ਪ੍ਰੇਮ ਦੌਲਤ
ਪੁਰਾਣੇ ਮਿਤ ਦੇ ਬੈਠੇ ਕਿਸੇ ਕੰਢੇ ਸਮੁੰਦ ਖਾਡੀ,
ਛਿੜੀ ਗਲ ਬਾਤ ਦੋਹਾਂ ਵਿਚ ਜੁ ਸੀ ਖਰਵੀ, ਬਿਨਾ ਲਾਡੀ।
ਇਕ ਮਿੱਤ੍ਰ-
ਕਿਸੇ ਸਿਉਂ ਪ੍ਯਾਰ ਨਾ ਤੇਰਾ ਕਿਸੇ ਸਿਉਂ ਨਾਂ ਕਰੇਂ ਲਾਡੀ,
ਝੁਰੜ ਤੂੰ ਹੋ ਗਿਐਂ ਭੁਗੜੀ ਜੋ ਗੱਲ ਕਰਨੈ ਖ਼ੁਸ਼ਕ ਪਾਡੀ।
ਦੂਜਾ ਮਿੱਤ੍ਰ-
ਸੁਣੀਂ ਓ ਥਿੰਧਿਆ ਬੋਲੂ ਤਿਰੇ ਪੱਲੇ ਹੈ ਦੱਸ ਕੀ ਕੁਛ ?
ਕਲਮ ਇਕ ਦੁਆਤ ਤਿੰਨ ਕਪੜੇ ਉਡਾਰੂ ਖ਼ਿਆਲ ਤੇ ਲਾਡੀ।
ਲਈ ਕੱਠੀ ਮੈਂ ਕਰ ਇੰਨੀ ਨ ਮੁੱਕੇਗੀ ਇ ਸਤ ਪੀੜ੍ਹੀ,
ਦਿਸੌਰੀ ਕੋਠੀਆਂ ਕੇਈ ਵਲੈਤੀਂ ਸਾਖ ਹੈ ਸਾਡੀ।
ਮਹਲ ਮਾੜੀ ਬਗੀਚੇ ਤੂੰ ਜ਼ਮੀਨਾਂ ਤੇ ਏ 'ਕਾਰਾਂ ਤੱਕ
ਤਿਰੇ ਪੱਲੇ ਤਾਂ ਤੁਹੋਂ ਹੈਂ ਤੇ ਗਲ ਕਰਨੈ ਪਿਆ ਆਡੀ।
ਪਹਿਲਾ ਮਿੱਤ੍ਰ-
ਮਿਰੇ ਪੱਲੇ ਤੇ ਮੈਂ ਹੀ ਹਾਂ ਤੂੰ ਆਖ੍ਯਾ ਹੈ ਇ ਸੱਚ ਸੱਜਣ!
ਤਿਰੇ ਪੱਲੇ ਨ ਤੂੰ ਰਹਿਆ 'ਜੁ ਪੱਲੇ ਜਾਇਂਗਾ ਛਾਡੀ।
ਪਿਆ ਸੁਣਦਾ ਸੀ ਸਾਹਿਬ ਦਿਲ ਪਈ ਹੁੰਦੀ ਏ ਗਲ ਸ੍ਵਾਦੀ,
ਪਿਆ ਡੁੱਲ੍ਹਦਾ ਕਿਸੇ ਰੰਗੇ ਹਸੀ ਉਸ ਆ ਗਈ ਡਾਢੀ।
ਉਸ ਰੰਗ ਰਤੜੇ ਨੇ ਬੁਲ੍ਹ ਖੁਹਲੇ ਤੇ ਆਖੇ ਸੁਣ ਲਓ ਵੀਰੋ!
ਗਰੀਬੀ ਤੇ ਅਮੀਰੀ ਦਾ ਮੁਲ ਇਕੋ ਅੰਤ ਨੂੰ ਪੁਆਡੀ,
ਜਿਨ੍ਹੇ ਪਰ ਪ੍ਰੀਤ ਦੀ ਦੌਲਤ ਕਮਾਈ ਤੇ ਲਈ ਭਰ ਦਿਲਿ,
ਉਹ ਨਿਰਧਨ ਹੈ ਕਿ ਧਨ ਵਾਲਾ ਉਹ 'ਮੀਰੀ' ਹੈ ਨਹੀ ਫਾਡੀ।
(ਕਸੌਲੀ 30-8-50)