ਯਾਦ ਦੇ ਨੁਕਤੇ ਉਹਲੇ
ਰਾਤ ਅਰਸ਼ਾਂ ਤੋਂ ਪਲਮਦੀ ਇਕ ਵੇਲ ਜੁ ਆਈ,
ਹੋ ਚੰਦ ਗ੍ਯਾ ਪੰਨੇ ਦਾ ਤਕ ਏਸ ਦੀ ਹਰਯਾਈ।
ਭਰ ਨਾਲ ਅੰਗੂਰਾਂ ਦੇ ਰੰਗ ਲਾਲ ਅੰਗਾਰਾ ਜੁ
ਲਾਲੀ ਲਈ ਲਬੇ ਖੂਬਾਂ ਨੇ ਉਸ ਰੰਗੁ ਚੁਰਾਈ।
ਜਿਉਂ ਤ੍ਰੇਲ ਪਏ ਭਿੰਨੀ ਤਿਉਂ ਅੰਗੂਰ ਓ ਚੋਂਦੇ
ਰਸ ਤੁਪਕਿਆਂ ਤੋਂ ਲੈ ਲੈ ਲਾਲਾਂ ਨੇ ਲਾਲੀ ਲਾਈ।
ਰਸ ਤੁਪਕੇ ਬਣੇ ਆਪੇ ਹੀ ਸਾਕੀ ਅਤੇ ਪਿਆਲਾ
ਲਬਾਂ ਨਾਲ ਲਗੇ ਉ ਆਪੇ ਹੀ ਰਸ ਦੇਣ ਚੁਆਈ।
ਰਸ ਦੇ ਕੇ ਉ ਅੰਗੂਰ, ਨਾ ਟੁੱਟਣ ਤਿ ਨਾ ਸੁੱਕਣ,
ਲਹਿ ਲਹਿ ਕਰਨ ਉ ਗੁੱਛੇ ਤਿ ਓ ਵੇਲ ਸਵਾਈ।
ਰਸ ਲੰਘ ਗਿਆ ਨਾਲ ਲਬਾਂ ਦੇ ਛੁਹਦਾ ਆਪੇ,
ਆਪੇ ਦੇ ਜਾ ਦੇਸ਼ ਇਨ੍ਹੇ ਇਕ ਝਰਨ ਛਿੜਾਈ।
ਨ ਨਸ਼ਾ, ਨੀਂਦ, ਨ ਮਸਤੀ ਨ ਸਰੂਰ ਹੀ ਭਾਸੇ
ਕੁਈ ਦੇਖੀ ਨ ਸੁਣੀ ਰੰਗਤ ਜੁ ਅੰਦਰ ਆ ਛਾਈ।
ਸੀ ਉਹ ਹੰਸ ਦੀ ਹੋਸ਼ ਕਿ ਮਦਹੋਸ਼ਿ ਮਦਹੋਸ਼ੀ,
ਆਪਾ ਗਿਆ ਆਪੇ ਤੋਂ ਉਡ ਖੰਭ ਲਗਾਈ।
ਰਸ ਤ੍ਰੇਲ ਦੀ ਮਾਨੇ ਸੀ ਛਹਿਬਰ ਸਾਰੇ ਹੀ ਬਰਸੇ
ਇਕ ਸੁਆਦ ਦੀ ਕੁਈ ਝੂਮ ਕਿ ਲਟਕਨ ਸੀ ਛਾਈ।
ਉ ਹੁਸਨ ਕਿ ਜੁ ਲੁਕਦਾ ਸੀ ਹੁਸਨਾ ਦੇ ਉਹਲੇ
ਲਾਹ ਘੁੰਡ ਉ ਪਿਆ ਕਰੇ ਦੀਦਾਰ-ਨੁਮਾਈ ।
ਉਹ ਪ੍ਯਾਰ ਜੁ ਕਦੇ ਨੈਣਾਂ ਤੋਂ ਸੀ ਝਾਤੀਆਂ ਪਾਂਦਾ
ਡੁੱਲ੍ਹ ਡੁੱਲ੍ਹ ਕੇ ਪਏ ਜਿਵੇਂ ਚਸ਼ਮੇ ਨੇ ਛਹਿਬਰ ਲਾਈ।
ਮਸਤੀ ਹੋਸ਼ ਤੇ ਖੇੜੇ ਨੇ ਇਕ ਰੰਗ ਜਮਾਯਾ,
ਜਿਵੇਂ ਨੂਰ ਨੇ ਸਤਰੰਗ ਤੋਂ ਇਕ ਰੰਗਤ ਪਾਈ।
ਮਿਰੇ ਮਰਦਾਂ ਦੇ ਮਰਦ, ਵਾਹ ਓ ਜ਼ੁਲਫ਼ਾਂ ਵਾਲੇ!
'ਨੁਕਤਾਏ-ਯਾਦ' ਦੇ ਉਹਲੇ ਕਿਹੀ ਰਮਜ਼ ਛਿਪਾਈ।
(ਸਿਰੀ ਨਗਰ 21-9-26)