈਂ ਆ ਗਈ।
ਸੁਖ ਸੁਨੇਹਾ ਦੇਸ ਪ੍ਰੀਤਮ ਦਾ ਸੁਣ
'ਛਾਉਂ ਸੀਤਲ ਦੇਸ਼ ਪ੍ਰੀਤਮ ਛਾ ਗਈ।
ਰੰਗ ਰਚਨਾ ਦਾ ਤਕੋ ਦੇਖੋ 'ਪੁਰਾ'
ਮੁਸਕਰਾਹਟ ਰੰਗ ਅਪਨਾ ਲਾ ਗਈ।
ਲਾਲ ਹੋ ਅਸਮਾਨ ਟਹਿਕੇ ਹਸ ਰਿਹਾ
ਏਸ ਬੁੱਢੇ ਤੇ ਜੁਆਨੀ ਧਾ ਗਈ।
ਨਾਚ ਕਰਦੇ ਵਗ ਰਹੇ ਪਾਣੀ ਸ਼ਫ਼ਾਫ਼
ਝਰਨਿਆਂ ਦੀ ਝਰਨ ਨਗਮੇ ਗਾ ਗਈ।
ਖਿੜ ਰਹੇ ਤੇ ਖੇੜਦੇ ਚਿਮਨਾ ਖਿੜੇ
ਫੁਲ ਕਲੀ ਹਸ ਪਈ ਖੇੜਾ ਖਾ ਗਈ।
ਖਿੜ ਸ਼ਗੂਫੇ ਹਸ ਰਹੇ ਤੇ ਦੇ ਰਹੇ
ਦਾਤ ਖੇੜੇ ਦੀ ਹੈ ਛਹਿਬਰ ਲਾ ਗਈ।
'ਅਬਰ-ਦਾਮਨ' ਨਾਲ ਸੋਨੇ ਭਰ ਗਏ
ਪਾਤਸ਼ਾਹੀ ਉਡਦਿਆਂ ਨੇ ਪਾ ਲਈ।
ਨਾ ਰਿਹਾ ਪਰਕਾਸ਼ ਉਡਦਾ ਆ ਗਿਆ
ਫੌਜ ਖੇੜਾ ਨਾਲ ਜਿਸ ਦੇ ਆ ਗਈ।
ਭੇਜਦੀ ਖ਼ੁਸ਼ੀਆਂ ਤੇ ਖੇੜੇ ਵੰਡਦੀ
ਦੇਖ ਸੂਰਜ ਦੀ ਸਵਾਰੀ ਆ ਗਈ।
‘ਤ੍ਰੇਲ ਮੋਤੀ' ਗੁੰਦ ਕੇਸੀਂ ਨਿਖਰਕੇ
ਸਬਜ਼ ਮਖਮਲ ਪਹਿਨ ਧਰਤ ਸੁਹਾ ਗਈ।
ਸ਼ਬਨਮਾਂ ਨੇ ਰਾਤ ਸਾਰੀ ਚੁੰਮਿਆਂ
ਪੱਤਿਆਂ ਨੂੰ ਨਵੀਂ ਰੰਗਤ ਆ ਗਈ।
ਪੰਛੀਆਂ ਦੇ ਰਾਗ ਸੁਣ ਤੇ ਚਹਿ ਚਹੇ
ਹੈ ਖੁਸ਼ੀ ਸਭ ਪਾਲ ਬੰਨੇ ਢਾ ਗਈ।
ਦੇਖ ਤੂੰ ਇਸ ਚਾਉ ਨੂੰ ਜੋ ਭਰ ਰਿਹਾ
ਵੇਖ ਰੰਗਤ ਜੋ ਦਿਲਾਂ ਨੂੰ ਭਾ ਗਈ।
ਤੱਕ ਰਚਨਾ ਦਾ ਉਛਾਲਾ ਤੇ ਖੁਸ਼ੀ
ਲਹਿਰ ਇਕ ਆਨੰਦ ਦੀ ਲਹਿਰਾ ਗਈ।
ਦੇਸ਼ ਪ੍ਰੀਤਮ ਦਾ ਸੁਨੇਹਾ ਸੁਣ ਰਿਹਾ
ਰਮਜ਼ ਹੈ ਏ, ਸਮਝ, ਸੈਨਤ ਪਾ ਗਈ।
ਸੁਹਣਿਆਂ ਦਾ ਸ਼ਾਹ ਬੁਸ਼ਾਰਤ ਘੱਲਦਾ
ਸੂਰਤ ਉਸਦੀ ਆ ਬੁਝਾਰਤ ਪਾ ਗਈ।
ਉਹ ਖ਼ੁਸ਼ੀ ਉਹ ਰੰਗ ਖੇੜੇ ਖੇਡਦਾ
ਖੇੜਿਆਂ ਵਿਚ ਝਲਕ ਪ੍ਰੀਤਮ ਝਾ ਗਈ।
ਪੈ ਦਿਲਾਂ ਤੇ ਝਾਲ ਅਪਣੀ ਫੇਰਦੀ
ਛੁਹ ਖੁਸ਼ੀ ਦੀ ਨਾਲ ਨਖਰੇ ਲਾ ਗਈ।
ਸੁਖ ਸੁਨੇਹਾ ਅੱਜ ਸਾਰੇ ਦੇ ਰਹੀ
ਜੱਫੀਆਂ ਭਰਦੀ ‘ਸਬਾ' ਜੇ ਆ ਗਈ।
ਟੁੰਬ ਕੇ, ਨੀਂਦੇਂ ਜਗਾਕੇ ਕਹਿ ਰਹੀ
ਰਾਗਨੀ ਮੇਰੀ ਜੁ ਸੁਣ ਸੁਰ ਲਾ ਗਈ।
ਆ ਗਈ ਮੈਂ ਰੰਗ ਰਤੜੀ ਆ ਗਈ।
ਭਿਜ ਸੁਗੰਧੀ ਰਸ ਭਰੀ ਮੈਂ ਆ ਗਈ।
ਲੈ ਸੁਗੰਧੀ, ਸੁਣ ਸੁਗੰਧੀ, ਮੁਸ਼ਕ ਉਠ
ਮਹਿਕ ਲਾ ਦੇ ਓਸ ਨੂੰ ਜੋ ਪਾਸ ਤੇਰੇ ਆ ਗਈ।
(ਲਲਾਬ, ਬਾਰਾ ਮੂਲਾ 111-4-26)
ਯਾਦ ਦੇ ਨੁਕਤੇ ਉਹਲੇ
ਰਾਤ ਅਰਸ਼ਾਂ ਤੋਂ ਪਲਮਦੀ ਇਕ ਵੇਲ ਜੁ ਆਈ,
ਹੋ ਚੰਦ ਗ੍ਯਾ ਪੰਨੇ ਦਾ ਤਕ ਏਸ ਦੀ ਹਰਯਾਈ।
ਭਰ ਨਾਲ ਅੰਗੂਰਾਂ ਦੇ ਰੰਗ ਲਾਲ ਅੰਗਾਰਾ ਜੁ
ਲਾਲੀ ਲਈ ਲਬੇ ਖੂਬਾਂ ਨੇ ਉਸ ਰੰਗੁ ਚੁਰਾਈ।
ਜਿਉਂ ਤ੍ਰੇਲ ਪਏ ਭਿੰਨੀ ਤਿਉਂ ਅੰਗੂਰ ਓ ਚੋਂਦੇ
ਰਸ ਤੁਪਕਿਆਂ ਤੋਂ ਲੈ ਲੈ ਲਾਲਾਂ ਨੇ ਲਾਲੀ ਲਾਈ।
ਰਸ ਤੁਪਕੇ ਬਣੇ ਆਪੇ ਹੀ ਸਾਕੀ ਅਤੇ ਪਿਆਲਾ
ਲਬਾਂ ਨਾਲ ਲਗੇ ਉ ਆਪੇ ਹੀ ਰਸ ਦੇਣ ਚੁਆਈ।
ਰਸ ਦੇ ਕੇ ਉ ਅੰਗੂਰ, ਨਾ ਟੁੱਟਣ ਤਿ ਨਾ ਸੁੱਕਣ,
ਲਹਿ ਲਹਿ ਕਰਨ ਉ ਗੁੱਛੇ ਤਿ ਓ ਵੇਲ ਸਵਾਈ।
ਰਸ ਲੰਘ ਗਿਆ ਨਾਲ ਲਬਾਂ ਦੇ ਛੁਹਦਾ ਆਪੇ,
ਆਪੇ ਦੇ ਜਾ ਦੇਸ਼ ਇਨ੍ਹੇ ਇਕ ਝਰਨ ਛਿੜਾਈ।
ਨ ਨਸ਼ਾ, ਨੀਂਦ, ਨ ਮਸਤੀ ਨ ਸਰੂਰ ਹੀ ਭਾਸੇ
ਕੁਈ ਦੇਖੀ ਨ ਸੁਣੀ ਰੰਗਤ ਜੁ ਅੰਦਰ ਆ ਛਾਈ।
ਸੀ ਉਹ ਹੰਸ ਦੀ ਹੋਸ਼ ਕਿ ਮਦਹੋਸ਼ਿ ਮਦਹੋਸ਼ੀ,
ਆਪਾ ਗਿਆ ਆਪੇ ਤੋਂ ਉਡ ਖੰਭ ਲਗਾਈ।
ਰਸ ਤ੍ਰੇਲ ਦੀ ਮਾਨੇ ਸੀ ਛਹਿਬਰ ਸਾਰੇ ਹੀ ਬਰਸੇ
ਇਕ ਸੁਆਦ ਦੀ ਕੁਈ ਝੂਮ ਕਿ ਲਟਕਨ ਸੀ ਛਾਈ।
ਉ ਹੁਸਨ ਕਿ ਜੁ ਲੁਕਦਾ ਸੀ ਹੁਸਨਾ ਦੇ ਉਹਲੇ
ਲਾਹ ਘੁੰਡ ਉ ਪਿਆ ਕਰੇ ਦੀਦਾਰ-ਨੁਮਾਈ ।
ਉਹ ਪ੍ਯਾਰ ਜੁ ਕਦੇ ਨੈਣਾਂ ਤੋਂ ਸੀ ਝਾਤੀਆਂ ਪਾਂਦਾ
ਡੁੱਲ੍ਹ ਡੁੱਲ੍ਹ ਕੇ ਪਏ ਜਿਵੇਂ ਚਸ਼ਮੇ ਨੇ ਛਹਿਬਰ ਲਾਈ।
ਮਸਤੀ ਹੋਸ਼ ਤੇ ਖੇੜੇ ਨੇ ਇਕ ਰੰਗ ਜਮਾਯਾ,
ਜਿਵੇਂ ਨੂਰ ਨੇ ਸਤਰੰਗ ਤੋਂ ਇਕ ਰੰਗਤ ਪਾਈ।
ਮਿਰੇ ਮਰਦਾਂ ਦੇ ਮਰਦ, ਵਾਹ ਓ ਜ਼ੁਲਫ਼ਾਂ ਵਾਲੇ!
'ਨੁਕਤਾਏ-ਯਾਦ' ਦੇ ਉਹਲੇ ਕਿਹੀ ਰਮਜ਼ ਛਿਪਾਈ।
(ਸਿਰੀ ਨਗਰ 21-9-26)
ਸ੍ਵਾਗਤ ਸਿਹਰਾ
ਇਕ ਸ਼੍ਯਾਮ ਘਟਾ ਛਾਈ, ਓਦਾਸ ਨਜ਼ਰ ਆਈ
ਹਾਂ, ਸਹਿਮ ਪਿਆ ਬਰਸੇ ਝੜ ਛਾਇ ਝੜੀ ਲਾਈ।
ਸਤਰੰਗ ਤੁਸੀਂ ਚਮਕੇ ਇਕ ਪੀਂਘ ਤੁਸਾਂ ਪਾਈ,
ਉਹ ਚਮਕ ਪਈ ਕਾਲਕ ਮਿਟ ਨਾਲ ਗਈ ਕਾਈ।
ਇਕ ਤੇਲ ਪਈ ਬੱਤੀ ਇਕ ਬੁਝੇ ਪਏ ਦੀਵੇ,
ਨਹਿਂ ਰਤੀ ਰਹੀ ਰੌਣਕ ਦਿਲ-ਝਵੀਂ ਰਹੀ ਛਾਈ,
ਤੁਸੀਂ ਕਿੰਞ ਕਿਤੋਂ ਆਏ ਬਲਦੇ ਬਲਦੇ ਸ਼ੁਅਲੇ?
ਗਲ ਲੱਗ ਗਏ ਆ ਕੇ ਬੁੱਲ੍ਹ ਚੁੰਮ ਲਏ ਧਾਈ।
ਛੁਹ ਕਿੰਞ ਦਈ ਨੂਰੀ ਨਿਘ-ਜਿੰਦ ਕਿਵੇਂ ਭਰਕੇ?
ਹਾਂ ਚਲੇ ਗਏ ਲਗ ਕੇ ਪਰ ਫੇਰ ਰਹੇ ਛਾਈ।
ਹਾਂ, ਨੂਰ ਭਬਾਕਾ ਏ. ਵਾ ਜੀਵਨ ਝਾਕਾ ਏ
ਵਾਹ, ਬੁਝਿਆਂ ਬਾਲ ਗਏ ਕੁਈ ਜਿੰਦ ਨਵੀਂ ਪਾਈ।
ਕਈ ਢੇਰ ਲਗੇ ਲਕੜੀ, ਨਾ ਤੁੱਲ ਸਕਦੇ ਤੱਕੜੀ
ਜ੍ਯ ਸੈਲ ਪਏ ਮੁਰਦੇ ਜਿੰਦ-ਨਿੱਘ ਨਹੀਂ ਰਾਈ।
ਆ ਕੜਕ ਪਈ ਬਿਜਲੀ ਛੁਹ ਲੱਗ ਗਈ ਰੰਗਲੀ,
ਭਾ ਚਮਕ ਪਈ ਨੂਰੀ ਬਲ ਜਿੰਦ ਉਠੀ ਸ੍ਵਾਈ।
ਹਾਂ, ਰਾਤ ਅਨ੍ਹੇਰਾ ਏ ਜਿਨ੍ਹ ਘੇਰ ਲਈ ਧਰਤੀ
ਪੈ ਰਹੀ ਉਦਾਸੀ ਏ ਛਾ ਰਹੀ ਏ ਉਦਰਾਈ,
ਬਣ ਸੂਰਜ ਆਏ ਹੈ 'ਛੁਹ ਚਾਨਣ` ਲ੍ਯਾਏ ਹੋ
ਇਕ ਚਾਨਣ ਧੱਕਾ ਹੈ ਆ ਨੂਰ ਝਮਕ ਲਾਈ।
ਹਾਂ, ਮੌਤ ਮਰਾਈ ਜੇ 'ਜਿੰਦ-ਨੂਰ` ਵਸਾਯਾ ਜੇ
ਇਕ ਪਲਕ ਨ ਲੱਗੀ ਏ ਹਾਂ, ਇਹ ਬਿਰਦ ਸਾਂਈਂ।
ਫੁਲ ਪੱਤ ਝੜੇ ਸਾਰੇ ਛਾ ਸੁੰਞ ਰਹੀ ਡਾਲੀ
ਦਿਲਗੀਰ ਬਣੀ ਰੰਗਤ ਮੂੰਹ ਪਸਰ ਰਹੀ ਝਾਈ।
ਹੋ ਬਸੰਤ ਤੁਸੀਂ ਆਏ ਚੁਪ ਲੰਘ ਗਏ ਅੰਦਰ
ਨਿੱਘ-ਜਿੰਦ ਭਰੀ ਸਾਰੇ ਝਰਨਾਟ ਨਵੀਂ ਪਾਈ।
'ਖਿੜ-ਚਟਕ' ਠਮੱਕਾ ਦੇ ਅੱਖ ਖੋਲ੍ਹ ਦਈ ਮੀਟੀ,
ਭਰ ਝੋਲ ਸ਼ਗੂਫੇ ਦੇ ‘ਲੁਟ-ਹਾਸ੍ਯ' ਤੁਸਾਂ ਲਾਈ।
ਵਾਹ ਮੁਇਆਂ ਜਿਵਾਂਦੇ ਹੋ! ਵਾਹ ਜਿੰਦੜੀ ਪਾਂਦੇ ਹੋ!
ਵਾਹ ਨੂਰ ਵਸਾਂਦੇ ਹੋ! 'ਛੁਹ-ਜਿੰਦ' ਤੁਸਾਂ ਜਾਈ।
(ਸਿਰੀ ਨਗਰ 27-9-26)
ਦਿਲ ਤੁਲਨਾ ਦੀ ਰੀਣਕ ਅੰਸ਼
ਨ ਸੋਭਾ ਰੂਪ ਦੀ ਤੇਰੇ ਨਾ ਆਭਾ ਰੰਗ ਦੀ ਪਾਈ
ਨ ਗੁਣ ਗਾਇਨ ਦਾ ਪਾਯਾ ਤੋਂ ਸ਼ਿਲਪ ਦੀ ਕਾਰ ਨਾ ਆਈ।
ਨ ਵਿਦ੍ਯਾ ਉਚ ਮਿਲੀ ਤੈਨੂੰ ਨ ਵਿਗ੍ਯਾਨਾ ਸਿਖੇ ਹਨ ਤੂੰ,
ਘੜਨ ਮੂਰਤ ਨ ਤੂੰ ਜਾਣੋਂ ਕਥਨ ਵਿਖ੍ਯਾਨ ਨਾ ਕਾਈ।
ਇਕੋ ਇਕ ਲੱਲ ਪ੍ਰੀਤਮ ਨੂੰ ਕਿ ਵਾਜਾਂ ਮਾਰਨੇ ਦੀ ਜੈ
ਨਿਆਣੇ ਬਾਲ ਦੇ ਵਾਙੂ ਤਿਰੇ ਹਿੱਸੇ ਕਿਤੋਂ ਆਈ।
ਇਕੋ ਹੈ ਦਾਤ ਹੋਰੋਂ ਇਕ ਕਿ ਦਿਲ ਕੁਲਾ ਤੂੰ ਪਾਯਾ ਹੈ,
ਇਹ ਕਮਜ਼ੋਰੀ ਜਗਤ ਅੰਦਰ ਲਗੇ ਪੈ ਤੈਨੂੰ ਸੁਖਦਾਈ।
'ਦਿਲੀ-ਤੁਲਨਾ' ਦੀ ਰੀਣਕ ਅੰਸ਼ ਆਈ ਹੈ ਹਿਸੇ ਤੇਰੇ,
ਤੂੰ ਕਰ ਸ਼ੁਕਰਾਨਾ ਦਾਤੇ ਦਾ ਜਿਨ੍ਹੇ ਇਹ ਦਾਤ ਹੈ ਪਾਈ।
ਨਾ ਤਕ ਗੁਣੀਆਂ ਅਮੀਰਾਂ ਨੂੰ ਨ ਤਕ ਵਿਦ੍ਯਾ ਭੰਡਾਰਾਂ ਨੂੰ
ਤੂੰ ਤਕ ਦਾਤੇ ਦੇ ਵਲ ਜਿਸਨੇ ਇ ਦਾਤ ਆਪੇ ਹੀ ਹੈ ਪਾਈ।
ਜੋ ਤੈਨੂੰ ਹੈ ਲਗੇ ਪ੍ਯਾਰੀ ਜੋ ਸੀਂਦੀ ਮਿਲ ਰਹੀ ਤੈਨੂੰ
ਜਗਤ ਵਿਚ ਜਿਸਦੀ ਕੀਮਤ ਨਾ ਜੁ ਚੋਰੀ ਹੋ ਨ ਖੋ ਜਾਈ।
(ਦਿੱਲੀ 7-1-50)
ਕਵਿ-ਰੰਗ ਸੁੰਦਰਤਾ
(ਅਰਥਾਤ ਉਹ ਉੱਚ ਸੁੰਦਰਤਾ ਦੀ ਪ੍ਰਤੀਤੀ ਜਿਸ ਦੇ ਆਵੇਸ਼ ਵਿਚ ਕਵੀ ਤੋਂ ਉੱਚ ਕਾਵ੍ਯ ਪ੍ਰਕਾਸ਼ਦਾ ਹੈ
ਕਵਿਤਾ ਦੀ ਸੁੰਦ੍ਰਤਾਈ ਉੱਚੇ ਨਛੱਤ੍ਰੀ ਵਸਦੀ
ਅਪਣੇ ਸੰਗੀਤ ਲਹਿਰੇ ਅਪਣੇ ਪ੍ਰਕਾਸ਼ ਲਸਦੀ
ਇਕ ਰਾਤ ਨੂੰ ਏ ਓਥੋਂ ਹੇਠਾਂ ਪਲਮਦੀ ਆਈ,
ਰਸ ਰੰਗ ਨਾਲ ਕੰਬਦੀ ਸੰਗੀਤ ਥਰ-ਥਰਾਈ।
ਜਿਉਂ ਤਾਰ ਤ੍ਰੇਲ ਪ੍ਰੋਤੀ ਜਿਉਂ ਆਬ ਮੋਤੀਆਂ ਦੀ,
ਨਜ਼ਰਾਂ ਦੀ ਤਾਰ ਪ੍ਰਤੀ ਨਾਜ਼ਕ, ਸੁਬਕ, ਸੁਹਾਈ,
ਕੇਮਲ ਗਲੇ ਦੀ ਸੁਰ ਜਿਉਂ ਝੁਨਕਾਰ ਸਾਜ਼ ਦੀ ਜਿਉਂ,
ਝਰਨਾਟ ਰੂਪ ਵਾਲੀ ਤਾਰੇ ਡਲ੍ਹਕ ਜਿਉਂ ਛਾਈ।
ਜਿਉਂ ਮੀਂਡ ਥਰਕੇ ਪਿਚਿਆਂ ਖਿਚ ਖਾ ਮੈਂ ਰੂਹ ਜੋ ਕੰਬੀ,
ਹੁਸਨਾਂ ਦੇ ਰੰਗ ਲਹਿਰੇ ਰਸ-ਝੂਮ ਇਕ ਝੁਮਾਈ।
‘ਪੰਛੀ-ਉਡਾਰ'' ਵਾਙੂ ਆਪੇ ਦੇ ਖੰਭ ਫੜਕੇ,
ਸਿਰ ਨੂੰ ਸਰੂਰ ਆਯਾ ਇਕ ਤਾਰ ਸਿਰ ਝੁਮਾਈ।
ਪੁਛਿਆ ਅਸਾਂ: "ਹੇ ਸੁਹਣੀ! ਤੂੰ ਆਪ ਸੁੰਦਰਤਾ ਹੈਂ,
"ਹੀਰੇ ਜਵਾਹਰ ਵਾਙੂ ਟਿਕਦੀ ਹੈਂ ਕਿਉਂ ਤੂੰ ਨਾਂਹੀ?
–––––––––––––––
1. ਉੱਡਣ ਨੂੰ ਤਿਆਰ ਪੰਛੀ ਵਾਙੂ।
"ਪਰਬਤ ਖੜੇ ਸੁਹਾਵੇ ਝੀਲਾਂ ਤੇ ਬਨ ਸਮੁੰਦਰ,
"ਕਾਇਮ ਇਨ੍ਹਾਂ ਦੀ ਸੋਭਾ ਦਾਇਮ ਰਹੇ ਹੈ ਛਾਈ।
ਬੋਲੀ ਓ ਥਰ-ਥਰਾਂਦੀ ਲਰਜ਼ੇ ਵਜੂਦ ਵਾਲੀ:
"ਬਿਜਲੀ ਦੀ ਕੂੰਦ ਦਸ ਤੂੰ ਟਿਕਦੀ ਕਿਵੇਂ ਟਿਕਾਈ।
"ਲਸ ਦੇ ਕੇ ਕਿਰਨ ਸੂਰਜ ਲਰਜ਼ੇ ਦੇ ਦੇਸ਼ ਜਾਵੇ,
"ਸੁਰ ਰਾਗ ਦੀ ਥਰਾਂਦੀ ਕਿਸ ਨੇ ਹੈ ਬੰਨ੍ਹ ਬਹਾਈ?
"ਉਲਕਾ* ਅਕਾਸ਼ ਲਿਸ਼ਕੇ ਚਮਕਾਰ ਮਾਰ ਖਿਸਕੇ
"ਜੁੱਸਾ ਧਨੁਖ-ਅਕਾਸ਼ੀ" ਕਿਸ ਨੇ ਟਿਕਾ ਲਿਆਈ।
"ਚੰਦੋਂ ਰਿਸ਼ਮ ਜੁ ਤਿਲਕੇ ਤਾਰ੍ਯ ਜੁ ਡਲ੍ਹਕ ਪਲਮੇ,
"ਦੇ ਕੇ ਮਟੱਕਾ ਖਿਸਕੇ ਟਿਕਦੀ ਨਜ਼ਰ ਨ ਆਈ।
ਚਾਤ੍ਰਿਕ ਦੀ ਪ੍ਯਾਰ ਚਿਤਵਨ ਕੋਇਲ ਦੀ ਕੂਕ ਕੁਹਣੀ
"ਗਮਕਾਰ' ਦੇ ਨਸਾਵੇ ਕਾਬੂ ਕਦੋਂ ਹੈ ਆਈ ?
'ਲਰਜ਼ਾ ਵਤਨ ਜਿਨ੍ਹਾਂ ਦਾ ਲਰਜ਼ਾ ਵਜੂਦ ਉਨ੍ਹਾਂ ਦਾ
"ਚੱਕਰ ਅਨੰਤ ਅਟਿਕਵੇਂ ਓਹਨਾਂ ਦੀ ਚਾਲ ਪਾਈ,
"ਵਿੱਥਾਂ ਅਮਿਣਵੀਆਂ ਵਿਚ ਸਿਰ ਚੀਰਦੇ ਥ੍ਰਰਾਂਦੇ
"ਜਾਂਦੇ ਅਨੰਤ ਚਾਲੀਂ, ਚਮਕਾਂ ਦੇ ਹਨ ਓ ਸਾਈਂ।
"ਚਮਕਾਰ ਰੰਗ ਦੇਣਾ ਰਸ-ਝੂਮ ਵਿਚ ਝੁਮਾਣਾ
"ਇਕ 'ਜਿੰਦ-ਛੋਹ ਲਾਣੀ ਅਟਕਣ ਨਹੀਂ ਕਿਥਾਈਂ।
"ਲਰਜ਼ਾ ਵਤਨ ਜਿਨ੍ਹਾਂ ਦਾ ਲਰਜ਼ਾ ਵਜੂਦ ਉਨ੍ਹਾਂ ਦਾ,
"ਰੇਖਾ ਅਨੰਤ ਅਟਿਕਵੀਂ ਲਰਜ਼ੇ ਦੇ ਮੱਥੇ ਪਾਈ।"
(ਨਿਸ਼ਾਂਤ ਦੇ ਰਸਤੇ 8-10-22)
–––––––––––––––
2. ਸਦਾ, ਹਮੇਸ਼ਾਂ। 3. ਕਾਂਬਾ ਹੀ ਜਿਸ ਦਾ ਸਰੀਰ ਹੋਵੇ। 4. ਅਕਾਸ਼ਾਂ ਵਿਚ ਟੁਟਦੇ ਤਾਰੇ।
5. ਅਕਾਸ਼ੀ ਪੀਂਘ। 6. ਕਲੇਜਾ ਕੇਹ ਸੁਟਣ ਵਾਲੀ। 7. ਸੰਗੀਤ ਥਰਰਾਹਟ।
ਵੁੱਲਰ ਦਾ ਨਜ਼ਾਰਾ
ਫੁੱਲਰ ਦੇ ਹਾਂ ਮਗਰ ਪਿੱਛੇ ਬੱਦਲ ਉੱਠੇ ਉਚੇਰੇ
ਹੋ ਪਛੋਂ ਸੂਰਜ ਸੁਹਾਵੇ ਤੇ ਇਨ੍ਹਾਂ ਨੇ ਝਾਤ ਇਕ ਪਾਈ।
ਮਟੱਕਾ ਇਕ ਅਜਬ ਸੁਹਣੇ ਪਰਤ ਪਾਇਆ ਇਨ੍ਹਾਂ ਉੱਤੇ
ਇ ਜੀ ਉੱਠੇ ਨੁਰਾਨੀ ਹੋ ਸੁਨਹਿਰੀ ਝਾਲ ਝਾਲਾਈ।
ਇ ਜੀਵਨ ਪਾ ਬਦਲ ਨੇ ਹੇਠ ਪਾਣੀ ਤੇ ਨਦਰ ਕੀਤੀ
ਰੀ ਨੂਰ ਪਾਣੀ ਤੇ ਗਿਆ ਚੜ੍ਹ ਜਿੰਦੜੀ ਲਾਈ। ਸੁਨਹਿਰੀ
ਚਮਕ ਉੱਠੇ ਲਹਿਰ ਉੱਠੇ ਸਰੂਰਾਂ ਵਿਚ ਭਰੇ ਪਾਣੀ
ਲੁਟਾਵਣ ਮਸਤੀਆਂ ਸੁਹਣੇ? ਜਿ ਤੱਕੋ ਛੁਹ ਤਾਂ ਲਗ ਜਾਈ।
(ਗੁਲਮਰਗ 4-9-26)
––––––––––––
1. ਭਾਵ ਸੂਰਜ ਨੇ। 2. ਵੁੱਲਰ ਦੇ ਪਾਣੀ।
ਸੁਹਾਵੀ ਰਿਵੀ
ਬੜੀ ਤੜਕੇ ਰਿਵੀ ਆਈ ਸੁਹਾਈ
ਕਹੇ ਤੈਂ ਦੇਸ਼ ਪ੍ਰੀਤਮ ਤੋਂ ਹਾਂ ਆਈ।
ਹੁਈਆਂ ਸੀਤਲ ਛੁਹ ਉਸ ਖੁਨਕਾਂ ਦੇ ਘਰ ਨੂੰ
ਤੁਧੇ ਦੇ ਵਾਸਤੇ ਉਹ ਖਨਕੀ ਲ੍ਯਾਈ।
ਬਿਖਰ ਰਹੀਆਂ ਸੀ ਜ਼ੁਲਫ਼ਾਂ ਲਾਲ ਸੰਦੀਆਂ
ਲਗੀ ਗਲ ਨਾਲ ਮੈਂ ਉਸ ਛੋਹ ਪਾਈ।
ਉਹ ਖੁਸ਼ਬੋਈ ਲਿਆਈਆਂ ਨਾਲ ਅਪਨੇ
ਉਠੀ ਬਿਸਤਰ ਤੋਂ, ਲੈ ਲਾਲਨ ਤੋਂ ਆਈ।
ਸੁਗੰਧੀ ਲਾਲ ਦੀ ਲੈ ਙੂਮ ਆਵੀ
ਕਿਸਲਾਂ ਜਗਰਾਤਿਆਂ ਦੀ ਫਿਸਲ ਜਾਈ।
ਕਈ ਨਖ਼ਰੇ ਅਦਾਵਾਂ ਨਾਜ਼ ਉਸਦੇ
ਲੁਕਾ ਵਿਚ ਚਾਲ ਅਪਨੀ ਲੈ ਹਾਂ ਆਈ।
ਤੁਧੇ ਨੂੰ ਲਾ ਦਿਆਂ ਗ਼ਮਜ਼ੇ ਅਣਯਾਲੇ,
ਰਮਕ ਪੈ ਜਾਇ ਹੁਸਨਾ ਦੀ ਜੋ ਜਾਈ।
ਉਹ ਨਰਗਸ ਵਾਂਙ ਮਸਤੇ 'ਨੈਣ-ਪ੍ਰੀਤਮ'
ਨਜ਼ਰ ਇਕ ਪਾ ਰਹੇ ਸਨ ਆਲਸਾਈ।
ਨਿਸ਼ਾਨਾ ਬਣ ਉਠੀਕੇ* ਉਸ ਨਜ਼ਰ ਦਾ,
ਜਿਨ੍ਹੇ ਛਹਿਬਰ ਹੈ ਨੂਰਾਂ ਦੀ ਲਗਾਈ,
ਸਬਾ ਦੇਂਦੀ ਸੁਨੇਹੇ ਲੰਘ ਗਈ ਓ
ਗਈ ਹੁਸਨਾਂ ਦੀ ਕਮਲ ਛੁਹ ਲਗਾਈ।
(ਬੰਬਈ, 28-2-50)
–––––––––––
1. ਥਕਾਨ। 2. ਉਠ ਖੜਾ ਹੋ।
ਸ਼ਲਕ, ਵਿਲਕ, ਝਲਕ
ਦੂਣਾਂ, ਵਾਦੀਆਂ, ਘਾਟੀਆਂ ਗੂੰਜ ਪਈਆਂ
ਸੁਹਣੇ ਸ਼ਾਹ ਦੇ ਆਉਣੇ ਦੀ ਸ਼ਲਕ ਹੋਈ,
ਸੁਹਣੀ ਸਲਕ ਹੋਈ, ਸੁਹਣੀ ਸ਼ਲਕ ਹੋਈ,
ਮਾਏ! ਸ਼ਲਕ ਹੋਈ, ਸੁਹਣੀ ਸ਼ਲਕ ਹੋਈ।
ਉਠ ਖਲੀ ਹੋਈਆਂ ਮੈਂ ਬੀ ਦੇਖਣੇ ਨੂੰ
ਉੱਚੇ ਟਿੱਲੇ ਲਿਚੱਲਿਆ ਖਿੱਚ ਕੋਈ,
ਸੁਹਣੇ ਰਾਹ ਤੇ ਬੈਠੀਆਂ ਲਾਇ ਨਜ਼ਰਾਂ
ਮਤੇ ਲੇਇਣੇ ਖੈਰ ਆ ਪਵੇ ਸੋਈ।
ਸ਼ਿਖ਼ਰੇ ਆ ਗਿਆ ਦੇਉਤਾ ਚਾਨਣੇ ਦਾ
ਅਜੇ ਨਹੀਂ ਆਏ, ਦੀਦ ਨਹੀਂ ਹੋਈ।
ਫੇਰ ਸ਼ਲਕ ਹੋਈ, ਮਾਏ ਸ਼ਲਕ ਹੋਈ
ਮਾਏ ਸ਼ਲਕ ਹੋਈ, ਸੁਹਣੀ ਸ਼ਲਕ ਹੋਈ।
ਤ੍ਰਬ੍ਹਕ ਤੱਕੀਆਂ ਤੱਕੀਆਂ ਦੀਦ ਲਾ ਲਾ
ਤੱਕ ਤੱਕ ਕੇ ਨੀਝ ਅਝਮਕ ਹੋਈ,
ਦੇਹੁਂ ਲਹਿ ਟੁਰਿਆ, ਦੇਖਣ ਹਾਰ ਟੁਰ ਪਏ
ਵਿਹਲ ਵਿਹਲ ਹੋਈ, ਸਾਰੇ ਵਿਹਲ ਹੋਈ।
'ਅਜੇ ਨਹੀ ਆਏ, ਅਜੇ ਨਹੀ ਆਏ'
ਚਾਰ ਪਾਸਿਓਂ ਫੇਰ ਏ ਸੱਦ ਹੋਈ।
ਲੱਥਾ ਸੂਰ ਤੇ ਖਿਸਕਣੇ ਲੋਕ ਲੱਗੇ
ਚਾਨਣ ਤਿਲਕਿਆ ਤੇ ਕਾਲੀ ਸੰਝ ਹੋਈ।
ਕੱਲੀ ਬੈਠ ਮੈਂ ਤੱਕਦੀ ਰਾਹ ਮਾਏ।
ਫੇਰ ਸ਼ਲਕ ਹੋਈ, ਫੇਰ ਸ਼ਲਕ ਹੋਈ।
ਅੰਧਕਾਰ ਨੂੰ ਚੀਰਵੀਂ ਨਜਰ ਮੇਰੀ
ਲਗ ਗਈ ਫਿਰ ਰਾਹਤ ਤੇ ਰਾਹ ਹੋਈ।
ਐਪਰ ਅਜੇ ਨ ਆਏ ਓ ਔਣ ਵਾਲੇ
ਸਿੱਕ ਨਹੀਂ ਮੁੱਕੀ, ਤਾਂਘ ਹੋਰ ਹੋਈ।
ਕੰਨਾਂ ਮੇਰੀਆਂ ਦਿਲੇ ਨੂੰ ਡਾਢ ਦਿੱਤੀ
"ਲੇ ਲਾਈ ਰੱਖੀਂ, ਨਾ ਨਿਰਾਸ ਹੋਈਂ।"
ਰਸਤੇ ਚਮਕ ਪਏ ਤਾਰਿਆਂ ਲਈ ਸੱਟੀ
ਚੰਦ ਘੱਲ ਦਿਤੀ ਉਤੋਂ ਹੋਰ ਲਈ।
ਫੇਰ ਸ਼ਲਕ ਹੋਈ, ਮਾਏ ਸ਼ਲਕ ਹੋਈ
ਮਾਏ, ਸ਼ਲਕ ਹੋਈ, ਫੇਰ ਸਲਕ ਹੋਈ।
ਜਿੰਦ ਖਿੱਚ ਖਾਕੇ ਨੈਣਾਂ ਵਿਚ ਆਈ
ਜਿੰਦ ਨੀਝ ਹੋਈ, ਨੀਝ ਜਿੰਦ ਹੋਈ।
"ਅਜੇ ਨਹੀਂ ਆਏ, ਅਜੇ ਨਹੀਂ ਆਏ"
ਕੰਨਾਂ ਮੇਰਿਆਂ ਵਿਚ ਏ ਗੂੰਜ ਹੋਈ।
ਤਾਰੇ ਚੰਦ ਤੱਕਣ ਲਾ ਲਾ ਨੀਝ ਡੂੰਘੀ
ਆਸ ਲਾਇ ਲਾ ਉਨ੍ਹਾਂ ਨੇ ਅੰਤ ਖੋਈ।
ਚਾਨਣ ਸਾਂਭ ਕੇ ਚੱਲ ਪਏ ਚਮਕਣੇ ਏ
ਕੂਚ ਉਨ੍ਹਾਂ ਦੀ ਬੀ, ਮਾਏ। ਅੰਤ ਹੋਈ।
ਐਪਰ ਗੂੰਜਦੇ ਆਸ ਵਿਚ ਕੰਨ ਮੇਰੇ
ਸੁਣਨ ਸ਼ਲਕ ਹੋਈ, ਫੇਰ ਸਲਕ ਹੋਈ।
ਮੇਰੇ ਨੈਣ ਅਝਮਕ ਅਥੱਕ ਲੱਗੇ
ਆਸ ਅਜੇ ਨਿਰਾਸ ਹੈ ਨਹੀਂ ਹੋਈ।
ਬੈਠੀ ਰਾਹ ਤਕਾਂਦੀਆਂ, ਮਾਇ ਮੇਰੀ!
ਹੁਣ ਹੈ ਭੋਰ ਹੋਈ, ਹੁਣ ਹੈ ਭੋਰ ਹੋਈ।
ਐਪਰ ਅਜੇ ਬੀ ਪ੍ਰੀਤਮ ਜੀ ਨਹੀ ਆਏ
ਭਰ ਭਰ ਬੁੱਕ ਰੋਈ, ਭਰ ਭਰ ਬੁੱਕ ਹੋਈ।
ਸੁਣੀ ਸੁਹਣੇ ਸਜਾਦਿਆ! 'ਵਿਲਕ' ਮੇਰੀ
ਅਪਣੇ ਰੂਪ ਦੀ ਝਲਕ ਵਿਖਾ ਕੋਈ,
ਜੇਕਰ ਅਜੇ ਨਾਂ ਝਲਕ ਦਿਖਾਵਣੀ ਜੇ
ਤਾਂਘ ਮੇਟਣੀ ਨਾ ਨਿਤ ਰਹਿ ਨਰੋਈ।
ਦਰਸ ਦੇਵਣੇ ਤੁਸਾਂ ਦੇ ਵੱਸ ਸਾਂਈਆਂ!
ਦੇਸੋ ਤਦੋਂ ਜਦ ਆਪਦੀ ਮਿਹਰ ਹੋਈ,
ਸ਼ਲਕ ਰਹੇ ਹੁੰਦੀ ਤੇਰੇ ਆਵਣੇ ਦੀ,
ਪਲਕ ਮਿਟੇ ਨਾ ਦਰਸ਼ਨੇ-ਤਾਂਘ ਭੋਈ।
ਝਲਕ ਦਏਂਗਾ ਆਪ ਜ਼ਰੂਰ ਇਕ ਦਿਨ
ਭਲਕ, ਪਰੋਂ ਕਿ ਅੱਜ ਦਿਆਲ ਹੋਈ,
ਹੁੰਦੀ ਰਹੇ ਇਹ ਸ਼ਲਕ ਹਮੇਸ਼ ਕੰਨੀਂ
ਸੁਣਦੇ ਤੁਸੀਂ ਰਹੀਓ ਮੇਰੀ ਵਿਲਕ ਸੋਈ।
ਵਿਲਕ ਰਹੇ ਦੀਦਾਰ ਦੀ ਸਦਾ ਜਾਰੀ,
ਚਸਕ ਪੁੜੀ ਰਹੇ ਮਿਲਨ ਦੀ ਨਿੱਤ ਸੋਈ।
(ਕਸੌਲੀ ਸੰਲਨ, 9-10-49)
ਡੁਬਦਾ ਸੂਰਜ ਪਰਬਤ ਚੋਟੀਆਂ ਤੇ
(ਡੁਬਦੇ ਸੂਰਜ ਸਮੇਂ ਅਫ਼ਰਵਾਦ ਪਹਾੜਾਂ ਦੀਆਂ ਚੋਟੀਆਂ ਤੇ ਆਏ ਬਦਲਾਂ ਦਾ ਨਜ਼ਾਰਾ ਲੀਨਮਰਗ ਤੋਂ।)
ਢਲੇ ਸੂਰਜ ਜਿ ਜਦ ਪੱਛੋਂ ਲੁਟਾਂਦੇ ਜਾਣ ਸੋਨਾ ਓ
'ਝੜ' ਚੜ ਆਇ ਤਦ ਪਰਬਤ ਸੁਨਹਿਰੀ ਸੋਟ ਲੁਟ ਲਈਏ।
ਲੁਟੇਂਦੇ ਸੋਟ ਕਾਲੇ ਏ ਸੁਨਹਿਰੀ ਹੋ ਗਏ ਬੱਦਲ,
ਸੁਨਹਿਰੀ ਭਾਸਦੇ ਪਰਬਤ, ਸੁਨਹਿਰੀ ਝਾਲ ਫਿਰ ਰਹੀਏ।
ਸੁਨਹਿਰੀ ਝਾਂਵਲਾ ਪੈਂਦਾ ਤਦ ਗੁਲਮਰਗ ਤੇ ਭਾਸੇ,
ਕਿ ਮਾਨਂ ਪੱਛਮੇਂ ਪਹੁ ਫੁਟ ਸਵੇਰੇ ਵਾਂਗ ਚੜ ਰਹੀਏ।
ਫਿਰੀ ਆਭਾ ਸੁਨਹਿਰੀ ਏ ਕਿ ਚਿਹਰੇ ਹੋ ਗਏ ਗੌਰੰਗ,
'ਟੁਰੇ ਜਾਂਯਾਂ` ਬਿ ਦਈ ਜਾਵੇ ਧੁਰੋਂ ਦਾਤੇ ਨੂੰ ਬਣ ਪਈਏ।
(ਗੁਲਮਰਗ, 4-4-26)
ਨਿਤਾਣੀ ਫੁੱਲ-ਪੰਖੜੀ
ਫੁਲ ਪੰਖੜੀ ਦਾ ਡੇਰਾ ਸਿਰ ਬਨ ਦੇ ਸੁਹਣਿਆ ਤੇ
ਜਗ ਵੇਦੀਆਂ ਦੀ ਚਰਨੀਂ ਇਸਨੂੰ ਲਿਜਾ ਬਹਾਈਏ।
ਵਹਿਂਦੇ ਜਲਾਂ ਦੇ ਸੀਨੇ ਚੁੰਮ ਚੁੰਮ ਕੇ ਨਾਲ ਤਿਲਕਣ
ਯਾ ਬਾਗ਼ ਦੀ ਹਰੀ ਤੋਂ ਇਸ ਨੂੰ ਲਿਟਾ ਸੁਆਈਏ।
ਮਿਲ ਚਾਂਦਨੀ ਨੂੰ ਹੱਸੋ ਅਖ ਸੂਰ ਤੇ ਟਿਕਾਵੇ
ਰੁਮਕੇ ਹਵਾ ਦੇ ਨਾਲੇ ਚਾ ਏਸ ਨੂੰ ਖਿਡਾਈਏ।
ਤੇਰਾ ਵਜੂਦ ਸੋਹਲ ਤੂੰ ਹੈਂ ਨਿਤਾਣ ਪੱਤੀ
ਦੁਧ ਫੂਲ ਦਲ ਦਾ ਮੇਲਾ ਵਲ ਕੀਕਰਾਂ ਸਿਖਾਈਏ।
ਫੁਲ ਪੰਖੜੀ ਹੋ ਤਕੜੀ ਜਾਇਆ ਕਿਤੇ ਨਾ ਕਰ ਤੂੰ!
ਵੀਰਾ ਜੇ ਬਲ ਰਖਾਈਏ ਤਾਂ ਜਾਣ ਤੋਂ ਰਹਾਈਏ।
(ਸਿਰੀ ਨਗਰ, 18-9-26)
ਅਰਦਾਸ
ਹਾਰ ਕੋਸ਼ਿਸ਼ ਗਈ, ਬੈਠੀ ਹਾਰ ਆਸ,
ਬਾਂਹ ਛਾਤੀ ਨਾਲ ਲਾ ਕੇ ਲਾਂ ਸੁਆਸ।
ਸੰਘ ਸੂਕ, ਬੁੱਲ੍ਹ ਸੁੱਕ, ਸੁਕ ਗਈ ਜੀਭ,
ਤੜਪ ਮੇਰੀ ਤੇ ਕਰੀਂ ਸਾਕੀ ਕਿਆਸ'।
ਅਬਰੇ ਰਹਿਮਤਾਂ ਤੇ ਹੈ ਤੱਕਣ ਲਗ ਰਹੀ,
ਮਤ ਕਿਤੇ ਵਸ ਪਏ ਸ਼ਾਂਤੀ ਬੂੰਦ ਖਾਸ।
ਪਾਣੀਆਂ ਵਿਚ ਹਾਂ ਖੜੀ ਪਰ ਪ੍ਯਾਸ ਹੈ,
ਕਿੰਞ ਬੁਝੇ ਪਾਣੀ ਤੋਂ ਸਰਦੀ ਦੀ ਪਿਆਸ?
ਲਬ ਮਿਰੇ ਅਰਦਾਸ ਵਿਚ ਹਨ ਲਗ ਰਹੇ,
ਅੰਮ੍ਰਿਤ ਦੇ ਤੁਪਕੇ ਇੱਕ ਤੇ ਲਗ ਰਹੀ ਆਸ।
ਜੁੜ ਰਹੇ ਹੁਣ ਹੱਥ ਕਰਦੇ ਅੰਜੁਲੀ,
ਚਾਟ ਲਾਕੇ ਸਾਕੀਆ! ਹੁਣ ਕਿਉਂ ਲੁਕਾਸ?
ਰਹਿਮਤ ਸੁਰਾਹੀ ਤੱਠਕੇ ਉਂਡੇਲ ਦੇ
ਲੈ ਲਈਂ ਨੀਂਵੇਂ ਦੀ ਉੱਚੇ ਜੀ ਸ਼ਬਾਸ਼।
ਆਸ ਅਪਣੇ ਆਪ ਤੇ ਹੁਣ ਰਹਿ ਚੁਕੀ
ਆਪ ਹੀ ਘੱਲੇ ਦਰੇਂ ਹੁਣ ਵਾਉ ਰਾਸ।
(ਕਸ਼ਮੀਰ 2-10-26)
–––––––––––––
1. ਖਿਆਲ, ਫਿਕਰ। 2. ਮਿਹਰਾਂ ਦੇ ਬੱਦਲ।
'ਮਾਂਗ ਮੰਗਣ ਮਿਟ ਜਾਇ
ਸੁਹਣਿਆਂ ਦਾ ਸਿਰਤਾਜ ਤੂੰ ਤੂੰ ਖਾਸਾਂ ਦਾ ਖਾਸ
ਮੰਗਤਾਂ ਦਰ ਤੇ ਹੈ ਖੜਾ ਤੋਂ ਖ੍ਵਾਸਾਂ ਦਾ ਖ੍ਵਾਸ।
ਮੰਗਤ ਮੰਗੇ ਮੰਗ ਏ 'ਮਾਂਗ ਮੰਗਣ' ਮਿਟ ਜਾਇ
‘ਮੰਗਣ ਸੰਦੀ ਕੈਦ ਤੋਂ ਹੋਵੇ ਬੰਦ ਖਲਾਸ।
'ਐਪਰ ਤਦ ਤਕ ਮਿਟੇ ਨਾ ਦਰਸ਼ਨ ਸੰਦੀ ਮੰਗ,
'ਜਦ ਤਕ ਪਰਦਾ ਤਣ ਰਿਹਾ ਵਿਚ ਹੈ ਖ਼ਾਸ ਖ਼ਵਾਸ।
'ਪਰ ਡੰਬੀਰੀ ਪੱਤਲਾ ਪਰਦਾ ਐਸਾ ਹੋਇ,
‘ਤੁੱਟੇ ਤੇਰੇ ਤੋੜਿਆਂ ਅਪਣੇ ਹੱਥੀਂ ਖ਼ਾਸ।
(ਕਸੌਲੀ, 28-8-50)
–––––––––––
1. ਚੁਣੇ ਹੋਇਆਂ ਵਿਚੋਂ ਚੁਣਿਆ ਹੋਇਆ।
2 ਯਾਚਕ, ਮੰਗਤਾ।
3 ਦਾਸਾਂ ਦਾ ਦਾਸ।
ਪਾਸ਼ੋ ਪਾਸ਼ ਆਪਾ
ਪਾਸ਼ ਪਾਸ਼ ਇਹ ਹੋ ਰਿਹਾ ਆਪਾ ਪਾਸ਼ੋ ਪਾਸ਼,
ਧੂਲ ਕਰੀਂ ਇਸ ਪੀਸ ਹੁਣ ਤੈਨੂੰ ਸਦ ਸ਼ਾਬਾਸ਼।
ਐਸਾ ਨਿੱਕਾ ਕਰ ਦਈਂ ਉੱਡ ਚੜੇ ਆਕਾਸ,
ਬਦਲਾਂ ਦੀ ਧੋ ਸਹਿ ਸਕੇ ਬਿਜਲੀ ਦਾ ਗੜਕਾਸ਼।
ਸੂਰਜ ਤੇਜ ਸਹਾਰ ਲੈ ਸਹਿ ਲੈ ਗਗਨੀ ਚਾਲ
ਰਹਿਮਤ ਤੇਰੀ ਹਸ ਪਵੇ ਉਸ ਵੇਲੇ ਐ ਕਾਸ਼!
ਸੁਹਣੀ ਸੂਰਤ ਵਾਲਿਆ ਛਪਿਆ ਰਹਿ ਚਹਿ ਨਿੱਤ
ਉਸ ਵੇਲੇ ਹੋ ਜਾਇ ਜੇ ਤੇਰਾ ਪਰਦਾ ਫਾਸ਼।
ਨਗਨ ਸੁੰਦਰਤਾ ਖੇਲਦੀ ਸੁੰਦਰਤਾ ਦੇ ਵਿੱਚ,
ਮਰ ਮਿਟੀਆਂ ਇਨ ਅੱਖੀਆਂ ਦੇ ਦੇਵੇਂ ਇਕ ਚਾਸ਼।
ਨਹਿ ਪਤਾ ਕੀ ਹੋਇ ਤਦ? ਹੋਇ ਜੁ ਹੋਵੇ, ਵਾਹ!
ਮਨ ਚਿਤਵੇ ਨਾ ਕੁਝ ਵੀ ਕੁਈ ਨ ਧਾਰੇ ਆਸ।
ਲੱਗੀ ਸੀ ਅਣਜਾਣਿਆਂ ਤੁਰੀ ਰਹੀ ਅਣਜਾਣਿ,
ਅਨਜਾਣਤ ਪਹੁੰਚੀ ਭਲੀ ਸੁੰਦਰ ਦੇ ਪਰਕਾਸ਼।
(ਕਸੌਲੀ, 15-8-50)
ਲਾਵਾਰਿਸ ਤੋਂ ਵਾਰਿਸ
ਤੂੰ ਡਾਵਾਂ ਡੋਲ ਫਿਰਦਾ ਹੈਂ ਜਿਵੇਂ ਹੁੰਦਾ ਹੈ ਲਾਵਾਰਿਸ,
ਸ਼ਹਿਨ ਸ਼ਾਹੀ ਦਾ ਵਾਰਸ ਸੈਂ ਤੂੰ ਹੋ ਰਹਿਆ ਹੈਂ ਨਾ ਵਾਰਿਸ।
ਪਿਤਾ ਵਲ ਪਿੱਠ ਤੇਰੀ ਹੈ ਤੂੰ ਛਾਯਾ ਆਪਣੀ ਵੇਖੇਂ,
ਹੈ ਛਾਯਾ ਮੱਤਿ ਛਾ ਦਿਤੀ ਬਦਾ ਦਿਤਾ ਹੈ ਲਾ-ਵਾਰਿਸ।
ਏ ਛਾਯਾ ਭੂਤ ਬਣ ਬਣ ਕੇ ਹੈ ਭੈ ਦੇਂਦੀ, ਡੁਲਾਂਦੀ ਹੈ,
ਰੁਲਾ ਦਿੱਤੇ ਨੇ ਸ਼ਾਹਜ਼ਾਦੇ ਇਨ੍ਹੇ ਕਰਕੇ ਹਾਂ ਲਾ-ਵਾਰਿਸ।
ਤਿਰੇ ਵਰਗ੍ਯਾ ਨੇ ਪਿਠ ਦੇ ਦੇ ਬਣਾ ਦਿਤਾ ਹੈ ਬਾਪੂ ਨੂੰ,
ਪੁਤਾਂ ਦੇ ਹੁੰਦਿਆਂ, ਕੋਈ ਜਿਵੇਂ ਹੁੰਦੈ ਬਿਨਾ ਵਾਰਿਸ।
ਅਹੋ ਸੋਭਾਗ ਉਹਨਾਂ ਦੇ ਜਿਨ੍ਹਾਂ ਛਾਯਾ ਨੂੰ ਪਿਠ ਦਿਤੀ,
ਤੇ ਮੂੰਹ ਬਾਪੂ ਦੀ ਵਲ ਰਖਿਆ ਬਣੇ ਉਸ ਦੇ ਓ ਆ ਵਾਰਿਸ।
ਪਿਤਾ ਸਦਾ ਜੀਉਂਦਾ ਸੁਹਣਾ, ਜਿਉਣ ਜੋਗੇ ਓ ਨਾਲ ਹੋ ਗਏ,
ਹਾਂ, ਸਾਂਝੀਵਾਲ ਹੋ ਯੇ ਹਨ ਗਏ ਹਨ ਬਨ ਓ ਆ ਵਾਰਿਸ।
ਪਿਤਾ ਨੂੰ ਸੰਤ ਕਰ ਦਿਤਾ ਇਨ੍ਹਾਂ ਬਰਖ਼ੁਰਦਾਰਾਂ ਨੇ
ਕਰੇਂ ਤੂੰ ਭੀ ਜਿ ਮੂੰਹ ਸਨਮੁਖ ਤੂੰ ਬੀ ਹੋ ਜਾਏਂਗਾ ਵਾਰਿਸ।
(ਕਸੌਲੀ, 24-8-50)
ਚੰਨ ਤੇ ਸ਼ਮਅ
ਲਗੀ ਮਹਿਫ਼ਲ ਸ਼ਮਅ ਬਲਦੀ ਕਿ ਚੰਦ ਆ ਨਿਕਲਿਆ ਅਰਸ਼ੀਂ
ਸ਼ਮਅ ਨੂੰ ਆਖਦਾ ਚੰਨਾ: ਤੇਰੇ ਚਾਨਣ ਤੋਂ ਕੀ ਸਰਸੀ?
ਦੁ ਗਜ਼ ਤੋਂ ਦੂਰ ਚਾਨਣ ਤੈਂ ਨ ਲੋ ਅਪਣੀ ਪਰੇ ਸੱਟੇ
ਉ ਚਾਨਣ ਵੀ ਹੈ ਮੱਧਮ ਰਉ ਰਹੇ ਫ਼ਰਸੀਂ ਨਾ ਆ ਅਰਸ਼ੀਂ।
ਲਗੀ ਕਹਿਣੇ ਸ਼ਮਅ: ਚੰਨਾਂ! ਤੂੰ ਅਰਸ਼ਾਂ ਦਾ ਕਿ ਮੈਂ ਫ਼ਰਸ਼ੀ,
ਨਿਮਾਣੀ ਦੀ ਅਰਜ਼ ਸੁਣ ਲੈ ਕਿ ਸੁਣ ਲੈ ਅਰਜ਼ ਰਬ ਤਰਸੀ।
"ਸਰਸੀ ਨਾ ਕਿ ਸਰਸੀ ਕੁਛ" ਮੈਂ ਜਾਣਾਂ ਹਾਂ ਨ ਇਸ ਗਲ ਨੂੰ
ਮਿਰਾ ਇਕ 'ਸੋਜ' ਦਿਲ ਦਾ ਹੈ `ਗੁਦਾਜ਼' ਅਪਣੇ ਰਹਾਂ ਹਰਸ਼ੀ।
ਇਸੇ ਦਿਲ ਦੀ ਚਿਣਗ ਵਿਚੋਂ ਪੰਘਾਰੇ ਪੈ ਰਹੇ ਮੈਨੂੰ
ਥਰਰ ਕੰਬਦੀ ਰਹਾਂ, ਚੰਨਾਂ! ਭਰੇ ਦਿਲ ਥਰਰ ਥਰ ਥਰਸੀ।
ਥਰਾਂਦੀ ਮੈਂ ਭਰੇ ਅਥਰੂ ਤਕਾਂਦੀ ਰਾਹ ਪ੍ਰੀਤਮ ਦਾ
ਜਿਦ੍ਹੀ ਵੇਖੀ ਨ ਸੂਰਤ ਮੈਂ, ਜਿਦ੍ਹੀ ਕਾਯਾਂ ਨਾ ਮੈਂ ਪਰਸੀ।
ਸਿਕਾਂ ਪ੍ਯਾਰੇ ਦੇ ਮਿਲਨੇ ਨੂੰ ਇਹੋ ਚਿੰਤਾ ਹੈ ਮੈਂ ਕਾਫ਼ੀ,
ਨਾ ਸੱਕਾਂ ਹੋਰ ਚਿੰਤਾ ਚੁਕ: 'ਮਿਰੇ ਚਾਨਣ ਤੋਂ ਕੀਹ ਸਰਸੀ ।
ਫਿਕਰ ਮੈਨੂੰ ਹੈ ਚੰਨਾ ਇਹ ਕਿ ਮੇਰਾ 'ਸੋਜ਼' ਏ ਦਿਲ ਦਾ
ਨਿਭੇਗਾ ਨਾਲ ਮੇਰੇ ਏ ? ਤੇ ਜੀਂਦਿਆਂ ਤਕ ਨਿਭਾ ਕਰਸੀ?
ਮਿਰੇ ਜਲਨੇ ਤੋਂ ਚਾਨਣ ਜੇ ਕਿਸੇ ਨੂੰ ਮਿਲ ਰਿਹਾ ਰੰਚਕ
ਕੁਈ ਖੂਬੀ ਨ ਇਹ ਮੇਰੀ ਸੋ ਦਮ ਮਾਰਨ ਤੋਂ ਮਨ ਡਰਸੀ।
ਕਿਸੇ ਨੂਰੋਂ ਮੁਨੱਵਰ ਹੋ ਤੇ ਦਿਲ ਵਿਚ ਸਰਦ ਮਿਹਰੀ ਲੈ
ਦਿਆਂ ਚਾਨਣ ਜੇ ਲੋਕਾਂ ਨੂੰ ਮੈਂ ਨਿਘ ਹੀਣੀ ਰਹੂੰ ਬਿ-ਰਸੀ।
ਕਦੇ ਵਧਦੀ ਕਦੇ ਘਟਦੀ ਭਟਕਦੀ ਵਿਚ ਸੁੰਨ ਗਗਨਾਂ,
ਰਹਾਂਗੀ ਸੁੰਨ ਸਦਾ ਚੰਨਾ! ਕਿ ਜਿੰਦ ਪਾਲੇ ਪਈ ਠਰਸੀ।
ਕਿਵੇਂ ਮਿਲਸਾਂ ਸੁ ਪ੍ਯਾਰੇ ਨੂੰ, ਜਿ ਨਾ ਮਿਲਿਆ ਤਾਂ ਪੰਘਰ ਏ
ਗੁਆ ਕੇ ਜਿੰਦ ਮੇਰੀ ਏ ਪਤਾ ਨਹੀਂ ਫਿਰ ਕਿਥੇ ਰੁਲਸੀ।
ਇ ਸੁਣਕੇ ਚੰਦ ਦਿਲ ਹਿਲਿਆ
ਕਿ ਝਾਂਈਂ ਫਿਰ ਗਈ ਅੰਦਰ,
ਉ ਝਾਈਂ ਹੁਣ ਤਕਾਂ ਦਿਸਦੀ।
ਚਹੇ ਦੇਖੇ ਕੁਈ ਦਰਸੀ।
(ਕਸੌਲੀ, 13-9-50)
ਨੇਕ ਸਲਾਹ
ਨੇਕ ਸਲਾਹ ਯਾ ਪੁੱਛਨੈ? ਸੁਣ ਲੈ ਨੇਕ ਸਲਾਹ,
'ਸਿਫਤ ਸਲਾਹ' ਹਈ ਸੁਹਣਿਆਂ ? ਸਭ ਤੋਂ ਨੇਕ ਸਲਾਹ।
ਦੁਨੀਆਂ ਦੇ ਵਰਤਾਰਿਆਂ ਅੰਦਰ ਕੀਤੇ ਘਾਉ
ਸਹਸ ਸਿਆਣਪ ਦੇ ਜ਼ਖ਼ਮ ਸਭ ਦਾ ਏਹ ਜਰਾਹ।
ਫਿਕਰਾਂ ਚਿੰਤਾਂ ਆਪਣੇ ਘੁੰਮਣ ਘੇਰੀਆਂ ਦੇਣ
ਗੋਤੇ ਦੇਂਦੇ ਡਰ' ਕਈ ਕੱਢੇ ਏਹ ਮਲਾਹ।
ਸੁੰਦਰ ਬਣਨਾ ਜੇ ਚਹੇਂ ਲਾਇਕ ਉਸ ਮਹਿਬੂਬ
ਆਸ਼ਿਕ ਹੋਕੇ ਤੁੱਧ ਨੂੰ ਲੈ ਲਏ ਵਿਚ ਨਿਕਾਹ।
ਲਗ ਪਉ ਸਿਫਤ ਸਲਾਹ ਨੂੰ ਦਿਲ ਕਰ ਪ੍ਰੀਤਮ ਭੇਟ
ਸੁਹਣੀ ਸੌਖੀ ਡੌਲ ਏ ਹੋਰ ਨ ਕੋਈ ਤਰਾਹ।
(ਕਸੌਲੀ 27-8-50)
ਝਾਂਵਲਾ
ਦੂਰੀ ਹੈ, ਹਨੇਰਾ, ਕੁਛ ਹੋਂਵਦਾ ਨ ਸਹੀ,
ਪੈਂਦੈ ਪਿਆ ਝਾਂਵਲਾ, ਸੋ ਝਾਂਵਲਾ ਹੀ ਸਹੀ।
ਝਾਂਵਲੇ ਨੇ ਅਪਣੇ ਵਲ ਧਿਆਨ ਖਿਚ ਲਿਆ,
ਝਾਂਵਲੇ ਦੇ ਆਸਰੇ ਹੈ ਸੇਧ ਬਝ ਰਹੀ।
ਵਾਜਾਂ ਪਈ ਮਾਰਦੀ ਹਾਂ ਸੇਧ ਆਸਰੇ
ਕੰਨੀਂ ਤੁਸਾਂ ਪਹੁੰਚਦੀ ਏ ਸੱਦ ਨਿੱਕੀ ਜਿਹੀ ?
ਕੂੰਦੇ ਸਹਿੰਦੇ ਹੋ ਨਹੀਂ, ਨ ਬੋਲਦੇ ਦਿਸੋਅ
ਐਪਰ ਕੰਨ ਆਖਦੇ: "ਅਬੋਲਦੇ ਬੀ ਨਹੀਂ।”
ਅਬੋਲ ਬੋਲ ਬੋਲਦੇ ਜਿਉਂ ਤਾਰਿਆਂ ਦੀ ਲੋਅ
ਤਾਰਿਆਂ ਦੀ ਲੋਅ ਕਾਫ਼ੀ ਲੋਅ ਹੈ ਸਹੀ।
ਕੱਚੀ ਤਣੀ ਪ੍ਯਾਰ ਵਾਲੀ ਖਿੱਚੇ ਮਨ ਲਗੀ
ਮੈਥੋਂ ਕਦੇ ਪੁਗੀਵੇਗੀ ਇ ਨਿੱਕੀ 'ਦਿਲ ਚਹੀ'।'
'ਗੀਤ ਮੇਰਾ' ਗੂੰਜ ਹੋਵੇ 'ਤੋਂ ਸੰਗੀਤ' ਦੀ
ਤੇਰੀ 'ਪ੍ਯਾਰ-ਖਿੱਚ' ਮੈਨੂੰ ਖਿੱਚ ਹੈ ਰਹੀ।
ਕੱਚੀ ਤੰਦ ਆਸ ਤੂੰ ਪੁਗਾ ਦੇ ਸਾਂਈਆਂ!
ਤੇਰੀ ਲਾਈ, ਤੇਰੀ ਖਿੱਚੀ ਪੁੱਗੇ ਤੋਂ ਚਹੀ
(ਕਸੌਲੀ 2-9-50)
––––––––––––
1. ਦਿਲ ਨੂੰ ਲਗੀ ਹੋਈ ਚਾਹ।
ਆ ਆ
ਤੇਰੇ ਵਿਛੋੜਿਆਂ ਨੇ ਦਿਲ ਚਾਉ ਖਾ ਲਿਆ ਹੈ
ਆ ਆ ਕਿ ਕੋਲ ਖਿੜਿਆ, ਮੁਰਝਾ ਮਿਰਾ ਗਿਆ ਹੈ।
ਜਿੰਦੇ ਜਿ ਹੁਣ ਬੀ ਆਵੇਂ, ਜਿੰਦੜੀ ਰੁਮਕ ਪਵੇ ਮੁੜ,
ਖੂੰ-ਗੇੜ ਛਿੜ ਪਵੇ ਦਿਲ ਢਿੱਲਾ ਜੋ ਪੈ ਗਿਆ ਹੈ।
ਆ ਆ ਕਿ ਰੂਹ ਉਡਾਰੂ, ਦਰਸ਼ਨ ਤੇਰੇ ਦੇ ਸਦਕੇ
ਠਹਿਰੇ ਕਿ ਕਸਦ ਜਿਸ ਨੇ ਕਰ ਜਾਣ ਦਾ ਲਿਆ ਹੈ।
ਆ ਆ ਤੇ ਤਾਣ ਭਰਦੇ, ਕਰ ਦੇ ਆ ਸਿੱਕ ਪੂਰੀ,
ਆ ਆ ਕਿ ਦੇਖ ਲੇਵਾਂ: ਪ੍ਯਾਰਾ ਹੁਣ ਆ ਗਿਆ ਹੈ।
ਆ ਆ ਕਿ ਰੁਤ ਫਿਰੀ ਹੈ ਪਤ ਪਤ ਪਿਆ ਝੜੇਂਦਾ
ਸ਼ਾਖਾਂ ਤੇ ਕੰਬਣੀ ਹੈ ਬਨ ਸਹਿਮ ਛਾ ਗਿਆ ਹੈ।
ਬੁਲ ਬੁਲ ਹੈ ਰਾਹ ਤਕੇਂਦੀ ਸ਼ਾਖੇ ਹੈ ਸ਼ਾਖ਼ ਫਿਰਦੀ
ਵੇਲਾ ਖਿਜਾਂ ਦਾ ਹੁਣ ਤਾਂ ਆਖਰ ਤੇ ਆ ਗਿਆ ਹੈ।
ਆਖ਼ਰ ਤੇ ਹੈ ਖਿਜਾਂ ਹੁਣ ਆਖ਼ਰ ਤੇ ਜਾਨ ਮੇਰੀ
ਆ ਜਾ ਬਸੰਤ ਆ ਜਾ ਵੇਲਾ ਵਿਹਾ ਰਿਹਾ ਹੈ।
(ਡਿਹਰਾਦੂਨ 28-11-16)
ਇਕ-ਸ੍ਵਰਤਾ
ਜੁ ਤਾਰ ਕਲਗੀ ਦੀ ਹਿਲ ਰਹੀ ਹੈ ਉ ਤਰਬ ਦਿਲ ਦੀ ਕੰਬਾ ਰਹੀ ਹੈ,
ਜੁ ਤਾਰ ਓ ਧੁਨ ਵਜਾ ਰਹੀ ਹੈ ਸੁ ਤਰਬ ਮੇਰੀ ਛਿੜਾ ਰਹੀ ਹੈ।
ਨ ਕਾਰ ਕੋਈ ਨ ਜ਼ੋਰ ਕੋਈ ਹਿਸਾਬ ਕੋਈ ਨ ਗਿਣਨ ਮਿਣਤੀ
ਸੁਰ ਹੋ ਰਹੀ ਹੈ ਤਰਬ ਆਪੇ ਜੁ ਆ ਰਿਹਾ ਹੈ, ਸੁਣਾ ਰਹੀ ਹੈ।
ਜਿ ਨੂਰ ਅਰਸ਼ੀ ਨੇ ਗਿਣੇਂ `ਤੇਰਾ' 'ਤੇਰਾ ਤੇਰਾ' ਦੀ ਧੁਨਿ ਲਗੀ ਹੈ,
'ਮੇਰਾ ਮੇਰਾ' ਦੀ ਧੁਨਿ ਅਰਸ਼ ਤੋਂ ਧਾਈ ਮਿਲਨੇ ਨੂੰ ਆ ਰਹੀ ਹੈ।
ਛਡ ਦੇਹ ਸਾਕੀ! ਨ ਭਰ ਪਿਆਲੇ, ਮੂੰਹ ਨੂੰ ਲਗਾ ਦੇ ਸੁਰਾਹੀ ਸਾਰੀ
ਕਿ ਤਾਰ ਬੱਝੀ ਨਾ ਹੋਇ ਢਿੱਲੀ ਜੁ ਐਸ ਵੇਲੇ ਕਸਾ ਰਹੀ ਹੈ।
ਪੁਚਾ ਦੇ ਬੁਲਬੁਲ ਦੁਆ ਅਸਾਡੀ ਤੂੰ ਬਾਗ਼ ਦੁਨੀਆਂ ਦੇ ਬਾਗਬਾਂ ਨੂੰ
ਮਰਜ਼ੀ ਸਾਡੀ ਉ ਸੁਰ ਵਜਾਵੇ ਰਜਾ ਤੁਸਾਡੀ ਜੁ ਗਾ ਰਹੀ ਹੈ।
(ਗੁਲਮਰਗ ਰਮਤੇ 22-8-28)
ਵਿਖਮਤਾ ਹੇਠ ਸ੍ਵਰਤਾ
ਵਜਾ ਰਹੀ ਹੈ ਜੁ ਸਾਜ਼ ਦੁਨੀਆਂ ਹੈ ਬੇਸੁਰਾ ਤੇ ਬਿਤਾਰ ਸਾਰਾ,
ਉਲਟ ਪਾਸਾ ਦਿਖਾ ਕੇ ਸਾਨੂੰ, ਇ ਸਿੱਧਾ ਪਾਸਾ ਜਣਾ ਰਹੀ ਹੈ।
ਲੜਾਈ ਝਗੜੇ ਫਸਾਦ ਰੌਲੇ, ਹਰਫ ‘ਸੁਲਹ' ਦੀ ਦਲੀਲ ਸਾਰੇ
ਝੜ ਤੇ ਝਖੜ ਹਨ੍ਹੇਰੀ ਝੁਲਦੀ ਲੁਕਾ ਕੇ ਸੂਰਜ ਦਿਖਾ ਰਹੀ ਹੈ।
ਅਡੋਲ ਸਾਗਰ ਗੰਭੀਰ ਹੇਠਾਂ ਲਹਿਰਾਂ ਕੱਪਰ ਤੁਫ਼ਾਨ ਉੱਪਰ,
ਤੁਫ਼ਾਨ ਤਕਿਆਂ ਗੰਭੀਰਤਾਈ ਦਿ ਰਮਜ਼ ਆਪਾ ਬੁਝਾ ਰਹੀ ਹੈ।
ਉ ਪੀਕੇ ਥੋੜੀ ਜੁ ਸ਼ੋਰ ਰੋਲਾ ਨਵੇਂ ਲੱਗੇ ਮਚਾ ਰਹੇ ਹਨ
ਅਪਨੇ ਔਣੇ ਦੀ ਸੋਇ ਮਸਤੀ ਆਪ ਆਪੇ ਘਲਾ ਰਹੀ ਹੈ।
ਜੁ ਮਾਰ ਕਮਚੀ ਦੀ ਪਈ ਰਾਂਝੇ ਉ ਫੂਲ ਛਟੀਆਂ ਵਸਾਲ ਲਾਈਆਂ
ਤਿ ਨੈਣ ਮਿਲਯਾਂ ਹੀ ਰਾਗ ਛਿੜ ਪਏ ਥਰਰ ਸਾਂਝੀ ਥਰਾ ਰਹੀ ਹੈ।
ਸਬਾ ਤੂੰ ਜਾਕੇ ਸਨਮਾਂ ਨੂੰ ਕਹਿਦੇ ਕਿ ਬੇਰੁਖਾਈ ਜੁਦਾਈ ਤੇਰੀ
ਮਿਲਾਪ ਦੀ ਹੈ ਸਦਾਅ ਸੁਹਾਵੀ ਜੁ ਜਰਸ' ਤੇਰੇ ਤੋਂ ਆ ਰਹੀ ਹੈ।
ਹੈ ਤਹਬ ਤੇਰੀ ਨੇ ਬਾਜ਼ ਮੇਰੇ ਇ ਰਮਜ਼ ਪਾਈ ਹੈ ਗੂਝ ਤੇਰੀ
ਕਸਾਕੇ ਸਾਨੂੰ ਛਿੜਾ ਲੈ ਨਾਲੇ ਇ ਦ੍ਵਾਰ ਤੇਰੇ ਵਸਾ ਰਹੀ ਹੈ।
(ਗੁਲਮਰਗ 23-8-28)
–––––––––––
1. ਪ੍ਰੀਤਮੁ। 2. ਆਵਾਜ਼। 3. ਘੜਿਆਲ।
ਸਾਹਿਬ ਰਾਮ ਕੌਰ
(ਗੁਰਬਖ਼ਸ਼ ਸਿੰਘ) ਜੀ ਦਾ ਬਿਰਹਾ
ਉ ਸੂਰਤ ਸੋਹਿਣੀ ਸਾਂਈਆਂ! ਦਿਲੋਂ ਨਹਿ ਦੂਰ ਜਾਂਦੀ ਹੈ
ਜੁ ਦਿਲ ਮੇਰੇ 'ਚ ਵਸਦੀ ਹੈ ਜੁ ਦਿਲ ਮੇਰਾ ਵਸਾਂਦੀ ਹੈ।
ਜੁ ਵਸਦੀ ਜਿੰਦ ਦੇ ਅੰਦਰ ਤਿ ਹੋਈ ਜਿੰਦ ਦੀ ਜਿੰਦੀ
ਉ ਨੈਣਾਂ ਵਿਚ ਹੈ ਵਸਦੀ ਉ ਮੁੰਹਦੀ ਹੈ, ਵਿਲਾਂਦੀ ਹੈ।
ਓ ਚਿਤਵਨ ਨਾਜ ਵਾਲੀ, ਹਾਂ, ਮਿਹਰ ਵਾਲੀ ਨਜ਼ਰ, ਸਾਂਈਆਂ!
ਜੁ ਅੰਦਰ ਜਾਨ ਭਰ ਦੇਂਦੀ, ਉ ਯਾਦ ਆ ਆ ਕੰਬਾਂਦੀ ਹੈ
ਬਚਨ ਦਾ ਨਾਦ ਸੁਹਣੇ ਦਾ ਸਰੂਰਾਂ ਲਾਉਂਦਾ ਸੀ ਜੋ
ਅਜੇ ਓ ਗੂੰਜਦਾ ਕੰਨੀਂ, ਮਗਨ ਹੋ ਜਿੰਦ ਜਾਂਦੀ ਹੈ।
ਸਰੂ ਵਾਙੂ ਉ ਸੁਹਣੇ ਦੀ ਚਮਨ ਵਿਚ ਚਿਹਲ ਕਦਮੀ ਦੀ
ਫਿਰੇ ਤਸਵੀਰ ਨੈਣਾਂ ਵਿਚ ਬਣਾ ਮੂਰਤ ਬਹਾਂਦੀ ਹੈ।
ਸਮੇਂ ਨੇ ਵਿੱਥ ਪਾ ਦਿੱਤੀ ਜ਼ਮਾਨੇ ਦੂਰ ਲ੍ਯਾ ਧਰਿਆ,
ਉਵੇਂ ਪਰ ਚੰਦ ਚਿਹਰੇ ਦੀ ਚਮਕ ਚਿਤ ਨੂੰ ਚੁਰਾਂਦੀ ਹੈ।
ਮੁਹੱਬਤ ਸੁਹਣਿਆਂ! ਤੇਰੀ, ਜੋ ਭਰਦੇ ਹੋ ਰਹੇ ਅੰਦਰ
ਵਿਸਰਦੀ ਓ ਨਹੀ ਤਿਲ ਭਰ ਪਈ ਦਿਲ ਨੂੰ ਥਰਾਂਦੀ ਹੈ।
ਬਿਰਹੁਂ ਵਿਚ ਘੇਰਿਆ ਗਮ ਨੇ, ਸਬਰ ਦੀ ਰਾਸ ਮੁਹਂਦਾ ਏ
ਮੁਹੱਬਤ ਪਰ ਉ ਸੁਹਣੇ ਦੀ ਦਿਨੋ ਦਿਨ ਵਧਦੀ ਜਾਂਦੀ ਹੈ।
ਅਜ਼ਲ ਤੋਂ ਲਗੀਆਂ ਸਹੀਓ! ਅਮਰ ਉਸ ਨਾਲ ਹਨ ਹੁੱਬਾਂ
'ਫ਼ਲਕ' ਦੀ ਚਾਲ ਸ਼ਰਮਿੰਦੀ ਬਥੇਰਾ ਜ਼ੋਰ ਲਾਂਦੀ ਹੈ।
ਨ ਲਗਦੇ ਨੇਹੁ ਆਪੇ ਹਨ ਨ ਲਗਦੇ ਨਾਲ ਜ਼ੋਰਾਂ ਦੇ
ਧੁਰੋਂ ਲਾਂਦਾ ਏ ਲਾਵਣ-ਹਾਰ ਉਹਦੀ ਲਾਈ ਪੁਗਾਂਦੀ ਹੈ।
ਇ ਦਿਲ ਦਿਨ ਰਾਤ ਸੁਹਣੇ ਦੇ ਪਿਆ ਭਉਂਦਾ ਉਦਾਲੇ ਹੈ,
ਇ 'ਘੁੰਮਣ' ਹੈ ਗ਼ਜ਼ਾ ਇਸਦੀ ਇਹੋ ਇਸ ਨੂੰ ਜਿਵਾਂਦੀ ਹੈ।
ਸ਼ੁਦਾਈ ਹੋ ਰਿਹਾ ਹੈ ਦਿਲ, ਦਵਾ ਪਰ ਹੋਰ ਦੇਣੀ ਨਾ,
ਜੋ ਬੀਮਾਰੀ, ਸੋਈ ਦਾਰੂ, ਦਵਾ ਏਹੋ ਸੁਖਾਂਦੀ ਹੈ।
ਜਿਨ੍ਹਾਂ ਨੂੰ ਪ੍ਰੇਮ ਦੀ ਲਟਕਨ ਗਈ ਇਕ ਵਾਰ ਲਗ, ਸਹੀਓ!
ਉਨ੍ਹਾਂ ਨੂੰ ‘ਦਰਦ-ਪ੍ਰੀਤਮ' ਦੀ ਵਿਸਰਨਾ ਭੁੱਲ ਜਾਂਦੀ ਹੈ।
(ਡਿਹਰਾਦੂਨ, ਦਸੰਬਰ 1949)
ਧਾਰਾ ਦਿਲ ਟਿਕੇ ਵਾਲੀ
ਹੇ ਦਿਲ ਟਿਕਿਆ! ਤੂੰ ਗੰਗਾ ਹੈਂ ਤੂੰ ਧਾਰਾ ਅਤਿ ਅਨੂਪਮ ਹੈਂ;
ਹੇ ਧਾਰਾ ਦਿਲ ਟਿਕੇ ਵਾਲੀ! ਤੂੰ ਧਾਰਾ ਅਤਿ ਅਨੂਪਮ ਹੈਂ।
ਹੇ ਸੀਤਲ ਵਹਿ ਰਹੀ ਗੰਗੇ! ਤੇ ਅੰਮ੍ਰਿਤ ਚਲ ਰਹੀ ਧਾਰਾ।
ਤੇਰਾ ਸ੍ਵਰਗੀ ਸਰੂਪਮ ਹੈ, ਤੇਰਾ ਸਰਗੀ ਸਰੂਪਮ ਹੈ।
ਤੂੰ ਵਗਦੀ ਤਾਂ ਨਹੀਂ ਦਿਸਦੀ ਪੈ ਵਗਦੀ ਠੰਢ ਪਾਂਦੀ ਹੈਂ
ਤੇ ਹੋਂਦ ਅਪਨੀ ਲਖਾਂਦੀ ਹੈਂ ਤੂੰ ਰੂਪਮ ਹੈਂ, ਅਰੂਪਮ ਹੈਂ।
ਅਹੋ ਹਨ ਭਾਗ ਸਹੀਓ ਨੀ! ਜੁ ਇਸਨਾਨ੍ਯਾ ਹੈ ਇਸ ਗੰਗੇ
ਤੇ ਚਖਿਆ ਨੀਰ ਜਿਸ ਇਸਦਾ ਉਹ ਰਸ ਭੂਮੀ ਦਾ ਭੂਪਮ ਹੈ।
ਹਾਂ ਵਗਦੀ ਰਹੁ ਸਦਾ ਗੰਗੇ ਸ਼ਨਾਨੰ ਦਾਨ ਦੇਂਦੀ ਰਹੁ
ਤੇ ਪਾਵਨ ਸਭ ਨੂੰ ਕਰਦੀ ਰਹੁ ਕਿ ਤੂੰ ਪਾਵਨ ਸਰੂਪਮ ਹੈਂ।
ਤੇਰੇ ਦਰਸ਼ਨ ਸ਼ਨਾਨੰ ਨੇ ਹੈ ਤਨ ਮਨ ਠਾਰਿਆ ਸਾਰਾ
ਤੇਰੇ ਆਚਮਨ' ਜੀਵਾਇਆ ਸਪਰਸ਼ ਪਾਰਸ ਅਨੂਪਮ ਹੈ।
ਉਤਰਨਾ ਅਰਸ਼ ਤੋਂ ਤੇਰਾ ਤੇ ਦਿਲ ਭੂਮੀ ਤੇ ਵਹਿਣਾ ਜੋ
ਹੇ ਗੰਗੇ! ਹੈ ਅਨੁਪਮ ਏਹ ਅਨੂਪਮ ਹੈ, ਅਨੂਪਮ ਹੈ।
(ਡਿਹਰਾਦੂਨ. 23-3-50)
–––––––––
1. ਪੀਣਾ, ਚੱਖਣਾ।
ਹਾਜ਼ਰ ਤੇ ਹਜ਼ੂਰੀ
ਸ਼ਾਮਾਂ ਤੇ ਹਨੇਰਾ ਅਤੇ ਤਾਰਿਆਂ ਦੀ ਲੋ
ਕਿਨਾਰਿਆਂ ਤੇ ਦੀਵਿਆਂ ਦੀ ਟਿਮ ਟਿਮ ਪਈ ਹੈ।
ਕੂਲੇ ਕੂਲੇ ਪਾਣੀਆਂ ਤੇ ਤਿਲਕੇ ਮੇਰੀ ਨਾਉ
ਕੁਲੇ ਨਾਉ-ਗਦੇਲਿਆਂ ਤੇ ਲੱਗਾ ਮੇਰਾ ਢੋ।
ਕੂਲੀ ਇਕ ਪੁਕਾਰ ਮੇਰੀ ਜ਼ਿੰਦ ਤੋਂ ਉਠੀ
"ਹਜ਼ੂਰੀ ਦਾਨ ਹੋ ਮੈਂ ਹਜ਼ੂਰੀ ਦਾਨ ਹੈ।"
ਕੁਲੀ ਇਕ ਵਾਜ ਮੇਰੇ ਕੰਨੀ ਆ ਪਈ:-
ਹਾਜ਼ਰ ਰਹੋ, ਹਰਦਮ ਹਾਜ਼ਰ ਰਹੋ।
ਮਿੱਠੀ ਓਸ 'ਵਾਜ ਦਾ ਮੈਂ ਪੱਲਾ ਫੜ ਲਿਆ
ਪੁੱਛੇ ‘ਤਾਣ ਹੀਨ ਕਿੰਝ ਹਾਜ਼ਰ ਰਹੇ?'
"ਮੈਂ ਤਾਂ ਅਜ ਤਾਂਈਂ ਸੀਗਾ ਏਹੋ ਵੇਖਿਆ
"ਹਜ਼ੂਰੀ ਜਦੋਂ ਆਵੇ ਜਿੰਦ ਹਾਜ਼ਰ ਰਹੇ।
"ਹਾਜ਼ਰ ਰਹਾਵੇ ਉਹ ਹਜ਼ੂਰੀ ਜਦੋਂ ਆਵੇ
"ਹੋਵਾਂ ਸੁੱਤਾ ਜਾਗਦਾ ਚਹਿ ਬੈਠਾ ਯਾ ਖਲੋ।
“ਕੁੱਛੜ ਹੋਵਾਂ ਗਾਫ਼ਲੀ ਕਿ ਗੋਦੀ ਭੁੱਲ ਵਿਚ
"ਹਜ਼ੂਰੀ ਕਰੇ ਹਾਜ਼ਰ, ਆਖੇ ਹਾਜ਼ਰ ਰਹੋ।
"ਪਹਿਲੇ ਆ ਹਜ਼ੂਰੀ ਨੇ ਦਿਵਾਈ ਹਾਜ਼ਰੀ,
"ਮੇਰੇ ਪਾਸ ਹਾਜ਼ਰੀ ਨ ਹੈਸੀ, ਹੈ, ਨ ਹੋ।
"ਨਿਤਾਣਿਆਂ ਨੂੰ ਤਾਣ ਏ ਹਜ਼ੂਰੀ ਲਾਂਵਦੀ,
"ਹਜ਼ੂਰੀ ਅਸਾਂ ਦਾਨ ਹੋ ਹਜ਼ੂਰੀ ਦਾਨ ਹੈ।"
ਆਵਾਜ਼ ਲੜ ਛੁਡਾਵੇ ਆਖੇ: ਹਾਜ਼ਰ ਰਹੋ'
ਮੇਰੀ ਏਹੋ ਕੂਕ ਕਿ "ਹਜ਼ੂਰੀ ਦਾਨ ਹੈ।”
ਆਵਾਜ਼ ਕਹੇ: "ਛੱਡ ਮੈਨੂੰ, ਹਾਜ਼ਰ ਰਹੋ"
ਮੈਥੋਂ ਲੜ ਨ ਛੁਟੇ ਕਿ "ਹਜ਼ੂਰੀ ਦਾਨ ਹੋ।"
ਆਖਾਂ: "ਫੜੀ ਰਖੀਂ ਤੇ ਹਜੂਰੀ ਦਾਨ ਦੇ
"ਹਜੂਰੀ ਦਿਓ ਦਾਤ ਤੇ ਹਜ਼ੂਰੀ ਦਾਨ ਹੈ।”
ਆਵਾਜ਼ ਕੰਨੀਂ ਗੂੰਜਦੀ ਹੈ "ਹਾਜ਼ਰ ਰਹੋ”
ਜਿੰਦ ਹੈ ਕੁਕੇਂਦੀ ਕਿ "ਹਜ਼ੂਰੀ ਦਾਨ ਹੈ।"
(ਕਸ਼ਮੀਰ 4-10-26)
ਨੇਹੁਂ ਅਵੱਲਾ
ਤੂੰ ਸਾਊ, ਸਾਊਆਂ ਦਾ ਸਾਊ ਅਸੀਂ ਚਾਕਾਂ ਦੇ ਚਾਕ,
ਅਸੀਂ ਮੈਲੇ ਅਸੀਂ ਮੈਲੇ, ਸਾਈਆਂ! ਤੂੰ ਪਾਕਾਂ ਦਾ ਪਾਕ।
ਨੇਹੁਂ ਅਵੱਲਾ ਨਾਲ ਤੁਸਾਂ ਦੇ ਪਰ ਲਗ ਗਯਾ ਜ਼ੋਰੋ ਜ਼ੋਰੀ,
ਪੁੱਛ ਨ ਲਾਯਾ ਕਿਸਿ ਮਾਣੇ ਤੋਂ ਕਿਸੇ ਨ ਪਾਈ ਠਾਕ।
ਲਗ ਗਈਆਂ ਹੁਣ ਲੋਕੀ ਰੋਕੇ ਰੋਕਣ ਮਾਪੇ ਸਾਕ,
ਸਤੀ ਦੁਆਲੇ ਬਲ ਉਠੀ ਤੇ ਬਣੇ ਕਿ ਮਾਰਿਆਂ ਹਾਕ।
'ਇਸ਼ਕ ਅੱਗ ਦੀ' ਬਲੀ ਨ ਬੁਝਦੀ ਮੁਕਦੀ ਕਰਕੇ ਖ਼ਾਕ,
ਖੂਹ ਗਿਰਿਆ ਕੋਈ ਨਿਕਲ ਨ ਸੱਕੇ ਨਿਰੀ ਮਾਰਿਆਂ ਝਾਕ।
ਲੱਗੀ ਹੁਣ ਤਾਂ ਹੁੱਲ ਖਲੋਤੀ ਜਗ ਵਿਚ ਪੈ ਗਈ ਧਾਕ,
ਤੇਰੀ ਤੇਰੀ ਆਖਣ ਲੋਕੀ ਸਭ ਸੱਜਣ ਤੇ ਸਾਕ।
ਸ਼ਰਮ ਅਸਾਂ ਦੀ ਸਾਰੀ ਪ੍ਰੀਤਮ ਪੈ ਗਈ ਗਲੇ ਤੁਸਾਂ ਦੇ
ਇਸ ਨੂੰ ਤੂੰਹੋ ਨਿਬਾਹ ਦੇ ਅੱਲਾ ਅੱਲਾ ਮੇਰੇ ਪਾਕ!
(ਡਿਹਰਾਦੂਨ 23-3-50)
ਜਿਤੁ ਸੁਣਿ ਧਰੇ ਪਿਆਰ
ਸਨਮ ਨਹਿਂ ਤੂੰ, ਸਨਮ ਮੈਂ ਹਾਂ, ਅਜ਼ਲ ਤੋਂ ਤੂੰ ਹੀ ਸੈਂ ਆਸ਼ਿਕ,
ਜਿਵੇਂ ਬੁਤ-ਪੂਜ ਘੜ ਪੱਥਰ ਉਸੇ ਤੇ ਫੇਰ ਹੈ ਆਸ਼ਿਕ
ਅਦਮ ਦੇ ਕ੍ਰਖਤ ਪੱਥਰ ਤੋਂ ਤੂੰ ਘੜਿਆ ਆਪ ਸੀ ਮੈਨੂੰ
ਜਿ ਘੜਿਆ ਆਪ ਸੀ ਮੈਨੂੰ ਤਾਂ ਪਹਿਲੋਂ ਤੂੰ ਹੀ ਸੈਂ ਆਸ਼ਿਕ।
ਕਿ ਕ੍ਰਮਤ ਹੋਰ ਹੈ ਤੇਰੀ ਜੁ ਮੈਂ ਪੱਥਰ ਦੀ ਮੂਰਤ ਵਿਚ
ਤੂੰ ਭਰ ਦਿੱਤੀ ਹੈ ਜਿੰਦ ਕੋਈ, ਬਫਾਵੇ ਹੈ ਜੁ: 'ਮੈਂ ਆਸ਼ਿਕ।”
ਜਿਵੇਂ ਪਾਈ ਹੈ ਜਿੰਦ ਮੈਂ ਵਿਚ ਤਿਵੇਂ ਲਾ ਦੇ ਹੁਸਨ ਮੈਨੂੰ
ਕਿ ਆਸ਼ਿਕ ਹੋਕੇ ਤੂੰ ਮੈਂ ਤੇ ਪਿਆ ਆਖੇਂ: "ਹਾਂ ਮੈਂ ਆਸਿਕ।”
ਸੁਣੀ ਹੈ: ਬੁਤ ਤ੍ਰਾਸ਼ ਇਕ ਨੇ ਹੁ ਆਸ਼ਿਕ ਮੰਗ ਏ ਕੀਤ੍ਰੀ
'ਪਵੇ ਜਿੰਦ ਏਸ ਵਿਚ ਆਕੇ, ਕਿ ਹਾਂ ਇਸ ਬੁਤ ਤੇ ਮੈਂ ਆਸ਼ਿਕ।
ਤੂੰਹੋਂ ਪਾਈ ਸੀ ਜਿੰਦ ਉਸ ਵਿਚ, ਤਿਵੇਂ ਪਾ ਖੂਬੀਆਂ ਮੈਂ ਵਿਚ
'ਸਨਮ ਲਾਯਕ' ਬਣਾਂ ਤੇਰਾ ਕਹੇਂ ਤੂੰ: ਹਾਂ ਕਿ ਮੈਂ ਆਸ਼ਿਕ
'ਸਨਮ ਤੈਨੂੰ ਨ ਆਖਾਂ ਮੈਂ ਕਰਾਂ ਨ ਮੈਂ ਏ ਗੁਸਤਾਖੀ,
ਬਣਾ ਮੈਨੂੰ 'ਸਨਮ' ਅਪਣਾ ਕਿ ਅਜ਼ਲਾਂ ਤੋਂ ਤੂੰ ਹੈ ਆਸ਼ਿਕ।
ਅਸੀਂ ਚਾਹੋ ਨ ਬਣਦੇ ਹਾਂ ਜੁ ਤੂੰ ਚਾਹੇਂ ਅਸੀਂ ਬਣੀਏਂ,
ਹੈ ਲਜ ਤੈਨੂੰ ਬਣਾਏ ਦੀ ਤੂੰ ਮੈਂ ਆਸ਼ਿਕ, ਤੂੰ ਹੈਂ ਆਸਿਕ
ਜ਼ੁਲਫਾਂ ਲੰਮੀਆਂ ਵਾਲਾ ਗਿਆ ਇਕ ਰਾਜ਼ ਦੱਸ ਸਾਨੂੰ
ਹੁਸਨ ਪਾਲੋ, ਹੁਸਨ ਧਾਰੋ, ਨ ਦਮ ਮਾਰੇ ਕਿ 'ਮੈਂ ਆਸ਼ਿਕ।
ਉ ਧਾਰੇ ਖੂਬੀਆਂ ਖੁਦ ਵਿਚ ਕਿ ਆਸ਼ਿਕ ਨੂੰ ਜੁ ਮੁਹ ਲੇਵਣ
ਉ ਆਪੇ ਆਖਸੀ: “ਤੂੰ ਹੈਂ ਸਨਮ ਮੇਰਾ ਤੇ ਮੈਂ ਆਸ਼ਿਕ।”
(ਕਸੌਲੀ 1-9-50)
ਹੱਕ
ਸਭ ਕੁਈ ਹੱਕ ਪਛਾਣਦਾ ਅਪਣਾ ਅਪਣਾ ਹੱਕ,
'ਪਰ ਦਾ ਹੱਕ' ਪਛਾਣਦਾ ਵਿਰਲਾ ‘ਬੰਦਾ-ਹੱਕ'।
ਇਸ ਅਨ ਸ੍ਯਾਣੂ ਰਵਸ਼ ਤੋਂ ਦੁਨੀ ਸੁਹਾਵਾ ਬਾਗ਼
ਬਨ ਦੁੱਖਾਂ ਦਾ ਬਣ ਗਿਆ ਕਉੜੱਤਨ ਲਾਹੱਕ।
ਫ਼ਰਜ਼ ਪਛਾਣੇ ਆਪਣਾ ਅਪਣੇ ਹੱਕ ਦੇ ਨਾਲ
ਅਪਣਾ ਫ਼ਰਜ਼ ਪਛਾਣਕੇ ਫੇਰ ਪਛਾਣੇ ਹੱਕ।
ਧੱਕਾ ਧੋੜਾ ਨਾ ਕਰੇ ਸਭ ਦਾ ਚਿਤਵੇ ਸੁੱਖ
ਦੁੱਖ ਨ ਦੇਣਾ ਕਿਸੇ ਜੀਅ ਕਰਨਾ ਨਾ 'ਨਾ-ਹੱਕ'।
ਇਕ ਤੁਲਨਾ ਜਗ ਵਰਤਸੀ ਜਿਸ ਦਾ ਸਿੱਟਾ ਸੁੱਖ
ਸਭ ਦੇ ਹਿੱਸੇ ਆਵਸੀ ਸਭ ਨੂੰ ਪਹੁੰਚੇ ਹੱਕ।
(ਕਸੌਲੀ 17-8-50)
ਹੱਕ-ਸੱਚ
'ਸੱਚ' ਅਸੀਂ ਜਿਸ ਆਖੀਏ ਅਰਬੀ ਕਹਿੰਦੇ 'ਹੱਕ'
'ਸੱਚਾ' ਜਿਸ ਨੂੰ ਆਖੀਏ ਉਸ ਬੀ ਆਖਣ ਹੱਕ।
ਸਚ ਵਰਤੋ, ਸਚ ਮਨੇ ਵਿਚ ਪੂਜਾ ਸੱਚ ਕਰੇਉ,
ਫਿਰ ਉਸ ਸੱਤਿ ਸਰੂਪ ਨੂੰ ਪਹੁੰਚ ਪਵੋ ਬਰ ਹੱਕ।
'ਸੱਚ' ਜਗਤ ਦੀ ਆਦਿ ਹੈ ਅੰਤ ਟਿਕਾਣਾ 'ਸੱਚ',
ਅਜ਼ਲ ਅਮਰ ਇਹ ਸੱਚ ਹੈ ਇਹ ਨਿਸਚੇ ਕਰ ਹੱਕ।
ਸਚੋਂ ਜਾਣਾਂ ਦੂਰ ਜੋ, ਵਰਤੋਂ ਕੂੜ ਕਰੰਨ,
ਵਿਛੁੜਨ ਹੈ ਉਸ ਹੱਕ ਤੋਂ ਜੋ ਹੈ ਹੱਕ ਪਰ ਹੱਕ।
ਹੱਕ ਫਰਜ਼ ਵਲ ਯਾਣ ਟੁਰ ਹਕ ਸਚ ਵਰਤਣ ਲ੍ਯਾਉ
ਸਤਿ ਸਰੂਪੀ ਹੱਕ ਦੀ ਪੂਜਾ ਕਰ ਬਰ-ਹੱਕ।
(ਕਸੌਲੀ 25-9-50)
ਪਿਰਮ ਰਸ ਜਾਮ
'ਪਿਰਮ ਰਸ ਜਾਮ' ਦੇ ਵਿਚੋਂ ਪਿਲਾ ਦੇ ਘੁੱਟ ਇਕ ਸਾਕੀ!
ਪਿਲਾਦੇ ਘੁੱਟ ਇਕ ਸਾਕੀ। ਪਿਲਾ ਦੇ ਘੁੱਟ ਇਕ ਸਾਕੀ!
ਕਿ ਜਿਸਦੇ ਪੀਤਿਆਂ ਖੁੱਲ੍ਹਦੀ ਹੈ ਗ਼ਫ਼ਲਤ ਦੀ ਗ਼ਸ਼ੀ ਸਾਰੀ
ਤੇ ਖੜਮਸਤੀ ਅਕਲ ਦੀ ਬੀ ਨਸ਼ੇ ਜਿਸ ਜਾਇ ਟਿਕ ਸਾਕੀ!
ਉਮਰ ਗੁਜ਼ਰੀ ਅਕਲ ਦੇ ਬੁੱਤ ਘੜ ਘੜ ਪੂਜਦੇ ਭੰਨਦੇ,
ਤੇਰੇ ਪ੍ਯਾਲੇ ਤੋਂ ਸਦਕੇ! ਏ ਕਿਵੇਂ ਹੁਣ ਜਾਇ ਵਿਕ ਸਾਕੀ!
ਪਿਲਾ ਦੇ ਜਾਮ, ਪੀ ਜਿਸ ਨੂੰ ਏ ਦਿਲ ਹੋ ਜਾਇ ਸਭ ਖ਼ਾਲੀ
ਭਰੇ ਮਹਿਬੂਬ ਦੀ ਦਿਲ ਸਿੱਕ ਬਣਾਵੇ 'ਰੂਪ-ਸਿਕ ਸਾਕੀ!
ਬਲੇਲ ਇਹ ਕੰਨ ਹੈ ਪੈਂਦੀ ਖਿਜ਼ਾਂ ਆਖ਼ਰ ਬਹਾਰਾਂ ਦਾ,
ਰੋਊ ਮਾਲੀ, ਰੋਊ ਬੁਲਬੁਲ, ਖਿਜਾਂ ਦਾ ਦੇਖ ਫਿਕ ਸਾਕੀ!
ਖਿਜ਼ਾਂ ਮੁਹਰੇ ਪਿਲਾ ਪ੍ਰੀਤਮ ਪਿਲਾ ਕੁਈ ਜਾਮ ਛਿਕ ਵਾਲਾ
ਕਿ ਛਿਕਿਆ ਆ ਜਏ ਸੁਹਣਾ ਗਲੇ ਲਾ ਲੈ ਉ ਛਿਕ ਸਾਕੀ।
ਮਿਲੇ ਪ੍ਰੀਤਮ ਖ਼ਿਜ਼ਾਂ ਫਿਰ ਕੀਹ ਖਿਜਾਂ ਤਾਂ ਸਦ-ਬਹਾਰ ਓਹੋ
ਜਦੋਂ ਪ੍ਯਾਰਾ ਮਿਲੇ ਆਕੇ ਤੇ ਲਾਵੇ ਨਾਲ ਹਿਕ ਸਾਕੀ!
(7-11-1938)
ਲਿੱਖਣ
ਸੁਣ ਤੂੰ ਲਿਖਣ ਹਾਰਿਆ ਐਸਾ ਕੁਝ ਨਾ ਲਿੱਖ
ਜਿਸ ਨੂੰ ਪੜ੍ਹਨੇ ਤੇ ਜਗਤਿ ਵਧੇ ਪਾਪ ਅਰ ਦੁੱਖ।
ਲਿਖਣ ਚਾਉ ਜਿ ਉਮਗਿਆ ਅਪਣੇ ਅੰਦਰ ਵੇਖ:
ਹੈ ਓਥੇ ਸੰਦੇਸ਼, ਜੋ ਮੇਟੇ ਮਨ ਦੀ ਧੁੱਖ?
ਜਿਸ ਨੂੰ ਪੜ੍ਹਕੇ ਪੜ੍ਹਨ ਹਾਰ ਪੜ੍ਹਨ ਪਹਿਲਿਓਂ ਹਾਲ
ਨਾਲੋਂ ਉੱਚਾ ਹੋ ਜਏ ਸੁਖ ਵਿਚ, ਭਾਵੇਂ ਦੁੱਖ।
ਦ੍ਰਵ ਜਾਵੇ, ਚਹਿ ਅਕਲ ਵਿਚ ਕੁਛ ਕੁ ਸੁਖੀਆ ਹੋਇ
ਸੁਹਣੇ ਸ੍ਵਾਦੀ ਰੰਗ ਵਿਚ ਪਲਟ ਜਾਸੁ ਕੁਛ ਰੁੱਖ।
ਨੀਵੀਆਂ ਰੁਚੀਆਂ ਜਗਤ ਵਿਚ ਨੀਵੇਂ ਕਰਮ ਸੁਭਾਉ
ਅਗੇ ਫੈਲੇ ਹਨ ਬੜੇ ਕਾਹਿ ਵਧਾਵੇਂ ਲਿੱਖ।
ਇਕ ਦਿਨ ਅੰਮ੍ਰਿਤ ਡੁਹਲਦੀ ਬੋਲ ਪਈ ਮੈਂ ਕਲਮ:
"ਮੈਂ ਜਾਣੂ ਨਹੀਂ ਪਾਪ ਤੋਂ ਅਸਮਤਾਂ ਮੇਰੀ ਰੱਖ।
"ਵਰਤਣ ਮੇਰੀ ਉਹ ਕਰੀਂ ਜਿਸ ਵਿਚ ਪਾਪ ਨ ਲੇਸ਼,
"ਜਗਤ ਜਲੰਦੇ ਦੀ ਮਲ੍ਹਮ ਲਿਖਤ ਬਣੇ, ਸੋ ਲਿੱਖ।
"ਦਿਲ ਦੁਨੀਆਂ ਦੇ ਭੁਜ ਰਹੇ ਹੋ ਰਹੇ ਹੈਨ ਕਬਾਬ,
"ਅੰਮ੍ਰਿਤ ਛੱਟੇ ਲੇਖ ਲਿਖ ਕੁਛ ਦੁਖ ਘਟੇ ਮਨੁੱਖ।
–––––––––
1. ਗੁਨਾਹ ਤੋਂ ਬਚਣਾ, ਨਿਸ਼ਪਾਪਤਾ।
"ਨਹੀਂ ਤੇ ਮੈਨੂੰ ਛੱਡ ਆ ਮੇਰੇ ਜੰਗਲ ਦੇਸ਼
"ਜਿੰਦੜੀ ਮੇਰੀ ਮੋੜ ਦੇਹ ਉਗਲਾਂ ਨਾਂ ਪਈ ਬਿੱਖ।
"ਵਿਚ ਸਰਕੰਡਿਆਂ ਸੁਖੀ ਸਾਂ, ਦੁਖਾਂ ਨ ਕਿਸੇ ਦੁਖਾਉਂ,
"ਝੋਲੇ ਠੰਢੇ ਵਾਉ ਦੇ ਮਾਣ ਰਹੀ ਸਾਂ ਸੁੱਖ।
"ਜੇ ਮੈਨੂੰ ਹਈ ਵਰਤਣਾ ਧਾਰ ਅੱਜ ਲੈ ਨੇਮ
"ਸੁਖ ਦੀ ਧਾਰਾ ਵਹਿ ਚਲੇ ਅਸਮਤਾਂ ਵਾਲੇ ਸੁੱਖ।”
(ਕਸੌਲੀ 27-8-50)
ਯਾਰ ਰੁਖ਼
ਧੂਹ ਕਲੇਜਾ ਲੈ ਗਿਆ ਪਹਿਲੇ ਹੀ ਝਲਕੇ ਯਾਰ-ਰੁਖ਼
ਬੇ ਤਿਆਰੀ ਵਿੱਚ ਸਹੀਓ! ਕਰ ਗਿਆ ਉਹ ਵਾਰ ਰੁਖ਼।
ਦਿਲ ਨ ਅਪਣੇ ਪਾਸ ਹੈ ਜਿਸ ਮੱਤਿ ਸੁਣ ਕੇ ਮੰਨਣੀ,
ਹੁਣ ਨਸੀਹਤ ਵੱਲ ਤੁਸਾਂ ਦੀ ਕਿਞ ਕਰਾਂ ਮੈਂ ਪ੍ਯਾਰ ਰੁਖ਼ ?
ਦਿਲ ਜੁ ਸੀ ਜ਼ਖ਼ਮੀ ਹੁਯਾ ਉਹ ਤਾਂ ਹੁਣ ਹੈ ਪਾਸ ਯਾਰ,
ਕੀਹ ਕਰੇਗਾ ਵੈਦ ਦਾ ਹੁਣ ਆਣਕੇ ਹੁਸ਼ਿਆਰ ਰੁਖ।
ਵਾਪਸ ਲਿਆਵਣ ਦਿਲ ਮਿਰਾ ਗਈਓ ਤੁਸੀਂ ਜੇ ਪਾਸ ਯਾਰ,
ਖੱਸ ਲਏਗਾ ਦਿਲ ਤੁਸਾਂ ਦਾ ਓਸਦਾ ਠਗ-ਹਾਰ ਰੁਖ਼।
'ਚੁੰਬਕੀ-ਗ੍ਰਸੀ' ਨੂੰ ਸੁਣ ਸਖੀ! ਜੋ ਜੋ ਛੁਡਾਵਣ ਲੱਗਸੀ
ਆਪ ਗ੍ਰਸਿਆ ਜਾਵਸੀ ਐਸਾ ਹੈ ਓ ਖਿਚਦਾਰ ਰੁਖ਼।
ਵੱਸ ਜਿਦ੍ਹੇ ਮਨ ਜਾ ਪਿਆ ਤਨ ਪਾਸ ਉਸ ਦੇ ਲੈ ਚਲੇ
ਕਰ ਦਿਓ ਹੁਣ ਨਜ਼ਰ ਸਾਰੀ, ਨਜ਼ਰ ਉਸ ਦੀਦਾਰ-ਰੁਖ਼।
ਚੀਰਦੀ ਪਰਬਤ ਤੁਰੀ ਰੁਕਦੀ ਨਦੀ ਨਹੀਂ ਰੋਕਿਆਂ
ਧੀਰਸਾਂ ਓਦੋਂ ਹੀ ਜਦ ਜਾ ਦੇਖਸਾਂ ਦਿਲਦਾਰ ਰੁਖ।
(ਅੰਮ੍ਰਿਤਸਰ 18-2-42)
––––––––––
1. ਚਿਹਰਾ, ਮੁਖੜਾ।
ਸੁਹਜ ਦੀ ਤਸਵੀਰ
ਕੇਸ਼ ਖਿਲਰੇ ਅਤਰ ਭਿੰਨੇ ਚੰਦ ਮੁਖ ਤੇ ਇਉਂ ਸਖੀ,
ਚੰਦਨ ਸਹਾਵੇ ਤੇ ਫਿਰਨ ਕੁਈ ਨਾਗ ਬੱਚੇ ਜਿਉਂ ਸਖੀ!
ਦੂਰੋਂ ਹੀ ਜਾਦੂ ਪਾ ਰਹੇ ਹਿੱਲਣ ਨ ਦੇਂਦੇ ਤਕਦਿਆਂ
ਚੰਦ ਮੁਖ ਪਰ ਨਾਲ ਹੀ ਅੰਮ੍ਰਿਤ ਵਸਾਵੇ ਕਿਉਂ ਸਖੀ?
ਨੈਣ ਮਸਤੇ ਲਾਲ ਦੇ ਹਨ ਜਿਉਂ ਕਟੋਰੀ ਮਦ ਭਰੀ,
ਦੂਰੋਂ ਹੀ ਉਹ ਬੀ ਕਰ ਰਹੇ ਮਖਮੂਰ ਗ਼ਮਜ਼ੇ ਸਿਉਂ ਸਖੀ!
ਮੁਸਕਰਾਹਟ ਲਬਾਂ ਦੀ ਹੈ ਧਹ ਕਲੇਜੇ ਪਾਂਵਦੀ
ਥਰਰ ਕਰਦੀ ਬਿਜਲੀ ਜਿਉਂ ਅਰਸ਼ਾਂ ਤੇ ਜਾਇ ਖਿਉਂ ਸਖੀ!
ਵਚਨਾਂ ਦੇ ਉਸਦਾ ਨਾਦ ਜੋ ਸੰਗੀਤ ਵਾਙੂ ਲਹਿਰਦਾ
ਸੁਣਦਿਆਂ ਮਸਤਾਂਵਦਾ ਹੈ ਬੀਨ ਵਜਦੀ ਜਿਉਂ ਸਖੀ।
ਹਾਂ, ਲਗ ਗਿਆ ਹੈ ਨੇਹੁੰ ਮੈਂ ਉਸ ਅਰਸ਼ ਦੇ ਮਹਿਬੂਬ ਦਾ
ਜਾਨ ਦਿਲ ਉਸ ਪ੍ਯਾਰ ਵਿਚ ਹਰ ਛਿਨ ਰਿਹਾ ਹੈ ਨਿਉਂ ਸਖੀ।
ਹਾਂ ਲਹਿਰ ਸਾਗਰ ਹਰ ਛਿਨੇ ਜਿਉਂ ਉੱਛਲੇ ਮੁੜ ਮੁੜ ਚੜ੍ਹੇ
ਹੈ ਜਾਇ ਵਧਦਾ ਹਰ ਪਲੇ ਉਸ ਹੁਸਨ ਉੱਮਲ ਤਿਉਂ ਸਖੀ।
ਉਸ ਸੁਹਜ ਦੀ ਤਸਵੀਰ ਅੱਗੇ ਜਾਨੋ ਦਿਲ ਨਾਚੀਜ਼ ਦਾ
ਹੈ ਨਿਉਂ ਗਿਆ ਹਾਂ, ਨਿਉਂ ਗਿਆ ਤੇ ਹਰ ਛਿਨੇ ਰਿਹਾ ਨਿਉਂ ਸਖੀ।
(ਬੰਬਈ 2-3-50)
ਸੁਹਾਵਾ ਬਾਗ਼
ਫਿਰ ਰਹੀ ਖ਼ੁਸ਼ਬੂ ਚੁਤਰਫੀ ਕਰ ਮੁਅੱਤਰ ਦਿਲ ਦਿਮਾਗ਼,
ਵੇਖੋ ਕਿ ਟੁਰਕੇ ਆ ਗਿਆ ਅਜ ਮਹਿਕ ਵਾਲਾ ਆਪ ਬਾਗ਼।
ਪੈਲਾਂ ਹੈ ਪਾਂਦਾ ਮੋਰ ਹੁਣ ਬੁਲਬੁਲ ਬੀ ਗਾਂਦੀ ਆ ਗਈ,
ਪੀਪੀ ਪਪੀਹਾ ਕਰ ਰਿਹਾ ਚਾਤ੍ਰਿਕ ਹੁਇਆ ਹੈ ਬਾਗ਼ ਬਾਗ਼।
ਕਰਦੇ ਚਕੋਰ ਹਨ ਨਾਚ ਹੁਣ ਚਕਵੀ ਹੈ 'ਆ ਆ' ਕਰ ਰਹੀ;
ਇਸ ਬਾਗ਼ ਨੇ ਅਜ ਕੋਇਲਾਂ ਦੇ ਧੋ ਦਏ ਬਿਰਹੋਂ ਦੇ ਦਾਗ਼।
ਬਿਜੜੇ, ਚਮੂਣੇ, ਸੁਰਖ਼, ਚਿੜੀਆਂ ਕਰ ਰਹੇ ਹਨ ਚਹਿ-ਚਹੇ,
ਕਾਵਾਂ ਦੇ ਕਾਲੇ ਦਿਲ ਸਖੀ ਹੋ ਗਏ ਹਨ ਚਾਨਣ ਚਰਾਗ਼।
ਗੁਟ ਗੁਟ ਗੁਟਾਰਾਂ ਕਰ ਰਹੀਆਂ ਘੁੱਗੀ ਕਰੇ ਟੁਣ ਟੁਣ ਟੁਣਨ
ਕਠਫੁੜਾ, ਚੱਕੀਰਹਾ ਹਨ ਫੁਦਕਦੇ ਮਸਤੇ ਦਿਮਾਗ਼।
ਤੋਤੇ ਤੇ ਮੈਨਾ ਆ ਗਏ ਆਖਣ: ਕਿ ਹੈ ਇਸ ਬਾਗ਼ ਨੇ
ਕਰ ਲ੍ਯਾ ਸੁਹਾਵਾ ਬਾਗ਼ ਉਹ ਜੋ ਅਤਿ ਵਿਸੂਲਾ ਅਤੇ ਬਾਗ਼।
ਕਰ ਦੂਰ ਗ਼ਮ ਤੂੰ ਬੀ ਦਿਲੋਂ ਲੈ ਛੋਹ ਇਸ ਬੂ ਬਾਸ ਦੀ
ਜਾਚ ਸਿਖ ਸਦ ਖਿੜਨ ਦੀ ਲੈ ਲੈ ਸਦਾ ਸੁਖ ਦਾ ਸੁਰਾਗ਼।
(ਕਸੌਲੀ 17-8-50)
ਅਡੋਲ ਨੁਕਤਾ
ਨ ਕਰ ਬੰਜਰ ਏ ਦਿਲ ਸੁੰਦਰ ਨ ਤਾਵਤ ਲਾ ਵਿਕਾਰਾਂ ਸੰਗ,
ਉਚੇਰੇ ਰੰਗ ਰਹਿਆ ਕਰ ਉਚੇਰੇ ਤੇ ਚੰਗੇਰੇ ਰੰਗ।
ਵਿਕਾਰਾਂ ਤੋਂ ਸਦਾ ਸੰਗੀਂ ਇ ਚੰਗੀ ਹੈ ਸੁਹਾਵੀ 'ਮੰਗ'!
ਕਰੀਂ ਸੱਗ ਤੂੰ ਨਸ਼ਈਆਂ ਦਾ ਜੋ 'ਰਸ ਉੱਚੇ' ਦੇ ਰੱਤੇ ਰੰਗ।
ਕਹੇ ਖਿੜਿਆ ਸੁਹਾਵਾ ਦਿਲ ਰਹੇ ਪਰ ਚਾਉ ਸੰਗਾਂ ਵਿਚ
ਕਦੇ ਦਿਲ ਤੰਗ ਨਾ ਕਰੀਏ ਰਹੇ ਦਿਲ ਖੁਸ਼, ਨ ਹੋਵੇ ਤੰਗ।
ਦੁਛਾਬੇ ਤੱਕੜੀ ਗੱਭੇ ਹੈ ਨੁਕਤਾ ਬੰਦੀ ਇਕੋ ਇੱਕ
ਅਡੇਲ ਓ ਥਾਉਂ ਲਭ ਲੈਣਾ ਰਹੇ ਸਰਵੇ ਤੇ ਖਿੜਵੇਂ ਰੰਗ।
(ਕਸੌਲੀ 31-8-50)
ਗ਼ਾਫ਼ਲੀ ਵਿਚ ਬੀਤੀ ਦਾ ਹਾਵਾ
ਗਿਆ ਟੁਰ ਸੁੱਤਿਆਂ ਮਾਹੀ ਮੈਂ ਡਿਠਾ ਭੋਰ ਜਦ ਜਾਗੀ,
ਹਾਏ ਗਫ਼ਲਤ ਦੀ ਨੀਂਦੇ ਨੀ, ਮਿਰੀ ਅੱਖ ਘੇਰ ਕਿਉਂ ਲਾਗੀ?
ਉਕਾਈ ਹੋ ਗਈ ਕੋਈ, ਕੋਈ ਗਲ ਨਾ-ਸੁਖਾਵੀਂ ਯਾ
ਨਿਕਲ ਮੂੰਹੋਂ ਗਈ ਮੇਰੇ, ਜੁ ਚੰਗੀ ਓਸ ਨਾ ਲਾਗੀ।
ਘਰੀਂ ਆਇਆਂ ਪਰੀਤਮ ਦੇ ਏ ਸਉਂ ਜਾਣਾ ਅਵੱਲਾ ਏ,
ਰਹੀ, ਹਾਜ਼ਰ ਨ ਕਿਉਂ ਹਾਏ! ਕਿਉਂ ਜਾਗੇ ਰਾਤ ਨਾ ਝਾਗੀ।
ਜੇ ਹੁੰਦੀ ਜਾਗਦੀ, ਮਾਹੀ! ਤੁਰਨ ਦੇਂਦੀ ਨ ਤੈਨੂੰ ਮੈਂ
ਕਦਮ ਤੇਰੇ 'ਚ ਲਿਟ ਜਾਂਦੀ ਲਿਪਟ ਜਾਂਦੀ ਤੇਰੇ ਪਾਗੀਂ।
ਹਾਏ ਜ਼ਾਲਮ ਬਿਰਹੇ! ਤੈਨੂੰ ਤੂੰ ਸੁਤਿਆਂ ਦੇਖ ਕੇ ਮੈਨੂੰ
ਨਿਤਾਣੀ ਤੇ ਹੈ ਤਕ ਗੋਲੀ ਚੁਪਾਤੇ ਆਣ ਕਿਉਂ ਦਾਗੀ।
ਕਲੇਜੇ ਫੁੱਟ ਜਾ ਮੇਰੇ ਕਿ ਦਿਲ ਮੇਰੇ ਤੂੰ ਖੂੰ ਹੋ ਜਾ,
ਬਣੋ ਅਥ੍ਰੂ ਵਗੋ ਛਮ ਛਮ ਫੁਹਾਰੇ ਜਿਉਂ ਚਲਨ ਬਾਗੀਂ।
ਇਉਂ ਰੋਂਦੀ ਟੁਰ ਪਵਾਂ ਲੱਭਣ, ਮਿਲੇ ਪ੍ਯਾਰਾ ਮਨਾਵਾਂ ਮੈਂ
ਲਿਆਵਾਂ ਮੋੜ ਕੇ ਮਹਿਲੀਂ ਰਹਾਂ ਚਰਨਾਂ ਦੇ ਸੰਗ ਲਾਗੀ।
(ਕਸੌਲੀ 27-8-50)
ਅੰਗ ਅੰਗ ਗਏ ਹੰਘ
ਨੈਣ ਸੁਕੇ ਰੋ ਰੋ ਸਖੀ! ਵਿਲਕ ਵਿਲਕ ਕੇ ਸੰਘ,
ਰਾਤੀਂ ਜਾਗੇ ਕਟਦਿਆਂ ਅੰਗ ਅੰਗ ਗਏ ਹੰਘ।
ਸਾਜਨ ਗਏ ਬਿਦੇਸ ਨੂੰ ਸੁੰਞਾ ਕਰ ਗਏ ਦੇਸ਼
ਸੁੰਞੀ ਸਿਹਜਾ ਰਹਿ ਗਈ ਸੁਝੇ ਰਹੇ ਪਲੰਘ।
ਪੰਛੀ ਉਡ ਉਡ ਜਾ ਮਿਲਨ ਕਦੇ ਜਿ ਵਿਛੁੜ ਜਾਣ
ਸਾਂਈਂ ਦਰ ਤੋਂ ਉਨ੍ਹਾਂ ਨੂੰ ਸੁਹਣੇ ਮਿਲ ਪਏ ਫੰਘ।
ਰਸਤਾ ਮਾਹੀ ਜੇ ਭੁਲੇ ਭੁਲਯਾ ਆ ਜਏ ਦੋਸ਼
ਭੁਲ੍ਯਾ ਵਿਹੜੇ ਆ ਵੜੇ ਅੰਦਰ ਆਵੇ ਲੰਘ।
ਤਾਣ ਭਰੇ ਫਿਰ ਦੇਹਿ ਵਿਚ ਮਨ ਤਨ ਹਰਿਆ ਹੋਇ
ਤਰੋ ਤਾਜ਼ ਹੈ ਜਾਣ ਜੋ ਅੰਗ ਅੰਗ ਰਹੇ ਹੰਘ।
(ਕਸੌਲੀ 28-6-50)
ਆਸੰਙ
ਨ ਦਿਲ ਮੇਰੇ ਰਹੀ ਆਸੰਙੁ ਨ ਮਨ ਮੇਰੇ ਰਹੀ ਆਸੰਙ,
ਵਿਛੋੜੇ ਨਿੱਤ ਜਰ ਹੈ ਰਹੀ ਖਰਦੀ ਸਦਾ ਆਸੰਙ।
ਹੈ ਦਿਲ ਸੁਹਣੇ ਦਾ ਪੰਘਰੇ ਨਾ? ਕਿ ਮੈਨੂੰ ਪ੍ਯਾਰ ਨਾ ਪਾਸੰਙ
ਕਿ ਤੇਲਾਂ ਮੈਂ ਹਾ ਜਿਸ ਤਕੜੀ ਪਿਆ ਵਿਚ ਓਸ ਦੇ ਪਾਸੰਙ।
ਚਹੇ ਹੈ ਕੁੱਝ ਬੀ ਸਹੀਓ ਮਿਰੇ ਤਨ ਮਨ ਨ ਹੈ ਆਸੰਙ
ਸੁੰਞੀ ਆਸੰਙ ਤੋਂ ਹਾਲਤ ਰਹੀ ਆਸੰਝ ਨ ਹੈ ਪਾਸੰਙ।
ਹੁਣ ਆਸੰਝ ਸੁਨ ਹੋ ਗਏ ਹਾਂ ਬਿਰਦ ਅਪਨਾ ਸੰਮ੍ਹਾਲੇ
ਜੀ ਭਰੋ ਆਸੰਙ ਅਪਣੀ ਆ ਨ ਲਾਵੈ ਦੇਰ ਹੁਣ ਪਾਸੰਙ।
(ਕਸੌਲੀ 28-8-50)
ਨਵਾਂ ਪ੍ਰੇਮ ਰਾਜ
ਅਨੀ ਯਾ ਅਨੀ ਆ ਜਾ. ਨਵੀਂ ਦੁਨੀਆਂ ਬਣਾਈਏ ਚਾ।
ਜਿਦ੍ਹੇ ਵਿਚ ਵੰਡ ਮੁਲਕਾਂ ਦੀ ਇਹ ਹੁਣ ਵਾਲੀ ਮਿਟਾਈਏ ਚਾ।
ਇਹ ਬਣਤਰ ਚਾਹੇ ਕੋਈ ਹੈ ਬਣਾਈ ਤੌਖਲੇ ਨੇ ਹੈ,
ਇਦ੍ਹੇ ਵਿਚ ਵੈਰ ਅੰਸੂ ਜੋ ਉਡਾ ਦੇਈਏ, ਉਠਾਈਏ ਚਾ।
ਲਿਆ ਕੇ 'ਪ੍ਰੇਮ ਵੀਣਾ' ਹੁਣ ਕਿ ਹਮਦਰਦੀ ਦੀ ਦਫ ਲੈ ਆ
ਦਰੋ ਦਰ ਫਿਰ ਜਗਤ ਅੰਦਰ ਇ ਰਾਗ ਅਪਨਾ ਸੁਨਾਈਏ ਚਾ।
ਪੈਰੀਬਰ ਪ੍ਰੇਮ ਦੇ ਸਾਨੂੰ 'ਭਲਾ ਸਰਬਤ ਸਿਖਾਯਾ ਸੀ,
'ਭਲਾ ਸਰਬੱਤ ਦਾ ਚਿਤਵ' ਤਿ ਕਰਨੀ ਵਿਚ ਕਮਾਈਏ ਚਾ।
'ਭਲੇ ਸਰਬੱਤ' ਵਿਚ ਤੂੰ ਬੀ ਭਲਾ ਅਪਨਾ ਸਮਝ ਬੰਦੇ।
ਭਲਾ ਤੇਰਾ ਪਿਆ ਹੋਸੀ ਫਿਕਰ ਇਸਦਾ ਮਿਟਾਈਏ ਚਾ।
ਆ ਜੋਗੀ ਬਣ ਕੇ ਫਿਰ ਪਈਏ ਵਜਾਈਏ ਪ੍ਰੇਮ ਦੀ ਵੀਣਾਂ
ਕਿ ਜਗ ਦਾ ਦੁੱਖ ਗੁਆ ਦੇਈਏ ਨਵੀਂ ਦੁਨੀਆਂ ਬਨਾਈਏ ਚਾ।
ਤੂੰ ਪ੍ਰੱਗ੍ਯਾ ਪ੍ਰੇਮ ਵੀਣਾ ਲੈ ਪ੍ਰਗਟ ਹੋ ਜਾ ਤੁਰੰਤੇ ਹੁਣ
ਜਗਤ ਵਿਚ ਰਾਗ ਏ ਗਾਈਏ ਸਭਾ ਵੈਰਾਂ ਉਠਾਈਏ ਚਾ।
(ਕਸੌਲੀ 29-8-50)
––––––––
1. ਬੁਧੀ, ਗਯਾਨ, ਇਕਾਗ੍ਰਤਾ, ਸਰਸ੍ਵਤੀ।
ਅੱਛਾ
ਕਰੇਂ ਅੱਛਾ, ਕਰੇਂ ਅੱਛਾ, ਕਰੇਂ ਜੇ ਕੁਛ ਸਦਾ ਅੱਛਾ,
ਕਹਾਂ ਉਸ ਨੂੰ ਸਦਾ ਅੱਛਾ ਜੁ ਕਰਸੇਂ ਤੂੰ ਖ਼ੁਦਾ ਅੱਛਾ।
ਕਰੇਂ ਅੱਛਾ, ਕਹਾਂ ਅੱਛਾ, ਮੈਂ ਮਨ ਵਿਚ ਬੀ ਮਨਾਂ ਅੱਛਾ,
ਲਗੇ ਅੱਛਾ, ਲੁਆ ਅੱਛਾ ਕੀਆ ਤੇਰਾ ਸਦਾ ਅੱਛਾ।
ਵੰਡੀਏ ਖੈਰ ਦਰ ਤੇਰੇ ਕਹਿਣ ਅਛੇ ਏ ਗਲ ਅੱਛੀ,
ਪਵੇ ਏ ਖੈਰ ਮੈਂ ਝੋਲੀ ਤਿ ਕਰ ਇਸਦੀ ਸਦਾ ਰੱਛਾ।
ਪਏ ਗੁੰਝਲ ਮਨੁੱਖਾਂ ਨੂੰ ਵਲੇਵੇਂ ਦਾਰ ਹੋ ਰਹੇ ਹਨ,
ਜਿਨ੍ਹ ਪਰਖੇ ਉਹੀ ਗੁੱਛਾ, ਉਹੋ ਹੈ ਫੇਣੀਆਂ ਲੱਛਾ।
ਰਜ਼ਾ ਤੇਰੀ ਤੋਂ ਵਿੱਛੁੜਕੇ ਕਿ ਮਰਜ਼ੀ ਰਖ ਰਜਾ ਤੋਂ ਵੱਖ,
ਸੁਰਤ ਨੂੰ ਪੈਣ ਵਲ ਤੇ ਵਲ ਬਣੇ ਏ ਗੁੰਠਲਮਾ ਲੱਛਾ।
ਨਿਕਲ ਜਾਵਣ ਏ ਵਲ ਸਾਰੇ ਤਿਰੀ ਇਕ ਮਿਹਰ ਦਾ ਸਕਦਾ,
ਲਗਾ ਦੇਵੇਂ ਕਸ਼ਸ਼ ਅਪਨੀ ਖਿਚਾ ਦੇਵੇਂ ਖਿਚਾ ਅੱਛਾ।
ਉਲਝ ਮਨ ਦੇ ਸੁਲਝ ਜਾਵਨ ਖੁਲਨ ਗੁੰਝਲ ਖਿੜਨ ਲਛੇ,
ਸਰਲ ਹੋ ਜਾਇ ਮਨ ਸ੍ਵੱਛਾ ਬਨਾ ਮੈਨੂੰ ਖ਼ੁਦਾ ਅੱਛਾ।
ਕਰੇਂ ਅੱਛਾ, ਕਹਾਂ ਅੱਛਾ ਰਹਾਂ ਅੱਛਾ ਇਹ ਕਹਿੰਦਾ ਮੈਂ,
ਲੁਆ ਅੱਛੀ ਰਜ਼ਾ ਅਪਣੀ ਕਿ ਤੂੰ ਹੈਂ ਰਬ ਮਿਰਾ ਅੱਛਾ।
(ਕਸੌਲੀ 29-8-50)
ਨਾ ਸੁਰ ਹੋਇਆ ਸਰੋਦਾ
ਦੁਏ ਹਥ ਖੋਲ੍ਹਕੇ ਦਾਤਾ! ਦਿਵਾਂਦਾ ਜਾ, ਦਿਵਾਂਦਾ ਜਾ,
ਨ ਝੋਲੀ ਵੱਲ ਤਕ ਸਾਡੀ ਤੂੰ ਪਾਂਦਾ, ਖੈਰ ਪਾਂਦਾ ਜਾ।
ਉਲਟ ਆਕਾਸ਼ ਬਨ ਕਾਸਾ ਸਮੁੰਦਰ ਉਲਟ ਪੈ ਜਾ ਵਿਚ,
ਜ਼ਮਾਨਾ ਉਲਟ ਬਨ ਸਾਕੀ ਖਿੜੇ ਮੱਥੇ ਪਿਲਾਂਦਾ ਜਾ।
ਕਿ ਹੈ ਸਿਰ ਪੀੜ ਸਭ ਕੁਛ ਹੀ ਦਵਾ ਤੇ ਦਰਦ ਸਿਰ ਦਰਦੀ,
ਇਕੋ ਦਾਰੂ ਹੈ ‘ਹਮਦਰਦੀ, ਮਿਲੇ, ਲੈ, ਹਈ ਲੁਟਾਂਦਾ ਜਾ।
ਚਿਣਗ ਪ੍ਯਾਰਾਂ ਦੀ ਆ ਡਿੱਗੀ ਜਿ ਦਾਮਨ ਛੁਹ ਗਈ ਤੇਰੇ,
ਸ਼ਮਅ ਵਾਙੂ ਤੂੰ ਹੋ ਰੋਸ਼ਨ ਜਗਾਂਦਾ ਨੂਰ ਲਾਂਦਾ ਜਾ।
ਜੁ ਲਾਲੀ ਆ ਚੜੇ ਬੱਦਲ ਹੁ ਕਾਲੀ ਸ਼ਾਮ ਨੂੰ ਆਖਰ,
ਉਦਾਸੀ ਆ ਫੜੇ ਛੇਕੜ ਜੁ 'ਮੈਂ ਮੈਂ" ਤੂੰ ਬਫਾਂਦਾ ਜਾ।
ਨ "ਮੈਂ" ਏ ਵੇਚ ਸਸਤੇ ਭਾ ਇਹੋ ਨੁਕਤਾ ਖੜੋਣੇ ਦਾ,
ਜਮਾ ਕੇ ਪੈਰ ਇਸ ਉੱਤੇ ਤੂੰ ਘੁੰਮ ਗਗਨਾ ਘੁਮਾਂਦਾ ਜਾ।
ਵਿਛਾਏ ਜਾਲ ਨੀਵੇਂ ਥਾਂ ਉ ਆਪੂੰ ਹੋ ਗਏ ਨੀਵੇਂ,
ਉਡਾਰੀ ਲਾ ਅਰਸ਼ ਦੀ ਤੂੰ ਹੁਮਾ ਉਨਕਾ ਉਡਾਂਦਾ ਜਾ।
ਉ ਕਾਮਲ ਅਰਸ਼ ਦਾ ਨੂਰੀ ਇ ਕੰਨੀ ਪਾ ਰਿਹਾ ਮੇਰੇ,
ਕਿ ਦਾਮਨ ਅਕਲ ਪਾੜੀ ਜਾ ਸੂਈ ਯਾਦਾਂ ਦੀ ਲਾਂਦਾ ਜਾ।
ਰਹੇ ਹਾਜ਼ਰ ਦੁਪੱਟਾ ਬੰਨ੍ਹ ਕਿ ਇਕ ਬਿੰਦ ਚੁੱਖ ਦੀ ਗ਼ਫ਼ਲਤ,
ਦੇ ਨਜ਼ਰਾਂ ਤੋਂ ਵਿਛੋੜੇ ਪਾ ਕਿ ਮੁੜ ਦਰਦਾਂ ਛਿੜਾਂਦਾ ਜਾ।
ਨ ਸੁਰ ਹੋਇਆ ਸਰੋਦਾ ਮੈਂ ਮੈਂ ਕੀਤਾ ਸੁਰ ਬਤੇਰਾ ਸੀ,
ਸੁ ਐਦਾਂ ਹੀ ਵਜਾ, ਐ ਦਿਲ! ਸਮਾ ਵਾਗਾਂ ਤੁੜਾਂਦਾ ਜਾ।
(ਸ਼੍ਰੀ ਨਗਰ 22-9-26)
ਹੱਜ
ਤੈਂ ਬਾਝੋਂ ਮੈਂ ਪ੍ਯਾਰਿਆ! ਜੀਵਣ ਦਾ ਨਹੀਂ ਹੱਜ
ਨਾ ਹਜ ਪਹਿਨਣ ਖਾਣ ਦਾ ਪੀਵਣ ਦਾ ਨਹੀਂ ਹੱਜ।
ਘਰ ਘਰ ਦੁਬਿਧਾ ਪੈ ਰਹੀ ਦੇਸ ਦੇਸ ਵਿਚ ਜੰਗ
ਕੌਮ ਕੌਮ ਵਿਚ ਬੇਸੁਰੀ ਥੀਵਣ ਦਾ ਕੇ ਹੱਜ ?
ਫਰਦ ਫਰਦ ਹਨ ਲੜ ਰਹੇ ਜੀ ਜੀ ਵਿੱਚ ਦਗਾ
ਵੱਸਣ ਇਹਨਾਂ ਵਿਚ ਹੈ ਬਿਨ ਹੱਜ ਹਾਂ ਬੇ-ਹੱਜ।
ਜੇ ਤੂੰ ਪ੍ਰੀਤਮ! ਆਪਣੇ ਸਦਾ ਵਸੇਂ ਮੈਂ ਨਾਲ
ਬੇ ਹੱਜੀ ਵਿਚ ਪ੍ਯਾਰਿਆ! ਅਪਨਾ ਲਾ ਦੇਂ ਹੱਜ।
ਤੇਰੇ ਹਜ ਵਿਚ ਹੱਤਿਆਂ ਵੰਡਦਿਆਂ ਤੇਰਾ ਹੱਜ
ਬੇ ਲੁਤਫੀ ਇਸ ਜਗਤ ਦੀ ਬਹੂੰ ਨ ਕਰੇ ਬੇ-ਹੱਜ।
ਰੰਗ-ਰਤੜੇ ਤੋਂ ਪ੍ਯਾਰ ਦੇ ਸੂਰਜ, ਬੱਦਲ ਵਾਂਗ
ਦੇਣ ਦੇਣ ਵਿਚ ਸਮਝੀਏ ਏ ਹੈ ਅਸਲੀ ਹੱਜ।
ਭਲਾ ਜਿ ਇਸ ਇਨਸਾਨ ਨੂੰ ਇਨਸਾਨੀਅਤ ਜਏ
ਆਇ ਜੀਵਨ ਇਸ ਰਸ ਭਰੇ ਨੂੰ ਖ਼ੁਦ ਨਾ ਕਰੇ ਬਿ-ਹੱਜ।
(ਕਸੌਲੀ 9-9-50)
–––––––––––––
1. ਹਜ਼ (ਹੋ ਜਾਏ) ਪਦ ਅਰਬੀ ਦਾ ਹੈ। ਅਰਥ ਹਨ, ਨਸੀਬ, ਲਾਭ ਆਦਿ ਪਰ ਫ਼ਾਰਸੀ ਵਿਚ ਅਕਸਰ ਖੁਸ਼ੀ, ਮਜ਼ਾ, ਸੁਆਦ ਆਦਿ ਅਰਥਾਂ ਵਿਚ ਵਰਤੀਂਦਾ ਹੈ। ਪੰਜਾਬੀ ਵਿਚ ਇਹੋ ਪਦ 'ਹੱਜ' ਕਰਕੇ ਵਰਤੀਂਦਾ ਹੈ, ਜਿਵੇਂ ਕਹੀਦਾ ਹੈ. ਹੁਣ ਮੇਲੇ ਮੁਸਾਹਬੇ ਜਾਣ ਦਾ ਕੋਈ ਹੱਜ ਨਹੀਂ ਰਹਿ ਗਿਆ। ਇਸ ਕਵਿਤਾ ਵਿਚ ਬੀ ਇਹੋ ਅਰਥ ਵਰਤੇ ਗਏ ਹਨ।
ਹਿਜਰ ਵਿਚ ਰੋਣਾ
ਬੋਲ੍ਯਾ ਹੀ ਸੁਖਾਵੇ ਨਾਂ ਤੋਂ ਬੋਲਿਆਂ ਕੀ ਆਇ ਹੱਜ
ਬੋਲਣਾ ਪਰ ਫਰਜ਼ ਹੈ ਆਏ ਚਹਿ ਨ ਆਇ ਹੱਜ਼।
ਹੁਕਮ ਜੇਕਰ ਕਰੇ ਸੁਹਣਾ: 'ਉਹਲੇ ਹਜ਼ੂਰੀ ਤੋਂ ਰਹੋ,
ਬਿਨ ਰੋਣ ਦੇ ਕਿਸੇ ਗੱਲ ਦਾ ਦੱਸੀਓ ਕੀ ਆਇ ਹੱਜ ?
ਲੋਕ ਕਮਲੇ 'ਰੋਂਦਿਆਂ ਤੱਕ ਹੁੱਜਤਾ ਕੇਈ ਪੜਨ
ਸੂਲ ਪੁਖੀਏ ਨਾ ਜਿਨ੍ਹਾਂ ਨੂੰ ਰੋਣ ਦਾ ਕੀ ਪਾਇ ਹੱਜ਼?
ਤਖ਼ਤ ਦਾ ਜੋ 'ਸੁਆਦ ਮਾਣੇ ਸਾਦ ਸੂਲੀ ਕਿਵ ਲਖੇ?
ਮਨਸੂਰ ਨੂੰ ਚਲ ਪੁੱਛੀਏ: ਸੂਲੀ ਚੜ੍ਯਾਂ ਕੀ ਆਇ ਹੱਜ।
ਯਾ ਪੁੱਛੀਏ ਚਲ ਮਨੀ ਸਿੰਘੇ ਬੰਦਾਂ ਟੁਕਾਣੇ ਦਾ ਮਜ਼ਾ
ਸਿੰਘ ਤਾਰੂ ਪੁੱਛੀਏ ਖੋਪਰ ਛਿਲੇ ਕੀ ਆਇ ਹੱਜ਼ ?
ਨਾ ਸੁਣੇ ਯਾ ਸੁਣ ਲਏ ਓ 'ਅਰਜ਼ਾਂ ਗੁਜ਼ਾਰੀ' ਫ਼ਰਜ਼ ਹੈ।
ਹਿਜਰ ਵਿਚ ਦੁਖ ਰੋਵਣਾ ਉਹ ਰੋਵਣਾ ਹੈ ਲਾਇ ਹੱਜ ?
(ਕਸੌਲੀ 20-8-50)
–––––––––––––
1. ਅਰਬੀ ਦੇ ਪਦ 'ਹੱਜ' ਦੇ ਇਥੇ ਬਹੁਤ ਕਰਕੇ ਸੁਆਦ, ਕਦਰ, ਨਸੀਬ, ਲਾਭ, ਖੁਸ਼ੀ ਆਦਿ ਅਰਥ ਵਰਤੇ ਗਏ ਹਨ।
ਧੰਨ ਕਾਗ਼ਜ਼
ਅਵੇ ਕਾਗ਼ਜ਼! ਅਤੇ ਕਾਗ਼ਜ਼! ਤੂੰ ਅਚਰਜ ਹੈਂ ਅਵੇ ਕਾਗਜ਼!
ਤੂੰ ਸ਼ਾਹਾਂ ਦੇ ਕਰਾਂ ਵਿਚ ਜਾ ਵਡਢਾਇਆ ਜਾਵਨੈ ਕਾਗ਼ਜ਼!
ਤੂੰ ਬੱਚਿਆਂ ਦੀ ਬੀ ਬਣਕੇ ਖੇਲ ਅਕਾਸ਼ੀਂ ਉੱਡਨੈ ਕਾਗਜ਼!
ਤੂੰ ਫਾਨੂਸਾਂ ਦੇ ਦੁਆਲੇ ਹੋ ਅਗਨ ਸਿਉਂ ਖੇਡਨੈ ਕਾਗਜ਼!
ਉਡਾਰੂ ਪ੍ਯਾਲ ਕਵੀਆਂ ਦੇ ਜੋ ਉਡਦੇ ਜਾਣ ਜੰਮਦੇ ਹੀ
ਤੂੰ ਫੜ ਗੋਦੀ ਬਹਾਨਾ ਹੈਂ ਤਿ ਰਖ ਲੈਨਾ ਧਰੇ ਕਾਗ਼ਜ!
ਤੂੰ ਭਗਤੀ ਭਾਵ ਭਗਤਾਂ ਦੇ ਹਾਂ, ਲਿਖ ਲੈਨਾ ਹੈਂ ਸੀਨੇ ਤੇ
ਪੜ੍ਹਾ ਦੇਨੈ ਤੂੰ ਪ੍ਰੇਮੀਆਂ ਨੂੰ ਦਿਲਾਂ ਵਿਚ ਠੰਢ ਦੇਂ ਕਾਗ਼ਜ਼!
ਤੂੰ ਬ੍ਰਹਮ ਨੂੰ ਬੀ ਹੈ ਲਿਖ ਲੈਨੈ ਮਨ ਅਪਨੇ ਵਿਚ ਸਮਾ ਲੈਨੈਂ
ਫਿਰ ਉਸਦਾ ਗ੍ਯਾਨ ਦਸ ਲੋਕਾਂ ਕਰੇਂ ਚਾਨਣ ਅਵੇ ਕਾਗਜ਼
ਮੈਂ ਡਿਠਾ ਨਾ ਕਦੇ ਤੈਨੂੰ ਕਿ ਰੁਲਦਾ ਰੋ ਰਿਹਾ ਹੈ ਤੂੰ
ਕਿ ਢੱਠਾ ਆਸਮਾਨੋ ਜਦ ਨ ਅੱਥਰੁ ਸਨ ਵਗੇ ਕਾਗਜ਼!
ਨ ਡਿੱਠਾ ਹੈ ਕਦੇ ਤੈਨੂੰ ਕਿ ਮੇਜ਼ਾਂ ਤੇ ਚੜ੍ਯਾ ਬੋਕੇਂ
ਯਾ ਹਾਕਮ ਦੇ ਹਥੀਕੇ ਹੋ ਨੇ ਹੈਂਕੜ ਹੀ ਕਰੇਂ ਕਾਗਜ਼!
ਗਿਓਂ ਹੱਥ ਪ੍ਰੀਤਮ ਦੇ ਤੂੰ ਗਿਓਂ ਚੁਮਿਓਂ ਤੇ ਸਿਰ ਧਰਿਓ
ਲਖਾਇਆ ਪਰ ਨ ਆਪਾ ਤੂੰ ਜਰੇਂ ਆਦਰ ਘਨੇ ਕਾਗ਼ਜ਼।
ਨ ਭਗਤਾਂ ਦਾ ਪ੍ਰਿਯ ਬਣ ਕੇ ਬਫਾਇਓਂ ਤੂੰ ਕਦੇ ਕਾਗ਼ਜ਼!
ਨ ਕੁਸਕ੍ਯਾ 'ਅਹੰਬ੍ਰਹਮ' ਚਹਿ ਤੂੰ ਗਿਆਨਾਂ ਦੇ ਲਦੇ ਕਾਗ਼ਜ਼।
ਜਣਾਂਯਾਂ ਆਪਾ ਹੈ ਤੈਨੂੰ ਕਿਸੇ ਨੇ ਨਾਂ ਕਦੇ ਡਿੱਠਾ,
ਤੂੰ ਵਾਹ ਕਾਗਜ਼ ਤੂੰ ਧੰਨ ਕਾਗਜ਼ ਤੂੰ ਧੰਨ ਕਾਗ਼ਜ਼
(ਕਸੌਲੀ 30-8-50)
ਉਡਨ ਜਹਾਜ਼ਾਂ ਦਾ ਸੰਦੇਸ਼
ਉਡਨ ਖਟੋਲੇ ਸੁਣੇ ਸਨ ਹੁਣ ਆ ਗਏ 'ਉਡਨ ਜਹਾਜ਼'
ਰੌਲਾ ਪਾਂਦੇ ਜਾਂਵਦੇ ਓ ਦੇਂਦੇ ਜਾਣ ਅਵਾਜ਼:
ਸਫ਼ਰ ਸੁਖੱਲੇ ਹੋ ਗਏ ਪਰ ਉਮਰਾ ਘਟ ਗਈ ਨਾਲ
ਗਾਫ਼ਲ ਪਿਐਂ ਬਿਹੋਸ਼ ਤੂੰ! ਦੱਸ ਕਿਸ ਨਖ਼ਰੇ ਨਾਜ਼?
ਮੌਤ ਤਣਾਵਾਂ ਹੇਠ ਹੈਂ ਹੋ ਗਾਫਲ। ਸਮਝੋ ਦੂਰ
ਰਹੁ ਤ੍ਯਾਰੀ ਵਿਚ ਹਰ ਛਿਨੇ ਹੁਣ ਚੱਲਣ ਦਾ ਕਰ ਸਾਜ਼।
ਕਾਲ ਜਾਇ ਛਿਨ ਛਿਨ ਕਰੇ ਤੂੰ ਛਿਨ ਛਿਨ ਕਰੀਂ ਸਮ੍ਹਾਲ
'ਅਨੰਤ' ਬਣੇ ਛਿਨ ਛਿਨ ਜੁੜੀ ਸੁਣ! ਗੁੱਝਾ ਹਈ ਏ ਰਾਜ਼।
(ਕਸੌਲੀ 30-8-50)
ਤੇਰੀ ਰਜ਼ਾ
ਤੇਰੀ ਰਜ਼ਾ, ਤੇਰੀ ਰਜ਼ਾ ਮਿਠੀ ਲਗੇ ਤੇਰੀ ਰਜ਼ਾ।
ਮਰਜ਼ੀ ਮਿਰੀ ਸੁਰ ਕਰ ਲਏਂ ਤੂੰ ਨਾਲ ਅਪਣੀ ਦੇ ਰਜ਼ਾ।
ਦੋਵੇਂ ਸੁਰਾਂ ਇਕ ਹੈ ਵਜਨ, ਕੈਸਾ 'ਸੁਰੀਲਾ ਰਾਗ ਹੋ
ਵੈਰਾਗ ਦੀ ਫਿਰ ਲੋੜ ਨਾ ਕ੍ਰਾਮਤ ਕਰੇ ਤੇਰੀ ਰਜਾ।
'ਰਾਗ ਇਹ' ਵੈਰਾਗ ਹੋ ਕੇ ਰਾਗ ਮਿੱਠਾ ਛਿੜ ਪਵੇ
ਵੈਰਾਗ ਕਉੜੱਤਣ ਹਿਰੇ ਮਿੱਠਤ ਭਰੇ ਤੇਰੀ ਰਜਾ।
ਤਾਰੇ ਤਾਂ ਚੜਿਆਂ ਸੂਰਜੇ ਗੁੱਸੇ ਹੁਏ ਤੁਰ ਜਾਂਵਦੇ,
ਚਾਨਣੀ ਸੁਰ ਆਪਣੀ ਵਿਚ ਮੋਲਦੇ ਸੂਰਜ ਰਜ਼ਾ।
ਲੋਅ ਤਾਰਿਆਂ ਵਾਲੜੀ ਵਿਚ ਧੁੱਪ ਦੇ ਮਿਲ ਜਾਂਵਦੀ
ਮਰਜ਼ੀ ਮਿਰੀ ਰਲ ਜਾਇ ਤੀਕੂੰ ਸੁਹਣਿਆਂ ਤੇਰੀ ਰਜ਼ਾ।
ਹੇ ਸੰਗੀਤਕ ਸੁਹਣਿਆਂ! ਸਾਡੇ ਨ ਏ ਪਰ ਵੱਸ ਹੈ
ਸੂਰਜ ਤਰ੍ਹਾਂ ਖੁਦ ਆ ਮਿਲੋ ਮਰਜ਼ੀ ਰਲਾ ਲਓ ਵਿਚ ਰਜ਼ਾ।
ਬੇ ਸੁਰੀ ਸਾਡੀ ਹਟਾਵੋ ਇਕ ਸੁਰੀ ਦੇਵੋ ਲਗਾ
ਮਰਜ਼ੀ ਅਸਾਡੀ ਲੀਨ ਹੋ ਬਾਕੀ ਰਹੇ ਤੇਰੀ ਰਜਾ।
'ਜਲ ਧਰਤੀਓਂ ਜੋ ਭਾਫ ਉਠੇ ਸਮੁੰਦ੍ਰ-ਪਾਫ ਉਸ ਆ ਮਿਲੇ
ਦੋਇ ਮਿਲ ਵਰਖਾ ਕਰੰਨ ਇਉਂ ਮੇਲ ਮਰਜ਼ੀ ਵਿਚ ਰਜ਼ਾ।
(ਕਸੌਲੀ 10-9-50)
ਨ ਖ਼ਾਰਜ ਤੂੰ ਕਰੇਂ ਅਰਜ਼ੀ
ਜਦੋਂ ਕੁਈ ਲੋੜ ਆ ਪੈਂਦੀ ਤਦੋਂ ਲਿਖ ਭੇਜੀਏ ਅਰਜ਼ੀ,
ਕਬੂਲੋ ਯਾ ਕਬੂਲੋ ਨਾ ਤਿਰੀ ਮਰਜ਼ੀ, ਤਿਰੀ ਮਰਜ਼ੀ।
ਗ਼ਰਜ਼ ਲਈ ਅਰਜ਼ ਕਰਨੀ ਜੋ ਬਣਾ ਦੇਵੇ ਇਸ਼ਕ ਫਰਜ਼ੀ
ਜੁ ਕੁਛ ਹੋਵੇ ਸੁ ਹੈ ਤੇਰਾ ਮਿਰੀ ਫਿਰ ਕੀ ਹੈ ਖ਼ੁਦਗਰਜ਼ੀ।
ਭਰਾ ਦਿਓ ਤਾਣ ਅਪਣਾ ਹੁਣ ਜੁ ਲੱਗੀ ਹੈ ਪੁਗਾ ਦੇ ਤੂੰ
ਨ ਅਲਗਰਜ਼ੀ ਕਰਾਂ ਪ੍ਰੀਤਮ ਇਸ਼ਕ ਤੇਰੇ ਮੈਂ ਅਲਗਰਜ਼ੀ।
ਕਿਸੇ ਬੀ ਗ਼ੈਰ ਦਾ ਕੋਈ ਕਿ ਦਿਲ ਮੇਰੇ ਨ ਹੈ ਤਕੀਆ
ਤਿਰੇ ਹਾਂ ਰੂਪ ਦਾ ਮੁੱਠਾ ਤਿਰੇ ਅਹਿਸਾਨ ਦਾ ਕੁਰਜ਼ੀ।
ਤੁਹੀ ਪ੍ਰੀਤਮ ਹੈਂ ਇਕ ਐਸਾ ਲਗਨ ਨਿੱਕੀ ਥੀ ਸ੍ਯਾਣੇ ਤੂੰ
ਲਗਾਵੇਂ ਦੇਰ ਚਹਿ ਭਾਵੇਂ ਨ ਖਾਰਜ ਤੂੰ ਕਰੇਂ ਅਰਜ਼ੀ
(ਕਸੌਲੀ 30-8-50)
ਸ਼ੰਕ੍ਰਾਚਾਰਯ
ਉਚੇਰੇ ਤੋਂ ਉਚੇਰੇ ਆ ਤੁਸੀਂ ਬੈਠੇ ਗੁਸਾਈਂ ਜੀ!
ਸ੍ਰੀ ਨਗਰੋਂ ਬੀ ਚੜ੍ਹ ਉੱਚੇ ਸਮਾਧੀ ਹੈ ਲਗਾਈ ਜੀ!
ਕਰੋ ਖੇਚਲ ਚਲੋ ਹੇਠਾਂ ਤੇ ਤੱਕੋ ਕੌਮ ਅਪਨੀ ਨੂੰ
ਓ ਮਰਦੀ ਹੈ ਕਦੇ ਜਿਹੜੀ ਅਚਾਰਜ ਸੀ ਜਗਾਈ ਜੀ।
ਮੁਕਾਏ ਸੇ ਜੋ ਬੋਧੀ ਓ ਸੋ ਜੀਂਦੇ ਹਨ ਬਦੇਸ਼ਾਂ ਵਿਚ
ਜਿਹਦੀ ਖ਼ਾਤਰ ਮੁਕਾਏ ਸਨ ਉਹਦੇ ਸਿਰ ਮੌਤ ਆਈ ਜੀ।
ਸੁਆਰਥ ਹੱਥ ਵਿਕੇ ਐਸੇ ਨ ਕੁਰਬਾਨੀ ਹੈ ਸਾਂਝੇ ਕੰਮ
ਪਏ ਪਿੰਜਰੇ ਬਟੇਰੇ ਜਿਉਂ ਲੜਨ ਆਪੋ 'ਚ ਭਾਈ- ਜੀ!
ਅਕਲ ਗਿਣਤੀ ਤੇ ਦੌਲਤ ਹੈ ਅਜੇ ਪੱਲੇ ਬਤੇਰੀ ਪਰ
ਵਿਕੋਲਿਤੇ ਜਿਵੇਂ ਮਣਕੇ ਟੁਟੀ ਮਾਲਾ ਦੇ, ਸਾਂਈ ਜੀ।
ਨਿਸ਼ਾਨੇ ਓਤਨੇ ਜਿਤਨੇ ਕਿ ਦੇਖਣਹਾਰ ਨੈਣਾਂ ਹਨ
ਵਖੋ ਵਖ ਸੇਧ ਨੈਣਾਂ ਦੀ ਵਖੇਵੇਂ ਨਜ਼ਰ ਆਈ ਜੀ,
ਕਈ ਵਾਰੀ ਅਣਖ ਸਾਰੀ ਹੈ ਰੁਲ ਚੁੱਕੀ ਜ਼ਮੀਨਾਂ ਵਿਚ
ਹੈ ਗੈਰਤ ਮਿਟ ਚੁਕੀ ਸ਼ੰਕਰ! ਨ ਬਾਕੀ ਆਨ ਰਾਈ ਜੀ।
ਬਣਾਂਦੇ ਹਨ, ਗਿਰਾਂਦੇ ਹਨ ਉਸਾਰਨ ਫੇਰ ਢਾਹ ਸਿੱਟਣ,
ਇਹੋ ਹੀ ਖੇਲ ਸਦੀਆਂ ਤੋਂ ਗਿਰੀ ਇਸ ਕੰਮ ਚਾਈ ਜੀ।
ਸਿਸਕਦੀ ਹੈ ਸਥਰ ਲੱਥੀ ਕੁਰਾੜੀ ਜਿੰਦ ਹੈ ਇਸਦੀ
ਚਲੋ ਹੇਠਾਂ ਹੇ ਸ਼ੰਕਰ ਜੀ! ਦਿਓ ਕੋਈ ਦਵਾਈ ਜੀ।
ਸੁਆਰਥ ਫੱਟ ਚਲ ਸੀਵੋ ਤੇ ਖ਼ੁਦਗਰਜ਼ੀ ਮਲ੍ਹਮ ਲਾਓ,
ਉ ਬੂਟੀ ਘੋਟ ਪ੍ਯਾਰਾਂ ਦੀ ਦਿਓ ਇਸ ਨੂੰ ਪਿਲਾਈ ਜੀ।
ਹਾਂ, ਜੀਂਦੀ ਹੈ ਅਜੇ ਸ਼ੰਕਰ ਜਬਾੜੇ ਮੌਤ ਵਿਚ ਬੈਠੀ
ਜਿ ਕੁਛ ਕਰਨਾ ਤਾਂ ਹੁਣ ਵੇਲਾ ਹੈ ਬਹੁੜਨ ਦਾ ਗੁਸਾਈਂ ਜੀ।
(ਕਸ਼ਮੀਰ 3-10-26)
ਸੁੱਚਾ ਦਿਲ
ਨ ਦਿਲ ਊਣਾ ਕਰੀਂ ਨੀਵਾਂ ਨ ਨਿੱਮੋਝਾਣ ਕਰ ਇੱਝਾ,
ਇ ਦਿਲ ਸੁੱਚਾ ਰਖੀਂ ਉੱਚਾ ਇ ਕਰ ਕਰ ਯਾਦ ਹੈ ਸਿੱਝਾ।
ਹਈ ਸੱਜਨ ਇ ਦਿਲ ਅਪਣਾ ਕਿ ਆਪੇ ਆਪ ਦਾ ਵੈਰੀ,
ਤੁਲਹ ਇਸਨੂੰ ਦਈ ਰੱਖੀਂ ਕਰੀਂ ਸੁ ਯਾਦ ਦਾ ਗਿੱਝਾ।
ਕਦੇ ਪ੍ਰੀਤਮ ਨ ਭੁੱਲ ਬੈਠੀ ਕਿ ਥੰਮ੍ਹੀ ਹੈ ਦਿਲੇ ਦੀ ਓ
ਤੁਲਹ ਹੈ ਯਾਦ ਓਸੇ ਦੀ ਉਚਾ ਦਿਲ ਨੂੰ ਰਖੇ ਰੁੱਝਾ।
ਪਵੇ ਦਿਲ ਪੀੜ ਖ੍ਯਾਲਾਂ ਦੀ ਤਿ ਸੋਚਾਂ ਆ ਕੇ ਪਿੜ ਲਾਵਣ,
ਗੁਆਚੇ ਦਿਲ ਜਿ ਇਹਨਾ ਵਿਚ ਕਠਨਤਾ ਨਾਲ ਫਿਰ ਲੱਝਾ।
ਜਿ ਉਂਗਲ 'ਯਾਦ ਪ੍ਰੀਤਮ ਦੀ ਫੜਾਈ ਏਸ ਨੂੰ ਰੱਖੇਂ
ਕਦੇ ਗੁਆਚੇ ਨ, ਏਦਾਂ ਏ ਸਦਾ ਲੱਝਾ ਸਦਾ ਲੱਝਾ।
ਜੇ ਪ੍ਰੀਤਮ ਯਾਦ ਤੂੰ ਰੱਖੇਂ ਪਵੇਗੀ ਖਿੱਚ ਪ੍ਰੀਤਮ ਨੂੰ
ਉਦ੍ਹੀ ਫਿਰ ਯਾਦ ਅੰਦਰ ਤੂੰ ਰਹੇਂਗਾ ਸੁਹਣਿਆਂ ਸੁੱਝਾ।
ਦੁ ਯਾਦਾਂ ਮਿਲਕੇ ਇਕ ਹੋਵਣ ਨ ਦਿਲ ਫਿਰ ਹੋਇ ਕੱਲਾ ਏ,
ਓ ਵਸਦਾ ਫਿਰ ਰਹੇ ਨਾਲੇ, ਲਖੇਂ, ਪਰ ਓ ਰਹੇ ਗੁੱਝਾ।
(ਕਸੌਲੀ, 30-8-50)
––––––––––––
1. ਸੋੜੀ ਵਾਲਾ।
ਪ੍ਰੇਮ ਖੇਲ
ਕਮਾਵਣ ਪ੍ਰੇਮ ਦੀ ਤੈਨੂੰ ਜਿ ਹੈ ਕੁਛ ਲੋੜ ਸੱਚੀ ਉਞ,
ਕਹੇ ਸਾਅਦੀਂ ਤੋਂ ਪਰਵਾਨੇ ਦੇ ਪਾਸੇ ਸੁਹਦਿਆਂ ਵੰਞ।
"ਖੇਲੇ ਖੇਲ ਪ੍ਯਾਰਾਂ ਦੀ ਨ ਦਸਦਾ ਬੋਲ ਕੇ ਕੁਛ ਬੀ
"ਓ ਕਰਦੇ ਦੱਸਦਾ ਸਖੀਏ! ਕਿ ਖੇਲੋ ਪ੍ਯਾਰ ਨੂੰ ਇਞ।”
ਕਹੇ ਬੁਲਬੁਲ ਨੂੰ ਸਾਅਦੀ "ਤੂੰ ਕਿੱਸੇ ਫੋਲ ਨਾ ਦਿਲ ਦੇ
"ਚੁਪਾਤੇ ਦੇਖ ਪਰਵਾਨਾ ਨੁਛਾਵਰ ਜਿੰਦ ਕਰਦਾ ਕਿੰਞ।”
ਨਹੀਂ ਵਿੰਨ੍ਹੇ ਜੁ ਪ੍ਯਾਰਾਂ ਦਿਲ ਓ ਗਿਣਤੀ ਦੀ ਕਲਾ ਹੋ ਗਏ,
ਪਈ ਪੱਲੇ "ਗਿਣਨ ਗਿਣਤੀ" ਕਿ ਹਿਰਦਾ ਰਹਿ ਗਿਆ ਸੁੰਞ।
(ਕਸੌਲੀ, 28-8-50)
–––––––––––––
ਬੇਖੁਦੀ ਦੀ ਮੌਜ
ਦਿਲਗੀਰੀਆਂ ਨੂੰ ਦੂਰ ਕਰ ਦਿਲ-ਤੰਗੀਆਂ ਨੂੰ ਪਰੇ ਸੁੱਟ,
ਦਿਲ-ਹੈਂਕੜਾਂ ਨਾ ਵੜਨ ਦੇਹ ਦਿਲ-ਝਵੀਂ ਨੂੰ ਤੂੰ ਜੜੋਂ ਪੁੱਟ।
ਘਾਟੇ ਨਫੇ ਦੁਖ ਸੁੱਖ ਆ ਕੇ ਹਨ ਘੇਰਦੇ ਇਨਸਾਨ ਨੂੰ
ਇਨਸਾਨ ਨੇ ਰਹਿਣਾ ਨਹੀਂ ਦੁਖ ਜਾਣਗੇ ਸਭ ਖੁਦ ਨਿਖੁੱਟ।
ਰੰਞਾਣ ਨਾ ਇਸ ਜਿੰਦ ਨੂੰ ਇਸ ਗ੍ਰੀਬ ਨੂੰ ਸੁਖ ਲੈਣ ਦੇਹ
ਏ ਸ੍ਰੀਫ ਤੇਰੀ ਜਿੰਦੜੀ ਇਸ ਨੂੰ ਪਿਆ ਨਾ ਮਾਰ ਕੁੱਟ
ਭਰ ਪ੍ਰੇਮ ਦੇ ਰਸ ਪ੍ਯਾਲਿਓਂ ਨਿੱਕਾ' ਜਿਹਾ ਇਕ ਵਾਰ ਘੁੱਟ,
ਭਰ ਭਰ ਕੇ ਪੀ ਫਿਰ ਸ੍ਵਾਦ ਲਾ ਲਾ ਪੀਂਵਦਾ ਹੋ ਜਾਇ ਗੁੱਟ
ਮਹਿਫਲ ਲਗੇ ਰਸ ਰੰਗ ਦੀ ਦਫ ਚੰਗ ਨਾਲੇ ਪੈ ਵਜਨ
ਭੁਲ ਜਾਇਂ ਟੁਕ ਧੰਦਾਲ ਨੂੰ ਟੁਕ ਬੇਖ਼ੁਦੀ ਦੀ ਮੌਜ ਲੁੱਟ।
ਖੜ੍ਹ ਕੇ ਖੁਦੀ ਦੇ ਕੇਂਦ੍ਰ ਤੇ ਘੁਮ ਜਾ ਦੁਆਲੇ ਬੇਖੁਦੀ,
ਭੁਲ ਜਾਣ ਤਦ ਦਿਲਗੀਰੀਆਂ ਆਪੇ ਹੀ ਜਾਵਣ ਓ ਨਿਖੁੱਟ।
ਸੁਣ ਇਹ ਨਸ਼ਾ ਜੇ ਪੀ ਲਵੇਂ ਮਦਹੋਸ਼ ਦਾ ਮਾਲਕ ਰਹੇ
ਕਮ-ਅਕਲੀਆਂ ਦਿਲ ਤੰਗੀਆਂ ਸਭ ਜਾਣ ਛੂਟ, ਹਾਂ ਜਾਣ ਛੁੱਟ।
ਮਾਲਕ ਬਣੇ ਇਸ ਮੌਜ ਦਾ ਇਸ ਬੇਖ਼ੁਦੀ ਰਸ ਰੰਗ ਦਾ
ਖੁਸ਼ ਅਕਲੀਆਂ ਤੇ ਖੇੜਿਆਂ ਵਿਚ ਹੋਸ਼ ਵਿਚ ਫਿਰ ਰਹੇਂ ਗੁੱਟ
(ਕਸੌਲੀ 29-8-50)
ਉੱਠ ਉੱਠ
ਡਾਚੀ ਦੇ ਗਲ ਸਨ ਟੱਲੀਆਂ ਓ ਬੋਲ ਪਈਆਂ: 'ਉੱਠ ਉੱਠ
ਨਾ ਜਾਗ ਪੁੰਨੂ ਦੀ ਖੁਲ੍ਹੀ ਸੱਸੀ ਨ ਸੁੱਤੀ ਪਈ ਉੱਠ।
ਮਦਹੋਸ਼ੀਆਂ, ਮਦਹੋਸ਼ੀਆਂ, ਹਾਂ, ਵਿਥ ਲੰਮੇਰੀ ਪੈ ਗਈ
ਜਾਗੇ ਤੇ ਕੁੱਸਣ ਲਗ ਪਏ ਤੜਫਨ ਦੁਏ ਪੈ ਲੁੱਠ ਲੁੱਠ।
ਡਾਚੀਆਂ ਹਰ ਘੜੀ, ਗਾਫ਼ਲ। ਟੁਰ ਰਹੀਆਂ ਚੌਫੇਰਿਓਂ
ਖੜਕਾਂਦੀਆਂ ਨੀ ਟੱਲੀਆਂ ਤੇ ਕਹਿੰਦੀਆਂ ਨੀ ਉੱਠ ਉੱਠ।
ਊਠਾਂ ਮੁਹਾਰਾਂ ਲੰਮੀਆਂ ਬਨ ਬਨ ਕਤਾਰਾਂ ਜਾ ਰਹੇ
ਗ਼ਫ਼ਲ ਪਿਆ ਮਦਹੋਸ਼ ਹੈ ਜੀਕੂੰ ਚਲਾਈ ਕਿਸੇ ਮੁੱਠ।
ਉਠ ਉਠ ਤਿਆਰੀ ਕਰ ਕੁਈ ਲਦ ਲੈ ਕਚਾਵੇ ਪ੍ਯਾਰ ਦੇ
ਕਰ ਮਿਹਰਬਾਨੀ ਆਪ ਤੇ ਆਪੇ ਤੇ ਆਪੇ ਆਪ ਤ੍ਰੁੱਠ।
(ਕਸੌਲੀ, 30-8-50)
ਅਨੋਖੀ ਮਯ
ਆ ਸਾਕੀ ਨੇ ਕਿਹਾ ਮੈਨੂੰ ਤੂੰ ਬਿਹਬਲ ਕਿਉਂ ਹੈਂ ਬਹਿ ਗੁੱਠੀ?
ਮੈਂ ਪ੍ਯਾਲਾ ਇਕ ਲਿਆਯਾ ਹਾਂ ਹੁਣੇ ਪੀ ਲੈ, ਹੁਣੇ ਉੱਠੀ।
ਇਹ ਮਯ' ਪੀਣੋਂ ਕਿਉਂ ਝੁਕਦਾ ਹੈਂ ਇਹ ਦੇਂਦੀ ਹੈ ਨ ਜਗੁ ਭੱਠੀ
ਜੁ 'ਮਯ' ਮੈਂ ਅਜ ਲਾਯਾ ਹਾਂ ਉਹ ਚੋਂਦੀ ਹੈ ਗਗਨ ਭੱਠੀ।
ਕਿ ਅਰਸ਼ਾਂ ਦੀ ਸੁਰਾਹੀ ਵਿਚ ਇਹ ਰਖੀ ਦੀ ਹੈ ‘ਮਯ ਖਾਨੇ`
ਨ ਵਿਕਦੀ ਏਹ ਦੁਕਾਨਾਂ ਤੇ ਲੁਕਾ ਰੱਖੀ ਦੀ ਕਰ ਕੱਠੀ।
ਕਹੇ ਪੀਰੇ ਮੁਗ਼ਾਂ ਜਿਸ ਨੂੰ ਉਨੂੰ ਦੇ ਘੁੱਟ ਦਿੰਦੇ ਹਾਂ,
ਜਰੇ ਜਿਉਂ ਜਿਉਂ ਤੇ ਦੇਂਦੇ ਹਾਂ ਕਿ ਰਉਂ ਮੱਠੀ, ਕਿ ਰਉਂ ਮੱਠੀ।
ਸੁਨਹਿਰੀ ਇਕ ਪਿਆਲੀ ਵਿਚ ਜੇ ਸੱਚੀ ਹੋ ਤੇ ਸੁੱਚੀ ਹੋ,
ਏ ਰਸ ਮਯ 'ਮਯ' ਚਾ ਪਾਂਦੇ ਹਾਂ ਏ ਹੋਰਸ ਵਿੱਚ ਨ ਰਹਿ ਸੁੱਚੀ।
ਇ ਪੀਕੇ ਸ੍ਵਰ ਭਰਦਾ ਏ ਤੇ ਮਸਤੀ ਗੁੱਟ ਕਰਦੀ ਏ
ਅਜਬ ਤੱਕ: ਹੋਸ਼ ਫਿਰ ਕਾਯਮ ਰਜ਼ਾ ਜਿਸ ਤੇ ਰਹੇ ਤ੍ਰੁੱਠੀ।
ਬਿਸਮ ਹੁੰਨਾ ਹਾਂ ਮੈਂ ਸਾਕੀ ਮੁਗਾਂ ਤੋਂ ਪੀਰ ਨੇ ਉੱਤੋਂ
ਘਲੀ ਤੈਨੂੰ ਹੈ ਕਿਉਂ ਆਪੇ ਕਿ ਕਿਸਮਤ ਜਾਗ ਹੈ ਉੱਠੀ।
(ਕਸੌਲੀ 30-8-50)
ਪ੍ਰੇਮ ਦੌਲਤ
ਪੁਰਾਣੇ ਮਿਤ ਦੇ ਬੈਠੇ ਕਿਸੇ ਕੰਢੇ ਸਮੁੰਦ ਖਾਡੀ,
ਛਿੜੀ ਗਲ ਬਾਤ ਦੋਹਾਂ ਵਿਚ ਜੁ ਸੀ ਖਰਵੀ, ਬਿਨਾ ਲਾਡੀ।
ਇਕ ਮਿੱਤ੍ਰ-
ਕਿਸੇ ਸਿਉਂ ਪ੍ਯਾਰ ਨਾ ਤੇਰਾ ਕਿਸੇ ਸਿਉਂ ਨਾਂ ਕਰੇਂ ਲਾਡੀ,
ਝੁਰੜ ਤੂੰ ਹੋ ਗਿਐਂ ਭੁਗੜੀ ਜੋ ਗੱਲ ਕਰਨੈ ਖ਼ੁਸ਼ਕ ਪਾਡੀ।
ਦੂਜਾ ਮਿੱਤ੍ਰ-
ਸੁਣੀਂ ਓ ਥਿੰਧਿਆ ਬੋਲੂ ਤਿਰੇ ਪੱਲੇ ਹੈ ਦੱਸ ਕੀ ਕੁਛ ?
ਕਲਮ ਇਕ ਦੁਆਤ ਤਿੰਨ ਕਪੜੇ ਉਡਾਰੂ ਖ਼ਿਆਲ ਤੇ ਲਾਡੀ।
ਲਈ ਕੱਠੀ ਮੈਂ ਕਰ ਇੰਨੀ ਨ ਮੁੱਕੇਗੀ ਇ ਸਤ ਪੀੜ੍ਹੀ,
ਦਿਸੌਰੀ ਕੋਠੀਆਂ ਕੇਈ ਵਲੈਤੀਂ ਸਾਖ ਹੈ ਸਾਡੀ।
ਮਹਲ ਮਾੜੀ ਬਗੀਚੇ ਤੂੰ ਜ਼ਮੀਨਾਂ ਤੇ ਏ 'ਕਾਰਾਂ ਤੱਕ
ਤਿਰੇ ਪੱਲੇ ਤਾਂ ਤੁਹੋਂ ਹੈਂ ਤੇ ਗਲ ਕਰਨੈ ਪਿਆ ਆਡੀ।
ਪਹਿਲਾ ਮਿੱਤ੍ਰ-
ਮਿਰੇ ਪੱਲੇ ਤੇ ਮੈਂ ਹੀ ਹਾਂ ਤੂੰ ਆਖ੍ਯਾ ਹੈ ਇ ਸੱਚ ਸੱਜਣ!
ਤਿਰੇ ਪੱਲੇ ਨ ਤੂੰ ਰਹਿਆ 'ਜੁ ਪੱਲੇ ਜਾਇਂਗਾ ਛਾਡੀ।
ਪਿਆ ਸੁਣਦਾ ਸੀ ਸਾਹਿਬ ਦਿਲ ਪਈ ਹੁੰਦੀ ਏ ਗਲ ਸ੍ਵਾਦੀ,
ਪਿਆ ਡੁੱਲ੍ਹਦਾ ਕਿਸੇ ਰੰਗੇ ਹਸੀ ਉਸ ਆ ਗਈ ਡਾਢੀ।
ਉਸ ਰੰਗ ਰਤੜੇ ਨੇ ਬੁਲ੍ਹ ਖੁਹਲੇ ਤੇ ਆਖੇ ਸੁਣ ਲਓ ਵੀਰੋ!
ਗਰੀਬੀ ਤੇ ਅਮੀਰੀ ਦਾ ਮੁਲ ਇਕੋ ਅੰਤ ਨੂੰ ਪੁਆਡੀ,
ਜਿਨ੍ਹੇ ਪਰ ਪ੍ਰੀਤ ਦੀ ਦੌਲਤ ਕਮਾਈ ਤੇ ਲਈ ਭਰ ਦਿਲਿ,
ਉਹ ਨਿਰਧਨ ਹੈ ਕਿ ਧਨ ਵਾਲਾ ਉਹ 'ਮੀਰੀ' ਹੈ ਨਹੀ ਫਾਡੀ।
(ਕਸੌਲੀ 30-8-50)
ਢਾਢੀ
ਮੈਨੂੰ ਬਣਾ ਲੈ ਸਾਂਈਆਂ! ਮੈਨੂੰ ਬਣਾ ਲੈ ਢਾਢੀ,
ਐਪਰ ਇਹ ਦਰ ਦੇ ਤੇਰੇ ਲਾਇਕ ਨਹੀਂ ਹੈ ਢਾਢੀ।
ਤੇਰਾ ਹੀ ਰੂਪ ਹੋਇਆ ਢਾਢੀ ਹੈ ਇਕ ਤੇਰਾ
ਤੇਰੇ ਗੁਣਾਂ ਨੂੰ ਗਾਵੇ ਅਰਸ਼ਾਂ ਦਾ ਉਹ ਹੈ ਢਾਢੀ।
ਗਾਂਦਾ ਜਿਵੇਂ ਗੁਣਾਂ ਨੂੰ ਕੁਈ ਹੋਰ ਗਾ ਨ ਸੱਕੇ,
ਅਰਸ਼ਾਂ ਦੇ ਰਾਗ ਫਰਸ਼ੀ ਆਲਾਪਦਾ ਤੌਂ ਢਾਢੀ।
ਉਸ ਦੇ ਗੁਣਾਂ ਨੂੰ ਗਾਵਾਂ ਰਸ ਰੰਗ ਵਿੱਚ ਆ ਕੇ
ਉਸਦਾ ਬਣਾਦੇ ਸਾਂਈਆਂ! ਨਿੱਕਾ ਜਿਹਾ ਮੈਂ ਢਾਢੀ।
ਗੁਣ ਗਾਂਦਿਆਂ ਮੈਂ ਬੀਤੇ ਵਿਚ ਯਾਦ ਨੈਣ ਭਰਦੇ
ਵਿਚ ਪ੍ਯਾਰ ਧਰਥਰਾਂਦੇ ਐਸਾ ਬਣਾ ਦੇ ਢਾਢੀ।
(ਕਸੌਲੀ 27-8-50)
ਛੁਹ
ਇਸ ਜਿੰਦ ਹੋਈ ਜਿੰਦਹੀਨ ਨੂੰ
ਹੁਣ ਛੁਹ ਲਾ ਜਿੰਦੜੀ ਪਾਣ,
ਕੁਈ ਬਿਜਲੀ ਹੋਕੇ ਆ ਛੁਹੀਂ
ਕੁਈ ਛੇਤੀ ਥਹਰ ਥਰਰਾਣ।
ਕੁਈ ਤਾਰਾ ਬਲਦਾ ਉੱਡਦਾ
ਹੋ ਉਤਰੀਂ ਛੇਤੀ ਹੇਠ,
ਲਸ ਨੀਲੀ ਨੀਲੀ ਥਰਕਵੀਂ
ਛੁਹ ਦੇ ਕੇ ਭਰ ਦੇ ਤ੍ਰਾਣ।
ਕੁਈ ਤੇਜ ਅਲਾਂਬਾ ਆਪਣਾ
ਲੈ ਸੂਰਜ ਵਾਙੂ ਆਉ,
ਤੇ ਕਿਰਨ-ਤੀਰ ਘੱਲ ਪੋੜਵੇਂ
ਖਿਚ ਅਪਣਾ ਤੀਰ ਕਮਾਣ।
ਯਾ ਮਿਕਨਾਤੀਸੀ ਛੁਹ ਕੋਈ
ਅਵੇ ਤੂੰ ਚੁੰਬਕ ਦੇ ਮੇਰੁ,
ਹੁਣ ਥਰਰ ਕਰੇਂਦੀ ਲਾਇਕੇ
ਇਹ ਜੀਉਂਦੇ ਕਰ ਦੇਹ ਪ੍ਰਾਣ।
ਹਾਂ, ਪਾਰਸ ਠੁਹਕਰ ਨਾਲ ਹੁਣ
ਕੁਈ ਪੱਕਾ ਕਰੀਂ ਵਟਾਉ,
ਜਿੰਦ ਨ ਹੁਇ ਜਿੰਦ ਹੀਣ ਮੁੜ
ਪਵੇ ਨ ਕੋਈ ਕਾਣ।
ਤੁਹਾਡੇ ਪਿਆਰ ਦਾ ਚਸਕਾ
ਪਰੋਂ ਆਏ ਸੌ ਢੋਲਨ ਮੈਂ ਕਿ ਰਾਗਨ ਮੇਘ ਦੀ ਬਣ ਬਣ
ਮਲ੍ਹਾਰਾਂ ਗਾਉਂਦੇ, ਵਸਦੇ ਤੇ ਪੀਂਘਾਂ ਝੂਟਦੇ ਤਣ ਤਣ।
ਕੱਲ ਆਏ ਸੋ ਮਿਲੇ ਲਾਲਨ ਬਿਲਾਵਲ ਰੂਪ ਬਣ ਠਣਕੇ
ਖ਼ੁਸ਼ੀ ਦੇ ਗੀਤ ਗਾਂਦੇ ਸੌ ਤੇ 'ਮੰਗਲ ਤਾਲ' ਭਰ ਤਣ ਤਣ।
ਹੁਯਾ ਕੀਰਤਨ ਸੁਅਰਗਾਂ ਦਾ ਕਿਸ ਰਸ ਵਸਦਾ ਸੀ ਛਣ ਛਣਕੇ,
ਪਿਆ ਜਾਪੇ ਕਿ ਸਿਫਤ ਆਈ ਸੰਗੀਤਕ ਰੂਪ ਹੈ ਬਣ ਠਣ।
ਤੁਸਾਂ ਹੀ ਨਾਲ ਅਜ ਲੀਤਾ ਹੈ ਮਾਰੂ ਰਾਗ ਦਾ ਬਾਣਾ,
ਉਦਾਸੀ ਆ ਰਹੀ ਪ੍ਰੀਤਮ! ਕਦਮ ਸਟਦੀ ਹੈ ਉਹ ਮਿਣ ਮਿਣ।
ਹੈ ਗ਼ਮ ਦੀ ਸੁਰ ਛਿੜੀ ਸਾਰੇ, ਅਲਮ ਦੇ ਛਿੜ ਰਹੇ ਨਗਮੇ
ਕਿ ਪ੍ਰੇਮੀ ਰੂਪ ਇਹ ਤਕ ਤਕ ਪਏ ਵਿਚ ਗੇਣਤੀ ਗਿਣ ਗਿਣ
ਕਿ ਇਹ ਓਹੋ ਹੀ ਪ੍ਯਾਰਾ ਹੈ ਜੋ ਆਯਾ ਸੀ ਉਮਾਹ ਬਣਕੇ
ਮਲ੍ਹਾਰਾਂ ਬਣ ਜੁ ਆਯਾ ਸੀ ਜੋ ਵਸਦਾ ਸੀ ਜਿਵੇਂ ਕਿਣਮਿਣ।
ਸਾਣੇ ਯਾਣ ਲੈਂਦੇ ਹਨ ਚਹੋ ਜਿਸ ਰੰਗ ਖੇਲੇ ਹੋ,
ਹੁ ਅਜ ਇਸ ਵੇਸ ਵਿਚ ਆਏ ਛਿਪਾ ਕਰ ਹੋਰ ਹੋ ਬਣ ਬਣ।
ਇਕ ਅਰਜ਼ੋਈ ਹੈ ਬਾਲਮ ਮੈਂ ਨਜ਼ਰ ਮੇਰੀ ਹੈ ਘਟ ਰੌਸ਼ਨ
ਕਿ ਮੇਰੀ ਪ੍ਰੀਤ ਨੇ ਬਾਲਾ ਲਗੀ ਹੈ ਰੂਪ ਨੂੰ ਸੁਣ ਸੁਣ
ਦਿਨ ਸੱਕਾਂ ਯਾਣ ਹਰ ਰੰਗੇ ਜੁ ਧਾਰੋ ਆਪ ਰਹਿ ਓਹੋ,
ਕਠਨ ਹੁੰਦਾ ਹੈ ਯਾਣਨ ਏ 'ਅਸਲ' ਤੋਂ 'ਵੇਸ' ਨੂੰ ਪੁਣ ਪੁਣ।
ਖਜ਼ਾਨੇ ਹੁਸਨ ਅਪਣੇ 'ਚੋਂ ਦਿਓ ਇਹ ਸ੍ਯਾਣ ਮੈਨੂੰ ਬੀ
ਮਜ਼ਾ ਫਿਰ ਪ੍ਯਾਰ ਤੁਹਾਡੇ ਦਾ ਮਿਲੇ ਮੈਨੂੰ ਅਗਿਣ ਗਿਣ ਗਿਣ
ਰਹੇ ਰੋਸ਼ਨ ਨਜ਼ਰ ਮੇਰੀ ਕਿ ਬੀਨਾਈ ਹੈ ਦਿਵ ਮੇਰੀ,
ਸਿਆਣਾ ਹਰ ਰੰਗੇ ਬਾਲਮ ਹਾਂ ਸਭ ਵੇਸਾਂ ਤੋਂ ਮੈਂ ਹੁਣ ਛਣ।
ਤੁਹਾਡੇ ਨਾਜ਼ ਨਖਰੇ ਜੋ, ਕਿ ਮੌਜਾਂ ਚੀਜ ਜੋ ਸੁਹਣੇ,
ਉਹ ਇੰਨੇ ਰੰਗ ਬਦਲਵੇਂ ਹਨ ਸਮਝ ਆਜਿਜ਼ ਰਹੇ ਮਿਣ ਮਿਣ।
ਹਾਂ ਇਕ-ਰਸ ਜ਼ਾਤ ਤੇਰੀ ਹੈ, ਸਿਫਾਤਾਂ ਹਨ ਅਨਿਕ ਲਾਲਨ!
ਅਦਾਵਾਂ ਲਾਲ ! ਹਨ ਕਈ ਇਕ ਕਿ ਹਾਰੀ ਦਾ ਉਨ੍ਹਾਂ ਗਿਣ ਗਿਣ
ਜੁ ਤੁਹਾਡੇ ਹੀ ਹੁਸਨ ਵਿਚੋਂ ਜਿ ਮਿਲ ਜਾਏ ਰਮਜ਼ ਐਸੀ,
ਕਿ ਸਯਾਣੇ ਜੋ ਸਭਨ ਰੰਗੀਂ ਤੁਸੀਂ ਬਦਲੋ ਜੋ ਹੋ ਛਿਣ ਛਿਣ।
ਹੇ ਪ੍ਰੀਤਮ ਪ੍ਯਾਰ ਤੁਹਡੇ ਦਾ ਪਿਆ ਚਸਕਾ ਨ ਛੁਟਦਾ ਹੈ
ਨ ਛੁੱਟੇ ਏ ਕਿਸੇ ਗੱਲੇ ਕਟੇ ਕੋਈ ਚਹੇ ਲੁਣ ਲੁਣ।
(ਦਿੱਲੀ 16-3-50)
ਦਰ ਢੱਠਣੀ
ਦਰ ਪਿਆਂ ਸ਼ਾਇਦ ਕਦੇ ਮਿਲ ਜਾਇ ਹਾਂ ਇਕ ਵਾਰ ਝਾਤ
ਫਿਰ ਦਲੀਜਾਂ ਵਾਂਗ ਦਰਤੇ ਢੱਠਿਆਂ ਰਹ ਦਿਨ ਤੇ ਰਾਤ।
ਲੰਘਦਿਆਂ ਬੇਸਾ ਕਦੇ ਚਰਨਾਂ ਦਾ ਹਾਂ ਮਿਲ ਜਾਇਗਾ,
ਧੂੜ ਚਰਨਾਂ ਦੀ ਕਦੇ ਮਿਲ ਜਾਇਗੀ ਸੁਹਣੀ ਸੁਗਾਤ।
ਸਜਦਿਆਂ ਦੀ ਸਿੱਕ ਜਿਹੜੀ ਉਮਗਦੀ ਸਿਰ ਵਿਚ ਰੋਜ਼,
ਯਮਨ ਵਾਲੇ ਕਦਮ ਠੁਹਕਰ ਦੇ ਕਦੇ ਕਰ ਦੇਣ ਸ਼ਾਂਤ।
ਸਿਰ ਨਿਆਜ਼ਾਂ ਦੇ ਭਰੇ ਸਜਦੇ ਦਲੀਜਾਂ ਤੇ ਕਰਨ
ਛੁਹ ਉਨ੍ਹਾਂ ਦੀ ਬੀ ਕਦੇ ਮਿਲ ਜਾਇਗੀ ਇਕ ਹੋਰ ਦਾਤ
ਰੰਗ ਰਤ੍ਯਾਂ ਦੀ ਓਸ ਥਾਵੇਂ ਹੁੰਦੀਆਂ ਓਡਾਰੀਆਂ
ਛੁਹ ਉਨ੍ਹਾਂ ਦੇ ਛਾਉਂ ਦੀ ਹੈ ਹੱਲ ਸਾਰੀ ਮੁਸ਼ਕਿਲਾਤ।
ਰਸ ਮੱਤਿਆਂ ਦੇ ਪੈਣ ਝੁਰਮਟ ਪਿਰਮ ਰਸ ਡੁੱਲ੍ਹਦੇ ਰਹਿਣ
ਇਕ ਬੂੰਦ ਜੇ ਮਿਲ ਜਾਇਗੀ ਦਿਨ ਰਾਤ ਹੈ ਫਿਰ ਸ਼ਬ ਬਰਾਤ।
ਹਾਂ, ਦਿਲਾ ਦਰ ਢੱਠਣੀ ਮਿਲ ਜਾਇ ਜੋ ਇਕ ਵਾਰ ਆਣ
ਫਿਰ ਨ ਇਸ ਨੂੰ ਛੱਡਣਾ ਅਬਦੀ ਇਹੋ ਹੀ ਹੈ ਹਯਾਤ।
(ਕਸ਼ਮੀਰ 12-9-26)
ਜੀਵਨ ਸੁਗਾਤ
ਇਕ ਜ੍ਯੋਤਸ਼ੀ ਨੇ ਪੁਗ੍ਯਾ ਗੋਰੀ ਨੂੰ ਅੱਜ ਪ੍ਰਭਾਤ:
'ਮੈਂ ਦੇਖਦਾ ਰਿਹਾ ਹਾਂ ਜਾਗੀ ਹੈਂ ਤੂੰ ਬੀ ਰਾਤ।
‘ਤਕਦੀ ਰਹੀ ਹੈਂ ਤਾਰੇ, ਮਿਣਦੀ ਗਗਨ ਰਹੀ ਹੈਂ,
"ਕਿਸ ਗ੍ਰਿਹ ਦੀ ਖੋਜ ਕੀਤੀ ਤੂੰ ਹੈਵੇ ਅੱਜ ਰਾਤ?”
ਇਕ ਨੈਣ ਨੀਰ ਭਰਕੇ ਇਕ ਲੱਖ ਰਸ ਮਟੱਕੇ
ਇਕ ਤਰਸ ਦੀ ਨਜ਼ਰ ਪਾ ਗੋਰੀ ਕਹੀ ਏ ਬਾਤ:-
'ਤਾਰੇ, ਹੇ ਜ੍ਯੋਤਸ਼ੀ! ਤੈਂ ਗਿਣ ਗਿਣ ਲਘਾਈ ਰਾਤ
'ਤਾਰੇ ਗਿਣੇਂਦਿਆਂ ਹੈ ਮੈਂ ਬੀ ਬਿਤਾਈ ਰਾਤ।
'ਦੜ ਵੱਟ ਬੈਠਿਆਂ ਤੂੰ ਇਕ-ਟੱਕ ਨੀਝ ਲਾ ਕੇ
'ਗਿਣ ਗਿਣ ਤੇ ਉਂਗਲਾਂ ਤੇ ਲਿਖ ਲਿਖ ਸੁਕਾਈ ਦ੍ਵਾਤ।
'ਇਕ ਆਹ ਸਰਦ ਤੇਰੀ ਨਿਕਲੀ ਨ ਪੰਡਤਾ ਵੇ!
'ਅਥਰੁ ਨ ਇਕ ਤੇਰੇ ਨੈਣਾਂ ਤੋਂ ਹੋਈ ਪਾਤ।
'ਤੂੰ ਤੱਕਿਆ ਤੜ੍ਹਕ ਕੇ ਇਕ ਵੇਰ ਬੀ ਨਹੀਂ ਹੈਂ
'ਤਾਯਾਂ ਨੇ ਦਰਦ ਖਾਕੇ ਤੈਂ ਤੇ ਨ ਪਾਈ ਝਾਤ।
‘ਮੇਰੇ ਗਮਾਂ ਨੂੰ ਦੇਖੀਂ ਰੋ ਰੋ ਬਿਤੀ ਏ ਰੈਣ
'ਘਾਵਾਂ ਅੰਦਰਲਿਆਂ ਨੇ ਰਿਸ ਰਿਸ ਬਿਤਾਈ ਰਾਤ।
'ਆਹਾਂ ਸਰਦ ਨੇ ਉਠ ਉਠ ਵੈਰਾਗਿਆ ਹਵਾ ਨੂੰ
'ਠੰਢੇ ਇਹ ਸਾਹ ਭਰਦੀ ਹੋਈ ਅਜੇ ਨ ਸ਼ਾਂਤਿ।
‘ਸ਼ਬਨਮ, ਮੈਂ ਰੋਣ ਤੱਕ ਤੱਕ ਰੋਈ ਹੈ ਨਾਲ ਮੇਰੇ
'ਭਿੱਜੀ ਪਈ ਸੂ ਸਾਹੜੀ ਸਾਵਣ ਵਸੇ ਦੀ ਭਾਂਤਿ।
'ਸਨ ਤਾਰਿਆਂ ਦੇ ਨੈਣਾਂ ਰਹੇ ਡਲ੍ਹਕ ਡਲ੍ਹਕ ਭਰਦੇ,
'ਤਕ ਤਕ ਕੇ ਬਿਰਹਾ ਮੇਰਾ ਚਾਨਣ ਦੀ ਪਾਂਦੇ ਝਾਤ।
'ਮਤ ਆ ਜਏ ਓ ਮੇਰਾ ਜਾਨੀ ਕਿਸੇ ਪਲੇ ਛਿਨ,
'ਰਸਤੇ ਕਰੇਂਦੇ ਰੌਸ਼ਨ ਤਾਰੇ ਰਹੇ ਨੇ ਰਾਤ।
'ਪੰਡਤਾ! ਰਹੀ ਹਾਂ ਮੈਂ ਤਾਂ ਇਕ ਇੰਤਜ਼ਾਰ ਕਰਦੀ
'ਵਿਚ ਕਦੇ ਆਹੋ ਜ਼ਾਰੀ ਹੋ ਸ਼ਾਂਤਿ ਤੇ ਅਸ਼ਾਂਤਿ।
ਕਦੀ ਤ੍ਰਬ੍ਹਕ ਆਸ ਪੁੰਨੀ ਕਦੇ ਕਰਕ ਕਾਲਜੇ ਦੀ,
'ਇਉਂ ਇਸ਼ਕ ਦੇ ਫਰਿਸ਼ਤੇ ਤਕ ਤਕ ਕੇ ਲਾਏ ਘਾਤ।
'ਕਦੇ, ਰੋਂਦਿਆਂ ਹਸਾਵੇ ਕਦੇ ਚੁੱਪ ਮਗਨ ਕਰਦਾ
'ਕਦੇ ਹਸਦਿਆਂ ਰੁਆਵੇ ਕਦੇ ਪੁੱਛਦਾ ਨ ਬਾਤ।
'ਦਿਲ ਦੀ ਖੁਰਾਕ ਮੇਰੀ ਬਨ ਦਰਦ ਏ ਗਈ ਹੈ,
'ਦਿਲ ਨੂੰ ਇਹ ਦਰਦ ਹੋਵੇ ਭਾਇਆ ਜਿਵੇਂ ਸੁਗਾਤ।
'ਪੰਡਿਤ! ਜਿ ਚਾਹ ਤੈਨੂੰ ਕੁਛ ਦਰਦ ਖ੍ਰੀਦਣੇ ਦੀ
‘ਝੋਲੀ ਭਰੀ ਪਈ ਜੇ ਲੁਟ ਲੈ ਲਈਂ ਏ ਦਾਤ।
ਨਹਿਂ ਗੇਣਤੀ ਗਿਣੇਂਦਯਾਂ ਖਪ ਖਪ ਕੇ ਵਿਚ ਹਿਸਾਬਾਂ
"ਇਸ ਦਰਦ ਦੀ ਕਣੀ ਤੋਂ ਖਾਲੀ ਚੜ੍ਹ ਪ੍ਰਭਾਤ।
ਉਠ ਟੁਰ ਪਓਗੇ ਗਿਣਦੇ ਲੋਕਾਂ ਦੇ ਅਪਨੇ ਭਾਗ
‘ਬੇਦਾਗ ਇਸਕ ਛਾਪੋਂ ਪ੍ਯਾਰਾਂ ਦੀ ਛੂਹ ਨ ਛਾਤ।
'ਬਿਨ ਚੱਖੇ ਓਸ ਰਸ ਦੇ ਜੇ ਗਮ-ਮਹਿਬੂਬ ਅੰਦਰ
'ਦਾਤੇ ਲੁਕਾਕੇ ਧਰਿਆ ਜੀਵਨ ਦੀ ਜੋ ਸੁਗਾਤ।'
(ਬੰਬਈ 25-2-50)
ਖ਼ਤਾ
ਖ਼ਤਾ ਕਰਨੀ ਸੁਭਾ ਸਾਡਾ ਵਤਨ ਖ਼ਤਾ ਈ ਖ਼ਤਾ
ਪੈ ਕੋਸ਼ਿਸ਼ ਬੀ ਇਹ ਨਾ ਮਿਟਦੀ ਕਿ ਹੋ ਜਾਈਏ ਕਿਵਂ ਬੇ-ਖ਼ਤਾ।
ਖ਼ਤਾ ਕਰ ਕਰਕੇ, ਰੁਕ ਰੁਕ ਕੇ ਨ ਆਈ ਬੇ-ਖ਼ਤਾਈ ਹੈ,
ਖ਼ਤਾ ਕੀਤੀ ਕਰੀ ਤੰਬਾ ਖ਼ਤਾ ਤੌਬਾ, ਖਤਾ ਪੈ ਖ਼ਤਾ।
ਖ਼ਤਾ ਤੋਂਬਾ ਲੜੀ ਬਣ ਗਈ ਇਹ ਟੁੱਟੇਗੀ ਤਦੇ ਆਖ਼ਰ
ਰਹੇ ਰੌਸ਼ਨ ਚਿਣਗ ਪ੍ਯਾਰੋਂ ਹਾਂ, ਮਘਦੀ ਦਿਲ ਪੁਰ ਜਿ ਖ਼ਤਾ।
' ਬਖਸ਼ਿੰਦ ਨਾਂ ਉਸਦਾ ਖਤਾ ਬਖ਼ਸ਼ੀ ਸਭਾ ਉਸਦਾ,
ਖ਼ਤਾ ਖ਼ਤਾ ਨੂੰ ਜਿੱਤ ਦੇਵੇਗਾ ਇਉਂ ਕਰੀਏ ਹਾਂ ਖ਼ਤਾ 'ਜੈ ਖ਼ਤਾ'।
(ਕਸੌਲੀ. 30-8-50)
ਚੜਿਆ ਚੰਦ ਅਰਸ਼ਾਂ ਤੇ
ਉਠੋ ਲੋਕੋ! ਉਠੋ ਸੁਤਿਓ! ਕਿ ਚੜਿਆ ਚੰਦ ਅਰਸ਼ਾਂ
ਤੇ ਹੁਸਨ ਦਾ ਲੈ ਲਓ ਜਲਵਾ ਖੜੇ ਹੋ ਜਾਉ ਫਰਸ਼ਾਂ ਤੇ।
ਕਿ ਸੁਤਿਆਂ ਨੂਰ ਦਾ ਜਲਵਾ ਨਹੀਂ ਮਿਲਦਾ ਹੈ ਗ਼ਾਫ਼ਲ ਨੂੰ,
ਖਬਰਦਾਰਾਂ ਨੇ ਲੈ ਲੀਤਾ ਨਜ਼ਰ ਲਾ ਅਰਸ਼ ਕੁਰਸਾਂ ਤੇ।
ਅਗੰਮੀ ਮੀਂਹ ਨੂਰਾਂ ਦਾ ਹੈ ਛਹਿਬਰ ਲਾ ਰਿਹਾ ਉਤੋਂ
ਕਟੋਰੇ ਨੈਣ ਕਰ ਉੱਚੇ ਲਗਾ ਦਿਓ ਨੂਰ ਦਰਸਾਂ ਤੇ।
ਕਿਵੇਂ ਹੋਇਆ? ਕਿਵੇਂ ਹੋਵੇ? ਕਿਵੇਂ ਹੋਸੀ? ਨ ਜਾਣਾ ਮੈਂ
ਕਿਸੇ ਦਾਨੇ ਪਤਾ ਲੱਗਾ ਨ ਖੋਜਾਂ ਖੋਜ ਬਰਸਾਂ ਤੇ।
ਨਦਾਨਾ ਪਿਰਮ ਰਸ ਵਾਲੇ ਨਜ਼ਰ ਲਾਈ ਤਗਾਦੇ ਛੱਡ
ਓ ਖੀਵੇ ਹੋ ਗਏ ਪੀ ਪੀ ਕਿ ਤਕੀਏ ਰੱਖ ਤਰਸਾਂ ਤੇ।
(21-11-34)
ਉਡੀਕ
ਦਿਲਾ ਨਿਹਾਲ ਰਹੇ ਕ੍ਰਾਰ ਯਾਰ ਪ੍ਯਾਰੇ ਤੇ
ਸਦਾ ਵਿਸ਼੍ਵਾਸ ਰਹੇ ਮਰਕਜ਼ੀ ਸਿਤਾਰੇ ਤੇ।
ਲਗੇ ਜਿ ਦੇਰ ਦਿਲਾ! ਉਹ ਭਲਾ ਹਿ ਤੇਰਾ ਹੈ
ਪਵੇ ਮਿਠਾਸ ਤਦੇ ਪਕੇ ਜਿ ਸਹਜ ਹਾਰੇ ਤੇ।
ਕਈਕੁ ਸਾਲ ਵਸੇ ਗੋਦ ਤ੍ਯਾਰ ਮੋਤੀ ਹੋ
ਵਰ੍ਹੇ ਲਗੇ ਬੜੇ ਸ਼ਿਵਨਾਭ ਨੂੰ ਦਿਦਾਰੇ ਤੇ।
ਹਈ ਬਿਲੰਬ ਨਿਸ਼ਾਂ ‘ਨਾ-ਤਿਆਰੀ' ਤੇਰੀ ਦਾ
ਦਿਲਾ! ਨ ਸ਼ਕ ਲਿਆ- 'ਕੌਲ ਹੋਣ ਲਾਰੇ' ਤੇ।
ਬ੍ਰਿਛਾਂ ਲਗੇ ਫਲ ਜੋ ਤਪ ਕਰੇਨ ਲਮਕੇ ਓ,
ਹਈ ਉਡੀਕ ਤਪਾ ਜੋ ਪਕਾ ਸਵਾਰੇ ਤੇ।
ਰਿਦੇ ਨੂੰ ਤਾਂਘ ਫੜੇ ਰੁਖ਼ ਲਗੇਗ ਉੱਪਲ ਵਲ,
ਭਰੇਗੁ ਤਾਣ ਪਰਾਂ ਤੋਂ ਰਹੇ ਉਡਾਰੇ ਤੇ।
ਦੀਦਾਰ ਲੋਚ ਲਗੇ ਹਜ਼ ਪਏ ਹਜ਼ੂਰੀ ਦਾ
ਰਹੋਗੇ ਹਾਜ਼ਰ ਤਾਂ ਝੱਸ ਪੈਜਿ ਇੰਤਜ਼ਾਰੇ ਤੇ।
ਹਈ ਇੰਤਜ਼ਾਰ ਮਜ਼ਾ ਪੁਛ ਸੁਆਦ ਮਜਨੂੰ ਨੂੰ,
ਨੈਣਾ ਖਿੜੇ ਨਰਗਸੀ ਲਗ ਸਜਨ ਦਿਦਾਰੇ ਤੇ।
ਰਹੇ ਉਡੀਕ ਬਿਨਾ ਸੁਹਾਗ ਵੰਤੀ ਨਾ
ਉਡੀਕ ਵੰਤ ਸੁਹਾਗਨ ਪਤੀ ਸਹਾਰੇ ਤੇ।
ਉਡੀਕ ਜੀਵਨ ਹੈ ਮਸ਼ਕ ‘ਪ੍ਰੇਮ-ਤਖਤਾ’ ਏ
ਬਿਰਹੋਂ ਸੁਆਦ ਰਸੇ ਦਿਲ ਖਿਚੇ ਦਿਦਾਰੇ ਤੇ।
ਉਡੀਕ ਵੰਤ ਰਹੇ ਰਖ ਯਕੀਨ ਮਿਹਰਾਂ ਤੇ।
ਵਿਛਾਕੇ ਨੈਣ ਰਸਤੇ ਨਦਰ ਪਾਣਹਾਰੇ ਤੇ।
(ਕਸ਼ਮੀਰ 23-9-26)
––––––––––––
1. ਤਪਾਉ ਯਾਨੀ ਤਪੱਸਿਆਵੀ।
2 ਝੱਸ।
ਨਾਥ ਕਿ ਅਨਾਥ
ਜਿਸ ਨੇ ਨੇਹਂ ਨ ਲਾਯਾ ਪ੍ਰੀਤਮ ਨਾਥ ਹੋਇਕੇ ਰਿਹਾ ਅਨਾਥ,
ਕਰਮ ਧਰਮ ਸੁਚ ਸੰਜਮ ਪੂਜਾ ਸਭ ਕੁਛ ਉਸਦਾ ਗਿਆ ਅਕਾਥ।
ਘੰਟੇ ਕਈ ਪੁਸਤਕਾਂ ਲਾਏ ਖਿਚਦਾ ਰਿਹਾ ਵਾਲ ਦੀ ਖਾਲ
ਸੁੰਦਰ ਦੀ ਖਿਚ ਪਈ ਨ ਸੀਨੇ ਵਾਹ ਨ ਪਿਆ ਅਙੂੰਆਂ ਸਾਥ।
ਪਿਰਮ ਰਸੋਂ ਇਕ ਬੂੰਦ ਨ ਚੱਖੀ। ਯਾਦ ਸਿਫਤ ਦੀ ਲਗੀ ਨ ਤਾਰ,
ਉਮਗ ਉਮਗ ਹੀਅਰਾ ਨਾ ਉਛਲ੍ਯਾ,ਬੈਠ ਉਡੀਕ ਨ ਤਕਿਆ ਪਾਥ।
ਰਾਗ ਰੰਗ ਦਿਲ-ਕੁਸਿਆਂ ਵਾਲੀ ਕਦੇ ਵਿਲਕਣੀ ਪਈ ਨ ਕੰਨ,
ਸ੍ਵਾਦ ਬਿਰਹੁਂ ਦਾ ਪਿਆ ਨ ਪੱਲੇ ਰਿਹਾ ਝਾੜਦਾ ਖਾਲੀ ਹਾਥ।
ਖੁਸ਼ਕ ਰਹੇ ਲਬ, ਖੁਸ਼ਕ ਰਿਹਾ ਮਨ, ਕਦੇ ਨ ਜੁੰਬਸ਼ ਖਾਧੀ ਰੂਹ,
ਕਿਸ ਗਲ ਦਾ ਉਹ ਸ਼ਾਮੀ' ਹੋਇਆ ਕਿਸ ਗਲ ਦਾ ਉਹ ਹੋਯਾ ਨਾਥ?
(ਕਸੌਲੀ 31-8-50)
ਤੇਰੀ ਕਮਾਲ ਸੈਨਤ
ਸੂਰਜ ਚੜ੍ਹੇ ਚਕੋਰਾ ਚੋਗਾ ਹੈ ਭਾਲਦਾ,
ਉਸਦੇ ਨ ਰੂਪ ਰੰਗ ਵੱਲ ਨੈਣਾਂ ਉਛਾਲਦਾ।
ਘੁੰਮੇ ਵਿਚ ਕੰਕਰਾਂ ਦੇ ਦਾਣੇ ਨੂੰ ਠੁੰਗਦਾ,
ਛਹਿਬਰ ਪ੍ਰਕਾਸ਼ ਸੂਰਜ ਰੱਤੀ ਨ ਖ੍ਯਾਲਦਾ।
ਸ਼ਾਮਾਂ ਨੂੰ ਝੰਡ ਤਾਰੇ ਨਿਕਲਣ ਅਕਾਸ਼ ਤੇ
ਗਮਜੇ ਉਨ੍ਹਾਂ ਦੇ ਦੇਖਣ ਅਖ ਨਾ ਦਿਖਾਲਦਾ।
ਐਪਰ ਜਦੋਂ ਅਕਾਸ਼ ਤੇ ਦਿਸ ਚੰਦ ਆਂਵਦਾ
ਨਜ਼ਰਾਂ ਅਕਾਸ ਗੱਡਦਾ ਖਿਚ ਖਾ ਕਮਾਲ ਦਾ।
ਕੁਹਕਦਾ ਹੋ ਬੇਖ਼ੁਦਾ ਉੱਛਾਲੇ ਖਾਂਵਦਾ,
ਨੈਣਾਂ ਨੂੰ ਨੂਰ ਚੰਦ ਦੇ ਚੋਗੇ ਤੇ ਪਾਲਦਾ।
ਚੜ੍ਹ ਪੀਂਘ ਬੇਖੁਦੀ ਦੀ ਖੁਦੀਆਂ ਤੇ ਝੂਟਦਾ,
ਆਪੇ ਹੀ ਅਪਣਾ ਆਪਾ ਦਿਲਬਰ ਤੇ ਘਾਲਦਾ।
ਕੀ ਖਿੱਚ ਓਸ ਨੂਰ ਦੀ ਉਸ ਅੱਖ ਵਸ ਰਹੀ,
ਸਾਰਾ ਹੀ ਖਿੱਚ ਹੋ ਗਿਆ ਖਿਚਿਆ ਜਮਾਲ ਦਾ।
ਝਲਕੇ ਚਕੋਰ ਨੈਣੀ ਕੀ ਰੰਗ ਚਾੜਿਆਂ,
ਕਦਮਾਂ 'ਚ ਯੁਮਨ ਭਰਿਆ ਮੋਰਾਂ ਦੀ ਚਾਲ ਦਾ।
ਕਲ ਕਹਿ ਰਿਹਾ ਸੀ ਸਾਕੀ ਦਾਖਾਂ ਨਿਚੋੜਦਾ
ਗੈਬੋਂ ਕੁਈ ਹੈ ਖਿੱਚ ਦੇ ਡੇਰੇ ਸਂਮ੍ਹਾਲਦਾ।
ਦਾਤਾ ਓ ਮਸਤ ਮੇਰਾ ਉੱਛਲਕੇ ਉੱਲਰਿਆ,
ਦਰਸ਼ਨ ਕਰਾਇਓ ਸੁ 'ਅਖ-ਡੋਰੇ' ਲਾਲ ਦਾ।
ਖਿਚ ਖਾ ਗਿਆ ਕਲੇਜਾ, ਧੂ ਪੈ ਗਈ ਅਗੰਮੀ,
ਲਾਲੀ ਨੇ ਰੰਗ ਲਾਯਾ ਅਪਨੇ ਗੁਲਾਲ ਦਾ।
ਤੇਰੀ ਕਮਾਲ ਸੈਨਤ ਮਸਤਾਂ ਦੇ ਸਰਵਰਾ ?
ਬੇਹੋਸੀਆਂ ਉਛਾਲੇਂ ਜਿੰਦੀਆਂ ਜਿਵਾਲਦਾ।
(ਬਾਰਾ ਮੂਲਾ 16-9-26)
ਅਰਜ਼ੋਈ
ਜੁ ਲਾਈ ਆਪ ਸੀ ਸਾਈਆਂ! ਪੁਗਾ ਦੇ,
ਨਿਬਾਹ ਦੇ ਸੇਵ, ਹਾਂ, ਲੇਖੇ ਲਗਾ ਦੇ।
ਤੇਰੀ ਹੈ ਮਿਹਰ ਸੇਵਾ ਦਾ ਜੁ ਬਖਸ਼ਣ,
ਬਿਰਦ ਤੇਰਾ ਸਿਰੇ ਉਸਨੂੰ ਚੜ੍ਹਾ ਦੇ।
ਤਿਰਾ ਹੈ ਬਾਗ ਫੁਲ ਤੇਰੇ ਸੁਹਾਵੇ,
ਤਿਰਾ ਹੈ ਤਾਣ ਜੋ ਚਿਮਨਾ ਖਿੜਾ ਦੇ।
ਕਿ ਕਾਮਾ ਫਲ ਲਿਆਕੇ ਪੇਸ਼ ਧਰਦਾ,
ਤੂੰ ਕਰ ਪਰਵਾਨ, ਜ਼ਰਾ ਕੁ ਮੁਸਕਰਾ ਦੇ।
ਰੁਠਾ ਮਾਹੀ
ਗਿਓਂ ਰੂਸ ਮਾਹੀਆ ਮੇਰੇ! ਕਿਨ੍ਹ ਭੇਜਾਂ ਮਨਾਵੇ ਤੁੱਧ?
ਕਿਨ੍ਹ ਘੱਲਾਂ ਮਗਰ ਤੇਰੇ ਕਿ ਜਾਕੋ ਮੋੜ ਲ੍ਯਾਵੇ ਤੁੱਧ।
ਕਰਾਂ ਤਰਲੇ ਮੈਂ ਸਖੀਆਂ ਦੇ, ਕੋਈ ਜਾਕੇ ਕਰੋ ਮਿਨਤਾਂ,
ਨਹੀਂ ਕਰਦੀ ਹੀਆ ਕੋਈ ਜੁ ਕਰ ਬਿਨਤੀ ਰਿਝਾਵੇ ਤੁੱਧ।
ਕਿਹਾ ਮੈਂ ਦੂਤੀਆਂ ਕਈਆਂ ਨ ਕਰਦੀ ਹੌਸਲਾ ਕੋਈ
ਮਿਰਾ ਦੁਖ ਜਾ ਸੁਣਾਵੇ ਤੁਧ, ਮਨਾ ਮੈਂ ਪਾਸ ਲ੍ਯਾਵੇ ਤੁੱਧ।
ਵਕੀਲਾਂ ਨੂੰ ਮੈਂ ਪੁਛ ਥੱਕੀ, ਓ ਆਖਣ ਉਸ ਹਜ਼ੂਰੀ ਦਾ
ਪਟਾ ਨਹੀਂ ਪਾਸ ਹੈ ਸਾਡੇ, ਕਿਨ੍ਹ ਘੱਲਾਂ ਘਿਣ ਆਵੇ ਤੁੱਧ।
ਸੁਣੇ ਹੇ ਅੱਥਓ ਮੇਰ੍ਯ ਵਗੋ ਜਿਉਂ ਸੈਲ ਗੰਗਾ ਦੀ
ਲਵਣ ਓ ਰੋਕ ਤੈਂ ਰਸਤਾ ਕਿਸੇ ਖੁਸ਼ ਥਾਂ ਟਿਕਾਵੇ ਤੁੱਧ।
ਮੈਂ ਭੇਜਾਂ ਨਾਲ ਅਖੀਆਂ ਨੂੰ, ਬਣਨ ਕਿਸ਼ਤੀ ਸੁਹਾਵੀ ਓ,
ਬਿਠਾਵਣ ਏਸ ਵਿਚ ਤੈਨੂੰ, ਸਫ਼ਰ ਸ਼ਾਲਾ ਸੁਹਾਵੇ ਤੁੱਧ।
ਨਦੀ ਅੱਥ ਦੀ ਵਗਦੀ ਓ ਅਮਨ ਆਮਾਨ ਮੁੜ ਆਵੇ
ਲਿਆਵੇ ਮੋੜ ਕੇ ਤੈਨੂੰ ਮਿਰੇ ਘਰ ਲ੍ਯਾ ਬਿਠਾਵੇ ਤੁੱਧ।
(ਕਸੌਲੀ 28-8-510)
ਗ਼ਫ਼ਲਤ ਦੀ ਨੀਂਦ
ਟਣਨ ਟਨ ਟਨ
ਆਵਾਜ਼: ਟਣਨ ਟਨ ਟਨ, ਟਣਨ ਟਨ ਟਨ,
ਟਣਨ ਟਨ ਟਨ, ਟਣਨ ਟਨ ਟਨ,
ਮਾਂ- ਆਵਾਜ਼ ਆਈ ਏ ਧੀਏ ਨੀ! ਤੂੰ ਉਠ ਸੁਣ ਲੈ ਟਣਨ ਟਨ ਟਨ।
ਧੀ— ਮੈਂ ਸੁੱਤੀ ਰਹਿਣ ਦੇ ਅੰਮਾਂ! ਆਵਾਜ਼ਾਂ ਨਾ ਸੁਣਾ ਮੈਨੂੰ,ਹੈ ਮਿੱਠੀ ਨੀਂਦ ਪ੍ਯਾਰੀ ਮੈਂ ਸਣਨ ਸਨ ਸਨ, ਸਣਨ ਸਨ ਸਨ।
ਮਾਂ— ਅਵਾਜ਼ ਏ ਬੰਦ ਹੁੰਦੀ ਨਾਂ, ਨ ਦੇਂਦੀ ਸੌਣ ਹੈ ਮੈਨੂੰ, ਤੂੰ ਉਠ ਧੀਏ! ਤੂੰ ਉਠ ਧੀਏ! ਨ ਮਚਲੀ ਹੋ ਜਣਨ ਬਨ ਬਨ।
ਧੀ— ਐਵੇਂ ਵਾਜ ਆਂਦੀ ਏ ਕਈ ਕਰ ਯੇ ਟਣਨ ਟਨ ਟਨ ਕਦੇ ਮੈਂ ਨੀਂਦ ਗ੍ਵਾਈ ਨਾ ਸੁਣੀ ਕਰ ਅਨਸੁਣਨ ਟਨ ਟਨ।
ਮਾਂ ਰਹੀੱ ਸਾਰੀ ਉਮਰ ਕੁਆਰੀ ਕਿ ਦੂਲੋ ਲੈਣ ਆਇਆ ਜੇ ਪਈ ਗਾਫ਼ਲ ਉ ਮੁੜ ਜਾਂਦਾ ਯੂਬਾ ਜਾਂਦੀ ਛਿਨਨ ਛਿਨ ਛਿਨ।
ਧੀ— ਮੈਂ ਜਾਗੀ ਹਾਂ ਕਈ ਵੇਰੀ ਪੈ ਮਿੱਠੀ ਨੀਂਦ ਪ੍ਯਾਰੀ ਏ ਨ ਗੁਆਵਾਂ ਨੀਂਦ ਮੈਂ ਅਪਣੀ ਪਈ ਹੋਵੇ ਟਣਨ ਟਨ ਟਨ।
ਮਾਂ— ਕਈ ਵੇਰੀ ਕਈ ਆਏ ਕਈ ਵਾਜੀਂ ਜਗਾਦੇ ਓ ਤੂੰ ਜਾਗੀ ਫੇਰ ਮੈਂ ਗਈਏਂ ਗਏ ਲੰਘੇ ਕਰਨ ਟਨ ਟਨ।
ਧੀ— ਮੈਂ ਸੁਣ ਲੀਤੀ, ਪੈ ਪ੍ਯਾਰੀ ਨੀਂਦ, ਕਿ ਚਾਦਰ ਤਾਣ ਫਿਰ ਸੁੱਤੀ ਇ ਹੁੰਦੀ ਸੀ, ਰਹੂ ਹੁੰਦੀ ਨ ਪਿੱਛਾ ਏ ਛੁੜਨ ਟਨ ਟਨ। ਏ ਹੁੰਦੀ ਰਹਿਣ ਦੇ ਅੰਮਾਂ! ਟਣਨ ਟਨ ਟਨ, ਟਣਨ ਟਨ ਟਨ, ਸੁਣੀ ਕਰ ਅਣਸੁਣੀ ਤੂੰ ਬੀ, ਤੇ ਧੀ ਨੂੰ ਦੇਹ ਸਵਣ ਸਨ ਸਨ।
ਮਾਂ- ਇ ਕਦ ਤਕ ਗਾਫ਼ਲੀ ਧੀਏ! ਸਮੇਂ ਲੰਘ ਜਾਣਗੇ ਆਖਰ, ਰੁਲੇਂਗੀ ਅਣਵਿਆਹੀ ਤਦ ਕਿ ਸਿਰ ਧੁਨ ਧੁਨ ਕਿ ਦਿਨ ਗਿਨ ਗਿਨ।
ਏ ਕਹਿੰਦੀ ਮੈਂ ਗਈ ਗਾਫ਼ਲ, ਘੁਰਾਂਦੀ ਵਾਜ ਆਂਦੀ ਏ ਘਣਨ ਘਨ ਘਨ, ਘਣਨ ਘਨ ਘਨ, ਘਣਨ ਘਨ ਘਨ।
(ਕਸੋਲੀ 5-9-50)
ਜਲਵਾ ਹੁਸਨ
ਤੂੰ ਜਲਵਾ ਹੁਸਨ ਦਾ ਟੁਕ ਪਾ ਦੇ ਲਾਲਨ!
ਕਿ ਜਲਵਾ ਹੁਸਨ ਦਾ ਮੇਰਾ ਜਿਵਾਲਨ।
ਖਲੀ ਹਾਂ ਦੁਆਰ ਤੇਰੇ ਤੇ ਸੁਆਲਨ!
ਕਿ ਪਰਤੌ ਦੂਰ ਤੋਂ ਹੀ ਪਾ ਦੇ ਲਾਲਨ!
ਤਿਰੀ ਇਸ ਮਿਹਰ ਵਿਚ ਮੇਰਾ ਹੈ ਪਾਲਨ,
ਮਟੱਕਾ ਮਿਹਰ ਦਾ ਮਟਕਾਦੇ ਲਾਲਨ !
ਫੁਹਾਰਾਂ ਨੂਰ ਵਰਸਾਂਦੇ ਹੋ ਬਾਲਮ!
ਛੂੰਹ ਇਕ ਮੇਰੇ ਤੇ ਬਿ ਪਾ ਦੇ ਲਾਲਨ!
ਤੁਸੀਂ ਸੁੰਦਰ, ਅਸੁੰਦਰ ਮੈਂ ਹਾਂ ਕੁਆਲਨ',
ਸੁਣੂਪ ਅਪਨੇ ਦਾ ਪਾਰਸ ਲਾ ਦੇ ਲਾਲਨ!
ਨਹੀਂ ਕੁਛ ਹੱਕ ਤੇ ਨਾਂ ਹੈ ਘਾਲਨ
ਝਲਕ ਨਿਜ ਰੂਪ ਦੀ ਝਲਕਾ ਦੇ, ਲਾਲਨ!
ਇਹ ਮਾਲਾ ਮੰਗਦੀ ਲੈ ਆਈ ਮਾਲਨ
ਇਨਾਮ ਇਕ ਮੁਸਕ੍ਰਿਨ ਦਾ ਪਾ ਦੇ ਲਾਲਨ!
(ਨਵੀ ਦਿੱਲੀ 17-3-50)
––––––––––
1. ਕੋਝੀ, ਕੁਆਲਿਓ, ਜਿਵੇਂ ਸੁਆਲਿਓ।
ਸ਼ੁਕਰਾਨਾ
ਟੇਕ- ਕਰ ਮਨ ਸ਼ੁਕਰ ਸ਼ੁਕਰ ਸ਼ੁਕਰਾਨਾ
ਰਹਿਮਤ ਮਿਲੀ ਮਿਲੀ ਆ ਰਹਿਮਤ ਰਹਿਮਤ ਦਾ ਸ਼ੁਕਰਾਨਾ।
ਖਬਰ ਖੁਸ਼ੀ ਦੀ ਅਰਸ਼ੋਂ ਆਈ ਵਜਦਾ ਪ੍ਯਾ ਸ਼ਦਿਯਾਨਾ:-
"ਹੁਣ ਗ਼ਮ ਖਾ ਨਾ, ਹੁਣ ਗ਼ਮ ਖਾ ਨਾ ਹੁਣ ਗ਼ਮ ਖਾ ਨਾ, ਖਾ ਨਾ।
"ਗ਼ਮ ਦਿਲ ਤੇਰਾ ਧੋ ਦਿੱਤਾ ਹੁਣ, ਬਖਯਾ ਖੁਸ਼ੀ ਖ਼ੁਸ਼ੀ ਖ਼ਜ਼ਾਨਾ।
"ਸਿਫ਼ਤ ਸਲਾਹ ਦਾ ਪੀ ਇਹ ਪ੍ਯਾਲਾ ਪੀ ਤੇ ਬੁੱਲ੍ਹ ਹਿਲਾ ਨਾ।
"ਨੂਰ ਝਮੱਕਾ ਆਇਆ ਈ ਲੈ ਸਹਿ ਨਿਜ ਨੂੰ ਭੁਲ ਜਾ ਨਾ।”
ਤਦ ਇਕ ਨੂਰ ਝਮਾਕਾ ਵੱਜਾ, ਕੀਤਾ ਉਨ ਬੇਗਾਨਾ।
ਵਿਸਮ, ਵਿਸਮ, ਬੇ ਖ਼ੁਦ, ਬੇ ਖ਼ੁਦ ਹੈ, ਖੁਲ੍ਹਿਆ ਭੇਦ ਲੁਕਾਨਾ।
ਪ੍ਰੀਤਮ ਸੀ ਛੁਪਿਆ 'ਮੈਂ ਉਹਲੇ, ਹੁਣ ਉਸ ਹੋ ਮਿਹਰਵਾਨਾ।
ਨਿਜ ਸਰੂਪ ਦੇ ਸ਼ੀਸ਼ੇ ਲੈ ਲ੍ਯਾ, ਉਹਲਾ ਦੂਰਿ ਮਿਟਾਨਾ।
ਪੀਰ ਮਹਿੰਡਾ ਧੰਨ ਗੁਰ ਨਾਨਕ, ਕਰ ਮਨ! ਉਸ ਸ਼ੁਕਰਾਨਾ।
ਜਿਸ ਕਰ ਮਿਹਰ ਉਚਾਯਾ ਧੂੜ, ਉਸ ਦਾ ਕਰ ਸ਼ੁਕਰਾਨਾ।
ਚਰਨ-ਧੂੜ ਗੁਰ ਨਾਨਕ ਪਾਰਸ, ਉਸ ਵਿਚ ਰਲ ਰੁਲ ਜਾਨਾ,-
ਝੋਲੀ ਚੜ੍ਹਨ ਅਰਸ਼ ਦੀ, ਸਖੀਏ! ਹੁਸਨਾਂ ਲੈ ਗਲ ਲਾਨਾ।
ਸ਼ੁਕਰ ਸ਼ੁਕਰ ਗੁਰ ਨਾਨਕ! ਤੇਰੀ, ਰਹਮਤ ਦਾ ਸ਼ੁਕਰਾਨਾ।
ਜਿਨ ਦੁਖ ਕੱਟ ਅਮਰ ਸੁਖ ਅੰਦਰ ਦਿੱਤਾ ਲਾਇ ਟਿਕਾਨਾ।
ਧੰਨ ਗੁਰ ਨਾਨਕ, ਧੰਨ ਗੁਰ ਨਾਨਕ, ਸ਼ੁਕਰਾਨਾ ਸ਼ੁਕਰਾਨਾ।
ਤੇਰੀ ਰਹਿਮਤ ਦਾ ਗੁਰ ਨਾਨਕ! ਲਖ ਲਖ ਹੈ ਸ਼ੁਕਰਾਨਾ।
(18-11-36)
ਅਨਖੇੜੇ ਤੋਂ ਬੇਪ੍ਰਵਾਹ
ਨ ਬੇਸੁਰਿਆਂ ਨੂੰ ਛੇੜ ਐ ਦਿਲ! ਏ ਸੁਰ ਹੁੰਦੇ ਸਰੋਦੇ ਨਾ
ਜਿ ਹੋ ਜਾਵਣ ਤਾਂ ਸੁਰ ਉੱਤੇ ਕੋਈ ਪਲ ਛਿਨ ਖੜਦੇ ਨਾ।
ਵਜਾਵੇਂ ਬੇਸੁਰੇ ਜੇਕਰ ਸੁਰੋ ਤੈਨੂੰ ਉਖੇੜਨ ਗੇ
ਤੂੰ ਲੁੱਡੀ ਪਾ ਤੇ ਨਚ ਐ ਦਿਲ ਕਿ ਨਚਦੇ ਹਾਰ ਪ੍ਰੋਂਦੇ ਨਾ।
ਅਜ ਅੱਧੀ ਰਾਤ ਸਾਕੀ ਨੇ ਜਗਾ ਕੇ ਆਖਿਆ ਮੈਨੂੰ,
ਗਗਨ ਚੜਦੇ ਜੁ ਚੰਨ ਵਾਙੂ ਕਦੇ ਚੱਕੀ ਓ ਝੋਦੇ ਨਾ।
ਤੂੰ ਹੋ ਰੌਸ਼ਨ, ਤੇ ਰਹੁ ਰੌਸ਼ਨ ਤੇ ਸਿਟਦਾ ਰੋਸ਼ਨੀ ਜਾ ਤੂੰ,
ਕਿ ਸੂਰਜ ਚੰਦ ਹਨ੍ਹੇਰੇ ਨੂੰ ਕਦੇ ਬੀ ਬੈਠ ਧੋਂਦੇ ਨਾ।
ਲੁਟਾ ਖੁਸ਼ਬੂ ਗੁਲਾਬਾਂ ਜਿਉਂ ਤੇ ਮੇਘਾਂ ਵਾਂਗ ਛਹਿਬਰ ਲਾ
ਖਿੜੇ ਖੇੜਾ ਲੁਟਾਂਦੇ ਹਨ ਓ ਅਨਖੇੜੇ ਨੂੰ ਰੋਂਦੇ ਨਾ।
(29-9-26)
ਰਾਜ ਹੰਸਾਂ ਨੂੰ
ਨ ਜਾਲੀ ਲਾ, ਨ ਪਿੰਜਰਾ ਲੈ, ਹੁਮਾ ਨੂੰ ਫੜ ਨ ਹੰਸਾਂ ਨੂੰ,
ਨ ਸੋਚੀਂ ਕੈਦ ਪਾਣੇ ਦੀ ਤੂੰ ਪੰਛੀ ਉੱਚ ਅੰਸਾਂ ਨੂੰ।
ਨ ਰੀਝਣ ਚੋਗਿਆਂ ਤੇ ਓ ਕਿਵੇਂ ਉਤਰਨਗੇ ਜਾਲੀ ਤੇ ?
ਫਸਾ ਸਕਦਾ ਨਹੀਂ ਹੈਂ ਤੂੰ ਕਿਸੇ ਬਿਧਿ ਸ੍ਵੱਛ ਵੰਸਾਂ ਨੂੰ।
ਉ ਵਿਚਰਨ ਜਿਸ ਜਗਾ ਖੁੱਲ੍ਹੇ ਤੇ ਕਰਦੇ ਕੇਲ ਫਿਰਦੇ ਹਨ
ਤੂੰ ਜਾ ਉਸ ਥਾਂ ਦਰਸ ਪਰਸਨ ਮਿਟਾ ਦਿਲ ਮੈਲ ਮੰਸਾਂ ਨੂੰ ।
ਅਦਬ ਭੈ ਨਾਲ ਜਾਵੀਂ ਤੂੰ ਸੁਣੀਂ ਸੰਗੀਤ ਉਹਨਾਂ ਦੇ
ਲਈਂ ਸਿਖ ਵੱਲ ਨਿਖੇੜਨ ਦਾ ਅਸਾਰੋਂ ਸਾਰ ਅੰਸਾਂ ਨੂੰ।
ਮੁੜੇਂਗਾ ਫੇਰ ਹੋ ਆਪੇ ਹੁਮਾ ਤੂੰ ਰਾਜ ਹੰਸਾ ਤੂੰ
ਲਏਂ ਛਾਯਾ ਹੁਮਾ ਦੀ ਜਦ ਅਤੇ ਛੁਹ ਰਾਜ ਹੰਸਾਂ ਨੂੰ।
(ਡਿਹਹਾਦੂਨ 12-11-36)
ਹਜ਼ੂਰੀ ਦੀ ਮੰਗ
ਹਜ਼ੂਰੀ ਬਿਨ ਸਤਾਂਦੇ ਹਨ ਏ ਦੋਵੇਂ ਪੁੰਨ ਤੇ ਪਾਪ
ਹਜ਼ੂਰੀ ਦਾਨ ਤੇਰਾ ਹੈ ਪਰ ਜਿ ਦੇਂਵੇਂ ਤ੍ਰਠਕੇ ਆਪ।
ਬਲੇ ਜਿਸ ਥਾਂ ਹਜ਼ੂਰੀ ਭਾਹ ਦਖ਼ਲ ਕੀ ਗ਼ੈਰ ਦਾ ਉਸ ਥਾਂ
ਤੂੰ ਨੂਰੀ ਓਸ ਦੁਨੀਆਂ ਵਿਚ ਮਿਰੇ ਅੱਲਾ! ਪੁਚਾ ਲੈ ਆਪ।
ਖਿਲੀ ਗੁਲਜ਼ਾਰ ਇਕ ਰੰਗੀ ਨਗਨ ਹੋ ਰਹੀ ਹਜ਼ੂਰੀ ਹੈ
ਸੁਗੰਧ ਤੋਂ ਜਾਤ ਦੇ ਰਹੀ ਹੈ ਚਮਨ ਉਹ ਤੂੰ ਦਿਖਾਦੇ ਆਪ।
ਹਜ਼ੂਰੀ ਬਿਨ ਜੋ ਜੀਵਨ ਹੈ ਅਜੀਵਨ ਤੁੱਲ ਓਹ ਜੀਵਨ
ਬੁਚਾ ਲੈ ਇਸ ਅਜੀਵਨ ਤੋਂ ਹਜ਼ੂਰੀ ਜਿੰਦ ਲਾ ਦੇ ਆਪ।
ਨ ਦੂਰੀ ਦੂਰ ਹੁੰਦੀ ਹੈ ਨ ਮਿਟਦੀ ਵਿੱਥ ਕਿਸੇ ਤਰਲੇ
ਹਜ਼ੂਰੀ ਝਾਲ ਝਲਕਾਂਦੇ ਤੇ ਵਿੱਥਾਂ ਸਭ ਮਿਟਾ ਦੋ ਆਪ।
ਲਗਾਤਾਰੀ ਹਜ਼ੂਰੀ ਦਾ ਵਸੇਬਾ ਹੁਣ ਮਿਲੇ ਮੈਨੂੰ,
ਇਹ ਤੇਰੇ ਵੱਸ ਹੈ ਦਾਤਾ! ਮਰਹਮਤ ਕਰ ਦਿਵਾਦੇ ਆਪ।
ਰਹਿਣ ਹਾਜ਼ਰ ਦੀ ਤਾਬ ਅਪਨੀ ਹੈ ਅੱਲੀ ਮੇਰਿਆ ਅੱਲਾ,
ਪਕਾਦੇ ਰਹਿਮ ਕਰਕੇ ਹੁਣ ਮਿਹਰ ਕਰਕੇ ਦ੍ਰਿੜ੍ਹਾ ਦੇ ਆਪ।
(ਡਿਹਰਾਦੂਨ, 29-3-50)
–––––––––––
1. ਕੱਚੀ।
ਪਿਰਮ ਰਸ
ਆਵਾਜ਼ ਆਈ, ਆਵਾਜ਼ ਆਈ ਕਿ ਆ ਫੈਲੀ ਹਈ ਹਰ ਤਰਫ਼
ਪਏ ਵਜਦੇ ਸਰਦੇ ਹਨ ਹਈ ਵਜਦੀ ਪਈ ਇਕ ਦਫ਼।
ਕਿ ਦਿਲਕਸ਼ ਰਾਗ ਹੁੰਦਾ ਹੈ ਸਰੂਰਾਂ ਚੜ੍ਹਦੀਆਂ ਸੁਣ ਸੁਣ,
ਲਗੀ ਮਹਿਫ਼ਲ ਪਿਰਮ ਰਸ ਦੀ ਪਿਅੱਕੜ ਆ ਖੜੇ ਬੰਨ੍ਹ ਸਫ਼।
ਕਿਸੇ ਭਾਗਾਂ 'ਚ ਘੁਟ ਇਕ ਹੈ ਕਿਸੇ ਵਿਚ ਚੱਖਣਾ ਸਹੀਓ!
ਪੀਏਗਾ ਕੌਣ ਭਰਕੇ ਜਾਮ, ਮਿਲੇ ਮਸਤੀ ਦਾ ਕਿਸਨੇ ਸ਼ਰਫ਼।
ਖੜੇ ਰਹਿ ਜਾਣਗੇ ਕੋਈ, ਕਿ ਸੁੱਕੇ ਬੁੱਲ੍ਹ ਤਕਦੇ ਹੀ
ਤੜਪ ਲੱਗੇਗੀ ਪਿਛੋਂ ਆ ਪਏ ਕਰਸਣ ਓ ਉਫ਼ ਉਫ਼ ਉਫ਼।
(ਕਸੋਲੀ 21-8-50)
ਟੱਲੀਆਂ ਦੀ ਆਵਾਜ਼
ਵਿਛੋੜੇ ਵਿਚ ਨ ਰਖ ਸਾਨੂੰ ਨ ਹੁਣ ਸਾਨੂੰ ਪਿਆ ਤੜਫਾ,
ਮਿਲੀ ਸੀ ਝਲਕ ਜਾਨੀ ਵਿਚ ਰਿਹਾ ਹੁਣ ਤਕ ਲਗਾ ਤੜਫ਼ਾ।
ਕਿ ਫਿਰ ਹੋਵੇਗੀ ਬਖਸ਼ਿਸ਼ ਮੈਂ ਉਸੇ ਹੀ ਰੂਪ ਦਰਸ਼ਨ ਦੀ
ਅਵਾਜ਼ ਆਂਦੀ ਹੈ ਟਲੀਆਂ ਦੀ ਏ ਦੇਂਦੀ ਹੈ ਵਧਾ ਤੜਫਾ।
ਲਿਆ ਡਾਚੀ ਨੂੰ ਦਰ ਮੇਰੇ ਪੁਆ ਦੇ ਰੂਪ ਦਾ ਝਲਕਾ
ਕਿ ਨੈਣਾ ਤੜਫ ਰਹਿਆਂ ਦਾ ਤਰਸ ਕਰਕੇ ਘਟਾ ਤੜਫਾ।
ਇਹ ਮਿਟ ਜਾਵਣਗੇ ਸੁਣ ਸੁਹਣੇ ਪਰ ਕਿ ਅੱਜ, ਕਿ ਕੱਲ ਹੀ
ਕਿ ਮਿਲ ਪਉ ਆ ਮਿਟਣ ਪਹਿਲੋਂ ਗਲੇ ਲਗਕੇ ਉਡਾ ਤੜਫਾ।
(ਕਸੋਲੀ 31-8-50)
ਮੇਰੀ ਝੋਲੀ ਤੇਰੀ ਤੌਫ਼ੀਕ
ਤੇਰੀ ਤੌਫ਼ੀਕ ਬਹੂੰ ਵੱਡੀ ਮੇਰੀ ਝੋਲੀ ਹੈ ਨਿੱਕ, ਸਾਹਿਬ!
ਨ ਲਗਸੀ ਦੇਰ ਭਰਦੀ ਨੂੰ ਜੇ ਤੁੱਠੇਗਾ ਖਿਨ ਇੱਕ ਸਾਹਿਬ!
ਨ ਤੱਕੀਂ ਸੁਕਮ ਮੇਰੇ ਤੂੰ ਇਹ ਸ਼ੁਹਦੇ ਹੈਨ ਹੀ ਕੀ ਸ਼ੈ,
ਗੁਨਹਗਾਰੀ ਮੈਂ ਗਿਣਤੀ ਵਿਚ ਤੇਰੀ ਰਹਿਮਤ ਅਮੁੱਕ ਸਾਹਿਬ!
ਮੈਂ ਦਿਲ ਕੋਰੇ ਨੂੰ ਧੋਤਾ ਹੈ ਕਈ ਸਾਬਨ ਲਗਾ ਧੋਤਾ,
ਧੁਲੇ ਨਾ ਧੋਤਿਆਂ ਮੇਰੇ ਹੁਯਾਂ ਧੋ ਧੋ ਕੇ ਦਿੱਕ ਸਾਹਿਬ!
ਕਈ ਖੂਹੇ ਵਗਾਏ ਸਨ ਕਈ ਨਹਿਰਾਂ ਚਲਾਈਆਂ ਸਨ,
ਪੈ ਸਭ ਨੂੰ ਲੋੜ ਬੱਦਲ ਦੀ ਕਿ ਇਹ ਸਭਨਾਂ ਦਾ ਇੱਕ ਸਾਹਿਬ।
ਹੋ ਭੁੱਲ ਇਨਸਾਨ ਦੀ ਕਿਤਨੀ ਭਰੇ ਬੋਹਿਥ ਕਈ ਚਾਹੇ
ਅਮਿੱਤਾ ਮਿਹਰ ਸਾਗਰ ਤੂੰ ਲਏਂ ਕਰ ਸਭ ਗਰਿੱਕ ਸਾਹਿਬ!
ਲਗਾ ਦੇ ਇਸ਼ਕ ਦਾ ਚੁੰਬਕ ਤੇ ਪਾ ਦੇ ਖਿੱਚ ਇਕ ਅਪਣੀ
ਰਹੇ ਖਿਚ ਪਾਉਂਦੀ ਤੇਰੀ ਇਹੋ ਇਕੋ ਹੀ ਸਿੱਕ ਸਾਹਿਬ!
ਸ਼ਮਅ ਦੀਵੇ ਜਗਾਏ ਹਨ ਕਰਨ ਰਸਤੇ ਨੂੰ ਮੈਂ ਰੌਸ਼ਨ
ਨਹੀਂ ਤੌਫ਼ੀਕ ਇਹਨਾਂ ਦੀ ਇਨ੍ਹਾਂ ਦਾ ਨੂਰ ਫਿਕ ਸਾਹਿਬ।
ਹੋ ਚੰਦਾ! ਅਰਸ਼ ਤੇ ਆਜਾ ਹੋ ਬੁੱਕਾ ਨੂਰ ਦਾ ਦਿਸ ਪਉ
ਚਕੌਰ ਅੱਖਾਂ ਨੂੰ ਖਿੱਚੀ ਲਾ ਕਿ ਰਹਿ ਜਾਵਣ ਬਙਿੱਕ ਸਾਹਿਬ!
(ਬੰਬਈ 28-1-50)
ਗ਼ਰੀਬ
ਵਿਚ ਵਤਨ ਬੀ ਬੇ-ਵਤਨ ਪਰਦੇਸ ਵਿਚ ਓ ਹੈ ਗ਼ਰੀਬ,
ਧਨ ਨ ਪੱਲੇ ਹੋ ਜਿਹਦੇ ਵਿਚ ਵਤਨ ਦੇ ਬੀ ਹੈ ਗ਼ਰੀਬ।
ਦਿਲ ਹੈ ਸ਼ਾਖੋ ਸ਼ਾਖ ਤ੍ਰੱਪਦਾ ਪਕੜਦਾ ਇਕ ਸੇਧ ਨਾ,
ਪੁੜਦਾ ਨਾ ਹੈ ਦਿਲ ਪ੍ਯਾਰ-ਪ੍ਰੀਤਮ ਆਪਿਓਂ ਗੁੰਮ ਹੈ ਗਰੀਬ।
ਪੁੜ ਗਈ ਦਿਲ ਨੋਕ ਇਕ ਨੁਕਤਾ ਗਿਆ ਹੈ ਲੱਗ ਹੁਣ,
ਭਾਲ ਹੈ ਹੁਣ ਮਹਲ ਦੀ 'ਬਿਨ ਮਹਲ ਲੱਭੇ’ ਮੈਂ ਗ਼ਰੀਬ।
ਹੈ ਹਨੇਰੀ ਰਾਤ ਤੇ ਹਨ ਛਾ ਰਹੇ ਬੱਦਲ ਘਣੇ,
ਭਾਲ ਵਿਚ ਪੈਂਦੇ ਭੁਲੇਵੇਂ ਭਰ ਰਿਹਾ ਦਿਲ ਭੈ ਗ਼ਰੀਬ।
ਜ਼ੁਲਫ ਨੇ ਹੈ ਖਿਲਰਕੇ ਮਾਨੋ ਲੁਕਾਇਆ ਚੰਦ ਮੁਖ,
ਨਾਚ ਕੁਹਕਣ ਭੁਲ ਗਿਆ ਹੈ ਦਿਲ-ਚਕੋਰ ਹੁਣ ਢੈ ਗ਼ਰੀਬ।
ਜ਼ੁਲਫ ਨੇ ਹੈ ਖਿਲਰਕੇ ਮਾਨੋ ਲੁਕਾਇਆ ਚੰਦ ਮੁਖ,
ਨਾਚ ਕੁਹਕਣ ਭੁਲ ਗਿਆ ਹੈ ਦਿਲ-ਚਕੋਰ ਹੁਣ ਢੈ ਗ਼ਰੀਬ।
ਲਿਸ਼ਕ ਪਉ ਜਿਉਂ ਬਿੱਜਲੀ ਕਿੰਗਰਾ ਦਿਖਾ ਦੇ ਮਹਿਲ ਦਾ,
ਬੇ ਨਕਾਬੀ ਕਰ ਜ਼ਰਾ ਪਾ ਨੂਰ ਤੇ ਖਿਚ ਲੈ ਗ਼ਰੀਬ।
(ਅੰਮ੍ਰਿਤਸਰ 24-1-42)
ਸੰਸਾਰ ਦਾ ਕੱਬਾ-ਪਣ
ਬਣਾਯਾ ਤੀਰ ਸੀ ਸਿੱਧਾ, ਧਨੁਸ਼ ਜਿਉਂ ਹੋ ਗਿਆ ਕੁੱਬਾ,
ਮਨੁਖ ਦੇ ਭਾਇ ਕੀ ਵਰਤੀ? ਤੂੰ ਦੱਸ ਮੈਂ ਸੁਹਣਿਆਂ ਰੱਬਾ।
ਕੁਈ ਸ਼ੈਤਾਨ ਸਚ ਮੁਚ ਹੈ ਤੇ ਉਸਦਾ ਲਗ ਗਿਆ ਦਾਓ ?
ਫਫੇ ਕੁੱਟਣ ਕੁਈ ਮਾਯਾ ਇਹ ਉਸਦਾ ਦਾਉ ਹੈ ਫੱਬਾ?
ਕਿ ਵਿੰਗਾ ਹੋ ਗਿਆ ਆਪੇ ਬਿਨਾ ਕਾਰਣ ਬਿਨਾ ਕੀਤੇ
ਕਿਵੇਂ ਇਸ ਚੰਦ ਮੁਖੜੇ ਤੇ ਸਿਆਹੀ ਪੈ ਗਏ ਧੱਖਾ?
ਕਿਸੇ ਦੇ ਨਾਲ ਵਰਤੋ ਸਾਫ ਸਿੱਧੇ ਤੀਰ ਹੋ ਵਰਤੋਂ,
ਉ ਟੇਢਾ ਹੋ ਕੇ ਵਰਤੇਗਾ ਤੇ ਹਰ ਗੱਲੇ ਰਹੂ ਕੱਬਾ।
ਜਿਦ੍ਹਾ ਦਿਲ ਫੋਲ ਕੇ ਵੇਖੋ ਉ ਲੀਰਾਂ ਦੀ ਸਜਾਵਟ ਹੈ,
ਉ ਲੀਰਾਂ ਨੂੰ ਫਬਾ ਸੀਤਾ ਜਿਵੇਂ ਕਸ਼ਮੀਰ ਦਾ ਗੱਬਾ।
ਜਿ ਸਿੱਧਾ ਮਿਲ ਪਵੇ ਕੋਈ ਤੇ ਅਕਲੋਂ ਸੁੰਨ ਹੁੰਦਾ ਹੈ
ਜਿ ਆਕਿਲ ਮਿਲ ਪਵੇ ਕੋਈ ਉਹ ਵਿੰਗਾ ਹੈ ਤੇ ਹੈ ਕੱਬਾ।
ਦਿਲਾ ਤਕ ਤਕ ਰਹੀਂ ਸਿੱਧਾ ਫਿਕਰ ਕਰ ਆਪਣਾ ਸੁਹਣੇ
'ਹਲਬ ਸ਼ੀਸ਼ਾ'' ਸਦਾ ਹੱਥ ਰਖ ਮਤਾਂ ਹੋ ਜਾਇ ਤੂੰ ਚਿੱਬਾ।
ਨ ਖਾ ਡੋਬਾ, ਨ ਦਿਲਗੀਰੀ ਰਹੋ ਸਿਧਾ ਤੇ ਚਲ ਸੇਧੇ
ਚਬਾ ਦਾਣੇ ਲੋਹੇ ਵਰਗੇ ਰਹੋ ਕਹਿੰਦਾ: 'ਸ਼ੁਕਰ ਰੱਬਾ।'
(ਕਸੋਲੀ 15-9-50)
––––––––––––––
1. ਹਲਬ ਸ਼ੀਸ਼ਾ ਲਕਵੇ ਤੋਂ ਰਾਜ਼ੀ ਕਰਦਾ ਹੈ, ਤੇ ਲਕਵਾ ਹੋਣ ਨਹੀਂ ਦਿੰਦਾ।
ਅਨੰਤੀ ਟੋਲ
ਇ ਲਭ ਪ੍ਰੀਤਮ ਦੀ ਹੈ ਔਖੀ ਇਹ ਦੁਰਲਭ ਹੈ ਬੜੀ ਦੁਰਲਭ
ਚਲੀ ਸੱਸੀ ਸੀ ਸ਼ਹੁ ਲੱਭਣ ਕਿ ਸੁਹਣੇ ਨੂੰ ਲਿਆਨੀਂ ਲਭ।
ਨ'ਸੀ ਜਾਣੂ ਸੁਰਾਗਾਂ ਦੀ ਨ ਸੀ ਮਹਿਰਮ ਉ ਰਾਹਾਂ ਦੀ
ਨ ਰਹਿਬਰ ਰਾਹ ਹੀ ਮਿਲਿਆ ਉ ਪ੍ਰੀਤਮ ਕਿਵ ਲਿਆਂਦੀ ਲਭ।
ਥਲਾਂ ਵਿਚ ਦੇ ਰਹੀ ਲਿੱਲਾਂ ਕੁਕੇਂਦੀ ਰਹਿ ਗਈ ਸ਼ੁਹਦੀ
ਗੁਆਚੀ ਆਪ ਲਭਦੀ ਉਸ ਨ ਮਿਲਿਆ ਓ ਸੀ ਜਿਸਦੀ ਲਭ।
ਵਿਛੁੱਨੀ ਟੁਰ ਗਈ ਸੱਸੀ ਪੈ ਸ਼ਹੁ ਵਿਚ ਸੁਰਤ ਪ੍ਰੇਤੀ ਲੈ,
ਜੁ 'ਅੰਤੀ ਟੋਲ ਨਾ ਮਿਲਿਆ 'ਅਨੰਤੀ/ਟੇਲ ਲੈਸੀ ਲੱਭ।
ਜਿਵੇਂ ਤੱਕੇ ਕਿ ਦੁਨੀਆਂ ਵਿਚ ਨਦੀਆਂ ਤੋਂ ਵਿਛੁੱਨਨ ਵਾਹ
ਟੁਰੇ ਰਹਿੰਦੇ, ਟੁਰੇ ਰਹਿੰਦੇ ਸਮੁੰਦਰ ਪਹੁੰਚ ਮਿਲਦੇ ਲਭ।
(ਕਸੋਲੀ 31-8-50)
ਛਿਨ ਛਿਨ ਨਾਮ
ਹੱਯੋ, ਉਠੀ ਮਨਾਂ ਮੇਰੇ ਕਿ ਬੀਤੇ ਰਾਤ ਨਾ ਬਿਨ ਨਾਮ
ਤੂੰ ਰਖ ਉਸ ਯਾਦ ਸੁਹਣੇ ਨੂੰ ਪਕੜ ਪੱਲਾ ਤੇ ਗਿਨ ਗਿਨ ਨਾਮ।
ਨ ਆਵੇ ਆਪ ਜੇ ਸੁੰਦਰ ਨਿਰਾਸਾ ਹਥ ਨ ਚੜ ਜਾਵੀਂ
ਇ ਯਾਦ ਉਸਦੀ ਹੈ ਖਿਚ ਉਸਦੀ ਉ ਆਪੇ ਹੀ ਹੈ ਇਨ ਬਿਨ ਨਾਮ।
ਉ ਲਾਂਦਾ ਤੇ ਪੁਗਾਂਦਾ ਏ ਇ ਉਸ ਦੇ ਖੇਲ ਹਨ ਸਹੀਓ!
ਖਿਲਾੜੀ ਜਾ ਖਿਲਾਵੇ ਜਿਉਂ ਖਿਲੇਂਦੀ ਰਹੁ ਤੂੰ ਘਿਨ ਘਿਨ ਨਾਮ।
ਉ ਨਾਮ ਅਪਣੇ ਤੋਂ ਵਖ੍ਰਾ ਨਾ ਵਸੇਂਦਾ ਵਿਚ ਹੈ ਇਸ ਦੇ
ਉ ਛਿਨ ਛਿਨ ਨਾਲ ਹੈ ਤੇਰੇ ਲਵੇਂ ਉਸਦਾ ਜਿ ਛਿਨ ਛਿਨ ਨਾਮ।
ਉ ਹੈ ਰਸ ਰੂਪ ਸੁੰਦਰ ਖੁਦ, ਉ ਰਸ ਭਰਦਾ ਹੈ ਨਾਂ ਅਪਣੇ,
ਉ ਰਸ ਮਾਣਨ ਪਰੀਤਮ ਦਾ ਲਵਣ ਹਿਤ ਵਿਚ ਜੁ ਭਿੰਨ ਭਿੰਨ ਨਾਮ।
(ਕਸੌਲੀ 31-8-50)
ਤੇਰੀ ਯਾਦ
ਹਯਾਤੀ 'ਯਾਦ' ਤੇਰੀ ਹੈ ਭੁਲਾਯਾ ਕਰ ਨ ਤੂੰ ਪ੍ਰੀਤਮ!
ਨ ਭੁੱਲਾਂ ਮੈਂ ਕਿਸੇ ਦਮ ਵੀ ਰਹੇ ਹਿਯਰਾ ਚਰਣ-ਸੀਤਮ।
ਅਸਾਡੀ ਯਾਦ ਅਪਨੀ ਨਾਂ, ਤੁਹਾਡੀ ਯਾਦ ਦਾ ਪਰਤੌ
ਅਸਾਡੇ ਝਲਕਦਾ ਅੰਦਰ ਸੁਣੀ ਸਚ ਸੁਹਣਿਆਂ ਮੀਤਮ।
ਨਹੀਂ ਪਾਯਾਂ ਅਸਾਝੀ ਹੈ ਬਿਨਾ ਰਹਿਮਤ ਤੁਸਾਡੀ ਦੇ
ਤੁਸਾਂ ਨੂੰ ਯਾਦ ਰਖ ਸਕੀਏ ਵਸਾ ਸਕੀਏ ਕਦੇ ਚੀਤਮ।
ਹਯਾਤੀ ‘ਯਾਦ' ਤੇਰੀ ਹੈ ਜਗਾਂਦੀ ਟੁੰਬ ਆ ਸਾਨੂੰ
ਉ ‘ਤੇਰੀ ਯਾਦ' ਤੇਰੀ ਹੈ ਵਸੇ ਹਿਯਰੇ ਅਸਾਂ ਬੀਚਮ।
ਅਸੀਂ ਜੀਵੀਏ ਯਾਦ ਅੰਦਰ ਅਸਾਡੀ ਇਹ ਨ ਖੂਬੀ ਹੈ,
‘ਕਣੀਂ-ਜਿੰਦ' ਲਾਕੇ ਇਸ ਅਪਣੀ ਰਿਦੇ ਜ੍ਯੁੰਦੇ ਤੁਸਾਂ ਕੀਤਮ।
ਤੁਸੀਂ ਸਾਗਰ ਅਸੀਂ ਚਾਤ੍ਰਿਕ ਤੁਹਾਡੀ ‘ਯਾਦ ਹੈ ਬੱਦਲ
ਵਸੋ ਬੱਦਲ, ਅਸੀਂ ਪੀਵੀਏ ਕਿ ਪ੍ਰਿਉ ਪ੍ਰਿਉ ਗਾਂਵਦੇ ਗੀਤਮ।
(ਕਸੌਲੀ 9-9-50)
ਪਿਆਰ ਗੋਦੀ ਵਿਚ ਪੀੜ
ਸ਼ਾਖਾਂ ਤੇ ਜੋ ਤੂੰ ਦੇਖੇਂ ਇਕ ਇਕ ਗੁਲਾਬ ਖਿੜਿਯਾ,
ਬੁਲਬੁਲ ਇਕ ਇਕ ਦੇ ਖੂੰ ਤੋਂ ਦਰਦਾਂ ਦੇ ਨਾਲ ਬਣਿਯਾ।
ਕੁਮਰੀ ਹਜ਼ਾਰ ਰੋਈ ਰੱਤੂ ਦੇ ਅੰਝੁ ਕਿਰ ਕਿਰ
ਸ਼ਮਸ਼ਾਦ ਬਾਗ਼ ਅੰਦਰ ਪੈਰਾਂ ਤੇ ਆਨ ਖੜਿਯਾ।
ਦਿਲ ਖੂਨ ਹੋ ਹੋ ਪਾਟੇ, ਬਿਰਹੋਂ ਦੇ ਹੱਥੋਂ ਰੋਏ,
ਦੁਲਹਨ ਦੇ ਵਾਙ ਬਾਂਕਾ ਰੌਜ਼ਾ ਏ ਤਾਂ ਸੀ ਚੜਿਯਾ।
ਸੋਸਨ ਮਜ਼ਾਰ ਉੱਤੇ ਨਾਜ਼ਾਂ ਦੇ ਨਾਲ ਝੂੰਮੇਂ
ਪ੍ਯਾਰਾਂ ਦੀ ਪੀੜ ਕੁਸ ਕੁਸ ਇਸ ਨੂੰ ਕਦੇ ਸੀ ਜਣਿਯਾ।
ਨਾਜ਼ਕ ਰਸੀਲੈ ਨੈਣਾਂ ਮਿੱਟੀ ਤੋਂ ਨਾਂ ਬਣੇ ਸਨ,
ਅੰਦਰ ਦੀ ‘ਸਿੱਕ ਦਰਸ਼ਨ ਨੈਣਾਂ ਨੂੰ ਸੀਗ ਘੜਿਯਾ।
ਪ੍ਯਾਰਾਂ ਦੀ ਗੋਦਿ ਪੀੜਾ ਜਦ ਕਦ ਹੈ ਆਣ ਖੇਡੀ
ਤਦ ਤਦ ਚਮਨ ਹੁਸਨ ਦਾ ਜੋਬਨ ਤੇ ਆਦ ਖਿੜਿਯਾ।
(ਬਹੁਤ ਪੁਰਾਣਾ)
––––––––––––––––
1. ਭਾਵ ਨਰਗਸ।
ਅਕਲ
ਅਕਲ ਦੁਨੀਆਂ ਦੀ ਰਹਿਬਰ ਹੈ ਚਲੇ ਕੋਈ ਨ ਇਸ ਬਿਨ ਕਾਰ,
ਰਿਸਮ ਚਾਨਣ ਦੀ ਹੈ ਏਹੇ ਤੁਰੇ ਇਸ ਆਸਰੇ ਸੰਸਾਰ।
ਅਕਲ ਕੱਲੀ ਇਕੱਲੀ ਹੈ ਇਹ ਡੋਲੇ ਹੈ ਸ਼ਮਅ ਵਾਙੂ
ਕਿ ਸਾਥੀ ਜੋ ਸਮ੍ਹਾਲੇ ਇਸ ਪ੍ਯਾਰ ਉਹ ਹੈ, ਉਹ ਹੈ ਹੀ ਪ੍ਯਾਰ
ਪ੍ਯਾਰ ਅੱਥ ਸ਼ਮਅ ਕਰੇ ਤਾਂ ਦੇਂਦੀ ਉਹ ਰਹੇ ਚਾਨਣ
ਅਕਲ ਜੇ ਪ੍ਯਾਰ ਭਿੱਜੀ ਹੋ ਤੇ ਚਾਨਣ ਓਸ ਸੁੰਦਰ ਚਾਰ।
ਅਕਲ ਜਦ ਪ੍ਯਾਰ ਸੁੰਞੀ ਹੋ ਲਿਜਾਂਦੀ ਖ਼ੁਸ਼ਕੀਆਂ ਦੇ ਦੇਸ਼
ਉ ਚਾਨਣ ਹੈ, ਪੈ ਹੈ ਔਝੜ ਕਠਨ ਉਸ ਤੋਂ ਹੈ ਹੋਣਾ ਪਾਰ।
ਅਕਲ ਸਾਈਆਂ! ਦੇਈ ਚੋਖੀ ਦਈਂ ਪਰ ਪ੍ਯਾਰ ਗੁੱਧੀ ਜੋ,
ਤਿਰੇ ਇਕ 'ਪ੍ਯਾਰ-ਰਸ' ਭਿੰਨੀ ਤਿਰੇ ਬੰਦਯਾਂ ਦੇ ਲੱਦੀ ਪ੍ਯਾਰ।
ਜਗਤ ਦੁਖ ਦੇਖ ਕੰਬੇ ਨਾ ਸਲੂਕਾਂ ਵੇਖ ਨਾ ਡੋਲੇ,
ਰਹੇ ਟੁਰਦੀ ਅਪਨ ਸੇਧੇ ‘ਅਕਲ' ਜਿਸ ਨੂੰ ਪ੍ਯਾਰੋ ਪ੍ਯਾਰ।
(ਕਸੌਲੀ 31-8-50)
ਸੁਹਜ ਤੇ ਰੂਹ
'ਸੁਹਜ ਸਾਗਰ' ਦੀ ਬੂੰਦ ‘ਰੂਹ' ਹੈ ਸੁਹਜ ਆਪ ਹੇ ‘ਸੁਹਜ' ਪਿਆਰੀ,
‘ਪਾਲ ਕੋਝ’ ਦੀ ਏਸ ਉਦਾਲੇ ਕੋਝੇ ਖ੍ਯਾਲਾਂ ਆਣ ਉਸਾਰੀ।
'ਕੋਝ ਕੈਦ' ਵਿਚ ਪੈ ਚਹੋ ਜਾਵੇ ‘ਸੁਹਜ ਸੁਣ ਤੇ ਫਟਕ ਉਠੇ ਆ,
ਰੂਹ ਕੋਝੀ ਕੋਈ ਨਹੀਂ ਸਖੀਏ ਪੈ ਜਾਂਦੀ ਏ ਕੋਝ-ਪਿਟਾਰੀ।
ਕੰਨੀ ਪਵੇ ‘ਸੁਹਜ ਦੀ ਬੋਲੀ ਸੁਹਜ ਯਾਨ ਦੀ ਮਿਲੇ ਉਡਾਰੀ,
ਬੋਲ ਪਵੇ ਫਿਰ ਸੁਹਜ ਦੀ ਬੋਲੀ ਸੁਹਜ ਗਗਨ ਦੀ ਤਰ ਪਏ ਤਾਰੀ।
ਸੁਹਜ ਮੀਂਹ ਉਤਰੇ ਫਿਰ ਇਸਤੋਂ ਚਮਨ ਸੁਹਜ ਦੇ ਖਿੜ ਖਿੜ ਪੈਣ
ਮੁਸ਼ਕ ਉਠ ਤੇ ਝੂਮ ਉਠੇ ਸਭ ਜੋ ਫਸ ਰਹੀ ਏ ‘ਕੋਝ ਪਿਟਾਰੀ'।
ਦੁੱਖ ਸੁਖ
ਆਸਮਾਨ ਨੂੰ ਅਸਾਂ ਪੁੱਛਿਆ
ਦੁਖ ਸਹਿਣ ਦੀ ਦੱਸੀਂ ਗੱਲ।
ਗਰਜ ਕਿਹਾ ਉਸ ਨੀਲੇ ਬੁੱਢੇ
ਝੱਲ, ਝੱਲ, ਬਈ ਝਲਦਾ ਚੱਲ।
ਅਸਾਂ ਕਿਹਾ: ਹੈ ਝੱਲਣ ਔਖਾ
ਹੋਰ ਦੱਸ ਕੁਈ ਸੌਖੀ ਗੱਲ?
SI ਖਿਰਨ ਛਿੜੀ ਫਿਰ ਬਦਲਾਂ ਵਿਚੋਂ
ਝੱਲ ਝੱਲ ਬਈ ਝਲ ਝਲ ਝੱਲ।
ਚੀਰ ਗਗਨ ਨੂੰ ਅਰਜ਼ ਅਸਾਡੀ,
ਨਿਕਲ ਗਈ ਫਿਰ ਦੂਜੀ ਵੱਲ,
ਵਾਜ਼ ਆਈ: ਰਖ ਨਜ਼ਰ ਅਸਾਂ ਵਲ
ਦੁਖ ਜਾਏਗਾ ਐਦਾਂ ਟੱਲ।
ਬੁਰਾ ਨਹੀਂ ਹੈ ਭਲਾ ਹੈ ਸਭ ਕੁਛ
ਦੁੱਖ ਨਹੀਂ ਹੈ ਸਭ ਹੀ ਸੁੱਖ,
ਸਾਥੋਂ ਵਿਛੁੜ ਦੁਖ ਦੁਖ ਲਗਦੇ
ਮਿਲਿਆ ਰਹੇ ਤਾਂ ਰਹਿਸੇਂ ਵੱਲ।
ਦਿਲ ਗਿਆ ਦਿਲਦਾਰ ਵੱਲ
ਮੈਂ ਨਹੀਂ ਦਿਲਦਾਰ ਦਿਲ ਦਾ ਦਿਲ ਗਿਆ ਦਿਲਦਾਰ ਵੱਲ,
ਫਿਰ ਕਿਹਾ ਰੋਣਾਂ ਅਸਾਂ ਜੇ ਦਿਲ ਗਿਆ ਦਿਲਦਾਰ ਵੱਲ।
ਦਿਲ ਰਖੇ ਦਿਲਦਾਰ ਜੇਕਰ ਦਿਲ ਸਮਾਇਆ ਆਪਣੇ,
ਕੌਣ ਫਿਰ ਵਾਪਸ ਮੰਗਾਏ ਦਿਲ ਗਿਆ ਜੋ ਯਾਰ ਵੱਲ।
ਤੂੰ ਨ ਕਹਿ "ਦਿਲਦਾਰ ਦਿਲ ਲੈ 'ਐਂ ਕਰੇ’, ਐਂ ਨਾ ਕਰੇ "
ਸੂਲੀ ਚੜੇ 'ਸੀ' ਨਾ ਕਹੇ, ਜਦ ਝੁਕ ਗਿਆ ਦਿਲ ਪ੍ਯਾਰ ਵੱਲ।
ਦਿਲ ਗਿਆ ਦਿਲਦਾਰ ਵਲ, ਬਾਕੀ ਰਿਹਾ ਇਹ ਕੌਣ ਹੈ?
ਸ਼ੋਰ ਸ਼ਿਕਵੇ ਕਰ ਰਿਹਾ ਹੈ ਮਹਿਰਮੇ ਇਸਰਾਰ' ਵੱਲ?
ਕੋਇਲ! ਕੁਕੇਂਦੀ ਨਾ ਫਬੇਂ: "ਦਿਲ ਲੈ ਗਿਆ, ਦਿਲ ਲੈ ਗਿਆ”,
ਸਿਰ, ਜਾਣ ਦੇ ਦਿਲ ਜੇ ਗਿਆ ਸਿਰ ਦਾਰ ਵੱਲ।
ਜੇ ਨਹੀਂ ਦਿਲਦਾਰ ਨੇ ਦਿਲ ਬੁਲਬੁਲੇ! ਮਕਬੂਲਿਆ
ਤੂੰ ਝੁਕੀ ਰਹੁ ਮਸਤ ਹੋਕੇ ਯਾਰ ਦੇ ਦੀਦਾਰ ਵੱਲ।
'ਪੀ ਪੀ' ਪਪੀਹਾ ਕਿਉਂ ਕਰੇ ਪੀਆ ਨ 'ਪ੍ਯਾਰਾ' ਜਦ ਕਹੇ?
ਦਿਲ ਧਰ ਤਲੀ ਤੇ ਭੇਟ ਲੈ ਟਕ ਬੰਨ੍ਹ ਪੀਅ ਦਰਬਾਰ ਵੱਲ।
ਦਿਲ ਦੇਵਣਾ ਫਿਰ ਬੋਲਣਾ ਦਿਲ-ਰੱਖਣਾ ਹੈ ਸੁਹਣਿਓ!
ਦਿਲ ਦੇ ਦਿਓ ਦਿਲ ਵਾਲਿਓ। ਸਿਰ ਟੇਕ ਕੇ ਖ੍ਰੀਦਾਰ ਵੱਲ।
ਦਿਲ ਦੇਣ ਦੀ ਆਸਂਝ ਨਹੀਂ ਦਿਲਬਰ ਬਣੋ ਦਿਲ ਲੈ ਲਓ!
ਆਜਜ਼ ਇਜਜ਼ ਦੇ ਨਾਲ ਹੈ ਪਯਾ ਤੱਕਦਾ ਸਰਕਾਰ ਵੱਲ।
(ਕਸ਼ਮੀਰ 12-9-26)
––––––––––––
1. ਭੇਤਾਂ ਦੇ ਜਾਣੂ, ਭਾਵ ਅੰਤਰਯਾਮੀ ਵਾਹਿਗੁਰੂ।
ਦਰਦੇ ਦਿਲ
ਕੋਈ ਹੈ ਦਰਦ ਅੰਦਰ ਦਿਲ ਕਿ ਜਿਸਨੂੰ ਰੋ ਰਹੀ ਬੁਲਬੁਲ,
ਕੋਈ ਹੈ ਗ਼ਮ ਅਸਹਿ ਲੁਕਿਆ ਫੁਗਾਂ ਬਣ ਕੇ ਰਿਹਾ ਡੁਲ੍ਹ ਡੁਲ੍ਹ।
ਕਲੇਜਾ ਰਾਜ਼ ਭਰਿਆ ਹੈ ਕਿ ਟੀਕਾ ਹੋ ਨਹੀਂ ਸਕਦੀ,
ਪਂਘਰ ਕੇ ਸੋਜ਼' ਦਿਲ ਤੋਂ ਓ ਨਿਕਲਦਾ ਹੈ ਪਿਆ ਘੁਲ ਘੁਲ।
ਕਈ ਖਾਰਾਂ" ਨੇ ਚੁਭ ਚੁਭ ਕੇ ਸੈ ਕਤਰੇ ਖੂਨ ਦੇ ਡੇਗੇ
ਇਹੋ ਕੁਤਰੇ ਜ਼ਿਮੀ ਤੋਂ ਉਠ ਚੜੇ ਸ਼ਾਖਾਂ ਤੇ ਹੋ ਗੁਲ ਗੁਲ।
ਹੈ ਖੂੰ ਬੁਲਬੁਲ ਤੋਂ ਗੁਲ ਬਣਿਆ ਹੈ ਦਿਲ ਬੁਲਬੁਲ ਦਾ ਖੂੰ ਹੋਇਆ
ਸਦਾ ਬੁਲਬੁਲ ਤੋਂ ਟਪਕੇ ਖੂ ਸੁਰਾਹੀ ਖੂੰ ਦੀ ਏ ਕੁਲ ਕੁਲਾ'।
ਨ ਜਾਲੀ ਬਾਗਬਾਨਾ! ਲਾ ਸਦਾ ਬੁਲਬੁਲ ਨਹੀਂ ‘ਗਾਣਾ,
ਨ ਇਸ ਤੇ ਰੀਝ ਭੋਲੇ ਤੂੰ ਨ ਖੁਸ਼ ਹੋ ਏਸ ਤੇ ਭੁਲ ਭੁਲ
ਫਿਰਨ ਦੇ ਕੂਕਦੀ ਬਨ ਬਨ ਸਦਾ ਮੁਹਮਲਾਂ ਲਗਾਵਣ ਦੇ
ਤ੍ਰੈ ਸੁਰ ਵਿਚ ਰੋਣ ਦੇ ਬੁਲਬੁਲ ਵਹਿਣ ਦੇ ਜਿਗਰ ਨੂੰ ਧੁਲ ਧੁਲ
ਨ ਭਿੱਤੀ ਲਾ, ਨਾ ਪੇਟੀ ਪਾ ਨ ਸੋਨੇ ਦੀ ਘੜਾ ਝਾਂਜਰ,
ਨ ਦੀਵਾਨੀ ਬਨਾਂ ਦੀ ਨੂੰ ਤੂੰ ਉਂਗਲ ਤੇ ਬਹਾ ਫੁਲ ਫੁਲ।
ਜਿ ਗ਼ਮ ਦੀ ਕਸਕ ਸਾਂਈਂ ਨੇ, ਤੇਰੇ ਸੀਨੇ 'ਚ ਪਾਈ ਹੈ,
ਸਦਾ ਬੁਲਬੁਲ ਫੁਗਾਂ ਸਮਝੀ, ਛੁਗਾਂ ਮੁਹਮਲ, ਛੁਗਾਂ ਗੁਲ ਗੁਲ
ਹਜ਼ਾਰਾਂ ਬਾਗ ਵਿਚ ਭੋਲੇ! ਕਲੋਲਾਂ ਕਰ ਰਹੇ ਪੰਛੀ,
ਰਹਿਣ ਦੇ ਇਕ ਬੇਗੌਲੀ ਗ਼ਮ ਅਪਣੇ ਰੋਵਦੀ ਬੁਲਬੁਲ।
(ਅੰਮ੍ਰਿਤਸਰ 22-2-34)
–––––––––––––––
1. ਫਰਿਆਦੀ ਰੋਣਾ। 2. ਭੇਤ। 3. ਸੜਕਨ। 4. ਕੰਡਿਆਂ ਨੇ।
5. ਫੁਲ ਹੀ ਫੁਲ। 6 ਆਵਾਜ਼। 7. ਸੁਰਾਹੀ ਵਿਚੋਂ ਸਰਾਬ ਉਲਟਣ ਦੀ ਆਵਾਜ਼।
8. ਨਿਰਾਰਥਕ ਆਵਾਜ਼, ਬੇਅਰਣ ਲਿੱਲਾਂ।
ਲਾਜਵੰਤੀ
ਧੁਰ ਤੋਂ ਸਾਦ ਮੁਰਾਦੇ ਆਏ ਹਾਂ ਰੂਪ ਨ ਰੰਗਣਾਂ ਵਾਲੇ,
ਹਾਂ ਕਿਤੇ ਨ ਆਈਏ ਜਾਈਏ ਨਿਤ ਵਿਛ ਰਹੇ ਧਰਤੀ ਨਾਲੇ।
ਅਸੀਂ ਸੱਦ ਨ ਕਿਸੇ ਬੁਲਾਈਏ ਝੁੰਮ ਝੁੰਮੀਏ ਵੱਸ ਨਿਰਾਲੇ,
ਕੁਈ ਗੁਣ ਨਹੀਂ ਸਾਡੇ ਪੱਲੇ ਲੈ ਗੋਦ ਸ਼ਰਮ ਨੇ ਪਾਲੇ।
ਅਸਾਂ ਛੇੜ ਤੁਸੀਂ ਖੁਸ਼ ਹੋਵੇ ਜਿੰਦ ਸਾਡੀ ਪੈਂਦੇ ਲਾਲੇ,
ਅਸੀਂ ਕਿਸੇ ਨ ਛੇੜ ਦੁਖਾਈਏ ਕਿਉਂ ਸਾਨੂੰ ਕੁਈ ਦੁਖਾਲੇ?
ਜੁੱਸਾ ਸਾਡਾ ਛੁਹ ਨ ਸਹਾਰੇ ਸਹੁ, ਅਸੀਂ ਨਾ ਨਖਰਿਆਂ ਵਾਲੇ
ਕੁਈ ਅਸਾਂ ਨ ਆਕੇ ਛੇੜੋ ਅਸੀਂ ਕੱਲੇ ਬੜੇ ਸੁਖਾਲੇ।
(ਗੁਲਮਰਗ 18-8-28)
ਦਰਸ਼ਨ ਦਾਤਾ ਮਿਲੇ
ਤੇਰੇ ਦੁਆਰੇ ਖਲੇ, ਦੁਆਰੇ ਤੇਰੇ ਖਲੇ
ਦਾਤਾ! ਦਰਸ਼ਨ ਮਿਲੇ, ਦਰਸ਼ਨ ਦਾਤਾ ਮਿਲੇ।
ਦੁਆਰ ਖਲਿਆਂ ਬਿਤੇ ਦਾਤਾ ਦਾਤ ਦਰਸ਼ਨ ਮੰਗਦਿਆਂ
ਹਥ ਬੰਨ੍ਹ ਮਿਨਤਾਂ ਕਰਦਿਆਂ ਤੇ ਨੈਣ ਅੰਝੂ ਭਰਦਿਆਂ।
ਹੁਣ ਘਟਾ ਤੇ ਹੈ ਘਟਾ ਉਮਗੇ ਪਉਣ ਸੀਤਲ ਹੈ ਚਲੇ,
ਆ ਚਮਕ ਬਿਜਲੀ ਵਾਂਗਰੇ ਇਕ ਝਾਤ ਪਾ ਦੇ ਇਕ ਪਲੇ।
ਤੇਰੇ ਦੁਆਰੇ ਖਲੇ, ਦੁਆਰੇ ਤੇਰੇ ਖਲੇ
ਦਾਤਾ! ਦਰਸ਼ਨ ਮਿਲੇ, ਦਰਸ਼ਨ ਦਾਤਾਮਿਲੇ।
ਹਾਂ ਦਿਓ ਦਰਸ਼ਨ, ਦਿਓ ਦਰਸ਼ਨ ਖੈਰ ਦਰਸ਼ਨ ਪਾ ਦਿਓ
ਉਹ ਰੂਪ ਸੁਹਣੇ ਆਪਣੇ ਦੀ ਝਲਕ ਇਕ ਦਿਖਲਾ ਦਿਓ।
ਏ ਨੈਣ ਮਿਟਣੇ ਅਗਦਿਓਂ ਓ ‘ਰੂਪ-ਦਰਸ਼ਨ` ਮੈਂ ਮਿਲੋ,
ਹਾਂ 'ਨੈਣ' 'ਦਰਸ਼ਨ' ਰਲ ਮਿਲਣ ਤੇ 'ਦਰਸ' ਨੈਣੀ ਮਿਲ ਰਲੇ।
ਤੇਰੇ ਦੁਆਰੇ ਖਲੇ, ਦੁਆਰੇ ਤੇਰੇ ਖਲੇ
ਦਾਤਾ ! ਦਰਸ਼ਨ ਮਿਲੇ, ਦਰਸ਼ਨ ਦਾਤਾ ਮਿਲੇ।
(ਕਸੌਲੀ 5-10-49)
ਆਵਾਜ਼ ਆਈ
ਬੜੇ ਤੜਕੇ ਆਵਾਜ਼ ਆਈ, "ਪਿਆਲਾ ਯਾਦ ਦਾ ਫੜ ਲੈ
"ਸੁਰਾਹੀ ਨਾਲ ਲਾ ਛੇਤੀ ਪਿਆਲੇ ਪਿਰਮ ਰਸ ਭਰ ਲੈ।
"ਤੇ ਲਾ ਬੁੱਲਾਂ ਨੂੰ ਪ੍ਯਾਲਾ ਹੁਣ ਸੁਆਦਾਂ ਨਾਲ ਘੁਟ ਭਰ ਭਰ,
"ਸਰੂਰ ਆ ਜਾਏ ਆਪੇ ਨੂੰ ਤੂੰ ਆਪ ਨੂੰ ਨਵਾਂ ਕਰ ਲੈ।
"ਕਿ ਛਡਦਾ ਤੀਰ ਕਿਰਨਾਂ ਦੇ ਖਿੰਡਾਂਦਾ ਸੁਰਤ ਦੁਨੀਆਂ ਦੀ
"ਪੁਰੇ ਤੋਂ ਆ ਰਿਹਾ ਰਾਜਾ ਤੂੰ ਹੁਣ ਜੁੜ ਲੈ, ਤੂੰ ਹੁਣ ਠਰ ਲੈ।
"ਜ਼ਮਾਨਾ ਪਲਟਦਾ ਹਰ ਛਿਨ, ਕਿ ਦੁਨੀਆਂ ਮਕਰ ਵਿਚ ਜੀਂਦੀ
"ਨ ਸੰਗੀਂ ਹੁਣ ਤੂੰ ਘੁੱਟ ਭਰਨੋ ਇਹ ਘੁਟ ਅੰਦਰ ਗਿਆ ਜਰ ਲੈ।
"ਜਰੇਂਗਾ ਜੋ ਖਿੜੇਂਗਾ ਤੂੰ ਤੇ ਖਿੜਿਆ ਫੇਰ ਖੇੜੇਂਗਾ,
"ਤਾਂ ਹੁਣ ਖੇੜੇ ਨੂੰ ਤੂੰ ਵਰ ਲੈ ਹੁਣੇ ਖੇੜੇ ਨੂੰ ਤੂੰ ਵਰ ਲੈ।
"ਹੈ ਅਨਖੇੜੇ ਦੀ ਝੀਲ ਏ ਜੋ ਜ਼ਮਾਨਾ ਦਿਨ ਨੂੰ ਲਹਿਰੇਗਾ,
"ਸੁ ਹੁਣ ਓ ਤਾਣ ਭਰ ਲੈ ਤੂੰ ਤਰੇਂਗਾ ਤਾਂ, ਜੇ ਹੁਣ ਤਰ ਲੈ।”
ਏ ਕਹਿੰਦੀ ਬੰਦ ਹੋ ਗਈ ਓ ਅਵਾਜ਼ ਅਰਸ਼ਾਂ ਤੋਂ ਜੋ ਆਈ,
ਰਹੀ ਪਰ ਗੂੰਜਦੀ ਕੰਨੀ: "ਤਰੇਂਗਾ ਤਾਂ ਜੇ ਹੁਣ ਤਰਲੈ।’”
(ਮਾਊਂਟ ਆਬੂ 8-10-33)
ਖ਼ੁਦੀ ਮਰਕਜ਼
ਖ਼ੁਦ 'ਖ਼ੁਦੀ ਮਰਕਜ਼ 'ਖੁਦੀ ਮਰਕਜ਼ ਤੇ ਟਿਕ ਕੇ ਸੁਹਣਿਆਂ!
ਘੁਮ ਜਾ ਦਵਾਲੇ ਖ਼ੁਦੀ ਦੇ ਮਰਕਜ਼ ਤੇ ਅਪਣਾ ਰੱਖ ਪਾਵ।
ਮਰਕਜ਼ ਟਿਕੇ ਟਿਕ ਖੇਲਣਾ ਇਹ ਖੇਲ ਹੈ ਨਟਰਾਜ ਦੀ,
ਏਕ ਪਦ ਮਰਕਜ਼ ਟਿਕੇ ਘੁੰਮ ਜਾਇ ਵਾਲੇ ਦੂਜ ਪਾਵ।
ਤੂੰ ਦੇਖ ਪੇੜ ਗੁਲਾਬ ਨੂੰ ਓ ਟਿਕ ਕੇ ਅਪਣੇ ਪੈਰ ਤੇ
ਖੇੜੇ ਵਸੇਂਦਾ ਆਪ ਹੈ, ਖੇੜੇ ਸੁਗੰਧੀ ਦਏ ਲਾਵ।
ਸੂਰਜ ਨੂੰ ਬਿਦ ਕੇ ਮਰਕਜ਼ ਅਪਨੇ ਮਰਕਜ਼ ਤੇ ਘੁੰਮੇ,
ਦੇਖ ਧਰਤੀ ਲਹਿਲਹੀ ਹੈ ਜੀਵ ਪਾਲੇ, ਦਏ ਚਾਵ।
ਜੁ ਬਿਜਲੀ ਮਰਕਜ਼ੋਂ, ਮਰਕਜ਼ ਢੂੰਡੇਂਦੀ ਹੈ ਫਿਰੇ,
ਗਗਨਾ ਚੜੀ ਬੀ ਤੜਫਦੀ ਡਿੱਗੇ ਤਾਂ ਮਰਕਜ਼ ਵੱਲ ਜਾਵ।
ਮਰਕਜ਼ ਖ਼ੁਦੀ ਦਾ ਭਾਲ ਕੇ ਓਸੇ ਤੇ ਹੈ ਟਿਕ ਜਾਵਣਾ,
ਘੁਮਾ ਦੁਆਲੇ ਖੁਦੀ ਦੂਜੀ ਬੇਖ਼ੁਦੀ ਦਾ ਹਈ ਭਾਵ।
ਬੇਖ਼ੁਦੀ ਯਾਦਾਂ ਦੀ ਸਖੀਏ! ਲਿਵ ਵਿਖੇ ਲੈ ਜਾਂਵਦੀ
ਹਾਂ ਹੋਸ਼ ਉੱਚੀ ਲਾ ਦਏ ਮਰਕਜ਼ ਦਾ ਦੇਂਦੀ ਹੈ ਟਿਕਾਵ।
ਮੂਰਛਾ ਬੇਹੋਸ਼ੀਆ ਨਾ ਬੇਖ਼ੁਦੀ ਕਰ ਜਾਣੀਓ
ਢੱਠੇ ਦਿਲਾਂ ਕਮਜ਼ੋਰੀਆਂ ਨਾਂ ਬੇਖ਼ੁਦੀ ਦਾ ਦਿਓ ਨਾਵ
ਮੂਸਾ ਨੇ ਕਹਿਆ ਤੂਰ ਤੇ ਰੱਬਾ ਵਿਖਾ ਮੂੰਹ ਆਪਣਾ
ਆਵਾਜ਼ ਆਈ। "ਮੈਂਅਹੰ” ਕਿ "ਮੈਂਅਹੰ" ਤੂੰ ਤਾਬ ਲਿਆਵ।
ਤਾਬ ਨਾ ਸੋ ਝੱਲਣੇ ਦੀ ਡਿਗ ਪਿਯੰਬਰ ਸੀ ਪਿਆ
'ਬੇਖ਼ੁਦੀ' ਸੀ ਹੋ ਗਈ ਜਦ ਬਾ-ਖ਼ੁਦਾ ਸੀ ਹੋ ਗਿਆਵ
(ਕਸੌਲੀ 8-9-50)
ਦੇਵ ਸੇਵ
ਅਹੇ ਹੇ ਦੇਵ! ਦੋਵਾਂ ਦੇਵ! ਹੇ ਦੇਵਾਂ ਤੂੰ ਉੱਚੇ ਦੇਵ!
ਅਹੇ ਨੀਵਯਾਂ ਦੇ ਮਨ ਵਸਦੇ ਹੋ ਸੁੰਦਰ ਪਰਕਾਸ਼ ਅਮੇਵ!
ਖੇਲ ਰਹੇ ਪ੍ਯਾਰਾਂ ਦੇ ਮੰਡਲ ਰਸ ਲੈਂਦੇ ਰਸ ਦੇਂਦੇ ਆਪ,
'ਰਾਸ ਮੰਡਲ ਇਸ ਅਪਣੇ ਸਾਈਆਂ! ਖਿਚ ਰਖੋ ਲਾ ਅਪਣੀ ਸੇਵ।
(ਕਸੌਲੀ 21-8-50)
ਕਹੇ ਇਹਨਾਂ ਦੇ ਨਾਂ ਪੀਵੀਂ
ਜੋ ਪੀਂਦੇ ਨਾਂ ਪਿਲਾਵਣ ਜੇ ਕਹੇ ਇਹਨਾਂ ਦੇ ਨਾਂ ਪੀਵੀਂ
ਮਿਲੇ ਸਰਵਰ ਜਿ ਮਸਤਾਂ ਦਾ ਕਹੇ ਉਸ ਪੀਕੇ ਗੁਟ ਥੀਵੀਂ।
'ਸਿਆਣਪ-ਪੈਰ' ਜੋ ਟੁਰਦੇ ਓ 'ਮਨ ਮਸਤੀ' ਦੇ ਖੰਭਾਂ ਨੂੰ
ਨ ਜਾਣਨ ਏ ਵਿਛੋੜਾ ਹਨ ਇ ਲੈ ਉੱਡਣਗੇ ਦਿਨ ਦੀਵੀਂ।
ਫਰਸ ਆਪੇ ਤੋਂ ਲੈ ਉਡਣ ਅਰਸ਼ ਪਰਦੇ ਨੂੰ ਜਾ ਪਾੜਨ,
ਦਿਖਾਵਣ ਹੁਸਨ ਦੀ ਝਾਕੀ ਲੁਕੀ ਬੈਠੀ ਜੁ ਹੋ ਖੀਵੀ
ਕਦਮ ਹੋਸ਼ਾਂ ਦੇ ਸੜ ਜਾਂਦੇ ਜਦੋਂ ਛੁਹਂਦੇ ਨੀ ਏ ਪਰਦਾ
ਫਟੇ ਲੀਰਾਂ ਹੋ ਨੀਲਾ ਏ ਜਦੋਂ ਮਸਤਾਂ ਦੀ ਛੁਹ ਛੀਵੀਂ।
ਜਦੋਂ ਦੀਦਾਰ ਹੁਸਨਾਂ ਦਾ ਤਦੋਂ ਨਜ਼ਰਾਂ ਲਿਪਟ ਜਾਣਾ,
ਲਿਪਟ ਖਾਂਦੇ ਕਿਵੇਂ ਪਰਤਣ ਵਤਨ 'ਹੋਸਾਂ' ਦੇ ਥਾਂ ਨੀਵੀਂ।
ਮੈਂ ਡਿੱਠੇ ਗਗਨ ਤੇ ਸਹੀਓ! ਪਤੰਗੇ ਬਨ ਰਹੇ ਤਾਰੇ
'ਨਜ਼ਾਰੇ ਨੂਰ' ਦੇ ਦੁਆਲੇ ਸਦਕੜੇ ਵਾਰਨੇ ਥੀਵੀ।
'ਨਜ਼ਰ ਨਾਜ਼ਰ ਨਜ਼ਾਰੇ' ਦਾ 'ਮੁਨੱਜ਼ਰ' ਹੈ ਅਜਬ ਸਹੀਓ!
ਮੈਂ ਮੋਈ ਏਸ ਝਲਕੇ ਸਾਂ ਝਲਕ ਏਸੇ ਤੋਂ ਮੁੜ ਜੀਵੀ।
ਚੜ੍ਹਾ ਭੱਠੀ ਤੂੰ ‘ਯਾਦਾਂ' ਦੀ 'ਇਸ਼ਕ' ਦਾ ਰਸ ਚੁਆ ਇਸਤੋਂ
ਲਬਾ ਲਬ ਜਾਮ ਭਰ ਭਰ ਪੀ ਜੁ ਏ ਮਸਤੀ ਨਜ਼ਰ ਢੀਵੀ।
ਮੈਂ ਸੁਣਿਆਂ ਰਾਤ ਨੂੰ ਸਹੀਓ! ਮੈਂ ਡਿੱਠਾ ਅੱਜ ਤੜਕੇ ਹੀ
ਜੁ ਇਸ ਮਸਤੀ ਤੋਂ ਖਾਲੀ ਹੈ ਉਨ੍ਹੇ ਨਹੀਂ ਹੋਸ਼ ਮਦ ਪੀਵੀ।
(ਸ਼੍ਰੀ ਨਗਰ 4-10-27)
ਹੁਕਮ ਦੀ ਕਾਰ
ਪ੍ਰਸ਼ਨ-
ਸਾਗਰ ਬਈ ਤੂੰ ਸੁਹਣਾ ਸਾਗਰ! ਤੈਂ ਰੂਪ ਤੇ ਰੰਗ ਸੁਹਾਵੇ
ਪਉਣ ਚਲੇ ਗਲ ਲਗ ਜੋ ਤੇਰੇ ਆ ਸਭ ਨੂੰ ਜਫੀਆਂ ਪਾਵੇ।
ਡੂੰਘ ਤੁਸਾਡਾ ਅਕਲ ਦੇਂਵਦਾ ਹਾਂ, ਹੋਣ ਗੰਭੀਰ ਸਿਖਾਵੇ,
ਤਾਰੂ ਸ਼ਕਤੀ ਦਾ ਤੂੰ ਮਾਲਕ ਤੂੰ ਬੇੜੇ ਪਾਰ ਲੰਘਾਵੇ।
ਸਾਗਰ ਦਾ ਉੱਤਰ-
ਮੈਂ ਵਿਚ ਅਪਣਾ ਗੁਣ ਨਹੀ ਕੋਈ ਮੈਂ ਕਰਾਂ ਜੁ ਹੁਕਮ ਕਰਾਵੇ,
ਹੁਕਮ ਕਰੇ ਬੱਦਲ ਬਣ ਜਾਵਾਂ ਇਹ ਦੁਨੀਆਂ ਤਾਂ ਵਰੁਸਾਵੇਂ,
ਹੁਕਮ ਕਰੇ ਨਦੀਆਂ ਬਣ ਵਹਿ ਵਹਿ ਹਾਂ, ਮੁੜ ਸਾਗਰ ਬਣ ਜਾਵੇ,
ਭਾਰੇ ਡੋਬਾਂ, ਹੌਲੇ ਤਾਰਾਂ ਗੁਣ ਜੋ ਮੈਂ ਵਿਚ ਪਾਵੇ।
ਹੁਕਮ ਨਾਲ ਕਰ ਜੋੜ ਲਏ ਜੇ
ਚੜਨ ਉਸ ਰੰਗ ਸੁਹਾਵੇ।
ਲਾ-ਮਕਾਂ ਦੇ ਅੰਬਰ
ਤੈਨੂੰ ਮਕਾਂ ਨ ਮਿਲਦਾ ਬਣ ਤੂੰ ਮਕੀਂ ਨ ਜਾਵੇਂ,
'ਪੰਛੀ-ਨਿਵਾਸ' ਤੇਰਾ ਹਰ ਸੁਬ ਨਵੀਂ ਹੁ ਥਾਵੇਂ।
ਖਿਲਰੇ ਤੂੰ ਖੰਭ ਰੱਖੇਂ ਪੰਛੀ ਉਡਾਰ ਵਾਙੂ
ਅੰਬਰ ਉ ਲਾਮਕਾਂ ਦੇ ਉਡ ਤਾਰੀਆਂ ਲਗਾਵੇਂ।
ਸੁਹਣੇ ਦਰਾਂ ਤੋਂ ਜੇਕਰ ਸੈਨਤ ਮਿਲੇ ਟਿਕਣ ਦੀ,
ਰੰਗ ਮਹਲ ਜ਼ਾਤ ਵਾਲੇ ਕਾਯਮ ਮਕਾਨ ਪਾਵੇਂ।
ਜਿਥੋਂ ਤੂੰ ਲੰਘ ਰਿਹਾ ਹੈਂ ਵਾਦੀ ਹੈ ਏ ਫਨਾ ਦੀ,
ਐਪਰ ਫਨਾਂ ਦੇ ਵਿਚੋਂ ਰਸਤਾ ਬਕਾ ਨੂੰ ਜਾਵੇ।
ਮੁਯਦਾ ਨਸੀਮ ਈ ਨਗ਼ਮਾ ਸਬਾ ਸੁਨਾਵੇ:-
ਹਰ ਰੰਗ ਭਰੀ ਖੁਸ਼ੀ ਹੈ, ਹਰ ਛਿਨ ਜਿ ਗੀਤ ਗਾਵੇਂ।
ਹਰ ਥਾਂ ਭਰੀ ਸੁਰਾਹੀ ਹਰ ਹਾਲ ਹੈ ਪਿਆਲਾ
ਜਾਗੇ ਲਬਾਂ ਨੂੰ ਸਾਕੀ ਭਰ ਜਾਮ ਹੈ ਪਿਲਾਵੇ।
ਹਸ ਹਸ ਕੇ ਗੁਲ ਤੈਂ ਰਸਤੇ ਪਿਆ ਪੰਖੜੀ ਵਿਛਾਵੇ
ਕੰਡੇ ਸੰਭਾਲ ਰਖੇ ਤੈਨੂੰ ਨ ਚੋਭ ਆਵੇ।
ਮੇਵੇ ਦੇ ਨਾਲ ਭਰੀਆਂ ਡਾਲਾਂ ਨੁਛਾਰ ਹੋਵਣ
ਬੁਲਬੁਲ ਹਜ਼ਾਰ ਬੈਠੀ ਤੈਨੂੰ ਹੀ ਗਾ ਸੁਣਾਵੇ।
ਰਸ ਦੀ ਫੁਹਾਰ ਪੈਂਦੀ ਪੀਂਘਾਂ ਦੇ ਰੰਗ ਲਹਿਰਨ
ਮ੍ਰਿਗ ਆ ਖੁਤਨ ਤੋਂ ਦ੍ਵਾਰੇ ਤੇਰੇ ਮੁਸ਼ਕ ਮਚਾਵੇ।
ਵਾਹਵਾ ਫਨਾ ਬਕਾ ਹੈ ਵਾਹਵਾ ਬਕਾ ਫਨਾ ਹੈ,
ਖਿੜਿਆ ਚਮਨ ਇਲਾਹੀ ਖੇੜਾ ਪਿਆ ਲੁਟਾਵੇ।
(ਕਸ਼ਮੀਰ 18-9-26)
ਇਸ਼ਕ ਅੱਗ
ਬਲ ਪਉ ਅੱਗ ਇਸ਼ਕ ਦੀ ਭੜ ਭੜ 'ਅਨ ਇਸ਼ਕੀ' ਸਭ ਸੱਟੀਂ ਸਾੜ,
ਆੜ ਆੜ ਜੋ ਲੁਕੇ ਪਾਪ ਪੁੰਨ ਫੜ ਫੜ ਇਸ ਭਾਂਬੜ ਵਿਚ ਵਾੜ।
ਅਨ-ਆਪਾ ਅਨ ਹੋਇਆ ਮੇਰਾ ਸੜ ਸੜ ਇਸ ਵਿਚ ਹੋਵੇ ਰਾਖ,
ਰਹਿਮਤ ਮੀਂਹ ਕਮਲਾ ਹੋ ਵੱਸੇ ਕੜਕੜ, ਧੜਧੜ, ਗਗਨਾ ਪਾੜ।
'ਮੈਂ ਤੇਰਾ, ਮੈਂ ਤੇਰਾ’ ਗਾਂਦਾ ਆਪਾ ਮੇਰਾ ਹੁਸਨ ਵਜੂਦ
ਚਰਨ ਸਰਨ ਵਰਨ ਇਕ ਵਰਨੋ ਰਹੇ ਵਿਚ ਨਾ ਕੋਈ ਆੜ।
ਫੇਰ ਕਦੇ ਨਾ ਵਿੱਥ ਵਾਪਰੇ ਦੂਰ ਹਜ਼ੂਰੀ ਕਦੇ ਨ ਹੋਇ
ਸਦਾ ਹਜ਼ੂਰੀ, ਸਦਾ ਹਜ਼ੂਰੀ ਪ੍ਰੀਤਮ ਚਰਨੀ ਐਸਾ ਵਾੜ।
(ਕਸੌਲੀ 31-8-50)
ਸੁੰਦਰਾਂ ਦਾ ਸੁੰਦਰ
ਹੇ ਸੁੰਦਰ! ਹੇ ਸੁੰਦਰਮ! ਹੇ ਪੂਰਨ ਸਰਵੱਤ੍ਰ!
ਆਨੰਦਮ ਆਨੰਦ ਤੂੰ ਹੋ ਤੂੰ ਪਰਮ ਪਵਿਤ੍ਰ!
ਹੈਂ ਤੂੰ, ਸੈਂ ਤੂੰ, ਹੋਵਸੇਂ ਚੈਤਨਮ ਚੈਤੰਨ!
ਲੀਲਾ ਤਉ ਅਨੂਪਮੰ ਚਰਿਤ੍ਰਮ ਪਰਮ ਵਚਿਤ੍ਰ।
ਵਿਸਮਾਦਮ ਵਿਸਮਾਦ ਹੈ ਤੇਰਾ ਖੇਲ, ਪਰੇਮ,
ਪਾਦ ਪਦਮ ਪਰ ਬੰਦਨਾ ਹੇ ਫਬਨਾਂ ਦੇ ਮਿੱਤ੍ਰ!
ਵੈਰਾਗ ਅਨੁਰਾਗ ਤੂੰ ਪ੍ਰੇਮੀ ਪ੍ਰੀਤਮ ਪ੍ਰੇਮ,
ਬੰਦਉਂ ਬਾਰਮ੍ਬਾਰ ਮੈਂ ਹੋ ਅਵਿਚਿਤ੍ਰ ਵਚਿੱਤ੍ਰ!
ਕਰਤਾ ਭਰਤਾ ਖੇਲਤਾ ਭੋਗਤ ਰਹੇ ਅਲੇਪ
ਪਾਰਬ੍ਰਹਮ ਪੁਰਖੋਤਮੰ ਵਿਸਤ੍ਰਿਤ ਧਰਤ ਨਖ੍ਯਤ੍ਰ !
ਸੁਹਯਾ ਦਾ ਸੁਹਣਾ ਤੁਈਂ ਸਰਬ ਸੁਹਜ ਦਾ ਮੂਲ
ਪ੍ਰਤਿਬਿੰਬਮ ਤੋਂ ਸੁਹਜ ਦਾ ਸੁਹਜ ਜੋ ਵਿੱਚ ਜਗਤ੍ਰ।
ਸਰਣਾਗਤ ਸ਼ਰਣਾਗਤਮ ਸ਼ਰਣ ਸੂਰ ਹੋ ਆਪ,
'ਸੁੰਦਰ ਸ਼ਰਣ' ਫਥਾਊ ਮੈਂ ਹੇ ਸੁੰਦਰ ਛਬਿ ਚਿਤ੍ਰ !
(ਕਸੌਲੀ 31-8-50)
––––––––––––
1. ਛਬੀਆਂ ਦੇ ਚਿਤ੍ਰਨ ਵਾਲੇ ਚਿਤ੍ਰਕਾਰ ਜੀ!
ਗਾਇਕਾਂ ਨੂੰ
ਦਫ ਚੰਗ ਵਾਲੇ ਗਾਇਕੋ! ਮਜਲਸ ਨੂੰ ਦੇਂਦੇ ਖੁਸ਼ੀ ਲਾ,
ਰਸ ਰੰਗ ਭਰਦੇ ਯੱਕੜਾਂ ਦੇਂਦੇ ਹੋ ਝੂਮਾਂ ਵਿੱਚ ਪਾ।
ਦੇਂਦੇ ਹੋ ਝੂਮਾਂ ਵਿਚ ਪਾ ਮਜਲਸ ਨੂੰ ਦੇਂਦੇ ਖੁਸ਼ੀ ਲਾ
ਦੌਲਤ ਸਰੂਰਾਂ ਵਾਲੜੀ ਦੇਂਦੇ ਹੋ ਸਾਰੀ ਲੁਟ ਲੁਟਾ।
ਪੀਂਦੇ ਨ ਹੋ ਇਕ ਘੁੱਟ ਭਰ ਇਸ ਪਿਰਮ ਰਸ ਤੋਂ ਆਪ ਜੀ
ਸੁੱਕੇ ਲਬੀਂ ਹੀ ਉਠ ਟੁਰੇ ਧਾੜਾ ਕੀ ਪੈਂਦੈ ਤੁਸਾਂ ਆ?
ਸਾਕੀ ਬੀ ਹੁੰਦੈ ਮਜਲਸੇ ਪ੍ਯਾਲਾ ਸੁਰਾਹੀ ਹੋਂਵਦੇ,
ਵਾਹਵਾ ਬਹਾਦਰ ਗਾਯਕੋ ਪੈਂਦੀ ਪਰਾਂ ਤੇ ਬੂੰਦ ਨਾ।
ਤਾਹੀਓਂ ਕਵੀ ਗੁਰਦਾਸ ਨੇ ਰੰਗ ਰੱਤੜੇ ਪਿਰ ਆਪਣੇ,
ਪਉੜੀ ਉਚਾਰੀ ਇਕ ਸੀ' ਦਿੱਤੀ ਸੀ ਸਾਰੇ ਜਗ ਸੁਣਾ।
ਪ੍ਯੱਕੜ ਤਾਂ ਪੀ ਪੀ ਹੋ ਗਏ ਰੰਗ ਰੱਤੜੇ ਰਸ ਰੰਗ ਵਿਚ,
'ਗਾਯਕ ਪਿਆਊ ਰਹਿ ਗਏ ਵਿਚ ਅੱਕਰਾਂ ਵਿਚ ਟੱਕਰਾਂ।
(ਕਸੌਲੀ 11-9-50)
––––––––––––
1. ਦੇਖੋ ਭਾਈ ਗੁਰਦਾਸ ਵਾਰ 39-8।
ਪ੍ਰੇਮ ਪਿਆਲੀ
ਗਿਆਨੀ ਗਿਆਨ ਲੇਖੇ ਸਾਨੂੰ ਨ ਤੂੰ ਸੁਣਾ,
ਕਰਮੀ! ਹਿਸਾਬ ਅਪਣੇ ਸਾਡੇ ਨ ਕੰਨ ਪਾ।
ਜੋਗੀ! ਜਮਾ ਕੇ ਆਸਨ ਕਾਹਨੂੰ ਪਿਆ ਲੁਭਾਵੇਂ,
ਤਪੀਏ! ਤਪਾਂ ਦੇ ਫਲਾਂ ਨੂੰ ਸਾਨੂੰ ਨ ਪਿਆ ਸੁਣਾ।
ਬ੍ਰਤ ਧਾਰ ਕੇ ਹੇ ਬਤੀਆ! ਸੁਰਗਾਂ ਦੇ ਲਾਲਚਾਂ ਵਿਚ
ਸਾਨੂੰ ਨ ਤੂੰ ਲੁਭਾ ਤੇ ਨਕਸ਼ੇ ਨ ਖਿਚ ਦਿਖਾ।
ਇਕ ਪ੍ਯਾਰ-ਰਸ ਕਟੋਰੀ ਇਕ ਪ੍ਰੇਮ ਦੀ ਪਿਆਲੀ
ਹੈ ਜੋ ਕਿਸੇ ਦੇ ਪੱਲੇ ਦੇਵੇ ਘੁਟ ਇਕ ਪਿਲਾ।
ਵਾੜੀ ਗੁਲਾਬ ਲਾਈਏ ਲਪਟਾਂ ਦੇ ਵਿਚ ਬਹਿਕੇ
ਬੁਲਬੁਲ ਦਾ ਰਾਹ ਤਕਾਈਏ ਲਿਵ ਇਕ ਰਸੀ ਲਗਾ।
ਲਪਟਾਂ ਦੀ ਭਾਲ ਕਰਦੀ ਸੁਹਣੇ ਦੇ ਰੰਗ ਖਿੱਚੀ
ਬੁਲਬੁਲ ਓ ਗੀਤ ਗਾਂਦੀ ਸ਼ਾਯਦ ਕਦੇ ਜਏ ਆ।
ਢੱਠਾ ਦੇਉਦਾਰ
ਪਾਣੀ ਨੂੰ:-
ਜਦੋਂ ਮੈਂ ਆਪਣੇ ਪੈਰੀਂ ਖੜਾ ਸਾਂ, ਤਿ ਸਾਵਾ ਲਹਿਲਹਾ ਲੰਮਾ ਬੜਾ ਸਾਂ,
ਤਦੋਂ ਤੂੰ ਪੈਰ, ਪਾਣੀ! ਚੁੰਮਦਾ ਸੈਂ, ਦੁਆਲੇ ਲੇਟਦਾ ਤੇ ਘੁੰਮਦਾ ਸੈਂ,
ਵੜੋਂ ਅੰਦਰ ਤੂੰ ਘਾਲਾਂ ਘਾਲਦਾ ਮੈਂ ਰਗੇ ਰੇਸ਼ੇ ਮਿਰੇ ਤੂੰ ਪਾਲਦਾ ਮੈਂ
ਬਣੇਂਦੋਂ ਜਿੰਦ ਦੀ ਤੂੰ ਜਿੰਦ ਮੇਰੀ ਪਲੇਂਦੇਂ ਜਿੰਦ ਨੂੰ ਜਿਉਂ ਜਿੰਦ ਤੇਰੀ,
ਮਰੇਂਦਾ ਠੋਕਰਾਂ ਹੁਣ ਕਿਉਂ ਤੂੰ ਆਵੇਂ ਓਹੋ ਤੂੰ ਰਾਗ ਪਰ ਹੋਰੋਂਹਿ ਗਾਵੇਂ।
ਧਸੇਂ ਅੰਦਰ ਤਿ ਗਾਲੇਂ ਜਾਨ ਮੇਰੀ ਕਰੇ ਭੁੱਗਾ ਦਿਨੋ ਦਿਨ ਸ਼ਾਨ ਤੇਰੀ।
ਸੂਰਜ ਨੂੰ:-
ਉਹੋ ਸੂਰਜ ਚੜ੍ਹੇ ਆਕਾਸ਼ ਆਯਾ ਤੁਹੋਂ ਸੂਰਜ ਜਿਨ੍ਹੇ ਸੀ ਪ੍ਯਾਰ ਪਾਯਾ,
ਤਿਰੀ ਗਰਮੀ ਤਦੋਂ ਸੀ ਪਾਲਦੀ ਮੈਂ ਤਿਰੀ ਸੀ ਰੌਸ਼ਨੀ ਜਿੰਦ ਮੌਲਦੀ ਮੈਂ।
ਉਸੇ ਗਰਮੀ ਦੇ ਮਾਰੇਂ ਬਾਣ ਤਿੱਖੇ ਉਸੇ ਚਾਨਣ ਤੂੰ ਉਲਟੇ ਲੇਖ ਲਿਖੇ,
ਕਰੇਂ ਭੁੱਗਾ ਤੇ ਸਾੜੋਂ ਰੋਜ਼ ਮੈਨੂੰ ਜ਼ਰਾ ਆਵੇ ਨ ਹਾਇ ਰਹਿਮ ਤੈਨੂੰ।
ਪੌਣ ਨੂੰ:-
ਅਨੀ ਤੂੰ ਪੌਣ ਓਹੋ ਅਜ ਆਈ ਕਦੇ ਪਾ ਜੱਫੀਆਂ ਲੈਂਦੀ ਬਲਾਈਂ।
ਤਦੋਂ ਤੂੰ ਜਿੰਦ ਵਿਚ ਸੈ ਜਿੰਦ ਪਾਂਦੀ ਪੰਘੂੜੇ ਚਾੜਕੇ ਮਾਨੋਂ ਖਿਡਾਂਦੀ।
ਉਡਾਵੇਂ ਆਣ ਹੁਣ ਮਿੱਟੀ ਤੂੰ ਮੇਰੀ ਕਰੇਂ ਖੇਰੂ ਰੁਲਾਵੇਂ ਖਾਕ ਢੇਰੀ।
ਧਰਤੀ ਨੂੰ:-
ਅਹੇ ਧਰਤੀ ਤੂੰ ਗੋਦੀ ਵਿਚ ਖਿਡਾਯਾ, ਜੜਾਂ ਸੀਨੇ ਗਡਾਕੇ ਦੁਧ ਪਿਆਯਾ।
ਤੂੰ ਬੀ ਹੁਣ ਖਾਰਦੀ ਹੈ ਹੱਡ ਮੇਰੇ ਹੁਈ ਵੈਰਨ ਕਦੇ ਸਨ ਪ੍ਯਾਰ ਤੇਰੇ।
ਸੁਣੀ ਫਰਿਯਾਦ ਜਦ ਢੱਠੇ ਦੀ ਸਭਨੇ ਕਿਹਾ ਤਦ ਪੌਣ ਨੂੰ: 'ਕਰ ਗਲ ਪਵਨੇ,
ਪਵਨ ਤਦ ਆਪਣੀ ਸ਼ਾਂ ਸ਼ਾਂ ਸੰਭਾਲੀ ਤਿ ਬੋਲੀ ਬੋਲ ਓ ਕਰਕੇ ਸੁਖਾਲੀ।
ਜਵਾਬ ਪੌਣ ਦਾ ਸਭਨਾਂ ਵਲੋਂ :
ਅਵੇ ਢੱਠੇ! ਤੂੰ ਐਵੇਂ ਵਧ ਗਿਓਂ ਵੇ! ਬੜੇ ਲੰਮੇ! ਸਊਰੋਂ ਨਿਘਰਿਓਂ ਵੇ!
ਲਈ ਤੂੰ ਭੋਗ ਉਮਰਾ ਸੀ ਲੰਮੇਰੀ ਨ ਜੀਵਨ ਰਮਜ਼ ਤੂੰ ਪਾਈ ਰਤੇਰੀ।
ਤਿਰੀ ਇਸ ਡੀਲ ਵਿਚ ਵਸਦੀ ਕਣੀ ਸੀ ਕਣੀ ਜੀਵਨ' ਕਿ ਜਿਸ ਤੋਂਦੇਹ ਬਣੀ ਸੀ।
ਉਸੀ 'ਜੀਵਨ-ਕਣੀ' ਇਕ ਭੇਤ ਭਾਈ, ਦੁਆਲੇ ਆ ਜਿਦ੍ਹੇ ਜਗ ਘੁੰਮਿਆ ਈ।
ਪਵਣ ਪਾਣੀ ਧਰਤਿ ਗਰਮੀ ਤੇ ਚਾਨਣ ਸਭੇ ਉਸ ਇਕ ਕਣੀ ਨੂੰ ਆਣ ਮਾਨਣ।
ਚੁਗਿਰਦੇ ਓਸਦੇ ਸਭ ਆਣ ਭੌਂਦੇ, ਲਿਆ ਭੇਟਾ ਉਦੇ ਚਰਨਾ ਤੇ ਪੌਦੇ।
ਜਿਥੇ ਹੋ ਵਾਸ ਆ ਓਸੇ ਕਣੀ ਦਾ ਸਦਾ ਜਾ ਦਾਸ ਓਸੇ ਦਾ ਬਣੀ ਦਾ।
ਕਣੀ ਜਦ ਤੀਕ ਹੈਵੇ ਵਿੱਚ ਵਸਦੀ ਜਦੋਂ ਤਾਈਂ ਹੈ ਜਿੰਦੜੀ ਲਾਸ ਲਸਦੀ।
ਤਦੋਂ ਤਾਈਂ ਸਭੇ ਕੋਈ ਆਇ ਪਾਲੇ ਇ ਕੁਦਰਤਿ ਕੰਮ ਹਨ ਕੁਦਰਤ ਦੇ ਚਾਲੇ।
ਜਦੋਂ ਜਿੰਦ ਦੀ ਕਣੀ ਨੇ ਰਾਹ ਲੀਤਾ ਜਦੋਂ ਜਿੰਦੜੀ ਨੇ ਖਾਲੀ ਖੇਲ ਕੀਤਾ,
ਤਦੋਂ ਫਿਰ । ਕੌਣ ਆ ਕੇ ਪਾਲਦਾ ਹੈ ਜੁ ਸੀ ਪਾਲੇ ਸੁਈ ਫਿਰ ਘਾਲਦਾ ਹੈ।
ਉ ਪਾਲਣਹਾਰ ਘਾਲਣਹਾਰ ਬਣਦਾ ਖਿਲਾਵਣਹਾਰ ਡੇਗਣਾਰ ਬਣਦਾ।
ਜੁ ਤੂੰ ਦੇਖੇਂ ਜ਼ਿਮੀਂ ਅਸਮਾਨ ਫਿਰਦਾ ਧਰਤ ਸੂਰਜ ਨਛੱਤ੍ਰ ਘੇਰ ਘਿਰਦਾ,
ਪਵਣ ਪਾਣੀ ਤੇ ਬਿਜਲੀ ਮਾਰ ਕਰਦੀ ਬਰਫ਼ ਬੱਦਲ ਗਰਮ ਰੁਤ ਨਾਲ ਸਰਦੀ,
ਸਭੇ ਜੀਵਨ ਕਣੀ ਨੂੰ ਪਾਲਦੇ ਨੇ ਗਏ ਜੀਵਨ ਤੇ ਸਭ ਹੀ ਘਾਲਦੇ ਨੇ।
(ਕਸੌਲੀ 12-9-26)
ਜਾਗ
ਮਾਲੀ ਹੀ ਫੁੱਲ ਲਗਾਂਦਾ ਮਾਲੀ ਹੀ ਪਾਲਦਾ ਹੈ,
ਮਾਲੀ ਹੀ ਕੱਟ ਸ਼ਾਖੋਂ ਕਰ ਵੱਖ ਵਿਖਾਲਦਾ ਹੈ;
ਵਿਚ ਫੁਲਦਾਨ ਚਿਣਦਾ ਫੁਲਾਂ ਨੂੰ ਹੈ ਸਜਾਂਦਾ,
ਆਪੇ ਹੀ ਫੂਲ-ਦਾਨੋਂ ਫਿਰ ਦੂਰ ਹੈ ਕਰਾਂਦਾ ।
ਗਾਫ਼ਲ ਤੂੰ ਕਿਉਂ ਨ ਸੋਚੇ ਰਹਿਣਾ ਸਦਾ ਨਹੀ ਹੈ,
ਇਸ ਬਾਗ ਵਿਚ ਝੁਮੰਦਿਆਂ ਮਸਤੀ ਰਵਾ ਨਹੀ ਹੈ।
ਬੀਤੀ ਹੈ ਰਾਤ ਸਾਰੀ ਤਾਰੇ ਲਟਕ ਗਏ ਹਨ;
ਹੋਈ ਹੈ ਭੋਰ ਗਾਫ਼ਲ ਨੈਣਾਂ ਮਿਟੇ ਪਏ ਹਨ।
ਉਠ ਜਾਗ, ਕਰ ਤਿਆਰੀ ਘੜਿਆਲ ਵਜ ਰਹੇ ਹਨ,
ਤੇਰੇ ਪਲਂਘ ਦੁਲੀਚੇ ਹਾਲੇ ਬੀ ਸਜ ਰਹੇ ਹਨ।
ਪੈਂਡਾ ਹੈ ਦੂਰ ਗਾਫ਼ਲ! ਤੋਸ਼ਾ ਬਨਾ ਹੈ ਵੇਲਾ,
ਸੁਤਿਆਂ ਜਿ ਬੀਤੇ ਇਹ ਬੀ ਹੋਸੀ ਸਫਰ ਦੁਹੇਲਾ।
ਉਠ ਜਾਗ, ਜਾਗ ਬਹਿਜਾ ਅੰਮ੍ਰਿਤ ਵਸਨ ਫੁਹਾਰੇ,
ਕਰ ਕੌਲ ਦਿਲ ਦਾ ਸਿੱਧਾ ਭਰ ਭਰ ਕੇ ਪੀ ਪਿਆਰੇ!
ਪੀ ਪੀ ਕੇ ਹੋ ਜਾ ਖੀਵਾ, ਖੀਵਾ ਹੋ ਆਪ ਜਾਣੀਂ,
ਆਪੇ ਦੀ ਪੀਂਘ ਚੜਕੇ ਪ੍ਯਾਰੇ ਦੇ ਰੰਗ ਮਾਣੀ।
(21-11-34)
ਲੱਗੀ
ਆਖਣ ਇਕ ਕੁਕਨੂਸ ਨਾਮ ਦਾ ਪੰਛੀ ਕਿਧਰੇ ਹੁੰਦਾ,
ਇਕ ਹਜ਼ਾਰ ਵਰ੍ਹੇ ਦੀ ਉਮਰਾ ਤਾਈਂ ਜੀਂਦਾ ਰਹਿੰਦਾ।
ਗਾਵੇ ਰਾਗ ਰਹੇ ਅਲਮਸਤਾ ਸਭ ਸੰਗੀਤ ਸੁ ਜਾਣੇ,
ਇਸ ਤੋਂ ਰਾਗ ਸਿਖਿਆ ਮਾਨੁਖ ਕਹਿੰਦੇ ਹਨ ਕਈ ਸ੍ਯਾਣੇ।
ਜਦੋਂ ਏਸਦਾ ਅੰਤ ਸਮਾ, ਸੁਣ, ਨੇੜੇ ਹੈ ਆ ਜਾਈ,
ਬੈਠ ਕਾਠ ਵਿਚ, ਰਾਗ ਗਾਇ ਇਕ ਲੈਂਦਾ ਚਿਣੰਗ ਮਘਾਈ।
ਓਸ ਲਗੀ ਵਿਚ ਬੈਠਾ ਰਹਿੰਦਾ ਖਾਕ ਬਣੇ ਜਲ ਜਾਈ,
ਐਪਰ ਖਾਕ ਬਰਕਤਾਂ ਵਾਲੀ ਜਦ ਮੀਂਹ ਨਾਲ ਭਿਜਾਈ,
ਉਸ ਖਾਕੋਂ ਕੁਕਨੂਸ ਉਠੇ ਜੀ, ਨਵੀਂ ਜਿੰਦੜੀ ਪਾਈ।
ਲਗੀ ਸਹੀ ਤਾਂ ਕੋਕਨੂਸ ਨੇ ਫਤੇ ਮੌਤ ਤੇ ਪਾਈ,
ਓਸ ਪੀੜ ਨੇ ਪੀੜ ਮੌਤ ਦੀ ਕਟੀ ਨਵੀਂ ਜਿੰਦ ਲਾਈ।
ਤਾਂ ਤੇ ਲੱਗੀ ਜਾਣ ਸੁਹਾਵੀ ਲਗੀ ਸਦਾ ਮੁਬਾਰਿਕ,
ਸ਼ਾਲਾ ਲੱਗੇ ਕਿਵੇਂ ਆਣ ਏ ਦੱਸੀਓ ਕੋਈ ਤਦਾਰਿਕ।
(ਮਸੂਰੀ 19-10-35)
ਮੁਰਸ਼ਿਦ ਕਿ ਸ਼ਾਗਿਰਦ
ਤੂੰ ਭਾਲ ਕਰੇਂਦੈਂ ਮੁਰਸ਼ਿਦ ਦੀ ਮੁਰਸ਼ਿਦ ਨੂੰ ਹੇਠ ਲਗਾਵਣ ਨੂੰ
ਚੜ ਉਤੇ ਅੱਡੀ ਲਾਵੇਂ ਤੂ ਰੁਖ ਅਪਣੇ ਰਾਸ ਚਲਾਵਣ ਨੂੰ,
ਕਰ ਲਾਦੂ ਕਿੱਲੇ ਬੰਨ੍ਹ ਲਵੇਂ ਜਦ ਲੋੜ ਪਵੇ ਛਟ ਪਾਵਣ ਨੂੰ,
'ਹਾਂ ਜੀ ਜੀ' ਪੱਲੇ ਪਾਵੇਂ ਤੂੰ ਜਿਸ ਮੁੱਲੋਂ ਭਾਰ ਉਠਾਵਣ ਨੂੰ।
ਰੁਖ਼ ਤੇਰਾ ਨਿਉਂ ਨਾ ਚੱਲਣ ਦਾ ਨਹੀਂ ਵਾਦੀ ਕਿਹਾ ਕਮਾਵਣ ਦੀ,
ਭੁੱਲ ਅਪਣੀ ਤੱਕਣ ਬਾਣ ਨਹੀਂ ਨਹਿਂ ਤਾਕਤ ਜਰਨੇ ਕਾਵੜ ਦੀ।
ਨਹਿ ਹਿੰਮਤ ਦਾਰੂ ਖਾਣੇ ਦੀ ਪਥ ਪਾਲ ਪਰ੍ਹੇ ਨਿਭਾਵਣ ਦੀ,
ਨਹੀਂ ਸਾਰ ਆਪਣੀ ਪੀੜਾ ਦੀ ਨਹਿ ਜਾਚ ਵੈਦ ਰੀਝਾਵਣ ਦੀ।
ਤੂੰ ਢੂੰਡ ਸ਼ਗਿਰਦ ਰਸ਼ੀਦ ਕੁਈ ਛਡ ਮੁਰਸ਼ਿਦ ਭਾਲ ਭਲਾਵਣ ਓ,
ਕੁਈ ਮੁਰਦੇ ਜਾਲ ਫਸਣ ਤੇਰੇ ਬੂ ਤ੍ਰੱਕੀ ਸਿਰੇ ਚੜਾਵਣ ਓ।
ਨਹਿਂ ਜੀਂਦੇ ਫਸਦੇ ਜਾਲ ਕਿਸੇ ਨਿਤ ਗਗਨ ਉਡਾਰੀ ਲਾਵਣ ਓ।
ਓ ਪੰਛੀ ਮੰਦਰ ਮੌਲਾ ਦੇ ਨ ਤੀਰ ਨ ਗੋਲੀ ਖਾਵਣ ਓ।
(ਕਸ਼ਮੀਰ 13-9-26)
ਪਿੰਜਰਿਓਂ ਛੁਟੀ ਬੁਲਬੁਲ ਦੀ ਬਨ ਵਿਚ ਚੁਹਕ
ਹੈਂ, ਕਿੰਞ? ਕਿਵੇਂ? ਓ ਫਿਰ ਲਹਿਰਾਂ
ਓ ਮਿਠੀਆਂ ਠੰਢੀਆਂ ਫਿਰ ਨਹਿਰਾਂ?
ਓ ਸ਼ਾਖ ਸੁਹਾਵੀ, ਫੁਲ ਟਹਿਣੀ,
ਓ ਪੀਂਘ ਝੁਮੰਦੜੀ ਫਲ-ਟਹਿਣੀ।
ਮੈਂ ਕਿੰਞ ਕਿਵੇਂ ਬਨ ਆਇ ਗਈ?
ਹਾਂ, ਪੌਣ ਝੁਲੰਦੜੀ! ਦੱਸ ਬਈ
ਕਿੰਝ ਪੇਟੀ ਟੁੱਟੀ ਪੇਟ ਪਟੀ
ਕਿਝ ਖੰਭਾਂ ਸੰਦੀ ਡੇਰ ਕਟੀ?
ਕਿਞ ਦੱਸ ਸਖੀ ਪਹੁ ਪੰਧ ਛੁਟੇ ?
ਕਿਝ ਬੰਦੀ ਵਾਲੇ ਬੰਦ ਟੁਟੇ?
(ਅੰਮ੍ਰਿਤਸਰ 19-6-28)
ਬਿਹਬਲ ਬਿਰਹਨੀ ਤੇ ਕੋਇਲ
ਬਿਰਹਨੀ— (ਆਪਣੇ ਆਪ ਨੂੰ)
ਟੁਰ ਪਰਦੇਸ ਗਿਓਂ ਵੇ ਛੱਡਕੇ ਦੇਸ ਇਕੱਲੀ,
ਕਿਹੜੇ ਰਾਹ ਪਿਓਂ ਵੇ ਰੋ ਰੋ ਹੋਈ ਹਾਂ ਝੱਲੀ।
ਮੁੜ ਆ ਸਾਰ ਨ ਲੀਤੀ ਨਾ ਦੇ ਸਾਰ ਗਿਓਂ ਵੇ!
ਦੁੱਖਾਂ ਜਿੰਦ ਨਪੀੜੀ ਕਿਹੜੇ ਖ੍ਯਾਲ ਪਿਓਂ ਵੇ!
ਬਿਰਹਨੀ— (ਕੋਇਲ ਨੂੰ)
ਕੋਇਲ ਸਹੀਏ। ਨ ਜਾਵੀਂ ਸਾਡੇ ਕੋਲੇ ਹੀ ਰਹਿਣਾਂ,
ਹਾਏ, ਛੱਡ ਨ ਸਿਧਾਵੀਂ ਬਾਗੀਂ ਸਾਡੇ ਹੀ ਬਹਿਣਾ।
* ਬਿਰਹਨੀ- (ਬੱਦਲ ਨੂੰ)
ਮੇਘਾ! ਵਸਦੇ ਹੀ ਰਹੀਓ, ਤਾਂ ਫਿਰ ਕੋਇਲ ਨ ਜਾਸੀ,
ਬਿਰਹਨੀ— (ਅੰਬ ਨੂੰ)
ਅੰਬਾ। ਫਲਦੇ ਹੀ ਰਹੀਓ ਕੋਇਲ ਤਾਹੀਓਂ ਰਹਾਸੀ।
ਬਿਰਹਨੀ— (ਕੋਇਲ ਨੂੰ)
ਹਾਏ, ਵਿਛੁੜੀ ਨ ਸਹੀਏ! ਤੈਨੂੰ ਦਿਆਂ ਮੈਂ ਦੁਹਾਈ,
ਸਾਡੇ ਬਾਗੀਂ ਹੀ ਰਹੀਏ ਬਿਰਹੇਂ ਗੀਤ ਸੁਣਾਵੀਂ।
ਬਿਰਹਨੀ— (ਸੂਰਜ ਨੂੰ)
ਸੂਰਜ! ਦੱਖਣ ਨਾ ਜਈਓ, ਰਖੀਓ ਕੋਇਲ ਨੂੰ ਏਥੇ,
ਸਾਲਾ ਵਰਜ ਰਹਾਈਓ ਏਹੋ ਬਿਨਤੀ ਹੈ ਤੈਂ ਤੇ।
ਬਿਰਹਨੀ- (ਕੋਇਲ ਨੂੰ)
ਹਾਏ ਕੋਇਲ ਪਿਆਰੀ! ਸਾਡੇ ਕੋਲੇ ਰਹਾਣਾ,
ਤੈਥੋਂ ਸਦਕੇ ਮੈਂ ਸਾਰੀ ਕਲਿਆਂ ਛੱਡ ਨ ਸਿਧਾਣਾ।
ਤੇਰੇ ਗੀਤ ਪਿਆਰੇ ਬਿਰਹੋਂ ਕੂਕ ਕਟਾਰੀ,
ਪੀਅ ਪਰਦੇਸ ਸਿਧਾਰੇ ਉਤੋਂ ਤੇਰੀ ਤਿਆਰੀ।
ਬਿਰਹਨੀ- (ਚੰਦ ਤੇ ਪੈਣ ਨੂੰ)
ਚੰਦਾ! ਠੰਢਕ ਨ ਲਾਈਓ ਪੌਣੇ! ਪਾਲਾ ਨ ਪਾਣਾ!
ਬਿਰਹਨੀ— (ਕੋਇਲ ਨੂੰ)
ਸਖੀਏ! ਏਥੇ ਰਹਾਈਓ ਸਾਥੋਂ ਲੜ ਨ ਛੁਡਾਣਾ।
ਬਿਰਹਨੀ— (ਗਗਨ ਨੂੰ)
ਗਗਨਾ! ਤਪਦੇ ਹੀ ਰਹੀਓ ਕੋਇਲ ਜਾਣ ਨ ਦੇਣੀ,
ਕੋਇਲ ਸਹੀਏ ! ਇਹ ਕਹੀਓ ""ਮੈਂਨ ਜਾਸਾਂ ਜਾਂ ਨੀ ਨੀ ਭੈਣੀ ਭੈਣੀ ! !"
ਕੋਇਲ ਬਿਰਹਨੀ ਨੂੰ
ਕਾਲੇ ਬਿਰਹੋਂ ਦੇ ਭੇਸੀਂ ਬਨ ਬਨ ਕੂਕਾਂ ਉਦਾਸੀ,
ਫਿਰਦੀ ਦੇਸ ਬਦੇਸੀਂ ਪ੍ਰੀਤਮ ਦਰਸ ਪਿਆਸੀ।
ਮੈਨੂੰ ਜਾਣ ਦੇ ਕੱਲਿਆਂ ਤੇਰਾ ਪ੍ਰੀਤਮ ਬੀ ਟੋਲਾਂ,
ਬਿਰਹੋਂ ਤੇਰਾ, ਜੇ ਮਿਲਿਆ ਉਸ ਦੇ ਪਾਸ ਮੈਂ ਫੋਲਾਂ।
ਐਦਾਂ ਰੋ ਨਾ ਪਿਆਰੀ ਸਾਡੇ ਪੱਲੇ ਹੀ ਗਮ ਹੈ,
ਪਰ ਗ਼ਮ ਪ੍ਰੀਤਮ ਦਾ ਵਾਰੀ! ਕਿਹੜੀ ਨ੍ਯਾਮਤ ਤੋਂ ਕਮ ਹੈ।
ਬਿਰਹੋਂ ਤੀਰ ਦੁਖਾਲਾ ਐਪਰ ਚਖ੍ਯਾ ਨ ਜਿਸ ਨੇ
ਜੀਵਨ-ਮਰਮ ਦੁਰਾਲਾ ਭੇਤ ਲਖ੍ਯਾ ਨ ਉਸ ਨੇ।
(ਕੰਡਾ ਘਾਟ11-10-32)