ਰੁਠਾ ਮਾਹੀ
ਗਿਓਂ ਰੂਸ ਮਾਹੀਆ ਮੇਰੇ! ਕਿਨ੍ਹ ਭੇਜਾਂ ਮਨਾਵੇ ਤੁੱਧ?
ਕਿਨ੍ਹ ਘੱਲਾਂ ਮਗਰ ਤੇਰੇ ਕਿ ਜਾਕੋ ਮੋੜ ਲ੍ਯਾਵੇ ਤੁੱਧ।
ਕਰਾਂ ਤਰਲੇ ਮੈਂ ਸਖੀਆਂ ਦੇ, ਕੋਈ ਜਾਕੇ ਕਰੋ ਮਿਨਤਾਂ,
ਨਹੀਂ ਕਰਦੀ ਹੀਆ ਕੋਈ ਜੁ ਕਰ ਬਿਨਤੀ ਰਿਝਾਵੇ ਤੁੱਧ।
ਕਿਹਾ ਮੈਂ ਦੂਤੀਆਂ ਕਈਆਂ ਨ ਕਰਦੀ ਹੌਸਲਾ ਕੋਈ
ਮਿਰਾ ਦੁਖ ਜਾ ਸੁਣਾਵੇ ਤੁਧ, ਮਨਾ ਮੈਂ ਪਾਸ ਲ੍ਯਾਵੇ ਤੁੱਧ।
ਵਕੀਲਾਂ ਨੂੰ ਮੈਂ ਪੁਛ ਥੱਕੀ, ਓ ਆਖਣ ਉਸ ਹਜ਼ੂਰੀ ਦਾ
ਪਟਾ ਨਹੀਂ ਪਾਸ ਹੈ ਸਾਡੇ, ਕਿਨ੍ਹ ਘੱਲਾਂ ਘਿਣ ਆਵੇ ਤੁੱਧ।
ਸੁਣੇ ਹੇ ਅੱਥਓ ਮੇਰ੍ਯ ਵਗੋ ਜਿਉਂ ਸੈਲ ਗੰਗਾ ਦੀ
ਲਵਣ ਓ ਰੋਕ ਤੈਂ ਰਸਤਾ ਕਿਸੇ ਖੁਸ਼ ਥਾਂ ਟਿਕਾਵੇ ਤੁੱਧ।
ਮੈਂ ਭੇਜਾਂ ਨਾਲ ਅਖੀਆਂ ਨੂੰ, ਬਣਨ ਕਿਸ਼ਤੀ ਸੁਹਾਵੀ ਓ,
ਬਿਠਾਵਣ ਏਸ ਵਿਚ ਤੈਨੂੰ, ਸਫ਼ਰ ਸ਼ਾਲਾ ਸੁਹਾਵੇ ਤੁੱਧ।
ਨਦੀ ਅੱਥ ਦੀ ਵਗਦੀ ਓ ਅਮਨ ਆਮਾਨ ਮੁੜ ਆਵੇ
ਲਿਆਵੇ ਮੋੜ ਕੇ ਤੈਨੂੰ ਮਿਰੇ ਘਰ ਲ੍ਯਾ ਬਿਠਾਵੇ ਤੁੱਧ।
(ਕਸੌਲੀ 28-8-510)