ਅਨਖੇੜੇ ਤੋਂ ਬੇਪ੍ਰਵਾਹ
ਨ ਬੇਸੁਰਿਆਂ ਨੂੰ ਛੇੜ ਐ ਦਿਲ! ਏ ਸੁਰ ਹੁੰਦੇ ਸਰੋਦੇ ਨਾ
ਜਿ ਹੋ ਜਾਵਣ ਤਾਂ ਸੁਰ ਉੱਤੇ ਕੋਈ ਪਲ ਛਿਨ ਖੜਦੇ ਨਾ।
ਵਜਾਵੇਂ ਬੇਸੁਰੇ ਜੇਕਰ ਸੁਰੋ ਤੈਨੂੰ ਉਖੇੜਨ ਗੇ
ਤੂੰ ਲੁੱਡੀ ਪਾ ਤੇ ਨਚ ਐ ਦਿਲ ਕਿ ਨਚਦੇ ਹਾਰ ਪ੍ਰੋਂਦੇ ਨਾ।
ਅਜ ਅੱਧੀ ਰਾਤ ਸਾਕੀ ਨੇ ਜਗਾ ਕੇ ਆਖਿਆ ਮੈਨੂੰ,
ਗਗਨ ਚੜਦੇ ਜੁ ਚੰਨ ਵਾਙੂ ਕਦੇ ਚੱਕੀ ਓ ਝੋਦੇ ਨਾ।
ਤੂੰ ਹੋ ਰੌਸ਼ਨ, ਤੇ ਰਹੁ ਰੌਸ਼ਨ ਤੇ ਸਿਟਦਾ ਰੋਸ਼ਨੀ ਜਾ ਤੂੰ,
ਕਿ ਸੂਰਜ ਚੰਦ ਹਨ੍ਹੇਰੇ ਨੂੰ ਕਦੇ ਬੀ ਬੈਠ ਧੋਂਦੇ ਨਾ।
ਲੁਟਾ ਖੁਸ਼ਬੂ ਗੁਲਾਬਾਂ ਜਿਉਂ ਤੇ ਮੇਘਾਂ ਵਾਂਗ ਛਹਿਬਰ ਲਾ
ਖਿੜੇ ਖੇੜਾ ਲੁਟਾਂਦੇ ਹਨ ਓ ਅਨਖੇੜੇ ਨੂੰ ਰੋਂਦੇ ਨਾ।
(29-9-26)