ਉਡੀਕ
ਦਿਲਾ ਨਿਹਾਲ ਰਹੇ ਕ੍ਰਾਰ ਯਾਰ ਪ੍ਯਾਰੇ ਤੇ
ਸਦਾ ਵਿਸ਼੍ਵਾਸ ਰਹੇ ਮਰਕਜ਼ੀ ਸਿਤਾਰੇ ਤੇ।
ਲਗੇ ਜਿ ਦੇਰ ਦਿਲਾ! ਉਹ ਭਲਾ ਹਿ ਤੇਰਾ ਹੈ
ਪਵੇ ਮਿਠਾਸ ਤਦੇ ਪਕੇ ਜਿ ਸਹਜ ਹਾਰੇ ਤੇ।
ਕਈਕੁ ਸਾਲ ਵਸੇ ਗੋਦ ਤ੍ਯਾਰ ਮੋਤੀ ਹੋ
ਵਰ੍ਹੇ ਲਗੇ ਬੜੇ ਸ਼ਿਵਨਾਭ ਨੂੰ ਦਿਦਾਰੇ ਤੇ।
ਹਈ ਬਿਲੰਬ ਨਿਸ਼ਾਂ ‘ਨਾ-ਤਿਆਰੀ' ਤੇਰੀ ਦਾ
ਦਿਲਾ! ਨ ਸ਼ਕ ਲਿਆ- 'ਕੌਲ ਹੋਣ ਲਾਰੇ' ਤੇ।
ਬ੍ਰਿਛਾਂ ਲਗੇ ਫਲ ਜੋ ਤਪ ਕਰੇਨ ਲਮਕੇ ਓ,
ਹਈ ਉਡੀਕ ਤਪਾ ਜੋ ਪਕਾ ਸਵਾਰੇ ਤੇ।
ਰਿਦੇ ਨੂੰ ਤਾਂਘ ਫੜੇ ਰੁਖ਼ ਲਗੇਗ ਉੱਪਲ ਵਲ,
ਭਰੇਗੁ ਤਾਣ ਪਰਾਂ ਤੋਂ ਰਹੇ ਉਡਾਰੇ ਤੇ।
ਦੀਦਾਰ ਲੋਚ ਲਗੇ ਹਜ਼ ਪਏ ਹਜ਼ੂਰੀ ਦਾ
ਰਹੋਗੇ ਹਾਜ਼ਰ ਤਾਂ ਝੱਸ ਪੈਜਿ ਇੰਤਜ਼ਾਰੇ ਤੇ।
ਹਈ ਇੰਤਜ਼ਾਰ ਮਜ਼ਾ ਪੁਛ ਸੁਆਦ ਮਜਨੂੰ ਨੂੰ,
ਨੈਣਾ ਖਿੜੇ ਨਰਗਸੀ ਲਗ ਸਜਨ ਦਿਦਾਰੇ ਤੇ।
ਰਹੇ ਉਡੀਕ ਬਿਨਾ ਸੁਹਾਗ ਵੰਤੀ ਨਾ
ਉਡੀਕ ਵੰਤ ਸੁਹਾਗਨ ਪਤੀ ਸਹਾਰੇ ਤੇ।
ਉਡੀਕ ਜੀਵਨ ਹੈ ਮਸ਼ਕ ‘ਪ੍ਰੇਮ-ਤਖਤਾ’ ਏ
ਬਿਰਹੋਂ ਸੁਆਦ ਰਸੇ ਦਿਲ ਖਿਚੇ ਦਿਦਾਰੇ ਤੇ।
ਉਡੀਕ ਵੰਤ ਰਹੇ ਰਖ ਯਕੀਨ ਮਿਹਰਾਂ ਤੇ।
ਵਿਛਾਕੇ ਨੈਣ ਰਸਤੇ ਨਦਰ ਪਾਣਹਾਰੇ ਤੇ।
(ਕਸ਼ਮੀਰ 23-9-26)
––––––––––––
1. ਤਪਾਉ ਯਾਨੀ ਤਪੱਸਿਆਵੀ।
2 ਝੱਸ।