ਲਾ-ਮਕਾਂ ਦੇ ਅੰਬਰ
ਤੈਨੂੰ ਮਕਾਂ ਨ ਮਿਲਦਾ ਬਣ ਤੂੰ ਮਕੀਂ ਨ ਜਾਵੇਂ,
'ਪੰਛੀ-ਨਿਵਾਸ' ਤੇਰਾ ਹਰ ਸੁਬ ਨਵੀਂ ਹੁ ਥਾਵੇਂ।
ਖਿਲਰੇ ਤੂੰ ਖੰਭ ਰੱਖੇਂ ਪੰਛੀ ਉਡਾਰ ਵਾਙੂ
ਅੰਬਰ ਉ ਲਾਮਕਾਂ ਦੇ ਉਡ ਤਾਰੀਆਂ ਲਗਾਵੇਂ।
ਸੁਹਣੇ ਦਰਾਂ ਤੋਂ ਜੇਕਰ ਸੈਨਤ ਮਿਲੇ ਟਿਕਣ ਦੀ,
ਰੰਗ ਮਹਲ ਜ਼ਾਤ ਵਾਲੇ ਕਾਯਮ ਮਕਾਨ ਪਾਵੇਂ।
ਜਿਥੋਂ ਤੂੰ ਲੰਘ ਰਿਹਾ ਹੈਂ ਵਾਦੀ ਹੈ ਏ ਫਨਾ ਦੀ,
ਐਪਰ ਫਨਾਂ ਦੇ ਵਿਚੋਂ ਰਸਤਾ ਬਕਾ ਨੂੰ ਜਾਵੇ।
ਮੁਯਦਾ ਨਸੀਮ ਈ ਨਗ਼ਮਾ ਸਬਾ ਸੁਨਾਵੇ:-
ਹਰ ਰੰਗ ਭਰੀ ਖੁਸ਼ੀ ਹੈ, ਹਰ ਛਿਨ ਜਿ ਗੀਤ ਗਾਵੇਂ।
ਹਰ ਥਾਂ ਭਰੀ ਸੁਰਾਹੀ ਹਰ ਹਾਲ ਹੈ ਪਿਆਲਾ
ਜਾਗੇ ਲਬਾਂ ਨੂੰ ਸਾਕੀ ਭਰ ਜਾਮ ਹੈ ਪਿਲਾਵੇ।
ਹਸ ਹਸ ਕੇ ਗੁਲ ਤੈਂ ਰਸਤੇ ਪਿਆ ਪੰਖੜੀ ਵਿਛਾਵੇ
ਕੰਡੇ ਸੰਭਾਲ ਰਖੇ ਤੈਨੂੰ ਨ ਚੋਭ ਆਵੇ।
ਮੇਵੇ ਦੇ ਨਾਲ ਭਰੀਆਂ ਡਾਲਾਂ ਨੁਛਾਰ ਹੋਵਣ
ਬੁਲਬੁਲ ਹਜ਼ਾਰ ਬੈਠੀ ਤੈਨੂੰ ਹੀ ਗਾ ਸੁਣਾਵੇ।
ਰਸ ਦੀ ਫੁਹਾਰ ਪੈਂਦੀ ਪੀਂਘਾਂ ਦੇ ਰੰਗ ਲਹਿਰਨ
ਮ੍ਰਿਗ ਆ ਖੁਤਨ ਤੋਂ ਦ੍ਵਾਰੇ ਤੇਰੇ ਮੁਸ਼ਕ ਮਚਾਵੇ।
ਵਾਹਵਾ ਫਨਾ ਬਕਾ ਹੈ ਵਾਹਵਾ ਬਕਾ ਫਨਾ ਹੈ,
ਖਿੜਿਆ ਚਮਨ ਇਲਾਹੀ ਖੇੜਾ ਪਿਆ ਲੁਟਾਵੇ।
(ਕਸ਼ਮੀਰ 18-9-26)
ਇਸ਼ਕ ਅੱਗ
ਬਲ ਪਉ ਅੱਗ ਇਸ਼ਕ ਦੀ ਭੜ ਭੜ 'ਅਨ ਇਸ਼ਕੀ' ਸਭ ਸੱਟੀਂ ਸਾੜ,
ਆੜ ਆੜ ਜੋ ਲੁਕੇ ਪਾਪ ਪੁੰਨ ਫੜ ਫੜ ਇਸ ਭਾਂਬੜ ਵਿਚ ਵਾੜ।
ਅਨ-ਆਪਾ ਅਨ ਹੋਇਆ ਮੇਰਾ ਸੜ ਸੜ ਇਸ ਵਿਚ ਹੋਵੇ ਰਾਖ,
ਰਹਿਮਤ ਮੀਂਹ ਕਮਲਾ ਹੋ ਵੱਸੇ ਕੜਕੜ, ਧੜਧੜ, ਗਗਨਾ ਪਾੜ।
'ਮੈਂ ਤੇਰਾ, ਮੈਂ ਤੇਰਾ’ ਗਾਂਦਾ ਆਪਾ ਮੇਰਾ ਹੁਸਨ ਵਜੂਦ
ਚਰਨ ਸਰਨ ਵਰਨ ਇਕ ਵਰਨੋ ਰਹੇ ਵਿਚ ਨਾ ਕੋਈ ਆੜ।
ਫੇਰ ਕਦੇ ਨਾ ਵਿੱਥ ਵਾਪਰੇ ਦੂਰ ਹਜ਼ੂਰੀ ਕਦੇ ਨ ਹੋਇ
ਸਦਾ ਹਜ਼ੂਰੀ, ਸਦਾ ਹਜ਼ੂਰੀ ਪ੍ਰੀਤਮ ਚਰਨੀ ਐਸਾ ਵਾੜ।
(ਕਸੌਲੀ 31-8-50)