ਨਾ ਰਿਹਾ ਪਰਕਾਸ਼ ਉਡਦਾ ਆ ਗਿਆ
ਫੌਜ ਖੇੜਾ ਨਾਲ ਜਿਸ ਦੇ ਆ ਗਈ।
ਭੇਜਦੀ ਖ਼ੁਸ਼ੀਆਂ ਤੇ ਖੇੜੇ ਵੰਡਦੀ
ਦੇਖ ਸੂਰਜ ਦੀ ਸਵਾਰੀ ਆ ਗਈ।
‘ਤ੍ਰੇਲ ਮੋਤੀ' ਗੁੰਦ ਕੇਸੀਂ ਨਿਖਰਕੇ
ਸਬਜ਼ ਮਖਮਲ ਪਹਿਨ ਧਰਤ ਸੁਹਾ ਗਈ।
ਸ਼ਬਨਮਾਂ ਨੇ ਰਾਤ ਸਾਰੀ ਚੁੰਮਿਆਂ
ਪੱਤਿਆਂ ਨੂੰ ਨਵੀਂ ਰੰਗਤ ਆ ਗਈ।
ਪੰਛੀਆਂ ਦੇ ਰਾਗ ਸੁਣ ਤੇ ਚਹਿ ਚਹੇ
ਹੈ ਖੁਸ਼ੀ ਸਭ ਪਾਲ ਬੰਨੇ ਢਾ ਗਈ।
ਦੇਖ ਤੂੰ ਇਸ ਚਾਉ ਨੂੰ ਜੋ ਭਰ ਰਿਹਾ
ਵੇਖ ਰੰਗਤ ਜੋ ਦਿਲਾਂ ਨੂੰ ਭਾ ਗਈ।
ਤੱਕ ਰਚਨਾ ਦਾ ਉਛਾਲਾ ਤੇ ਖੁਸ਼ੀ
ਲਹਿਰ ਇਕ ਆਨੰਦ ਦੀ ਲਹਿਰਾ ਗਈ।
ਦੇਸ਼ ਪ੍ਰੀਤਮ ਦਾ ਸੁਨੇਹਾ ਸੁਣ ਰਿਹਾ
ਰਮਜ਼ ਹੈ ਏ, ਸਮਝ, ਸੈਨਤ ਪਾ ਗਈ।
ਸੁਹਣਿਆਂ ਦਾ ਸ਼ਾਹ ਬੁਸ਼ਾਰਤ ਘੱਲਦਾ
ਸੂਰਤ ਉਸਦੀ ਆ ਬੁਝਾਰਤ ਪਾ ਗਈ।
ਉਹ ਖ਼ੁਸ਼ੀ ਉਹ ਰੰਗ ਖੇੜੇ ਖੇਡਦਾ
ਖੇੜਿਆਂ ਵਿਚ ਝਲਕ ਪ੍ਰੀਤਮ ਝਾ ਗਈ।
ਪੈ ਦਿਲਾਂ ਤੇ ਝਾਲ ਅਪਣੀ ਫੇਰਦੀ
ਛੁਹ ਖੁਸ਼ੀ ਦੀ ਨਾਲ ਨਖਰੇ ਲਾ ਗਈ।
ਸੁਖ ਸੁਨੇਹਾ ਅੱਜ ਸਾਰੇ ਦੇ ਰਹੀ
ਜੱਫੀਆਂ ਭਰਦੀ ‘ਸਬਾ' ਜੇ ਆ ਗਈ।
ਟੁੰਬ ਕੇ, ਨੀਂਦੇਂ ਜਗਾਕੇ ਕਹਿ ਰਹੀ
ਰਾਗਨੀ ਮੇਰੀ ਜੁ ਸੁਣ ਸੁਰ ਲਾ ਗਈ।
ਆ ਗਈ ਮੈਂ ਰੰਗ ਰਤੜੀ ਆ ਗਈ।
ਭਿਜ ਸੁਗੰਧੀ ਰਸ ਭਰੀ ਮੈਂ ਆ ਗਈ।
ਲੈ ਸੁਗੰਧੀ, ਸੁਣ ਸੁਗੰਧੀ, ਮੁਸ਼ਕ ਉਠ
ਮਹਿਕ ਲਾ ਦੇ ਓਸ ਨੂੰ ਜੋ ਪਾਸ ਤੇਰੇ ਆ ਗਈ।
(ਲਲਾਬ, ਬਾਰਾ ਮੂਲਾ 111-4-26)