ਆਵਾਜ਼ ਆਈ
ਬੜੇ ਤੜਕੇ ਆਵਾਜ਼ ਆਈ, "ਪਿਆਲਾ ਯਾਦ ਦਾ ਫੜ ਲੈ
"ਸੁਰਾਹੀ ਨਾਲ ਲਾ ਛੇਤੀ ਪਿਆਲੇ ਪਿਰਮ ਰਸ ਭਰ ਲੈ।
"ਤੇ ਲਾ ਬੁੱਲਾਂ ਨੂੰ ਪ੍ਯਾਲਾ ਹੁਣ ਸੁਆਦਾਂ ਨਾਲ ਘੁਟ ਭਰ ਭਰ,
"ਸਰੂਰ ਆ ਜਾਏ ਆਪੇ ਨੂੰ ਤੂੰ ਆਪ ਨੂੰ ਨਵਾਂ ਕਰ ਲੈ।
"ਕਿ ਛਡਦਾ ਤੀਰ ਕਿਰਨਾਂ ਦੇ ਖਿੰਡਾਂਦਾ ਸੁਰਤ ਦੁਨੀਆਂ ਦੀ
"ਪੁਰੇ ਤੋਂ ਆ ਰਿਹਾ ਰਾਜਾ ਤੂੰ ਹੁਣ ਜੁੜ ਲੈ, ਤੂੰ ਹੁਣ ਠਰ ਲੈ।
"ਜ਼ਮਾਨਾ ਪਲਟਦਾ ਹਰ ਛਿਨ, ਕਿ ਦੁਨੀਆਂ ਮਕਰ ਵਿਚ ਜੀਂਦੀ
"ਨ ਸੰਗੀਂ ਹੁਣ ਤੂੰ ਘੁੱਟ ਭਰਨੋ ਇਹ ਘੁਟ ਅੰਦਰ ਗਿਆ ਜਰ ਲੈ।
"ਜਰੇਂਗਾ ਜੋ ਖਿੜੇਂਗਾ ਤੂੰ ਤੇ ਖਿੜਿਆ ਫੇਰ ਖੇੜੇਂਗਾ,
"ਤਾਂ ਹੁਣ ਖੇੜੇ ਨੂੰ ਤੂੰ ਵਰ ਲੈ ਹੁਣੇ ਖੇੜੇ ਨੂੰ ਤੂੰ ਵਰ ਲੈ।
"ਹੈ ਅਨਖੇੜੇ ਦੀ ਝੀਲ ਏ ਜੋ ਜ਼ਮਾਨਾ ਦਿਨ ਨੂੰ ਲਹਿਰੇਗਾ,
"ਸੁ ਹੁਣ ਓ ਤਾਣ ਭਰ ਲੈ ਤੂੰ ਤਰੇਂਗਾ ਤਾਂ, ਜੇ ਹੁਣ ਤਰ ਲੈ।”
ਏ ਕਹਿੰਦੀ ਬੰਦ ਹੋ ਗਈ ਓ ਅਵਾਜ਼ ਅਰਸ਼ਾਂ ਤੋਂ ਜੋ ਆਈ,
ਰਹੀ ਪਰ ਗੂੰਜਦੀ ਕੰਨੀ: "ਤਰੇਂਗਾ ਤਾਂ ਜੇ ਹੁਣ ਤਰਲੈ।’”
(ਮਾਊਂਟ ਆਬੂ 8-10-33)