ਦਿਲ ਗਿਆ ਦਿਲਦਾਰ ਵੱਲ
ਮੈਂ ਨਹੀਂ ਦਿਲਦਾਰ ਦਿਲ ਦਾ ਦਿਲ ਗਿਆ ਦਿਲਦਾਰ ਵੱਲ,
ਫਿਰ ਕਿਹਾ ਰੋਣਾਂ ਅਸਾਂ ਜੇ ਦਿਲ ਗਿਆ ਦਿਲਦਾਰ ਵੱਲ।
ਦਿਲ ਰਖੇ ਦਿਲਦਾਰ ਜੇਕਰ ਦਿਲ ਸਮਾਇਆ ਆਪਣੇ,
ਕੌਣ ਫਿਰ ਵਾਪਸ ਮੰਗਾਏ ਦਿਲ ਗਿਆ ਜੋ ਯਾਰ ਵੱਲ।
ਤੂੰ ਨ ਕਹਿ "ਦਿਲਦਾਰ ਦਿਲ ਲੈ 'ਐਂ ਕਰੇ’, ਐਂ ਨਾ ਕਰੇ "
ਸੂਲੀ ਚੜੇ 'ਸੀ' ਨਾ ਕਹੇ, ਜਦ ਝੁਕ ਗਿਆ ਦਿਲ ਪ੍ਯਾਰ ਵੱਲ।
ਦਿਲ ਗਿਆ ਦਿਲਦਾਰ ਵਲ, ਬਾਕੀ ਰਿਹਾ ਇਹ ਕੌਣ ਹੈ?
ਸ਼ੋਰ ਸ਼ਿਕਵੇ ਕਰ ਰਿਹਾ ਹੈ ਮਹਿਰਮੇ ਇਸਰਾਰ' ਵੱਲ?
ਕੋਇਲ! ਕੁਕੇਂਦੀ ਨਾ ਫਬੇਂ: "ਦਿਲ ਲੈ ਗਿਆ, ਦਿਲ ਲੈ ਗਿਆ”,
ਸਿਰ, ਜਾਣ ਦੇ ਦਿਲ ਜੇ ਗਿਆ ਸਿਰ ਦਾਰ ਵੱਲ।
ਜੇ ਨਹੀਂ ਦਿਲਦਾਰ ਨੇ ਦਿਲ ਬੁਲਬੁਲੇ! ਮਕਬੂਲਿਆ
ਤੂੰ ਝੁਕੀ ਰਹੁ ਮਸਤ ਹੋਕੇ ਯਾਰ ਦੇ ਦੀਦਾਰ ਵੱਲ।
'ਪੀ ਪੀ' ਪਪੀਹਾ ਕਿਉਂ ਕਰੇ ਪੀਆ ਨ 'ਪ੍ਯਾਰਾ' ਜਦ ਕਹੇ?
ਦਿਲ ਧਰ ਤਲੀ ਤੇ ਭੇਟ ਲੈ ਟਕ ਬੰਨ੍ਹ ਪੀਅ ਦਰਬਾਰ ਵੱਲ।
ਦਿਲ ਦੇਵਣਾ ਫਿਰ ਬੋਲਣਾ ਦਿਲ-ਰੱਖਣਾ ਹੈ ਸੁਹਣਿਓ!
ਦਿਲ ਦੇ ਦਿਓ ਦਿਲ ਵਾਲਿਓ। ਸਿਰ ਟੇਕ ਕੇ ਖ੍ਰੀਦਾਰ ਵੱਲ।
ਦਿਲ ਦੇਣ ਦੀ ਆਸਂਝ ਨਹੀਂ ਦਿਲਬਰ ਬਣੋ ਦਿਲ ਲੈ ਲਓ!
ਆਜਜ਼ ਇਜਜ਼ ਦੇ ਨਾਲ ਹੈ ਪਯਾ ਤੱਕਦਾ ਸਰਕਾਰ ਵੱਲ।
(ਕਸ਼ਮੀਰ 12-9-26)
––––––––––––
1. ਭੇਤਾਂ ਦੇ ਜਾਣੂ, ਭਾਵ ਅੰਤਰਯਾਮੀ ਵਾਹਿਗੁਰੂ।