ਮੇਰੀ ਝੋਲੀ ਤੇਰੀ ਤੌਫ਼ੀਕ
ਤੇਰੀ ਤੌਫ਼ੀਕ ਬਹੂੰ ਵੱਡੀ ਮੇਰੀ ਝੋਲੀ ਹੈ ਨਿੱਕ, ਸਾਹਿਬ!
ਨ ਲਗਸੀ ਦੇਰ ਭਰਦੀ ਨੂੰ ਜੇ ਤੁੱਠੇਗਾ ਖਿਨ ਇੱਕ ਸਾਹਿਬ!
ਨ ਤੱਕੀਂ ਸੁਕਮ ਮੇਰੇ ਤੂੰ ਇਹ ਸ਼ੁਹਦੇ ਹੈਨ ਹੀ ਕੀ ਸ਼ੈ,
ਗੁਨਹਗਾਰੀ ਮੈਂ ਗਿਣਤੀ ਵਿਚ ਤੇਰੀ ਰਹਿਮਤ ਅਮੁੱਕ ਸਾਹਿਬ!
ਮੈਂ ਦਿਲ ਕੋਰੇ ਨੂੰ ਧੋਤਾ ਹੈ ਕਈ ਸਾਬਨ ਲਗਾ ਧੋਤਾ,
ਧੁਲੇ ਨਾ ਧੋਤਿਆਂ ਮੇਰੇ ਹੁਯਾਂ ਧੋ ਧੋ ਕੇ ਦਿੱਕ ਸਾਹਿਬ!
ਕਈ ਖੂਹੇ ਵਗਾਏ ਸਨ ਕਈ ਨਹਿਰਾਂ ਚਲਾਈਆਂ ਸਨ,
ਪੈ ਸਭ ਨੂੰ ਲੋੜ ਬੱਦਲ ਦੀ ਕਿ ਇਹ ਸਭਨਾਂ ਦਾ ਇੱਕ ਸਾਹਿਬ।
ਹੋ ਭੁੱਲ ਇਨਸਾਨ ਦੀ ਕਿਤਨੀ ਭਰੇ ਬੋਹਿਥ ਕਈ ਚਾਹੇ
ਅਮਿੱਤਾ ਮਿਹਰ ਸਾਗਰ ਤੂੰ ਲਏਂ ਕਰ ਸਭ ਗਰਿੱਕ ਸਾਹਿਬ!
ਲਗਾ ਦੇ ਇਸ਼ਕ ਦਾ ਚੁੰਬਕ ਤੇ ਪਾ ਦੇ ਖਿੱਚ ਇਕ ਅਪਣੀ
ਰਹੇ ਖਿਚ ਪਾਉਂਦੀ ਤੇਰੀ ਇਹੋ ਇਕੋ ਹੀ ਸਿੱਕ ਸਾਹਿਬ!
ਸ਼ਮਅ ਦੀਵੇ ਜਗਾਏ ਹਨ ਕਰਨ ਰਸਤੇ ਨੂੰ ਮੈਂ ਰੌਸ਼ਨ
ਨਹੀਂ ਤੌਫ਼ੀਕ ਇਹਨਾਂ ਦੀ ਇਨ੍ਹਾਂ ਦਾ ਨੂਰ ਫਿਕ ਸਾਹਿਬ।
ਹੋ ਚੰਦਾ! ਅਰਸ਼ ਤੇ ਆਜਾ ਹੋ ਬੁੱਕਾ ਨੂਰ ਦਾ ਦਿਸ ਪਉ
ਚਕੌਰ ਅੱਖਾਂ ਨੂੰ ਖਿੱਚੀ ਲਾ ਕਿ ਰਹਿ ਜਾਵਣ ਬਙਿੱਕ ਸਾਹਿਬ!
(ਬੰਬਈ 28-1-50)