

ਰਿਹਾ । ਉਹਦੇ ਦਿਲ ਵਿਚੋਂ ਆਹੀਂ ਵਰੋਲੇ ਬਣਕੇ, ਸ਼ਬਦਾਂ ਦਾ ਰੂਪ ਧਾਰਕੇ ਨਿਕਲ ਰਹੀਆਂ ਸਨ :
ਨਹੀਂ ਕੋਈ ਦੋਸਤ ਅਪਨਾ, ਯਾਰ ਅਪਨਾ ਮਿਹਰਬਾਂ ਅਪਨਾ
ਸੁਨਾਉਂ ਕਿਸਕੋ ਗਮ ਅਪਨਾ, ਅਲਮ ਅਪਨਾ, ਬਿਆਂ ਅਪਨਾ
ਓਧਰੋਂ ਰੂਸ ਵੱਲੋਂ ਵੀ ਸਹਾਇਤਾ ਦੀ ਆਸ ਟੁੱਟ ਗਈ। ਨਾ ਤਾਂ ਓਥੋਂ ਦੇ ਬਾਦਸ਼ਾਹ ਨੇ ਮਿਲਣਾ ਪਰਵਾਨ ਕੀਤਾ, ਤੇ ਨਾ ਹੀ ਮਹਾਰਾਜ ਦੇ ਬੇਨਤੀ ਪੱਤਰ ਵੱਲ ਕੋਈ ਧਿਆਨ ਦਿੱਤਾ । ਅੰਗਰੇਜ਼ਾਂ ਤੋਂ ਬਦਲਾ ਲੈਣ ਦੀ ਤੜਪ ਮਹਾਰਾਜੇ ਦੇ ਦਿਲ ਦੀ ਦਿਲ ਵਿਚ ਰਹਿ ਗਈ ।
ਫਿਰ ਫਰਾਂਸ ਵਿਚ
ਦੋ ਸਾਲ ਉਹ ਏਧਰ ਦੇ ਮੁਲਕਾਂ ਵਿਚ ਭਟਕਦਾ ਫਿਰਿਆ, ਤੇ ਫੇਰ ੧੮੯੦ ਵਿਚ ਪੈਰਸ (ਫਰਾਂਸ ਵਿਚ) ਆ ਗਿਆ ।
ਇਸ ਵੇਲੇ ਉਸਦੀ ਅਰੋਗਤਾ ਉਸਦਾ ਸਾਥ ਛੱਡ ਗਈ ਸੀ । ਮਹਾਰਾਜੇ ਦਾ ਵੱਡਾ ਲੜਕਾ ਪਿਤਾ ਦੀ ਬੀਮਾਰੀ ਸੁਣ ਕੇ ਪੈਰਸ ਪੁੱਜਾ। ਪਿਓ ਪੁੱਤਰ ਵਿਚ ਕੀ-ਕੀ ਗੱਲਾਂ ਹੋਈਆਂ ? ਇਸ ਬਾਰੇ ਸਿਰਫ ਅਨੁਮਾਨ ਹੀ ਲਾਇਆ ਜਾ ਸਕਦਾ ਹੈ। ਹਾਂ, ਇਹ ਪਰਗਟ ਹੈ ਕਿ ਪੁੱਤਰ ਦੀ ਬੇਨਤੀ ਮੰਨਕੇ ਤੇ ਉਸਦੀ ਆਉਣ ਵਾਲੀ ਜ਼ਿੰਦਗੀ 'ਤੇ ਤਰਸ ਖਾ ਕੇ, ਬਾਗੀ ਪਿਤਾ, ਅੰਗਰੇਜ਼ ਮਲਕਾ ਕੋਲੋਂ ਮਾਫੀ ਮੰਗਣ ਲਈ ਤਿਆਰ ਹੋ ਗਿਆ । ਆਸ ਤਾਂ ਨਹੀਂ ਸੀ, ਪਰ ਮਲਕਾ ਨੇ ਮਹਾਰਾਜੇ ਨੂੰ ਮਾਫ ਕਰ ਦਿੱਤਾ । ਇਹ ਸਾਰੀ ਘਟਨਾ ਦਾ ਹਾਲ ਮਹਾਰਾਜਾ ਲੇਡੀ ਲਾਗਨ ਨੂੰ ਲਿਖਦਾ ਹੈ :
"ਗਰਾਂਡ ਹੋਟਲ, ਪੈਰਸ
"੧੯ ਜੁਲਾਈ, ੧੮੯੦
“ਪਿਆਰੀ ਲੇਡੀ ਲਾਗਨ !
"ਮੈਂ ਤਕਦੀਰ ਦੇ ਹੱਥੋਂ ਤਬਾਹ ਹੋ ਚੁੱਕਾ ਹਾਂ । ਮੈਂ ਏਥੇ ਲਕਵੇ ਨਾਲ ਬੀਮਾਰ ਪਿਆ ਹਾਂ । ਜੇ ਇਹ ਬੀਮਾਰੀ ਮੌਤ ਵਿਚ ਬਦਲ ਗਈ, ਤਾਂ ਮੇਰੀ ਪ੍ਰਾਰਥਨਾ ਹੈ ਕਿ ਮੈਨੂੰ ਸਭ ਬੋਲਿਆ-ਚੱਲਿਆ ਮਾਫ ਕਰਨਾ ।
"ਮੈਂ ਮਲਕਾ ਕੋਲੋਂ ਖਿਮਾਂ ਮੰਗਣ ਵਾਸਤੇ ਵੀ ਲਿਖਿਆ ਹੈ । ਅਤੇ ਜੇ ਮੈਂ ਬਿਮਾਰੀ ਤੋਂ ਰਾਜ਼ੀ ਹੋ ਗਿਆ, ਤਾਂ ਮੇਰੇ ਪੁੱਤਰ ਨੇ ਪੱਕਾ ਇਰਾਦਾ ਕਰ ਲਿਆ ਹੈ, ਕਿ ਉਹ ਮੈਨੂੰ ਇੰਗਲੈਂਡ ਵਿਚ ਖਿੱਚ ਲਿਆਵੇਗਾ, ਜਿਥੇ-ਮੈਂ ਆਸ ਕਰਦਾ ਹਾਂ-ਆਪਾਂ ਇਕ ਵਾਰ ਫਿਰ ਮਿਲ ਸਕਾਂਗੇ ।