ਸ੍ਵਾਗਤ ਸਿਹਰਾ
ਇਕ ਸ਼੍ਯਾਮ ਘਟਾ ਛਾਈ, ਓਦਾਸ ਨਜ਼ਰ ਆਈ
ਹਾਂ, ਸਹਿਮ ਪਿਆ ਬਰਸੇ ਝੜ ਛਾਇ ਝੜੀ ਲਾਈ।
ਸਤਰੰਗ ਤੁਸੀਂ ਚਮਕੇ ਇਕ ਪੀਂਘ ਤੁਸਾਂ ਪਾਈ,
ਉਹ ਚਮਕ ਪਈ ਕਾਲਕ ਮਿਟ ਨਾਲ ਗਈ ਕਾਈ।
ਇਕ ਤੇਲ ਪਈ ਬੱਤੀ ਇਕ ਬੁਝੇ ਪਏ ਦੀਵੇ,
ਨਹਿਂ ਰਤੀ ਰਹੀ ਰੌਣਕ ਦਿਲ-ਝਵੀਂ ਰਹੀ ਛਾਈ,
ਤੁਸੀਂ ਕਿੰਞ ਕਿਤੋਂ ਆਏ ਬਲਦੇ ਬਲਦੇ ਸ਼ੁਅਲੇ?
ਗਲ ਲੱਗ ਗਏ ਆ ਕੇ ਬੁੱਲ੍ਹ ਚੁੰਮ ਲਏ ਧਾਈ।
ਛੁਹ ਕਿੰਞ ਦਈ ਨੂਰੀ ਨਿਘ-ਜਿੰਦ ਕਿਵੇਂ ਭਰਕੇ?
ਹਾਂ ਚਲੇ ਗਏ ਲਗ ਕੇ ਪਰ ਫੇਰ ਰਹੇ ਛਾਈ।
ਹਾਂ, ਨੂਰ ਭਬਾਕਾ ਏ. ਵਾ ਜੀਵਨ ਝਾਕਾ ਏ
ਵਾਹ, ਬੁਝਿਆਂ ਬਾਲ ਗਏ ਕੁਈ ਜਿੰਦ ਨਵੀਂ ਪਾਈ।
ਕਈ ਢੇਰ ਲਗੇ ਲਕੜੀ, ਨਾ ਤੁੱਲ ਸਕਦੇ ਤੱਕੜੀ
ਜ੍ਯ ਸੈਲ ਪਏ ਮੁਰਦੇ ਜਿੰਦ-ਨਿੱਘ ਨਹੀਂ ਰਾਈ।
ਆ ਕੜਕ ਪਈ ਬਿਜਲੀ ਛੁਹ ਲੱਗ ਗਈ ਰੰਗਲੀ,
ਭਾ ਚਮਕ ਪਈ ਨੂਰੀ ਬਲ ਜਿੰਦ ਉਠੀ ਸ੍ਵਾਈ।
ਹਾਂ, ਰਾਤ ਅਨ੍ਹੇਰਾ ਏ ਜਿਨ੍ਹ ਘੇਰ ਲਈ ਧਰਤੀ
ਪੈ ਰਹੀ ਉਦਾਸੀ ਏ ਛਾ ਰਹੀ ਏ ਉਦਰਾਈ,
ਬਣ ਸੂਰਜ ਆਏ ਹੈ 'ਛੁਹ ਚਾਨਣ` ਲ੍ਯਾਏ ਹੋ
ਇਕ ਚਾਨਣ ਧੱਕਾ ਹੈ ਆ ਨੂਰ ਝਮਕ ਲਾਈ।
ਹਾਂ, ਮੌਤ ਮਰਾਈ ਜੇ 'ਜਿੰਦ-ਨੂਰ` ਵਸਾਯਾ ਜੇ
ਇਕ ਪਲਕ ਨ ਲੱਗੀ ਏ ਹਾਂ, ਇਹ ਬਿਰਦ ਸਾਂਈਂ।
ਫੁਲ ਪੱਤ ਝੜੇ ਸਾਰੇ ਛਾ ਸੁੰਞ ਰਹੀ ਡਾਲੀ
ਦਿਲਗੀਰ ਬਣੀ ਰੰਗਤ ਮੂੰਹ ਪਸਰ ਰਹੀ ਝਾਈ।
ਹੋ ਬਸੰਤ ਤੁਸੀਂ ਆਏ ਚੁਪ ਲੰਘ ਗਏ ਅੰਦਰ
ਨਿੱਘ-ਜਿੰਦ ਭਰੀ ਸਾਰੇ ਝਰਨਾਟ ਨਵੀਂ ਪਾਈ।
'ਖਿੜ-ਚਟਕ' ਠਮੱਕਾ ਦੇ ਅੱਖ ਖੋਲ੍ਹ ਦਈ ਮੀਟੀ,
ਭਰ ਝੋਲ ਸ਼ਗੂਫੇ ਦੇ ‘ਲੁਟ-ਹਾਸ੍ਯ' ਤੁਸਾਂ ਲਾਈ।
ਵਾਹ ਮੁਇਆਂ ਜਿਵਾਂਦੇ ਹੋ! ਵਾਹ ਜਿੰਦੜੀ ਪਾਂਦੇ ਹੋ!
ਵਾਹ ਨੂਰ ਵਸਾਂਦੇ ਹੋ! 'ਛੁਹ-ਜਿੰਦ' ਤੁਸਾਂ ਜਾਈ।
(ਸਿਰੀ ਨਗਰ 27-9-26)